darਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਵਿੱਚ ਲੀਡਰਸ਼ਿਪ ਨੂੰ ਲੈ ਕੇ ਜਿਹੜਾ ਰੇੜਕਾ ਚੱਲ ਰਿਹਾ ਸੀ ਉਹ ਆਖਿਰਕਾਰ ਸਮਾਪਤ ਹੋ ਗਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਦੀ ਕਪਤਾਨੀ ਦੇ ਦਿੱਤੀ ਗਈ ਹੈ। ਕਾਂਗਰਸ ਹਾਈਕਮਾਨ ਦੇ ਇਸ ਫ਼ੈਸਲੇ ਨਾਲ ਸ੍ਰ. ਪ੍ਰਤਾਪ ਸਿੰਘ ਬਾਜਵਾ ਦੇ ਖ਼ੇਮੇ ‘ਚ ਜ਼ਰੂਰ ਖ਼ਲਬਲੀ ਹੋਵੇਗੀ ਪਰ ਅਜਿਹਾ ਵੀ ਨਹੀਂ ਹੈ ਕਿ ਸ੍ਰੀਮਤੀ ਸੋਨੀਆ ਗਾਂਧੀ ਜਾਂ ਸ੍ਰੀ ਰਾਹੁਲ ਗਾਂਧੀ ਨੇ ਸ੍ਰ. ਬਾਜਵਾ ਤੋਂ ਅਸਤੀਫ਼ਾ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਭਰੋਸਾ ਨਹੀਂ ਦਿੱਤਾ ਹੋਵੇਗਾ ਕਿ ਉਨ੍ਹਾਂ ਨੂੰ ਕੋਈ ਅਜਿਹੀ ਜ਼ਿੰਮੇਵਾਰੀ ਸੌਂਪੀ ਜਾਵੇਗੀ ਜਿਸ ਨਾਲ ਕਿ ਉਨ੍ਹਾਂ ਦਾ ਧੜਾ ਵੀ ਸੰਤੁਸ਼ਟ ਹੋ ਸਕੇ। ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਬਣਨ ਨਾਲ ਨਿਸ਼ਚਿਤ ਰੂਪ ਵਿੱਚ ਕਾਂਗਰਸੀਆਂ ਨੂੰ ਇਕ ਨਵੀਂ ਤਾਕਤ ਮਹਿਸੂਸ ਹੋ ਰਹੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪ੍ਰਧਾਨਗੀ ਦੇ ਐਲਾਨ ਤੋਂ ਤੁਰੰਤ ਮਗਰੋਂ ਪੂਰੇ ਪਟਿਆਲਾ ਸ਼ਹਿਰ ਵਿੱਚ ਦੀਵਾਲੀ ਵਰਗਾ ਮਾਹੌਲ ਸੀ ਅਤੇ ਪੂਰਾ ਸ਼ਹਿਰ ਜਗਮਗਾ ਉਠਿਆ ਸੀ। ਕੈਪਟਨ ਅਮਰਿੰਦਰ ਸਿੰਘ ਦਾ ਪ੍ਰਧਾਨ ਬਣਨਾ ਉਨ੍ਹਾਂ ਦੇ ਸਮਰਥਕਾਂ ਲਈ ਖ਼ੁਸ਼ੀ ਦਾ ਸਬੱਬ ਤਾਂ ਸੀ ਹੀ ਪਰ ਅਸਲ ਗੱਲ ਇਹ ਦੇਖਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੀ ਨਿਯੁਕਤੀ ਨੂੰ ਕਿਸ ਪ੍ਰਕਾਰ ਲੈਂਦਾ ਹੈ।
ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਦੇ ਕਾਂਗਰਸ ਦੇ ਪ੍ਰਧਾਨ ਬਣਨ ਨਾਲ ਅਕਾਲੀ ਦਲ ਦੇ ਭਵਿੱਖ ‘ਤੇ ਕੋਈ ਫ਼ਰਕ ਨਹੀਂ ਪੈਣ ਵਾਲਾ ਜਦਕਿ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਹ ਇਸ ਨਿਯੁਕਤੀ ਨੂੰ ਕੋਈ ਵੱਡੀ ਚੁਣੌਤੀ ਨਹੀਂ ਸਮਝਦੇ ਕਿਉਂਕਿ ਉਹ ਦੋ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਨਾਕਆਊਟ ਕਰ ਚੁੱਕੇ ਹਨ।  ਸ੍ਰ. ਬਾਦਲ ਦਾ ਇਹ ਵਿਸ਼ਵਾਸ ਉਨ੍ਹਾਂ ਅਤੇ ਅਕਾਲੀ ਵਰਕਰਾਂ ਲਈ ਬਹੁਤ ਲਾਹੇਵੰਦ ਹੈ ਕਿਉਂਕਿ ਚੋਣਾਂ ਹੌਂਸਲੇ ਨਾਲ ਹੀ ਲੜੀਆਂ ਜਾਂਦੀਆਂ ਹਨ ਪਰ ਇਸ ਸੱਚਾਈ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਲੋਕ ਸਭਾ ਚੋਣਾਂ ਹੋਈਆਂ ਸਨ ਤਾਂ ਉਸ ਸਮੇਂ ਭਾਵੇਂ ਦੇਸ਼ ਵਿੱਚ ਮੋਦੀ ਲਹਿਰ ਸੀ ਪਰ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਦਿੱਗਜ ਨੇਤਾ, ਜੋ ਮੌਜੂਦਾ ਵਿੱਤ ਮੰਤਰੀ ਵੀ ਹਨ, ਅਰੂਨ ਜੇਤਲੀ ਨੂੰ ਹਰਾਇਆ ਸੀ ਜਦਕਿ ਕੈਪਟਨ ਦੀ ਉਮੀਦਵਾਰੀ ਤੋਂ ਪਹਿਲਾਂ ਅੰਮ੍ਰਿਤਸਰ ਦੀ ਸੀਟ ਨੂੰ ਭਾਜਪਾ ਲਈ ਸੁਰੱਖਿਅਤ ਮੰਨਿਆ ਜਾ ਰਿਹਾ ਸੀ। ਜਦੋਂ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਨੂੰ ਹਰਾਇਆ ਸੀ ਤਾਂ ਉਸ ਸਮੇਂ ਹਾਲਾਤ ਕੁਝ ਹੋਰ ਸਨ ਅਤੇ ਹੁਣ ਹਾਲਾਤ ਵਿੱਚ ਬਹੁਤ ਤਬਦੀਲੀ ਆ ਚੁੱਕੀ ਹੈ। ਪਿਛਲੇ ਸਮੇਂ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਕਾਰਨ ਅਕਾਲੀ ਦਲ ਨੂੰ ਸਿਆਸੀ ਤੌਰ ‘ਤੇ ਬਹੁਤ ਨੁਕਸਾਨ ਹੋਇਆ ਹੈ। ਇਨ੍ਹਾਂ ਘਟਨਾਵਾਂ ਵਿੱਚ ਮੋਗਾ ਬੱਸ ਕਾਂਡ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ, ਸਿਰਸਾ ਸਾਧ ਨੂੰ ਮੁਆਫ਼ ਕਰਨਾ ਅਤੇ ਬਾਅਦ ਵਿੱਚ ਫ਼ੈਸਲਾ ਵਾਪਸ ਲੈਣਾ ਅਤੇ ਸਰਬੱਤ ਖਾਲਸਾ ਸ਼ਾਮਿਲ ਹਨ। ਹਾਲਾਂਕਿ ਕੁਝ ਮਸਲਿਆਂ ਨੂੰ ਅਕਾਲੀ ਲੀਡਰਸ਼ਿਪ ਨੇ ਬਹੁਤ ਹੀ ਠਰ੍ਹੰਮੇ ਨਾਲ ਸੁਲਝਾ ਵੀ ਲਿਆ ਹੈ ਪਰ ਹਾਲੇ ਵੀ ਹਾਲਾਤ ਅਜਿਹੇ ਹਨ ਕਿ ਸਿੱਖਾਂ ਵਿੱਚ ਅਕਾਲੀ ਦਲ ਪ੍ਰਤੀ ਪੂਰਾ ਭਰੋਸਾ ਪੈਦਾ ਨਹੀਂ ਹੋਇਆ। ਇਸ ਕਾਰਨ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਲੋਕਾਂ ਦੇ ਮਨਾਂ ਵਿੱਚ ਮੌਜੂਦਾ ਅਕਾਲੀ-ਭਾਜਪਾ ਸਰਕਾਰ ਪ੍ਰਤੀ ਪਹਿਲਾਂ ਵਾਲਾ ਸਤਿਕਾਰ ਨਹੀਂ ਹੈ। ਲੇਕਿਨ ਮਾਹਿਰ ਇਹ ਵੀ ਕਹਿੰਦੇ ਹਨ ਕਿ ਵੱਡੇ ਬਾਦਲ, ਜੋ ਕਿ ਕਈ ਦਹਾਕਿਆਂ ਤੋਂ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹਨ, ਉਹ ਕਦੋਂ ਹਵਾ ਨੂੰ ਆਪਣੇ ਵੱਲ ਮੋੜ ਲੈਣ ਕਿਸੇ ਨੂੰ ਅੰਦਾਜ਼ਾ ਨਹੀਂ। ਇਸ ਤੋਂ ਇਲਾਵਾ ਸ੍ਰ. ਸੁਖਬੀਰ ਸਿੰਘ ਬਾਦਲ ਦੀ ਮਿਹਨਤ ਵੀ ਕਿਸੇ ਤੋਂ ਭੁੱਲੀ ਨਹੀਂ। ਜਦੋਂ ਚੋਣਾਂ ਦੇ ਦਿਨ ਹੁੰਦੇ ਹਨ ਤਾਂ ਬਾਦਲ ਪਰਿਵਾਰ ਦਿਨ ਰਾਤ ਇਕ ਕਰ ਦਿੰਦਾ ਹੈ। ਇਸ ਲਈ ਅਕਾਲੀ ਦਲ ਕੋਲ ਤਕਰੀਬਨ ਸਵਾ ਸਾਲ ਦਾ ਸਮਾਂ ਹੈ। ਕੈਪਟਨ ਅਮਰਿੰਦਰ ਸਿੰਘ ਇੱਕ ਬੁਲੰਦ ਹੌਸਲੇ ਵਾਲੇ ਲੀਡਰ ਹਨ। ਇਸੇ ਕਾਰਨ ਉਨ੍ਹਾਂ ਦੀ ਆਮਦ ਨਾਲ ਕਾਂਗਰਸ ਵਿੱਚ ਇਕ ਨਵੀਂ ਰੂਹ ਫ਼ੂਕੀ ਗਈ ਹੈ, ਲੇਕਿਨ ਚੁਣੌਤੀਆਂ ਉਨ੍ਹਾਂ ਲਈ ਵੀ ਘੱਟ ਨਹੀਂ ਹਨ। ਕੁਝ ਸਮਾਂ ਪਹਿਲਾਂ, ਬੀਬੀ ਰਾਜਿੰਦਰ ਕੌਰ ਭੱਠਲ ਉਨ੍ਹਾਂ ਲਈ ਹਮੇਸ਼ਾਂ ਹੀ ਸਿਆਸੀ ਭੂਤ ਵਾਂਗ ਹਊਆ ਬਣੀ ਰਹਿੰਦੀ ਸੀ, ਅਤੇ ਹੁਣ ਬਾਜਵਾ ਖੇਮਾ ਉਨ੍ਹਾਂ ਲਈ ਵੱਡੀਆਂ ਮੁਸੀਬਤਾਂ ਖੜ੍ਹੀਆਂ ਕਰ ਸਕਦਾ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਵਿੱਚ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ ਅਤੇ ਸ੍ਰ. ਬਾਜਵਾ ਨਾਲ ਉਨ੍ਹਾਂ ਦਾ ਜਿਹੜਾ ਟਕਰਾਅ ਸੀ, ਉਹ ਨਿੱਜੀ ਨਹੀਂ ਬਲਕਿ ਸਿਧਾਂਤਕ ਸੀ।  