walia bigਗਾਂਧੀ ਪਰਿਵਾਰ ਹਮੇਸ਼ਾ ਸਿੱਖ ਵਿਰੋਧੀ ਰਿਹਾ ਹੈ ਅਤੇ ਹੁਣ ਇਸੇ ਪਰਿਵਾਰ ਨਾਲ ਸਬੰਧਤ ਰਾਹੁਲ ਗਾਂਧੀ ਪੰਜਾਬ ‘ਚ ਫ਼ਿਰਕੂ ਤਾਕਤਾਂ ਨੂੰ ਸ਼ਹਿ ਦੇ ਕੇ ਪੰਜਾਬ ਨੂੰ ਮੁੜ ਮਾੜੇ ਦੌਰ ਵੱਲ ਲਿਜਾਣ ਦੀ ਤਾਕ ‘ਚ ਹੈ। ਕਾਂਗਰਸ ਦੇ ਅਜਿਹੇ ਮਨਸੂਬਿਆਂ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾਸਰਕਾਰ ਕਿਸੇ ਵੀ ਕੀਮਤ ‘ਤੇ ਕਾਮਯਾਬ ਨਹੀਂ ਹੋਣ ਦੇਵੇਗੀ। ਕੈਪਟਨ ਆਪਣੀ ਹਾਰ ਦੀ ਹੈਟ੍ਰਿਕ ਲਈ ਤਿਆਰ ਰਹੇ। ਸ਼੍ਰੋਮਣੀ ਅਕਾਲੀ ਦਲ 25 ਸਾਲ ਰਾਜ ਕਰਨ ਦਾ ਆਪਣਾ ਸੁਪਨਾ ਪੂਰਾ ਕਰਕੇ ਦਿਖਾਵੇਗਾ” ਅਜਿਹੇ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਠਿੰਡਾ, ਮੋਗਾ ਅਤੇ ਗੁਰਦਾਸਪੁਰ ਦੀਆਂ ਰੇਲੀਆਂ ‘ਚ ਦਿੰਦੇ ਹਨ। ਇਸਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਨੂੰ ਪੰਜਾਬ ਦੇ ਨਕਸ਼ੇ ਤੋਂ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਹਨ। ਅਕਾਲੀਆਂ ਦੀ ਸਬਕ ਸਿਖਾਉਣ ਬਾਰੇ ਬੋਲਣਾ ਵੀ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਦਾ ਮਨਪਸੰਦ ਟੋਟਕਾ ਰਿਹਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰੀ ਮਨੁੱਖਤਾ ਲਈ ਸ਼ਾਂਤੀ ਦਾ ਚਾਨਣ ਮੁਨਾਰਾ ਹੈ ਅਤੇ ਇਕ ਸ਼ਰਧਾਵਾਨ ਸਿੱਖ ਹੁੰਦਿਆਂ ਗੁਰੂ ਸਾਹਿਬਾਨ ਵੱਲੋਂ ਸਿਰਜੇ ਗਏ ਇਹਨਾਂ ਆਦਰਸ਼ਾਂ ਤੇ ਦਰਸਾਏ ਗਏ ਰਾਹਾਂ ‘ਤੇ ਚੱਲਣਾ ਉਹਨਾਂ ਲਈ ਜੀਵਨ ਦਾ ਸਭ ਤੋਂ ਜ਼ਰੂਰੀ ਫ਼ਰਜ਼ ਹੈ। ਮਹਾਨ ਗੁਰੂਆਂ, ਸੰਤਾਂ ਤੇ ਪੀਰਾਂ ਦੇ ਫ਼ਲਸਫ਼ੇ ‘ਤੇ ਚੱਲਦਿਆਂ ਉਹ ਪੰਜਾਬ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਆਪਣਾ ਜੀਵਨ ਕੁਰਬਾਨ ਕਰਨ ਲਈ ਵੀ ਤਿਆਰ ਹਨ। ਉਹ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਹਰ ਹੀਲੇ ਸੁਰੱਖਿਅਤ ਰੱਖਣਗੇ। ਮੈਂ ਸੁਖਬੀਰ ਨੂੰ ਵੀ ਇਹ ਹੀ ਕਿਹਾ ਹੈ ਕਿ ਸ਼ਾਂਤੀ ਨੂੰ ਸੁਰੱਖਿਅਤ ਰੱਖਣ ਦਾ ਰਸਤਾ ਕੰਡਿਆਂ ‘ਤੇ ਤੁਰਨ ਵਾਂਗ ਹੈ ਤੇ ਜਾਨ ਨੂੰ ਜ਼ੋਖਿਮ ਵਿਚ ਪਾਉਣ ਵਾਲਾ ਹੈ ਪਰ ਸਾਨੂੰ ਸੂਬੇ ਅਤੇ ਇੱਥੋਂ ਦੇ ਲੋਕਾਂ ਲਈ ਹਰ ਕੁਰਬਾਨੀ ਦੇਣ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।”
ਪੰਜਾਬ ਹਿਤੈਸ਼. ਅਤੇ ਇਕ ਕਾਲਮ ਨਵੀਸ ਹੋਣ ਦੇ ਨਾਤੇ ਪੰਜਾਬ ਵਿਚ ਹੋ ਰਹੀਆਂ ਸਿਆਸੀ ਗਤੀਵਿਧੀਆਂ ਨੂੰ ਮੈਂ ਨੇੜਿਉਂ ਵਾਚਣ ਦੀ ਕੋਸ਼ਿਸ਼ ਵਿਚ ਰਹਿੰਦਾ ਹਾਂ। ਇਸਦਾ ਇਕ ਕਾਰਨ ਹੋਰ ਵੀ ਹੈ ਕਿ ਬਹੁਤ ਵਾਰ ਟੀ. ਵੀ. ਚੈਨਲ ਵਾਲੇ ਇਸ ਸਬੰਧੀ ਸਵਾਲ ਵੀ ਕਰ ਲੈਂਦੇ ਹਨ। ਅਕਾਲੀਆਂ ਦੀਆਂ ਸਦਭਾਵਨਾ ਰੈਲੀਆਂ ਸਬੰਧੀ ਵੀ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ। ਮੈਂ ਆਪਣੇ ਪਾਠਕਾਂ ਦੀ ਜਾਣਕਾਰੀ ਲਈ ਦੋਵੇਂ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕੁਝ ਬਿਆਨ ਦਿੱਤੇ ਹਨ, ਜੋ ਅੱਜਕਲ੍ਹ ਹਰ ਸਟੇਜ ਤੋਂ ਦਿੱਤੇ ਜਾ ਰਹੇ ਹਨ।
ਇਹਨਾਂ ਬਿਆਨਾਂ ਤੋਂ ਇਲਾਵਾ ਹਰ ਛੋਟਾ ਵੱਡਾ ਸਿਆਸੀ ਲੀਡਰ ਆਪਣੇ ਭੱਥੇ ਵਿਚ ਆਪਣੇ ਵਿੱਤ ਮੁਤਾਬਕ ਸਿਆਸੀ ਤੀਰ ਪਾਈ ਫ਼ਿਰਦਾ ਹੈ। ਜਿਵੇਂ:
”ਕੈਪਟਨ ਅਮਰਿੰਦਰ ਸਿੰਘ ਤਾਂ ਹੁਣ ਬੁੱਢਾ ਸ਼ੇਰ ਹੈ”
”ਕੈਪਟਨ ਤਾਂ ਵੱਜਿਆ ਹੋਇਆ ਢੋਲ ਹੈ।”
ਫ਼ਿਰ ਦੂਜੇ ਪਾਸਿਉਂ ਜਵਾਬ ਆਉਂਦਾ ਹੈ ਕਿ ”ਜੇ ਕੈਪਟਨ ਅਮਰਿੰਦਰ ਬੁੱਢਾ ਸ਼ੇਰ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਕੀ ਹਨ। ਉਹ ਤਾਂ 90 ਦੇ ਹੋ ਚੁੱਕੇ ਹਨ। ਇਹ ਜਵਾਬ ਦੇਣ ਵਾਲਾ ਕੋਈ ਹੋਰ ਨਹੀਂ ਬੀਰਦਵਿੰਦਰ ਸਿੰਘ ਹੈ ਜੋ ਹਰ ਅਕਾਲੀ, ਕਾਂਗਰਸ, ਪੀ. ਪੀ. ਗੱਲ ਕੀ ਹਰ ਪਾਰਟੀ ਦਾ ਨੇਤਾ ਰਹਿ ਚੁੱਕਿਆ ਹੈ। ਕੈਪਟਨ ਖੁਦ ਅਕਾਲੀਆਂ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਹਨ। ਇਉਂ ਪੰਜਾਬ ਦੀ ਸਿਆਸੀ ਫ਼ਿਜ਼ਾ ਇੱਕਦਮ ਗਰਮਾ ਗਈ ਲੱਗਦੀ ਹੈ। ਪਿਛਲੇ ਦੋ ਕੁ ਮਹੀਨਿਆਂ ਵਿਚ ਪੰਜਾਬ ਦੇ ਸਿਆਸੀ ਮੌਸਮ ਵਿਚ ਤੇਜ਼ੀ ਨਾਲ ਤਬਦੀਲੀ ਆਈ ਹੈ। ਸਿਰਸਾ ਵਾਲੇ ਸਾਧ ਨੂੰ ਮਾਫ਼ੀ ਦੇਣਾ, ਮਾਫ਼ੀ ਵਾਪਸ ਲੈਣਾ, ਸ੍ਰੀ ਅਕਾਲ ਤਖਤ ਦੀ ਭੂਮਿਕਾ ਤੇ ਸਵਾਲ, ਪੰਜ ਪਿਆਰਿਆਂ ਦਾ ਵਿਵਾਦ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਰਗਾੜੀ ਦੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਗੋਲੀ ਚਲਾਉਣਾ, ਪੰਥਕ ਧਿਰਾਂ ਵੱਲੋਂ ਸਰਬੱਤ ਖਾਲਸਾ ‘ਤੇ ਮਿਸਾਲੀ ਇਕੱਠ ਅਤੇ ਜਵਾਬ ਵਿਚ ਅਕਾਲੀ ਦਲ ਵੱਲੋਂ ਸਦਭਾਵਨਾ ਰੈਲੀਆਂ ਦਾ ਦੌਰ।ਦੂਜੇ ਪਾਸੇ ਪੂਰਨ ਤੌਰ ‘ਤੇ ਧੜੇਬਾਜ਼ੀ ਦੀ ਸ਼ਿਕਾਰ ਕਾਂਗਰਸ ਨੂੰ ਨਵੇਂ ਪ੍ਰਧਾਨ ਦੇ ਰੂਪ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਮਿਲਣਾ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਜ਼ੋਰ ਅਜ਼ਮਾਈ ਲਈ ਪਰ ਤੋਲਣਾ ਹੋਰ ਅਨੇਕਾਂ ਗਤੀਵਿਧੀਆਂ ਨੇ ਪੰਜਾਬ ਦੇ ਸਿਆਸੀ ਮਾਹੌਲ ਦੀ ਤਪਸ਼ ਨੂੰ ਹੋਰ ਵਧਾ ਦਿੱਤਾ ਹੈ।
