gurbachanਭਾਸ਼ਾ ਕਿਸੇ ਧਰਮ ਜਾਂ ਫ਼ਿਰਕੇ ਨਾਲ ਜੁੜੀ ਹੋਈ ਨਹੀਂ ਹੁੰਦੀ। ਇਹ ਕਿਸੇ ਇਲਾਕੇ ਵਿੱਚ ਵਸਦੇ ਸਭਨਾਂ ਲੋਕਾਂ ਦੀ ਸਾਂਝੀ ਸਭਿਆਚਾਰਕ ਧਰੋਹਰ ਹੁੰਦੀ ਹੈ। ਇਹ ਅਣਹੋਣੀ ਸਾਡੇ ਦੇਸ ਵਿੱਚ ਹੀ ਹੋਈ ਹੈ ਕਿ ਭਾਸ਼ਾਵਾਂ ਨੂੰ ਧਰਮਾਂ ਨਾਲ ਜੋੜ ਦਿੱਤਾ ਗਿਆ ਹੈ। ਇਥੇ ਰਾਜਨੀਤਕ ਜ਼ੋਰਾਵਰਾਂ ਨੇ ਆਪਣੀ ਖ਼ੁਦਗਰਜ਼ੀ ਅਤੇ ਚੌਧਰ ਵਾਸਤੇ ਹਿੰਦੀ ਨੂੰ ਹਿੰਦੂਆਂ, ਉਰਦੂ ਨੂੰ ਮੁਸਲਮਾਨਾਂ ਅਤੇ ਪੰਜਾਬੀ ਨੂੰ ਸਿੱਖਾਂ ਨਾਲ ਜੋੜ ਦਿੱਤਾ ਹੈ। ਪੰਜਾਬ ਵਿੱਚ ਤਾਂ ਭਾਸ਼ਾ ਦੀਆਂ ਵੰਡੀਆਂ ਤੋਂ ਅੱਗੇ ਵਧ ਕੇ ਲਿਪੀਆਂ ਵੀ ਵੰਡ ਦਿੱਤੀਆਂ ਗਈਆਂ। ਗੁਰਮੁਖੀ ਸਿੱਖਾਂ ਨਾਲ, ਦੇਵਨਾਗਰੀ ਹਿੰਦੂਆਂ ਨਾਲ ਤੇ ਸ਼ਾਹਮੁਖੀ ਮੁਸਲਮਾਨਾਂ ਨਾਲ ਟਾਂਕ ਦਿੱਤੀ ਗਈ।
ਕੁਝ ਦਹਾਕੇ ਪਹਿਲਾਂ ਤਕ ਦਿੱਲੀ ਨੂੰ ਪੰਜਾਬੀਆਂ ਦਾ ਸਭ ਤੋਂ ਵੱਡਾ ਸ਼ਹਿਰ ਕਿਹਾ ਜਾਂਦਾ ਸੀ। ਦੇਸ-ਵੰਡ ਕਾਰਨ ਪੱਛਮੀ ਪੰਜਾਬ ਤੋਂ ਉੱਜੜ ਕੇ ਦਿੱਲੀ ਆ ਟਿਕੇ ਲੱਖਾਂ ਪੰਜਾਬੀਆਂ ਨਾਲ ਇਹਦੇ ਨੈਣ-ਨਕਸ਼ ਪੂਰੀ ਤਰ੍ਹਾਂ ਪੰਜਾਬੀ ਹੋ ਗਏ। ਉਸ ਸਮੇਂ ਪਾਕਿਸਤਾਨ ਦੇ ਹਿੱਸੇ ਗਏ ਪੱਛਮੀ ਪੰਜਾਬ ਵਿੱਚੋਂ ਬੇਘਰ-ਬੇਦਰ ਹੋ ਕੇ ਦਿੱਲੀ ਆਏ ਲੋਕਾਂ ਵਿੱਚ ਅਨੇਕ ਪ੍ਰਸਿੱਧ ਪੰਜਾਬੀ ਲੇਖਕ ਵੀ ਸ਼ਾਮਲ ਸਨ ਜਿਨ੍ਹਾਂ ਸਦਕਾ ਇਹ ਪੰਜਾਬੀ ਸਾਹਿਤ ਤੇ ਸਭਿਆਚਾਰ ਦਾ ਇੱਕ ਮੁੱਖ ਜਾਂ ਸਗੋਂ ਪ੍ਰਮੁੱਖ ਸ਼ਹਿਰ ਬਣ ਗਿਆ। ਵਧਦੀ-ਫ਼ੈਲਦੀ ‘ਪੰਜਾਬੀ ਦਿੱਲੀ’ ਵਿੱਚ ਆਪਣੇ ਆਪਣੇ ਕਾਰਨਾਂ ਕਰ ਕੇ ਆ ਵਸੇ ਅਨੇਕ ਇਧਰਲੇ ਪੰਜਾਬ ਦੇ ਲੇਖਕਾਂ ਸਦਕਾ ਸ਼ਹਿਰ ਦਾ ਇਹ ਪੰਜਾਬੀ ਸਰੂਪ ਹੋਰ ਬਹੁਤਾ ਉੱਭਰ-ਨਿੱਖਰ ਆਇਆ। ਇੱਕ ਸਮਾਂ ਅਜਿਹਾ ਆਇਆ ਕਿ ਦਿੱਲੀ ਵਿੱਚ ਵੱਡੀ ਗਿਣਤੀ ਮੋਹਰੀ ਪੰਜਾਬੀ ਲੇਖਕ ਆਪਣੀ ਆਪਣੀ ਕਲਮ ਦਾ ਜੌਹਰ ਦਿਖਾ ਰਹੇ ਸਨ। ਸਾਹਿਤ ਨੂੰ ਉਹਨਾਂ ਸਭ ਦੀ ਦੇਣ ਅਣਮੋਲ ਰਹੀ। ਪੱਤਰਕਾਰੀ ਵੱਲ ਨਜ਼ਰ ਮਾਰੀਏ ਤਾਂ ਇਥੋਂ ਛਪਦੇ ਤ੍ਰੈਮਾਸਕ, ਮਾਸਕ ਅਤੇ ਖਾਸ ਕਰ ਕੇ ਸਪਤਾਹਿਕ ਪੰਜਾਬੀ ਅਖ਼ਬਾਰਾਂ-ਰਸਾਲਿਆਂ ਦੀ ਗਿਣਤੀ ਵੀ ਬੜੀ ਵੱਡੀ ਰਹੀ।
ਪਰ ਇਸ ਸਾਹਿਤਕ ਅਤੇ ਪੱਤਰਕਾਰੀ ਪੱਖ ਤੋਂ ਇਲਾਵਾ ਭਾਸ਼ਾ ਦਾ ਇੱਕ ਹੋਰ ਬਹੁਤ ਅਹਿਮ ਪੱਖ ਹੁੰਦਾ ਹੈ। ਉਹ ਹੈ ਵਿਦਿਅਕ-ਅਕਾਦਮਿਕ ਪੱਖ। ਸਕੂਲਾਂ-ਕਾਲਜਾਂ ਵਿੱਚ ਮਾਧਿਅਮ ਵਜੋਂ, ਨਹੀਂ ਤਾਂ ਘੱਟੋ-ਘੱਟ ਇੱਕ ਮਹੱਤਵਪੂਰਨ ਵਿਸ਼ੇ ਵਜੋਂ ਪੜ੍ਹਾਈ। ਸਾਹਿਤਕਾਰਾਂ ਦੀ ਰਚਨਾਕਾਰੀ ਅਤੇ ਪੱਤਰਕਾਰਾਂ ਦੇ ਵਿਚਾਰ-ਪਰਗਟਾਵੇ ਉੱਤੇ ਤਾਂ ਰੋਕ ਲਾਉਣ ਦਾ ਜੇਰਾ ਕੋਈ ਕਰ ਨਹੀਂ ਸੀ ਸਕਦਾ ਪਰ ਫ਼ਿਰਕੂ-ਰਾਜਨੀਤਕ ਕਾਰਨਾਂ ਕਰ ਕੇ ਪੰਜਾਬੀ ਨੂੰ ਕੌੜੀ ਅੱਖ ਨਾਲ ਦੇਖਣ ਵਾਲੇ ਸਿਆਸਤਦਾਨਾਂ, ਫ਼ਿਰਕੂ ਆਗੂਆਂ ਤੇ ਉਹਨਾਂ ਦੀ ਅੱਖ ਪਛਾਨਣ ਵਾਲੇ ਅਧਿਕਾਰੀਆਂ ਵਾਸਤੇ ਵਿਦਿਅਕ-ਅਕਾਦਮਿਕ ਖੇਤਰ ਇੱਕ ਅਜਿਹਾ ਪਿੜ ਸੀ ਜਿਥੇ ਉਹ ਪੰਜਾਬੀ ਦੇ ਵਿਕਾਸ ਦਾ ਰਾਹ ਰੋਕਣ ਦੀ ਗੰਦੀ ਖੇਡ ਖੁੱਲ੍ਹ ਕੇ ਖੇਡ ਸਕਦੇ ਸਨ। ਅਤੇ ਉਹਨਾਂ ਨੇ ਇਹ ਖੇਡ ਖੁੱਲ੍ਹ ਕੇ ਹੀ ਖੇਡੀ। ਇਹਦੇ ਨਾਲ ਹੀ ਭਾਸ਼ਾ ਤੇ ਲਿਪੀ ਦੀਆਂ ਉਪਰੋਕਤ ਵੰਡੀਆਂ ਕਾਰਨ ਪੰਜਾਬੀਆਂ ਦੇ ਵੱਡੇ ਹਿੱਸੇ ਆਪਣੀ ਮਾਤਭਾਸ਼ਾ ਤੋਂ ਮੂੰਹ ਮੋੜਨ ਲੱਗੇ।
