ਸੂਬੇ ਦੀ ਸ਼ਾਂਤੀ ਨੂੰ ਅੱਗ ਲਾਉਣ ਦੇ ਯਤਨਾਂ ਨਾਲ ਕਾਂਗਰਸ ਹੋਈ ਬੇਨਕਾਬ : ਬਾਦਲ

3ਤਰਨਤਾਰਨ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਦੇ ਕਈ ਅਹਿਮ ਲੀਡਰਾਂ ਦੀ ਸਰਬਤ ਖਾਲਸਾ ਵਿਚ ਮੌਜੂਦਗੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਪੰਜਾਬ ਵਿਚ ਮਾੜੇ ਦਿਨ ਵਾਪਸ ਲਿਆਉਣ ਲਈ ਵੱਖਵਾਦੀ ਤਾਕਤਾਂ ਦੀ ਹਮਾਇਤ ਕਰ ਰਹੀ ਹੈ।
ਅੱਜ ਇੱਥੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੀ ਅਮਨ ਅਤੇ ਸ਼ਾਂਤੀ ਨੂੰ ਖਰਾਬ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਘੜੀਆਂ ਜਾ ਰਹੀਆਂ ਸਾਜਿਸ਼ਾਂ ਦੀ ਨਿੰਦਾ ਕੀਤੀ। ਉਨਾਂ ਕਿਹਾ ਕਿ ਜਿੱਥੇ ਇਕ ਪਾਸੇ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਰਗੇ ਆਗੂ ਵੱਖਵਾਦੀ ਤਾਕਤਾਂ ਨਾਲ ਸਟੇਜਾਂ ਸਾਂਝੀਆਂ ਕਰਦੇ ਹਨ ਉੱਥੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਸਾਬਤ ਹੋ ਗਿਆ ਹੈ ਕਿ ਪੰਜਾਬ ਕਾਂਗਰਸ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਅਜਿਹੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ।
ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਨੇ ਚੌਮੁਖੀ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਕੋਈ ਇਕ ਵੀ ਚੀਜ਼ ਅਜਿਹੀ ਗਿਨਾਉਣ ਲਈ ਨਹੀਂ ਹੈ ਜਿਸ ਨਾਲ ਇਹ ਸਾਬਤ ਹੁੰਦਾ ਹੋਵੇ ਕਿ ਪੰਜਾਬ ਨੇ ਉਨ੍ਹਾਂ ਦੇ ਰਾਜ ਦੌਰਾਨ ਕੋਈ ਕਿਸੇ ਕਿਸਮ ਦੀ ਤਰੱਕੀ ਕੀਤੀ ਸੀ ਜਦਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਬਹੁਤ ਵੱਡੇ-ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਜਿਸ ਨਾਲ ਸੂਬੇ ਦੇ ਵਿਕਾਸ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਹੈ।
ਇਕ ਹੋਰ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚੋਂ ਨਸ਼ੇ ਦੀ ਅਲਾਮਤ ਨੂੰ ਖਤਮ ਕਰਨ ਲਈ ਪ੍ਰਭਾਵੀ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਜਮੀਨੀ ਹਕੀਕਤ ਹੈ ਕਿ ਸੂਬੇ ਵਿਚ ਇਕ ਗ੍ਰਾਮ ਨਸ਼ਾ ਵੀ ਪੈਦਾ ਨਹੀਂ ਹੁੰਦਾ ਅਤੇ ਇਹ ਸਾਰੇ ਦਾ ਸਾਰਾ ਨਸ਼ਾ ਸਰਹੱਦ ਪਾਰ ਤੋਂ ਪੰਜਾਬ ਵਿਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਸੂਬਾ ਸਰਕਾਰ ਨੇ ਨਸ਼ੇ ਨੂੰ ਜੜੋਂ ਪੁੱਟਣ ਲਈ ਇਸਦੀ ਸਪਲਾਈ ਲਾਈਨ ਨੂੰ ਕੱਟ ਕੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਹੈ।