”ਕੀ ਅਕਾਲੀਆਂ ਨੂੰ ਇਹਨਾਂ ਸਦਭਾਵਨਾ ਰੈਲੀਆਂ ਦਾ ਕੋਈ ਫ਼ਾਇਦਾ ਹੋ ਰਿਹਾ ਹੈ” ਮੈਨੂੰ ਇਕ ਟੀ. ਵੀ. ਚੈਨਲ ‘ਤੇ ਪੁੱਛਿਆ ਗਿਆ।
”ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਸਿੱਖਾਂ ਦਾ ਗੁੱਸਾ ਇੰਨਾ ਵੱਧ ਗਿਆ ਸੀ ਕਿ ਲੋਕਾਂ ਨੇ ਅਕਾਲੀ ਲੀਡਰਾਂ ਦਾ ਘਰਾਂ ਵਿਚੋਂ ਨਿਕਲਣਾ ਦੁੱਭਰ ਕਰ ਦਿੱਤਾ ਸੀ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ‘ਤੇ ਹਮਲੇ ਹੋਣੇ ਸ਼ੁਰੂ ਹੋ ਗਏ ਸਨ। ਤਖਤ ਸਾਹਿਬਾਨਾਂ ਦੇ ਜਥੇਦਾਰ ਘਰਾਂ ਵਿਚ ਬੈਠ ਗਏ ਸਨ। ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ, ਬੀਬੀ ਉਪਿੰਦਰਜੀਤ ਕੌਰ, ਬਲਵਿੰਦਰ ਸਿੰਘ ਭੁੰਦੜ ਅਤੇ ਸਿਕੰਦਰ ਸਿੰਘ ਮਲੂਕਾ ਆਦਿ ਸਾਰੇ ਛੋਟੇ ਵੱਡੇ ਲੀਡਰਾਂ ਦਾ ਸ਼ਰੇਆਮ ਵਿਰੋਧ ਹੋਇਆ ਸੀ। ਸਿਕੰਦਰ ਸਿੰਘ ਮਲੂਕੇ ਤੇ ਤਾਂ ਹੱਥ ਚੁੱਕਣ ਦੀ ਕੋਸ਼ਿਸ਼ ਵੀ ਹੋਈ। ਅਜਿਹੇ ਹਾਲਤ ਵਿਚ ਆਮ ਅਕਾਲੀ ਵਰਕਰ ਅੰਦਰ ਸਹਿਮ ਪੈਦਾ ਹੋਣਾ ਸੁਭਾਵਿਕ ਸੀ। ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਵਰਕਰਾਂ ਵਿਚ ਮੁੜ ਵਿਸ਼ਵਾਸ ਪੈਦਾ ਕਰਨ ਲਈ ਇਹਨਾਂ ਰੈਲੀਆਂ ਦੀ ਜ਼ਰੂਰਤ ਸੀ। ਦੂਜੀ ਗੱਲ ਇਹ ਵੀ ਅਹਿਮ ਹੈ ਕਿ ਪੰਥਕ ਧਿਰਾਂ ਵੱਲੋਂ ਸਰਬੱਤ ਖਾਲਸਾ ਵਿਚ ਹੋਏ ਇਕੱਠ ਨੇ ਅਕਾਲੀਆਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕਾ ਦਿੱਤੀ। ਇਸੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇਹਨਾਂ ਰੈਲੀਆਂ ਦੀ ਵਿਉਂਤ ਕਰਨੀ ਪਈ। ਸਿਆਸੀ ਨੁਕਸਾਨ ਪੂਰਤੀ ਦੇ ਇਹਨਾਂ ਯਤਨਾਂ ਦਾ ਫ਼ਾਇਦਾ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਰੂਰ ਹੋਵੇਗਾ। ਮੇਰਾ ਜਵਾਬ ਸੀ।
”ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੜੀ ਧੀਮੀ ਸੁਰ ਵਿਚ ਨਿਮਰਤਾ ਸਹਿਤ ਗੱਲ ਕਰਦੇ ਹਨ। ਗਲਤੀਆਂ ਲਈ ਮਾਫ਼ੀ ਦੀ ਗੱਲ ਵੀ ਕਰਦੇ ਹਨ ਪਰ ਸੁਖਬੀ ਸਿੰਘ ਬਾਦਲ ਆਪਣੇ ਉਚੇ ਸੁਰ ਵਾਲੇ ਅੰਦਾਜ਼ ਵਿਚ ਗਰਮ ਦਲੀਆਂ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰਦਾ ਹੈ। ਕੀ ਇਹ ਦੋਵੇਂ ਪਿਓ-ਪੁੱਤਾਂ ਦੀ ਸਿਆਸੀ ਚਾਲ ਹੈ।” ਐਂਕਰ ਫ਼ਿਰ ਸਵਾਲ ਕਰਦਾ ਹੈ।
”ਵੇਖੋ, ਵੈਸੇ ਤਾਂ ਦੋਵੇਂ ਬਾਦਲਾਂ ਦੇ ਸੁਭਾਅ ਵਿਚ ਵੀ ਫ਼ਰਕ ਹੈ। ਸ: ਪ੍ਰਕਾਸ਼ ਸਿੰਘ ਬਾਦਲ ਵਿਚ ਠਰੰਮਾ, ਜਬਤ ਅਤੇ ਨਿਮਰਤਾ ਨਾਲ ਬੋਲਣ ਦਾ ਗੁਣ ਹੈ। ਭਾਵੇਂਮਨ ਵਿਚ ਕੁਝ ਵੀ ਹੋਵੇ ਪਰ ਮੂੰਹ ‘ਤੇ ਕੁਝ ਨਹੀਂ ਆਉਂਦਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਖਾਲਿਸਤਾਨੀ ਨਰਮ ਦਲੀਆਂ ਅਤੇ ਗਰਮ ਦਲੀਆਂ ਨੂੰ ਸਿੱਧੇ ਕਰਨ ਦੀਆਂ ਗੱਲਾਂ ਦਾ ਮਤਲਬ ਸਿਆਸੀ ਲਾਹਾ ਲੈਣਾ ਵੀ ਹੋ ਸਕਦਾ ਹੈ। ਜਿਹਨਾਂ ਸੁਖਬੀਰ ਸਿੰਘ ਬਾਦਲ ਖਾਲਿਸਤਾਨ ਖਿਲਾਫ਼ ਬੋਲੇਗਾ, ਉਨੀ ਹੀ ਪੰਜਾਬ ਦੀ ਹਿੰਦੂ ਵੋਟ ਸੁਖਬੀਰ ਦੇ ਹੱਕ ਵਿਚ ਜਾਵੇਗੀ। ਇਹ ਵੀ ਹੋ ਸਕਦਾ ਹੈ ਕਿ ਦੋਵੇਂ ਪਿਓ ਪੁੱਤ ਸਿਆਸੀ ਵਿਉਂਤਬੰਦੀ ਅਧੀਨ ਰਲ ਕੇ ਖੇਡ ਰਹੇ ਹੋਣ।” ਮੇਰਾ ਜਵਾਬ ਸੀ।
”ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਪ੍ਰਧਾਨ ਬਣਨਾ ਕਿੱਡੀ ਕੁ ਚੁਣੌਤੀ ਹੈ” ਟੀ. ਵੀ. ਐਂਕਰ ਫ਼ਿਰ ਸਵਾਲ ਕੀਤਾ?