ਹੌਲ਼ੀ ਹੌਲ਼ੀ ਸਕੂਲੀ ਖੇਤਰ ਵਿੱਚ ਪੰਜਾਬੀ ਨਾਲ ਪਰਤੱਖ ਵਿਤਕਰਾ ਕੀਤਾ ਜਾਣ ਲਗਿਆ ਜੋ ਦਿਨੋ-ਦਿਨ ਵਧਣ ਲਗਿਆ। ਨੇਮਾਂ ਨੂੰ ਬੇਅਸਰ ਕੀਤਾ ਜਾਣ ਲਗਿਆ। ਮਿਸਾਲ ਵਜੋਂ ਦਿੱਲੀ ਵਿੱਚ ਬੜੀ ਜਦੋਜਹਿਦ ਦੇ ਸਿੱਟੇ ਵਜੋਂ ਇਹ ਨੇਮ ਹੋਂਦ ਵਿੱਚ ਆਇਆ ਸੀ ਕਿ ਜੇ ਕਿਸੇ ਸਕੂਲ ਦੀ ਕਿਸੇ ਜਮਾਤ ਵਿੱਚ ਛੇ ਵਿਦਿਆਰਥੀ ਪੰਜਾਬੀ ਵਿਸ਼ਾ ਮੰਗਦੇ ਹਨ ਤਾਂ ਉਹਨਾਂ ਦੀ ਮੰਗ ਪੂਰੀ ਕੀਤੀ ਜਾਵੇਗੀ। ਅਮਲ ਵਿੱਚ ਇਹ ਹੋਣ ਲਗਿਆ ਕਿ ਜਦੋਂ ਕੋਈ ਵਿਦਿਆਰਥੀ ਪੰਜਾਬੀ ਵਿਸ਼ਾ ਮੰਗਦਾ ਸੀ, ਉਹਦੀ ਬੇਨਤੀ ਪਰਵਾਨ ਕਰ ਕੇ ਇਹ ਨਹੀਂ ਸੀ ਕਿਹਾ ਜਾਂਦਾ ਕਿ ਪੰਜ ਵਿਦਿਆਰਥੀ ਹੋਰ ਆ ਜਾਣ ਦੀ ਸੂਰਤ ਵਿੱਚ ਤੈਨੂੰ ਪੰਜਾਬੀ ਵਿਸ਼ਾ ਜ਼ਰੂਰ ਮਿਲ ਜਾਵੇਗਾ, ਨਹੀਂ ਤਾਂ ਤੈਨੂੰ ਕਿਸੇ ਹੋਰ ਵਿਸ਼ੇ ਦੀ ਚੋਣ ਕਰਨੀ ਪਵੇਗੀ। ਇਸ ਦੇ ਉਲਟ ਉਹਨੂੰ ਉਸੇ ਸਮੇਂ ਇਹ ਆਖ ਦਿੱਤਾ ਜਾਂਦਾ ਸੀ ਕਿ ਹੋਰ ਕੋਈ ਵਿਦਿਆਰਥੀ ਤਾਂ ਪੰਜਾਬੀ ਵਾਲਾ ਹੈ ਨਹੀਂ, ਇਸ ਲਈ ਤੂੰ ਜਾਂ ਹੋਰ ਕੋਈ ਵਿਸ਼ਾ ਚੁਣ ਲੈ ਜਾਂ ਕਿਸੇ ਪੰਜਾਬੀ ਵਾਲੇ ਸਕੂਲ ਵਿੱਚ ਚਲਿਆ ਜਾ। ਵਿਦਿਆਰਥੀ ਦਿੱਲੀ ਵਰਗੇ ਸ਼ਹਿਰ ਵਿੱਚ ਘਰੋਂ ਦੂਰ ਦੇ ਪੰਜਾਬੀ ਵਾਲੇ ਸਕੂਲ ਤਕ ਆਵਾਜਾਈ ਦੀਆਂ ਮੁਸ਼ਕਲਾਂ ਦੇਖਦਿਆਂ ਪੰਜਾਬੀ ਦੀ ਥਾਂ ਕੁਝ ਹੋਰ ਪੜ੍ਹਨਾ ਹੀ ਬਿਹਤਰ ਸਮਝਦਾ। ਇਉਂ ਇੱਕ ਇੱਕ ਕਰ ਕੇ ਆਏ ਤੇ ਟਰਕਾਏ ਵਿਦਿਆਰਥੀ ਕਦੀ ਵੀ ਛੇ ਦੀ ਸ਼ਰਤ ਪੂਰੀ ਨਾ ਕਰ ਸਕਦੇ! ਅਜਿਹੀਆਂ ਸਾਜ਼ਿਸ਼ਾਂ ਦੇਖਦਿਆਂ ਦਿੱਲੀ ਵਿੱਚ ਪੰਜਾਬੀ ਅਧਿਆਪਕ ਐਸੋਸੀਏਸ਼ਨ ਹੋਂਦ ਵਿੱਚ ਆਈ ਜਿਸ ਨੇ ਸਕੂਲੀ ਵਿਦਿਆ ਦੇ ਖੇਤਰ ਵਿੱਚ ਪੰਜਾਬੀ ਦੇ ਹਿਤਾਂ ਦੀ ਰਾਖੀ ਲਈ ਨਿਸ਼ਕਾਮ ਸੰਘਰਸ਼ ਸ਼ੁਰੂ ਕੀਤਾ ਜੋ ਅੱਜ ਵੀ ਜਾਰੀ ਹੈ।
ਬਿਨਾਂ-ਸ਼ੱਕ ਉਹਨਾਂ ਲੋਕਾਂ ਦੀ ਕਰਨੀ ਨੂੰ ਧੰਨ ਕਹਿਣਾ ਬਣਦਾ ਹੈ ਜਿਨ੍ਹਾਂ ਨੇ ਇਹ ਲੰਮੀ, ਔਖੀ, ਬੇਗ਼ਰਜ਼ ਅਤੇ ਅਕਾਊ-ਥਕਾਊ ਲੜਾਈ ਅੱਕੇ-ਥੱਕੇ ਤੋਂ ਬਿਨਾਂ, ਹੌਸਲੇ, ਹਿੰਮਤ, ਸਬਰ ਤੇ ਠਰ੍ਹੰਮੇ ਨਾਲ, ਦ੍ਰਿੜ੍ਹ ਤੇ ਸਿਰੜੀ ਰਹਿੰਦਿਆਂ ਲਗਾਤਾਰ ਜਾਰੀ ਰੱਖੀ। ਇੱਕ ਨਾਂ ਅਜਿਹਾ ਹੈ ਜੋ ਇਸ ਸੰਘਰਸ਼ ਨਾਲ ਆਰੰਭ ਤੋਂ ਲੈ ਕੇ ਹੁਣ ਤਕ ਜੁੜਿਆ ਹੋਇਆ ਹੈ। ਉਹ ਹੈ ਐੱਨ. ਆਰ. ਗੋਇਲ। ਉਹ ਆਪ ਹੀ ਸਰਗਰਮ ਨਾ ਹੋਇਆ ਸਗੋਂ ਐਸੋਸੀਏਸ਼ਨ ਵਿੱਚ ਹੋਰਾਂ ਨੂੰ ਸਰਗਰਮ ਕਰਨ ਵਿੱਚ ਵੀ ਉਹਦੀ ਭੂਮਿਕਾ ਪ੍ਰਮੁੱਖ ਰਹੀ। ਉਹ ਪੰਜਾਬ ਤੋਂ ਮੇਰਾ ਗੁਆਂਢੀ ਹੈ ਅਤੇ ਮੈਥੋਂ ਡੇਢ ਕੁ ਸਾਲ ਵੱਡਾ ਲਗਭਗ ਮੇਰਾ ਹਾਣੀ ਹੈ। ਉਹਦਾ ਪਿੰਡ ਮੇਰੇ ਪਿੰਡ ਤੋਂ ਕੁੱਲ ਪੰਜ ਕੋਹ ਵਾਟ ਹੈ। ਉਹਨਾਂ ਦਿਨਾਂ ਵਿੱਚ ਸਾਡੇ ਇਲਾਕੇ ਵਿੱਚ ਸਕੂਲ ਵਿਰਲੇ-ਟਾਂਵੇਂ ਹੀ ਹੁੰਦੇ ਸਨ। ਜਿਸ ਪਿੰਡ ਵਿੱਚ ਸਕੂਲ ਹੁੰਦਾ ਵੀ ਸੀ, ਉਹ ਆਮ ਕਰ ਕੇ ਚਾਰ ਜਮਾਤਾਂ ਦਾ ਪ੍ਰਾਇਮਰੀ ਸਕੂਲ ਹੀ ਹੁੰਦਾ ਸੀ। ਚਾਰ ਜਮਾਤਾਂ ਪਾਸ ਕਰ ਕੇ ਬਹੁਤੇ ਵਿਦਿਆਰਥੀ ਕਿਰ ਜਾਂਦੇ। ਵਿਦਿਆ ਦੇ ਮਹੱਤਵ ਤੋਂ ਅਣਜਾਣ ਉਸ ਜ਼ਮਾਨੇ ਵਿੱਚ ਅਗਲੀ ਪੜ੍ਹਾਈ ਵਾਸਤੇ ਬੱਚੇ ਨੂੰ ਦੂਰ ਦੇ ਸਕੂਲ ਕੌਣ ਭੇਜੇ! ਘਰ-ਵਾਲੇ, ਖ਼ਾਸ ਕਰ ਕੇ ਕਿਸਾਨ ਪਰਿਵਾਰ ਆਖਦੇ, ”ਬਹੁਤ ਪੜ੍ਹ ਲਿਆ। ਹੋਰ ਪੜ੍ਹ ਕੇ ਤੂੰ ਕੀ ਡੀ.