ਇਸ ਤੋਂ ਪਹਿਲਾਂ ਪਿੰਡ ਚੰਬਾ ਕਲਾਂ, ਕਰਮੂੰਵਾਲ, ਚੋਹਲਾ ਸਾਹਿਬ, ਮੋਹਣਪੁਰਾ ਅਤੇ ਬ੍ਰਹਮਪੁਰਾ ਵਿਖੇ ਸੰਗਤਾਂ ਦੇ ਰੂਬਰੂ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੰਗਤ ਦਰਸ਼ਨ ਸੂਬਾ ਸਰਕਾਰ ਦਾ ਇਕ ਅਹਿਮ ਪ੍ਰੋਗਰਾਮ ਹੈ ਜਿਸ ਨਾਲ ਲੋਕਾਂ ਦੀਆਂ ਸਮੱਸਿਆਵਾਂ ਦੇ ਫੌਰੀ ਹੱਲ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸੂਬੇ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣ ਵਿਚ ਬਹੁਤ ਸਹਾਈ ਹੁੰਦਾ ਹੈ ਅਤੇ ਜਮੀਨੀ ਪੱਧਰ ‘ਤੇ ਸਰਕਾਰੀ ਕੰਮ ਕਾਜ ਤੇ ਨਿਗਰਾਨੀ ਕਰਨ ਵਿੱਚ ਵੀ ਕਾਰਗਰ ਸਿੱਧ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਲੋਕ ਪੱਖੀ ਪ੍ਰੋਗਰਾਮ ਹੈ ਜਿਸਦਾ ਮੰਤਵ ਸੂਬੇ ਦਾ ਵਿਕਾਸ ਅਤੇ ਇਸਦੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਨਾਉਣਾ ਹੈ।
ਕਾਂਗਰਸੀ ਆਗੂਆਂ ‘ਤੇ ਨਿਸ਼ਾਨਾ ਵਿੰਨ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਸੱਤਾ ਦਾ ਦੁਰਉਪਯੋਗ ਸਿਰਫ ਆਪਣੇ ਨਿੱਜੀ ਹਿੱਤਾਂ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਕੋਈ ਵੀ ਮੁੱਖ ਮੰਤਰੀ ਕਦੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਨਹੀਂ ਮਿਲਿਆ ਜਿਸ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਇਸਦੇ ਬਿਲਕੁਲ ਉਲਟ ਉਹ ਹਮੇਸ਼ਾ ਪਿੰਡ-ਪਿੰਡ ਜਾ ਕੇ ਸੰਗਤ ਦਰਸ਼ਨ ਕਰਦੇ ਹਨ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ‘ਤੇ ਹੀ ਨਿਪਟਾਇਆ ਜਾ ਸਕੇ।
ਲੋਕਾਂ ਨੂੰ ਸੂਬੇ ਭਰ ਵਿਚ ਕੀਤੀਆਂ ਜਾ ਰਹੀਆਂ ਸਦਭਾਵਨਾ ਰੈਲੀਆਂ ਆਪਣੀ ਸਮੂਲੀਅਤ ਯਕੀਨੀ ਬਨਾਉਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਦਭਾਵਨਾ ਰੈਲੀਆਂ ਸੂਬੇ ਅੰਦਰ ਅਮਨ ਅਤੇ ਸ਼ਾਂਤੀ ਦਾ ਪੈਗਾਮ ਫੈਲਾਉਣ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਝਾ ਇਲਾਕੇ ਦੀ ਰੈਲੀ 14 ਦਸੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕੀਤੀ ਜਾਵੇਗੀ। ਜਿਸ ਵਿਚ ਲੋਕਾਂ ਨੂੰ ਅਮਨ ਅਤੇ ਸ਼ਾਂਤੀ ਤੇ ਭਾਈਚਾਰਕ ਸਾਂਝ ਮਜਬੂਤ ਕਰਨ ਦੀ ਅਪੀਲ ਕੀਤੀ ਜਾਵੇਗੀ। ਇਸ ਮੌਕੇ ‘ਤੇ ਮੁੱਖ ਮੰਤਰੀ ਜੀ ਵੱਲੋਂ 3.5 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਚੋਹਲਾ ਸਾਹਿਬ ਦੇ ਅੱਤ ਆਧੁਨਿਕ ਖੇਡ ਸਟੇਡੀਅਮ ਦਾ ਨੀਂਹ ਪੱਥਰ ਵੀ ਰੱਖਿਆ ਗਿਆ।
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀਆਂ ਪੰਚਾਇਤਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਮੌਕੇ ‘ਤੇ ਨਿਪਟਾਰਾ ਕਰਨ ਅਤੇ ਵੱਖ-ਵੱਖ ਵਿਕਾਸ ਕਾਰਜਾਂ ਲਈ ਕਰੀਬ 30 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਧੰਨਵਾਦ ਕਰਦਿਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਤੇ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਮੁੱਖ ਮੰਤਰੀ ਸ. ਬਾਦਲ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਅੱਗੇ ਰੱਖਿਆ ਹੈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਆਪਣਾ ਸਮਝਦੇ ਹੋਏ ਹੱਲ ਕੀਤਾ ਹੈ ਜਦਕਿ ਦੇਸ਼ ‘ਤੇ ਲੰਮਾਂ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਆਪਣੇ ਕਾਰਜਕਾਲ ਦੌਰਾਨ ਦੋਹਾਂ ਹੱਥਾਂ ਨਾਲ ਲੁੱਟਿਆ ਸੀ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ. ਰਵਿੰਦਰ ਸਿੰਘ ਬ੍ਰਹਮਪੁਰਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੱਖ ਸਕੱਤਰ ਸ੍ਰੀ ਕੇ.ਜੀ.ਐੱਸ. ਚੀਮਾ ਅਤੇ ਸ੍ਰੀ ਅਜੋਏ ਸ਼ਰਮਾ, ਸ੍ਰੀ ਡੀ.ਐੱਸ. ਚੀਮਾ ਚੀਫ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਪਟਿਆਲਾ, ਸ. ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ, ਸ੍ਰੀ ਲੋਕ ਨਾਥ ਆਂਗਰਾ ਆਈ.ਜੀ., ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਡੀ.ਆਈ.ਜੀ., ਸ. ਅਲਵਿੰਦਰਪਾਲ ਸਿੰਘ ਪੱਖੋਕੇ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਸ. ਅਮਰੀਕ ਸਿੰਘ ਪੱਖੋਕੇ, ਸ. ਗੁਰਬਚਨ ਸਿੰਘ ਕਰਮੂੰਵਾਲਾ, ਡਾ. ਅਨੂਪ੍ਰੀਤ ਕੌਰ ਐੱਸ.ਡੀ.ਐੱਮ. ਤਰਨਤਾਰਨ, ਸ. ਗੁਰਸ਼ਰਨ ਸਿੰਘ ਛੀਨਾ ਡਿਪਟੀ ਡਾਇਪੈਕਟਰ ਬਾਗਬਾਨੀ, ਸ. ਮਨਜੀਤ ਸਿੰਘ ਜ਼ਿਲ੍ਹਾ ਭਲਾਈ ਅਫ਼ਸਰ, ਸ. ਪਰਮਜੀਤ ਸਿੰਘ ਡੀ.ਈ.ਓ. ਸੈਕੰਡਰੀ, ਸ. ਜਸਪਾਲ ਸਿੰਘ ਡੀ.ਈ.ਓ. ਐਲੀਮੈਂਟਰੀ, ਸ. ਦਲਜੀਤ ਸਿੰਘ ਐਕਸੀਅਨ ਪੀ.ਡਬਲਯੂ.ਡੀ., ਠੇਕੇਦਾਰ ਵਿਰਸਾ ਸਿੰਘ, ਸ. ਗੁਰਮੁੱਖ ਸਿੰਘ ਐਕਸੀਅਨ ਡਰੇਨਜ਼, ਸ. ਦਵਿੰਦਰ ਸਿੰਘ ਰੰਧਾਵਾ ਐਕਸੀਅਨ ਮੰਡੀ ਬੋਰਡ ਆਦਿ ਹਾਜਰ ਸਨ।

LEAVE A REPLY