ਇਸ ਲਈ ਉਹ ਸਾਰਿਆਂ ਨੂੰ ਨਾਲ ਲੈ ਕੇ ਕਾਂਗਰਸ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣਗੇ। ਉਨ੍ਹਾਂ ਦਾ ਇਹ ਭਰੋਸਾ ਕਿੰਨਾ ਕੰਮ ਕਰਦਾ ਹੈ, ਉਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਦੂਜੇ ਧੜੇ ਪਾਰਟੀ ਦੇ ਹਿੱਤਾਂ ਦੀ ਖਾਤਿਰ ਇਸ ਟਕਰਾਅ ਨੂੰ ਇਮਾਨਦਾਰੀ ਨਾਲ ਖ਼ਤਮ ਕਰਨਗੇ ਜਾਂ ਨਹੀਂ। ਉਂਝ ਸਿਆਸਤ ਵਿੱਚ ਇਮਾਨਦਾਰੀ ਘੱਟ ਹੀ ਦੇਖਣ ਨੂੰ ਮਿਲਦੀ ਹੈ। ਕੁਝ ਵੀ ਹੋਵੇ, ਪੰਜਾਬ ਦੀ ਸਿਆਸਤ ਇਕ ਦਿਲਚਸਪ ਮੋੜ ‘ਤੇ ਆ ਗਈ ਹੈ। ਅਕਾਲੀ ਦਲ ਨੂੰ ਲੱਗ ਰਿਹਾ ਸੀ ਕਿ ਜਿਸ ਪ੍ਰਕਾਰ ਕਾਂਗਰਸ ਲੀਡਰਹੀਣ ਅਤੇ ਮੁੱਦਾਹੀਣ ਚੱਲ ਰਹੀ ਹੈ, ਉਸ ਨੂੰ ਉਹ ਸਹਿਜੇ ਹੀ ਆਪਣੇ ਅੱਗੇ ਲਗਾ ਲਵੇਗਾ, ਪਰ ਹੁਣ ਅਜਿਹਾ ਨਹੀਂ। ਹੁਣ ਇਹ ਅਕਾਲੀ ਦਲ ਲਈ ਵੀ ਅਗਨੀ ਪ੍ਰੀਖਿਆ ਦੀ ਘੜੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਲਈ ਵੀ। ਅਕਾਲੀ ਦਲ ਲਈ ਇਹ ਅਗਨੀ ਪ੍ਰੀਖਿਆ ਇਸ ਲਈ ਕਿਉਂਕਿ ਹੁਣ ਉਸ ਨੂੰ ਸਾਹਮਣਾ ਕੈਪਟਨ ਅਮਰਿੰਦਰ ਸਿੰਘ ਦਾ ਕਰਨਾ ਪਵੇਗਾ ਅਤੇ ਕੈਪਟਨ ਅਮਰਿੰਦਰ ਸਿੰਘ ਲਈ ਇਹ ਅਗਨੀ ਪ੍ਰੀਖਿਆ ਇਸ ਲਈ ਹੈ ਕਿਉਂਕਿ ਉਨ੍ਹਾਂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹਾਈਕਮਾਨ ਨੂੰ ਜਿੱਤ ਦਾ ਭਰੋਸਾ ਦੇ ਕੇ ਹਾਸਲ ਕੀਤੀ ਹੈ। ਕੁਝ ਸਮੇਂ ਬਾਅਦ ਪੰਜਾਬ ਦੀ ਸਿਆਸਤ ਹੋਰ ਵੀ ਜ਼ਿਆਦਾ ਦਿਲਚਸਪ ਹੋ ਜਾਵੇਗੀ ਜੇਕਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖ਼ੁਦ ਆ ਕੇ ਆਮ ਆਦਮੀ ਪਾਰਟੀ ਦੀ ਕਮਾਨ ਸੰਭਾਲ ਲਈ ਤਾਂ। ਜੇਕਰ ਅਜਿਹਾ ਹੋਇਆ ਤਾਂ ਉਹ ਅਕਾਲੀ ਲੀਡਰਸ਼ਿਪ ਅਤੇ ਕੈਪਟਨ ਅਮਰਿੰਦਰ ਸਿੰਘ ਲਈ ਵੀ ਚੁਣੌਤੀ ਬਣਨਗੇ ਕਿਉਂਕਿ ਅੰਦਰੂਨੀ ਤੌਰ ‘ਤੇ ਪੰਜਾਬ ਦੇ ਲੋਕ ਹਾਲੇ ਵੀ ਤੀਜੇ ਬਦਲ ਦੀ ਤਲਾਸ਼ ਵਿੱਚ ਹਨ।

LEAVE A REPLY