ਸੀ. ਬਣ ਜਾਏਂਗਾ। ਅਸੀਂ ਨਹੀਂ ਤੈਨੂੰ ਕਿਸੇ ਸ਼ਹਿਰ-ਸ਼ੂਹਰ ਭੇਜਣਾ।” ਜਿਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਪੜ੍ਹਾਈ ਦੀ ਕਦਰ ਹੁੰਦੀ, ਉਹ ਹੀ ਕਿਸੇ ਸ਼ਹਿਰੀ ਮਿਡਲ ਜਾਂ ਹਾਈ ਸਕੂਲ ਦਾ ਰੁਖ਼ ਕਰਦੇ।
ਗੋਇਲ ਨੇ ਤੇ ਮੈਂ ਆਪਣੇ ਆਪਣੇ ਪਿੰਡ ਤੋਂ ਪ੍ਰਾਇਮਰੀ ਪਾਸ ਕੀਤੀ ਤਾਂ ਮੈਂ ਰਾਮਪੁਰਾ ਫੂਲ ਦੇ ਸਟੇਟ ਹਾਈ ਸਕੂਲ ਵਿੱਚ ਪਹੁੰਚ ਗਿਆ ਅਤੇ ਉਹਨੇ ਬਰਨਾਲੇ ਦੇ ਸਟੇਟ ਹਾਈ ਸਕੂਲ ਦਾ ਰਾਹ ਫ਼ੜ ਲਿਆ। ਸਾਡੀ ਪਹਿਲੀ ਮੁਲਾਕਾਤ ਹੋਈ ਤਾਂ ਦਿੱਲੀ ਦੀ ਧਰਤੀ ਉੱਤੇ, ਸੋਵੀਅਤ ਦੂਤਾਵਾਸ ਦੇ ਸੂਚਨਾ ਵਿਭਾਗ ਦੇ ਮੇਰੇ ਦਫ਼ਤਰ ਵਿੱਚ। ਮੈਂ ਮਈ 1967 ਵਿੱਚ ਦਿੱਲੀ ਆਇਆ ਤਾਂ ਗੋਇਲ ਪਹਿਲਾਂ ਹੀ ਕੋਈ ਸਾਢੇ ਦਸ ਸਾਲ ਤੋਂ ਦਿੱਲੀ-ਵਾਸੀ ਬਣਿਆ ਹੋਇਆ ਸੀ। ਸਬੱਬ ਨਾਲ ਉਹ ਮੇਰੇ ਦਫ਼ਤਰ ਵਾਲੇ ਪਾਸੇ ਹੀ ਰਹਿੰਦਾ ਸੀ। ਇਸੇ ਕਰ ਕੇ ਇੱਕ ਦਿਨ ਇੱਕ ਲੇਖਕ ਮਿੱਤਰ ਨੇ ਉਹਨੂੰ ਇੱਕ ਪੁਸਤਕ ਮੇਰੇ ਤਕ ਪੁਜਦੀ ਕਰਨ ਲਈ ਦਿੱਤੀ। ਉਸ ਪਹਿਲੀ ਮੁਲਾਕਾਤ ਵਿੱਚ ਜਿਉਂ ਹੀ ਅਸੀਂ ਇੱਕ ਦੂਜੇ ਦੇ ਭੂਗੋਲ-ਇਤਿਹਾਸ ਤੋਂ ਜਾਣੂ ਹੋਏ, ਬਚਪਨ ਦੇ ਗੁਆਂਢੀ ਹੋਣ ਦੀ ਭਾਵਨਾ ਦੋਵਾਂ ਦਿਲਾਂ ਵਿੱਚ ਲਗਰਾਂ ਛੱਡਣ ਲੱਗੀ। ਪਰ ਇਸ ਪੁਰਾਣੀ ਸਾਂਝ ਦੀ ਨਵੀਂ-ਨਰੋਈ ਸੁਰਜੀਤੀ ਤੋਂ ਵੀ ਪਹਿਲਾਂ ਗੋਇਲ ਲਈ ਉਸ ਗੱਲ ਨੂੰ ਤਰਜੀਹ ਦੇਣੀ ਜ਼ਰੂਰੀ ਸੀ ਜੋ ਉਹਦੇ ਜੀਵਨ ਦਾ ਧੁਰਾ ਹੈ, ਭਾਵ ਦਿੱਲੀ ਵਿੱਚ ਪੰਜਾਬੀ ਮਾਤਭਾਸ਼ਾ ਦਾ ਸਥਾਨ! ਗੱਲਬਾਤ ਦੇ ਸ਼ੁਰੂ ਵਿੱਚ ਹੀ ਉਹ ਬੋਲਿਆ, ”ਮੈਨੂੰ ਪਤਾ ਲਗਿਆ ਹੈ, ਤੁਸੀਂ ਇਥੇ ਇੱਕ ਰਸਾਲੇ ਵਿੱਚ ਨਿਯੁਕਤ ਹੋਏ ਹੋ। ਉਸ ਵਿੱਚ ਦਿੱਲੀ ਵਿੱਚ, ਖ਼ਾਸ ਕਰ ਕੇ ਸਕੂਲਾਂ ਵਿੱਚ ਮਾਤਭਾਸ਼ਾ ਪੰਜਾਬੀ ਨੂੰ ਆਉਂਦੀਆਂ ਮੁਸ਼ਕਿਲਾਂ ਬਾਰੇ ਜ਼ਰੂਰ ਲਿਖਿਆ ਕਰੋ।”
ਮੈਂ ਬੇਨਤੀ ਕੀਤੀ, ”ਗੋਇਲ ਜੀ, ਸਾਡਾ ਰਸਾਲਾ ਰੂਸੀਆਂ ਦਾ ਹੈ ਤੇ ਇਸ ਵਿੱਚ ਆਪਣੇ ਦੇਸ ਬਾਰੇ ਕੁਝ ਨਹੀਂ ਛਪਦਾ।” ਉਹ ਮੇਰੀ ਨਾਂਹ ਨਾਲ ਨਿਰਾਸ਼ ਨਹੀਂ ਹੋਇਆ। ਬੜੇ ਸਹਿਜ ਨਾਲ ਉਹਨੇ ਮੈਥੋਂ ਮੰਗੇ ਸਹਿਯੋਗ ਦਾ ਰੂਪ ਬਦਲ ਦਿੱਤਾ, ”ਤੁਸੀਂ ਪੰਜਾਬੀ ਮਾਤਭਾਸ਼ਾ ਦੇ ਲੇਖਕ ਤਾਂ ਹੋ ਨਾ, ਆਪਣੇ ਦਿੱਲੀ ਤੇ ਪੰਜਾਬ ਦੇ ਅਖ਼ਬਾਰਾਂ-ਰਸਾਲਿਆਂ ਵਿੱਚ ਲਿਖੋ।” ਮੈਂ ਇਕਦਮ ਬੋਲਿਆ, ”ਹਾਂ, ਇਹ ਠੀਕ ਹੈ। ਦਿੱਲੀ ਵਿੱਚ ਪੰਜਾਬੀ ਦੀਆਂ ਸਮੱਸਿਆਵਾਂ ਬਾਰੇ ਮੈਥੋਂ ਜੋ ਵੀ ਲਿਖਿਆ ਜਾ ਸਕਿਆ, ਜ਼ਰੂਰ ਲਿਖਿਆ ਕਰਾਂਗਾ।” ਉਹ ਸੰਤੁਸਟ ਤੇ ਖ਼ੁਸ਼ ਹੋ ਗਿਆ। ਉਹਦੀ ਮੁੱਖ ਪਛਾਣ ਹੀ ਪੰਜਾਬੀ ਲਈ ਦਿਨ-ਰਾਤ ਦਾ ਸੰਗਰਾਮੀਆ ਹੋਣਾ ਹੈ।
ਮੇਰੇ ਦਿੱਲੀ ਆਉਣ ਤੋਂ ਵੀ ਪਹਿਲਾਂ, 1965 ਵਿੱਚ ਪੰਜਾਬੀ ਅਧਿਆਪਕ ਲੱਗਿਆ ਗੋਇਲ ਤੀਹ ਸਾਲ ਤਕ ਮਾਣਯੋਗ ਕੰਮ ਕਰ ਕੇ ਨੌਕਰੀ ਤੋਂ ਤਾਂ 1995 ਵਿੱਚ ਸੇਵਾ-ਮੁਕਤ ਹੋ ਗਿਆ ਪਰ ਮਾਤਭਾਸ਼ਾ ਦੀ ਸੇਵਾ ਤੋਂ ਉਹਨੂੰ ਕੋਈ ਮਾਈ ਦਾ ਲਾਲ ਮੁਕਤ ਨਹੀਂ ਕਰ ਸਕਦਾ। ਜਦੋਂ ਤਕ ਸਵਾਸ ਹਨ ਤਦ ਤਕ ਮਾਤਭਾਸ਼ਾ ਦੀ ਸੇਵਾ ਹੈ। ਅੱਜ ਵੀ ਉਹਦਾ ਬਹੁਤਾ ਸਮਾਂ ਇਸੇ ਪਾਸੇ ਲਗਦਾ ਹੈ। ਉਹਦੀ ਸਰਗਰਮ ਸਹਾਇਤਾ ਨਾਲ ਬਣੀ ਸੰਸਥਾ ‘ਪੰਜਾਬੀ ਹੈਲਪਲਾਈਨ’ ਉਸ ਦੇ ਮਿਸ਼ਨ ਨੂੰ ਹੋਰ ਅੱਗੇ ਵਧਾ ਰਹੀ ਹੈ। ਉਹ ਐਸੋਸੀਏਸ਼ਨ ਤੇ ਹੈਲਪਲਾਈਨ ਦੀ ਮਦਦ ਨਾਲ ਅੱਜ ਵੀ ਪੰਜਾਬੀ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਨਿਰਾਸ਼ ਕਰਨ ਵਾਲੇ ਮੁੱਖ ਅਧਿਆਪਕਾਂ ਨਾਲ ਟੱਕਰ ਲੈਂਦਾ ਹੈ ਅਤੇ ਵਿਦਿਆਰਥੀਆਂ ਦੀ ਲੋੜੀਂਦੀ ਗਿਣਤੀ ਪੂਰੀ ਕਰਨ ਲਈ ਪੰਜਾਬੀ ਮਾਪਿਆਂ ਨੂੰ ਘਰ ਘਰ ਜਾ ਕੇ ਮਿਲਦਾ ਤੇ ਸਮਝਾਉਂਦਾ ਹੈ। ਜਿਹੜੇ ਸਕੂਲ ਮੁਖੀ ਫ਼ੇਰ ਵੀ ਕਾਬੂ ਨਹੀਂ ਆਉਂਦੇ ਅਤੇ ਵਿਭਾਗ ਤੋਂ ਪੰਜਾਬੀ ਅਧਿਆਪਕ ਮੰਗਣ ਦੀ ਥਾਂ ਖਾਨਾ-ਪੂਰਤੀ ਲਈ ਜਮਾਤ ਦਾ ਸਮਾਂ ਪੂਰਾ ਕਰਨ ਵਾਸਤੇ ਪੰਜਾਬੀ ਨਾ ਜਾਣਨ ਵਾਲੇ ਕਿਸੇ ਵਿਹਲੇ ਅਧਿਆਪਕ ਜਾਂ ਪੀ. ਟੀ. ਮਾਸਟਰ ਨੂੰ ਭੇਜ ਛਡਦੇ ਹਨ, ਉਹਨਾਂ ਦੀ ਖੇਡ ਖ਼ਤਮ ਕਰਨ ਲਈ ਉਹ ਅੱਜ ਵੀ ਡਾਇਰੈਕਟੋਰੇਟ ਦਾ ਬੂਹਾ ਜਾ ਖੜਕਾਉਂਦਾ ਹੈ। ਪਰ ਦਿੱਲੀ ਦੇ ਵਿਦਿਅਕ ਢਾਂਚੇ ਵਿੱਚ ਪੰਜਾਬੀ ਦਾ (ਤੇ ਉਰਦੂ ਦਾ) ਵਿਰੋਧ ਏਨਾ ਜ਼ੋਰਾਵਰ ਹੈ ਕਿ ਇਸ ਸਖ਼ਤ ਜਦੋਜਹਿਦ ਦੇ ਬਾਵਜੂਦ ਹਾਲਤ ਬਹੁਤੀ ਸੁਧਰਦੀ ਨਹੀਂ। ਹੁਣੇ ਹੁਣੇ ਆਈ ਦਿੱਲੀ ਘੱਟ-ਗਿਣਤੀ ਕਮਿਸ਼ਨ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਰੀ ਦਿੱਲੀ ਦੇ ਸਰਕਾਰੀ ਸਕੂਲਾਂ ਲਈ ਮਨਜ਼ੂਰ ਪੰਜਾਬੀ ਅਧਿਆਪਕਾਂ ਦੀਆਂ 28 ਨੌਕਰੀਆਂ ਵਿਚੋਂ 10 (ਤੇ ਉਰਦੂ ਦੀਆਂ 29 ਵਿਚੋਂ 12) ਖਾਲੀ ਪਈਆਂ ਹਨ!