੍ਵ”ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਕਿ ਕੈਪਟਨ ਅੱਜ ਵੀ ਪੰਜਾਬੀਆਂ ਵਿਚ ਪ੍ਰਵਾਨਿਤ ਲੀਡਰ ਹੈ। ਪੰਜਾਬ ਦੇ ਲੋਕਾਂ ਨੂੰ ਕੈਪਟਨ ਦੀ ਬੇਬਾਕੀ ਪਸੰਦ ਹੈ। ਪਾਣੀਆਂ ਦੇ ਮਸਲੇ ‘ਤੇ ਲਏ ਕੈਪਟਨ ਦੇ ਸਟੈਂਡ ਨੂੰ ਪੰਜਾਬੀ ਭੁੱਲੇ ਨਹੀਂ। ਇਹ ਵੀ ਠੀਕ ਹੈ ਕਿ ਮੋਦੀ ਲਹਿਰ ਵਿਚ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਵੱਡੇ ਨੇਤਾ ਅਰੁਣ ਜੇਤਲੀ ਨੂੰ ਚਿੱਤ ਕਰ ਦਿੱਤਾ ਸੀ। ਕੈਪਟਨ ਦੀ ਦਿਲਚਸਪੀ ਵੀ ਪੰਜਾਬ ਦੀ ਸਿਆਸਤ ਵਿਚ ਹੈ। ਧੜੇਬੰਦੀ ਦੀ ਸ਼ਿਕਾਰ ਕਾਂਗਰਸ ਵਿਚ ਇਕ ਵੱਡਾ ਧੜਾ ਕੈਪਟਨ ਦੀ ਮਦਦ ‘ਤੇ ਹੈ। ਇਸੇ ਕਾਰਨ ਉਸ ਨੇ ਆਪਣੀ ਹਿੱਕ ਦੇ ਜ਼ੋਰ ਤੇ ਪ੍ਰਧਾਨਗੀ ਲਈ ਹੈ। ਕਾਂਗਰਸ ਪ੍ਰਧਾਨ ਨੂੰ ਇਹ ਵੀ ਪਤਾ ਹੈ ਕਿ ਇਹ ਉਸਦੀ ਆਖਰੀ ਪਾਰੀ ਹੈ। 70 ਵਰ੍ਹਿਆਂ ਦਾ ਕੈਪਟਨ ਇਸ ਵਾਰ ਕੁਝ ਜੌਹਰ ਦਿਖਾ ਜਾਂਦਾ ਹੈ ਤਾਂ ਠੀਕ ਹੈ, ਨਹੀਂ ਫ਼ਿਰ ਖੇਡ ਹੱਥੋਂ ਨਿਕਲ ਜਾਵੇਗੀ। ਇਹਨਾਂ ਸਾਰੇ ਤਰਕਾਂ ਦੇ ਆਧਾਰ ‘ਤੇ ਇਹ ਇਹ ਕਿਹਾ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸੱਚਮੁਚ ਹੀ ਅਕਾਲੀ ਦਲ ਅਤੇ ਭਾਜਪਾ ਲਈ ਇਕ ਵੱਡੀ ਚੁਣੌਤੀ ਹੈ। ਜੇਕਰ ਉਹ ਕਾਂਗਰਸ ਵਿਚੋਂ ਧੜੇਬੰਦੀ ਨੂੰ ਖਤਮ ਕਰਨ ਵਿਚ ਕਾਮਯਾਬ ਹੋ ਜਾਂਦਾ ਹੈ ਅਤੇ ਸਾਰੇ ਧੜੇ ਉਸ ਨਾਲ ਦਿਲੋਂ ਤੁਰ ਪੈਂਦੇ ਹਨ ਤਾਂ ਪੰਜਾਬ ਵਿਚ ਸਿਆਸੀ ਤਬਦੀਲੀ ਆਉਣੀ ਅਚੰਭਾ ਨਹੀਂ ਹੋਵੇਗੀ।”ਮੈਂ ਜਵਾਬ ਦਿੰਦਾ ਹਾਂ।
