2ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲਨਾਡੂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕਰਨ ਲਈ ਵੀਰਵਾਰ ਨੂੰ ਇੱਥੇ ਪਹੁੰਚ ਗਏ। ਪ੍ਰਧਾਨ ਮੰਤਰੀ ਦਾ ਜਹਾਜ਼ ਚੇਨਈ ਦੇ ਪੱਛਮ ‘ਚ 70 ਕਿਲੋਮੀਟਰ ਦੂਰ ਅਰਾਕੋਨਮ ‘ਚ ਰਾਜਲੀ ਜਲ ਸੈਨਾ ਏਅਰਬੇਸ ‘ਤੇ ਉਤਰਿਆ, ਕਿਉਂਕਿ ਚੇਨਈ ਹਵਾਈ ਅੱਡੇ ‘ਤੇ ਪਾਣੀ ਭਰਿਆ ਹੋਇਆ ਹੈ ਅਤੇ ਹਵਾਈ ਅੱਡਾ 6 ਦਸੰਬਤ ਤਕ ਬੰਦ ਹੈ।
ਜਲ ਸੈਨਾ ਅਧਿਕਾਰੀਆਂ ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਮੋਦੀ ਦਾ ਸੁਆਗਤ ਕੀਤਾ। ਸੂਬੇ ਵਿਚ ਹੋਈ ਰਿਕਾਰਡ ਬਾਰਸ਼ ਤੋਂ ਬਾਅਦ ਹੜ੍ਹ ਕਾਰਨ ਸ਼ਹਿਰ ‘ਚ ਸੜਕਾਂ, ਰੇਲ ਅਤੇ ਹਵਾਈ ਆਵਾਜਾਈ ਠੱਪ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਪਰਤਣ ਤੋਂ ਪਹਿਲਾਂ ਸੂਬੇ ਦੀ ਮੁੱਖ ਮੰਤਰੀ ਜੇ. ਜੈਲਲਿਤਾ ਨਾਲ ਵੀ ਮੁਲਾਕਾਤ ਕੀਤੀ। ਜੈਲਲਿਤਾ ਪਹਿਲਾਂ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰ ਚੁੱਕੀ ਹੈ ਅਤੇ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਉਪਲੱਬਧ ਕਰਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਚੇਨਈ ਵਿਚ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਹਾਲਾਤ ਬੇਹੱਦ ਖਰਾਬ ਹੋ ਗਏ ਹਨ। ਬਾਰਸ਼ ਕਾਰਨ ਚੇਨਈ ‘ਚ ਹਰ ਥਾਂ ਪਾਣੀ ਹੀ ਪਾਣੀ ਭਰ ਗਿਆ ਹੈ। ਇਸ ਕਾਰਨ ਚੇਨਈ ਹਵਾਈ ਅੱਡੇ ਤੋਂ ਜਹਾਜ਼ਾਂ ਦੀ ਆਵਾਜਾਈ ‘ਤੇ ਐਤਵਾਰ ਤਕ ਰੋਕ ਲਾ ਦਿੱਤੀ ਗਈ ਹੈ ਅਤੇ ਚੇਨਈ ਸੈਂਟਰਲ ਤੋਂ ਜਾਣ ਵਾਲੀਆਂ ਕਈ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਪਿਛਲੇ ਮਹੀਨੇ ਦੇ ਮੱਧ ਤੋਂ ਸ਼ੁਰੂ ਹੋਈ ਬਾਰਸ਼ ਕਾਰਨ ਸੂਬੇ ਵਿਚ 269 ਲੋਕਾਂ ਦੀ ਅਤੇ ਪੁਡੂਚੇਰੀ ਵਿਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ।

LEAVE A REPLY