ਜੇ ਇਸ ਮੋਰਚੇ ਉੱਤੇ ਗੋਇਲ ਆਪ ਹਰ ਵੇਲ਼ੇ ਨੇਮਾਂ-ਕਾਨੂੰਨਾਂ ਤੇ ਅੰਕੜਿਆਂ ਦੇ ਆਪਣੇ ਸ਼ਸਤਰ ਰੇਤ-ਮਾਂਜ ਕੇ ਨਾ ਰਖਦਾ ਅਤੇ ਅਗਵਾਈ ਦਾ ਪ੍ਰਚਮ ਲਹਿਰਾਉਂਦਾ ਹੋਇਆ ਹਰ ਭਾਸ਼ਾਈ ਯੁੱਧ ਸਮੇਂ ”ਸਾਥੀਓ, ਹੱਲਾ ਬੋਲੋ” ਦੀ ਲਲਕਾਰ ਨਾਲ ਦੂਜਿਆਂ ਨੂੰ ਲਗਾਤਾਰ ਹੱਲਾਸ਼ੇਰੀ ਨਾ ਦਿੰਦਾ ਰਹਿੰਦਾ, ਇਹ ਗੱਲ ਪੂਰੇ ਵਿਸ਼ਵਾਸ ਨਾਲ ਆਖੀ ਜਾ ਸਕਦੀ ਹੈ ਕਿ ਦਿੱਲੀ ਦੇ ਸਕੂਲਾਂ ਵਿੱਚ ਪੰਜਾਬੀ ਨੂੰ ਉਹ ਮਾੜੀ-ਮੋਟੀ ਹੈਸੀਅਤ ਵੀ ਹਾਸਲ ਨਾ ਹੁੰਦੀ ਜੋ ਅੱਜ ਹੈ। ਇਸੇ ਕਰ ਕੇ ਦਿੱਲੀ ਦੇ ਪੰਜਾਬੀ ਹਲਕਿਆਂ ਵਿੱਚ ਉਹਨੂੰ ਸਰਬਸੰਮਤੀ ਨਾਲ ‘ਪੰਜਾਬੀ ਮਾਂ ਦਾ ਸਰਵਣ ਪੁੱਤਰ’ ਆਖਿਆ ਜਾਂਦਾ ਹੈ!
ਉਹਦੀ ਇਸ ਪੰਜਾਬੀ ਸੇਵਾ ਤੇ ਘਾਲਣਾ ਸਦਕਾ ਹੀ ਸੀ ਕਿ ਕੁਝ ਦਿਨ ਪਹਿਲਾਂ ਦਿੱਲੀ ਦੀਆਂ ਪੰਜਾਬੀ ਸਾਹਿਤ ਤੇ ਸਭਿਆਚਾਰ ਨਾਲ ਜੁੜੀਆਂ ਕਈ ਸੰਸਥਾਵਾਂ ਨੇ ਮਿਲ ਕੇ ਉਸ ਦੇ ਅੱਸੀਵੇਂ ਜਨਮ-ਦਿਨ ਸਮੇਂ ਉਹਦਾ ਜਨਤਕ ਆਦਰ-ਮਾਣ ਕੀਤਾ। ਇਸ ਸਮੇਂ ਵੱਖ ਵੱਖ ਵਿਅਕਤੀਆਂ ਦੇ ਉਸ ਬਾਰੇ ਲਿਖੇ ਲੇਖਾਂ ਦੀ ਇੱਕ ਪੁਸਤਕ ਵੀ ਪਾਠਕਾਂ ਨੂੰ ਭੇਂਟ ਕੀਤੀ ਗਈ ਜਿਸ ਦੇ ਸੰਪਾਦਨ ਦਾ ਜ਼ਿੰਮਾ ਮੈਨੂੰ ਸੌਂਪਿਆ ਗਿਆ ਸੀ ਅਤੇ ਜਿਸ ਦਾ ਨਾਂ ‘ਪੰਜਾਬੀ ਮਾਂ ਦਾ ਸਰਵਣ ਪੁੱਤਰ’ ਤੋਂ ਬਿਨਾਂ ਭਲਾ ਹੋਰ ਕੁਝ ਕਿਵੇਂ ਹੋ ਸਕਦਾ ਸੀ!
(0091-1142502364)

LEAVE A REPLY