੍ਵ”ਕੀ ਆਪ ਵੀ ਵੱਡੀ ਚੁਣੌਤੀ ਪੇਸ਼ ਕਰ ਸਕਦੀ ਹੈ?” ਐਂਕਰ ਨੇ ਆਮ ਆਦਮੀ ਪਾਰਟੀ ਬਾਰੇ ਸਵਾਲ ਕੀਤਾ।
”ਆਮ ਆਦਮੀ ਪਾਰਟੀ ਵੀ ਪੰਜਾਬ ਵਿਚ ਪੂਰੇ ਪਰ ਤੋਲ ਰਹੀ ਹੈ। ਦਿੱਲੀ ਵਾਲੀ ਕਹਾਣੀ ਪੰਜਾਬ ਵਿਚ ਦੁਹਰਾਉਣ ਲਈ ਤਰਲੋਮੱਛੀ ਹੋ ਰਹੀ ਹੈ। ਪਰ ਕਾਂਗਰਸ ਵਾਂਗ ਇਸ ਵਿਚ ਵੀ ਧੜੇਬੰਦੀ ਸਿਖਰਾਂ ‘ਤੇ ਹੈ। ਆਪ ਦੀ ਇਕ ਹੋਰ ਵੱਡੀ ਸਮੱਸਿਆ ਹੈ ਕਿ ਪੰਜਾਬ ਵਿਚ ਇਹਨਾਂ ਕੋਲ ਕੋਈ ਸਰਵ ਪ੍ਰਵਾਨਿਤ ਲੀਡਰ ਨਹੀਂ ਹੈ। ਛੋਟੇਪੁਰ ਦਾ ਕੱਦ ਉਡਾ ਵੱਡਾ ਨਹੀਂ ਜੋ ਸਭ ਨੂੰ ਲੈ ਕੇ ਚੱਲ ਸਕੇ। ਭਗਵੰਤ ਮਾਨ ਮੁੱਖ ਮੰਤਰੀ ਬਣਨ ਦੇ ਸੁਪਨੇ ਲੈਣ ਲੱਗਾ ਸੀ ਪਰ ਸ਼ਰਾਬ ਕਾਂਡ ਨੇ ਉਸਦੀ ਸਾਖ ਨੂੰ ਵੱਡਾ ਧੱਕਾ ਪਹੁੰਚਾਇਆ ਹੈ। ਪ੍ਰਸਿੱਧ ਵਕੀਲ ਐਚ. ਐਸ. ਫ਼ੂਲਕਾ ਮੁੜ ਸਰਗਰਮ ਹੋਇਆ ਹੈ। ਆਪ ਦੀ ਮਜਬੂਤੀ ਮੁਕਾਬਲੇ ਨੂੰ ਤਿੰਨ ਧਿਰਾਂ ਬਣਾ ਸਕਦੀ ਹੈ। ਜਿਸ ਕਾਰਨ ਪੰਜਾਬ ਦੇ ਇਤਿਹਾਸ ਵਿਚ 2017 ਦਾ ਵਰ੍ਹਾ ਸੱਚਮੁਚ ਨਵਾਂ ਇਤਿਹਾਸ ਸਿਰਜਣ ਜਾ ਰਿਹਾ ਹੈ।” ਮੈਂ ਫ਼ਿਰ ਜਵਾਬ ਦਿੰਦਾ ਹਾਂ।
”ਸੁਖਬੀਰ ਸਿੰਘ ਬਾਦਲ ਦੇ 25 ਸਾਲ ਰਾਜ ਕਰਨ ਦੇ ਦਾਅਵੇ ਵਿਚ ਕਿੰਨਾ ਕੁ ਦਮ ਹੈ?” ਫ਼ਿਰ ਸਵਾਲ ਪੁੱਛਿਆ ਜਾਂਦਾ ਹੈ।
”ਵੇਖੋ ਸਿਆਸਤ ਵਿਚ ਸਭ ਕੁਝ ਸੰਭਵ ਹੁੰਦਾ ਹੈ। ਹਾਲ ਦੀ ਘੜੀ ਤਾਂ ਲੋਕ ਅਕਾਲੀ ਸਰਕਾਰ ਤੋਂ ਖੁਸ਼ ਨਜ਼ਰ ਨਹੀਂ ਆ ਰਹੇ। ਹਰ ਫ਼ਰੰਟ ‘ਤੇ ਅਕਾਲੀਆਂ ਨੂੰ ਆਲੋਚਨਾਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੇ 60 ਵਿਧਾਨ ਸਭਾ ਹਲਕਿਆਂ ਉਤੇ ਪੂਰਾ ਧਿਆਨ ਕੇਂਦਰਿਤ ਕਰ ਲਵੇਗਾ,ਜਿਹਨਾਂ ਬਾਰੇ ਅਕਸਰ ਸੁਣਿਆ ਜਾਂਦਾ ਹੈ ਤਾਂ ਉਥੇ ਪੈਸੇ ਅਤੇ ਵਿਕਾਸ ਦੇ ਜ਼ੋਰ ਦੇ ਨਾਲ ਨਾਲ ਨਿੱਜੀ ਸਬੰਧਾਂ ਦੇ ਜ਼ੋਰ ਨਾਲ ਕੁਝ ਚੰਗੇ ਨਤੀਜਿਆਂ ਦੀ ਆਸ ਰੱਖੀ ਜਾ ਸਕਦੀ ਹੈ। ਜਿਹਨਾਂ 1 ਲੱਖ 20ਹਜ਼ਾਰ ਨੌਕਰੀਆਂ ਦੀ ਗੱਲ ਅੱਜ ਹਰ ਸਟੇਜ ਤੋਂ ਕਹੀ ਜਾ ਰਹੀ ਹੈ, ਜੇ ਸੱਚਮੁਚ ਹੀ ਇਮਾਨਦਾਰੀ ਅਤੇ ਬਿਨਾਂ ਭ੍ਰਿਸ਼ਟਾਚਾਰ ਤੋਂ ਇਹ ਸਹੀ ਲੋਕਾਂ ਨੂੰ ਮਿਲ ਜਾਂਦੀਆਂ ਹਨ ਤਾਂ 2017 ਦੀਆਂ ਚੋਣਾਂ ਦੇ ਨਤੀਜਿਆਂ ‘ਤੇ ਸਿੱਧਾ ਅਸਰ ਪਾਉਣਗੀਆਂ। ਇਕ ਨੌਕਰ ਪਿੱਛੇ ਪੰਜ ਸੱਤ ਵੋਟਾਂ ਪੱਕੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਚੋਣਾਂ ਦੇ ਵਰ੍ਹੇ ਕੀਤੇ ਵਿਕਾਸ ਦੇ ਕੰਮ ਵੀ ਕਾਫ਼ੀ ਪ੍ਰਭਾਵ ਪਾਉਂਦੇ ਹਨ। ਜੇ ਅਜਿਹਾ ਕੁਝ ਵਾਪਰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅਗਲੀਆਂ ਚੋਣਾਂ ਜਿੱਤਣ ਦੇ ਸੁਪਨੇ ਵੇਖ ਸਕਦਾ ਹੈ। ਬਿਹਾਰ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦੂਜੀ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ‘ਤੇ ਵੀ ਪ੍ਰਸ਼ਨਚਿੰਨ੍ਹ ਲੱਗ ਗਿਆ ਹੈ। ਸੋ, ਅਜੇ ਅਗਲੀਆਂ ਚੋਣਾਂ ਬਾਰੇ ਕੋਈ ਪੇਸ਼ਨੀਗੋਈ ਕਰਨਾ ਠੀਕ ਨਹੀਂ ਹੋਵੇਗਾ। ਅਜੇ ਤਾਂ ਵਕਤ ਪਿਆ ਹੈ ਅਤੇ ਸਿਆਸਤ ਵਿਚ ਵਕਤ ਬਦਲਦੇ ਕੋਈ ਪਤਾ ਨਹੀਂ ਲੱਗਦਾ।” ਮੇਰਾ ਜਵਾਬ ਸੀ।
***

LEAVE A REPLY