3ਸੋਨਾਕਸ਼ੀ ਸਿਨ੍ਹਾ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਕਰਨ ਵਾਲੀਆਂ ਬਾਲੀਵੁੱਡ ‘ਚ ਗਿਣਤੀਆਂ ਦੀਆਂ ਹੀਰੋਇਨਾਂ ਵਿੱਚੋਂ ਇਕ ਹੈ। ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੀ ਕਿ ਉਸ ਦੀ ਨਿੱਜੀ ਜ਼ਿੰਦਗੀ ਬਾਰੇ ਕੋਈ ਕੀ ਕਹਿ ਰਿਹਾ ਹੈ। ਆਪਣੀ ਪਸੰਦ-ਨਾਪਸੰਦ ਬਾਰੇ ਵੀ ਇਹ ਸੁੰਦਰੀ ਖੁੱਲ੍ਹ ਕੇ ਗੱਲ ਕਰਦੀ ਹੈ।
ਹੁਣੇ ਜਿਹੇ ਉਸ ਨੇ ਆਪਣੀ ਨਵੀਂ ਦੀਵਾਨਗੀ ਦਾ ਜ਼ਿਕਰ ਕੀਤਾ। ਅਸਲ ‘ਚ ਉਹ ਵਰੁਣ ਧਵਨ ਦੀ ‘ਦੀਵਾਨੀ’ ਹੋ ਗਈ ਹੈ। ਉਸ ਦੀ ਇੱਛਾ ਹੈ ਕਿ ਉਹ ਵਰੁਣ ਨਾਲ ਕੋਈ ਕਾਮੇਡੀ ਫ਼ਿਲਮ ਕਰੇ। ਹੁਣੇ ਜਿਹੇ ਸੋਨਾਕਸ਼ੀ ਅਤੇ ਵਰੁਣ ਨੂੰ ਇਕ ਹਵਾਈ ਉਡਾਨ ਦੌਰਾਨ ਮਸਤੀ ਕਰਦੇ ਵੀ ਦੇਖਿਆ ਗਿਆ। ਇਸੇ ਤੋਂ ਬਾਅਦ ਸੋਨਾਕਸ਼ੀ ਨੇ ਕਿਹਾ ਕਿ ਉਹ ਵਰੁਣ ਨਾਲ ਕਾਮੇਡੀ ਮੂਵੀ ਕਰਨਾ ਚਾਹੁੰਦੀ ਹੈ।
ਸੋਨਾਕਸ਼ੀ ਦਾ ਮੰਨਣਾ ਹੈ ਕਿ ਵਰੁਣ ਦੀ ਕਾਮੇਡੀ ਸੈਂਸ ਬਹੁਤ ਵਧੀਆ ਹੈ ਅਤੇ ਉਹ ਕਾਮੇਡੀ ਫ਼ਿਲਮ ਨੂੰ ਇਕ ਨਵੇਂ ਪੱਧਰ ‘ਤੇ ਲੈ ਜਾਏਗਾ। ਕੁਝ ਸਮਾਂ ਪਹਿਲਾਂ ਉਸ ਨੇ ਵਰੁਣ ਨਾਲ ਫ਼ਿਲਮ ‘ਹੇਰਾਫ਼ੇਰੀ’ ਦਾ ਇਕ ਡਬਸਮੈਸ਼ ਵੀਡੀਓ ਯੂ-ਟਿਊਬ ‘ਤੇ ਸਾਂਝਾ ਵੀ ਕੀਤਾ ਸੀ।
ਉਂਝ ਵੀ ਸੋਨਾਕਸ਼ੀ ਹੁਣ ਆਪਣੀ ਗੁੱਡ ਗਰਲ ਵਾਲੀ ਇਮੇਜ ਬਦਲਣ ਲਈ ਪੂਰੇ ਹੱਥ-ਪੈਰ ਮਾਰ ਰਹੀ ਹੈ। ਉਸ ਨੇ ਹੁਣੇ ਜਿਹੇ ਫ਼ਿਲਮਾਂ ਸਾਈਨ ਕੀਤੀਆਂ ਹਨ, ਉਨ੍ਹਾਂ ਤੋਂ ਵੀ ਉਸ ਦੇ ਇਰਾਦੇ ਜ਼ਾਹਿਰ ਹਨ। ਉਸ ਦੀਆਂ ਆਉਣ ਵਾਲੀਆਂ ਫ਼ਿਲਮਾਂ ‘ਚ ਐਕਸ਼ਨ ਭਰਪੂਰ ‘ਅਕੀਰਾ’ ਸ਼ਾਮਲ ਹੈ। ਇਸ ਵਿੱਚ ਉਹ ਕਈ ਤਰ੍ਹਾਂ ਦੇ ਐਕਸ਼ਨ ਕਰਦੀ ਨਜ਼ਰ ਆਵੇਗੀ। ਇਸ ਲਈ ਉਸ ਨੇ ਖਾਸ ਟ੍ਰੇਨਰਜ਼ ਤੋਂ ਟ੍ਰੇਨਿੰਗ ਵੀ ਲਈ ਹੈ।
ਇਸੇ ਤਰ੍ਹਾਂ ਉਸ ਦੇ ਹੋਰ ਦਮਦਾਰ ਰੋਲ ਵਾਲੀ ਫ਼ਿਲਮ ‘ਫ਼ੋਰਸ 2’ ਤੋਂ ਇਲਾਵਾ ਉਹ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਭੈਣ ਦੀ ਜ਼ਿੰਦਗੀ ‘ਤੇ ਬਣ ਰਹੀ ਫ਼ਿਲਮ ‘ਚ ਵੀ ਕੰਮ ਕਰ ਰਹੀ ਹੈ। ਇਸ ‘ਚ ਉਹ ‘ਹਸੀਨਾ’ ਦੇ ਲੀਡ ਰੋਲ ‘ਚ ਹੈ। ਇਸ ਰੋਲ ਨੂੰ ਉਹ ਬਹੁਤ ਚੁਣੌਤੀ ਭਰਪੂਰ ਮੰਨਦੀ ਹੈ।

LEAVE A REPLY