ਸਮਾਜ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਨ ਭਾਰਤੀ : ਰਾਸ਼ਟਰਪਤੀ

a parnab mukharjiਨਵੀਂ ਦਿੱਲੀ : ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਅੱਜ ਆਈ.ਆਈ.ਐਮ., ਅਹਿਮਦਾਬਾਦ, ਗੁਜਰਾਤ ਵਿਚ ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਅਤੇ ਰਾਸ਼ਟਰੀ ਨਵੀਨਤਾ ਫ਼ਾਊਂਡੇਸ਼ਨ ਵੱਲੋਂ ਕਾਇਮ ਕੀਤੇ ਗਏ ਡਾ. ਏ.ਪੀ.ਜੇ. ਅਬਦੁਲ ਕਲਾਮ ਇਗਨਾਇਟ ਪੁਰਸਕਾਰ -2015 ਵੰਡੇ।
ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ 120 ਕਰੋੜ ਸਿਰਜਣਾਤਮਕ ਦਿਮਾਗ਼ਾਂ ਦਾ ਦੇਸ਼ ਹੈ। ਇਨ੍ਹਾਂ ਦਿਮਾਗ਼ਾਂ ਦੀ ਉਸਾਰੂ ਵਰਤੋਂ ਭਾਰਤੀ ਸਮਾਜ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਦੂਰ ਕਰ ਸਕਦੀ ਹੈ। ਸਾਨੂੰ ਸਾਰੇ ਵਿਅਕਤੀਆਂ ਨੂੰ ਇਹ ਸੰਕਲਪ ਲੈਣਾ ਹੋਵੇਗਾ ਕਿ ਅਸੀਂ ਆਪਣੇ ਆਪ ਨੂੰ ਸਮਾਜ ਤੇ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਸਮਰਪਿਤ ਕਰਾਂਗੇ।
ਰਾਸ਼ਟਰਪਤੀ ਨੇ ਆਈ.ਆਈ.ਐਮ.-ਅਹਿਮਦਾਬਾਦ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਸਾਬਕਾ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਉਦਯੋਗ, ਕਾਰੋਬਾਰ, ਉੱਦਮੀਆਂ, ਸਮਾਜਕ ਆਗੂਆਂ ਤੇ ਬੁਨਿਆਦੀ ਪੱਧਰ ਉੱਤੇ ਕੰਮ ਕਰਨ ਵਾਲੇ ਸਾਰੇ ਸਿਰਜਣਾਤਮਕ ਦਿਮਾਗ਼ਾਂ ਨਾਲ ਜੁੜਨਾ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਅਜੋਕੇ ਸਮਾਜ ਨੂੰ ਦਰਪੇਸ਼ ਪ੍ਰਮੁੱਖ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਇਸ ਸੰਸਥਾਨ ਨੂੰ ਜ਼ਰੂਰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਜ਼ਰੂਰ ਹੀ ਗਿਆਨ ਦਾ ਇੱਕ ਚਾਨਣ-ਮੁਨਾਰਾ ਬਣਨਾ ਚਾਹੀਦਾ ਹੈ, ਉਨ੍ਹਾਂ ਸੰਸਥਾਨਾਂ ਨੂੰ ਵੀ ਦਿਆਲਤਾ ਨਾਲ ਇੱਕ ਪਥ-ਪ੍ਰਦਰਸ਼ਕ ਵਜੋਂ ਰਾਹ ਵਿਖਾਉਣਾ ਚਾਹੀਦਾ ਹੈ ਅਤੇ ਇਸ ਨੂੰ ਅਜਿਹਾ ਸਭਿਆਚਾਰ ਸਿਰਜਣਾ ਚਾਹੀਦਾ ਹੈ, ਜੋ ਤਾਲਮੇਲ ਤੇ ਦਯਾ ਦੀ ਭਾਵਨਾ ਨਾਲ ਸ਼ਾਨਦਾਰ ਕਾਰਗੁਜ਼ਾਰੀ ਨੂੰ ਸਮਰਪਿਤ ਹੋਵੇ।
ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰੀ ਨਵੀਨਤਾ ਫ਼ਾਊਂਡੇਸ਼ਨ ਅਤੇ ਆਈ.ਆਈ.ਐਮ.-ਅਹਿਮਦਾਬਾਦ ਨੇ ਸਮਾਜਕ ਨਵੀਨਤਾ ਦੇ ਭਾਰਤੀ ਮਾੱਡਲ ਨੂੰ ਵਿਸ਼ਵ ਪੱਧਰ ਉੱਤੇ ਇੱਕ ਪਛਾਣ ਦਿੱਤੀ ਹੈ। ਉਨ੍ਹਾਂ ਸੰਸਥਾਨ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਹ ਨਵੀਨਤਾਵਾਂ ਲਿਆਉਣ ਲਈ ਊਰਜਾ ਤੇ ਸਰੋਤਾਂ ਵਿੱਚ ਆਪਣਾ ਸਾਰਾ ਧਿਆਨ ਲਾਉਣਾ ਜਾਰੀ ਰੱਖੇ ਕਿਉਂਕਿ ਉਨ੍ਹਾਂ ਸਦਕਾ ਹੀ ਰਾਸ਼ਟਰ ਦੀ ਆਰਥਿਕ ਪ੍ਰਗਤੀ ਦੀ ਰਫ਼ਤਾਰ ਤੇਜ਼ ਹੋਵੇਗੀ ਅਤੇ ਲੰਮਾ ਸਮਾਂ ਨਿਭਣ ਵਾਲਾ ਭਾਗੀਦਾਰੀ ਉਤੇ ਆਧਾਰਤ ਸਮਾਜ ਸਿਰਜਿਆ ਜਾ ਸਕੇਗਾ। ਰਾਸ਼ਟਰਪਤੀ ਨੇ ਕਿਹਾ ਕਿ ਨਵੀਨਤਾ ਹੀ ਆਰਥਿਕ ਵਿਕਾਸ ਦੀ ਕੁੰਜੀ ਹੈ ਅਤੇ ਉਭਰਦੀਆਂ ਜ਼ਰੂਰਤਾਂ ਅਤੇ ਚੁਣੌਤੀਆਂ ਨਾਲ ਨਿਪਟਣ ਲਈ ਕਿਸੇ ਰਾਸ਼ਟਰ ਦੀ ਪਰਪੱਕਤਾ ਨੂੰ ਪ੍ਰਤੀਬਿੰਬਤ ਕਰਦੀ ਹੈ। ਨਵੀਨਤਾ, ਉਚੇਰੀ ਸਿੱਖਿਆ ਅਤੇ ਉਦਯੋਗ ਨੂੰ ਸਮਾਜ ਤੱਕ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਆਪਸੀ ਡੂੰਘੇ ਤਾਲਮੇਲ ਨਾਲ ਚੱਲਣਾ ਹੋਵੇਗਾ। ਕੋਈ ਵੀ ਨਵੀਨਤਾ ਭਾਵੇਂ ਬੁਨਿਆਦੀ ਪੱਧਰ ਉੱਤੇ ਹੋਵੇ ਜਾਂ ਉਚੇਰੇ ਵਿਦਿਅਕ ਸੰਸਥਾਨਾਂ ਵਿੱਚ ਹੋਵੇ, ਉਸ ਨੂੰ ਜ਼ਰੂਰ ਹੀ ਉਸ ਨਵੀਨਤਾ ਦੇ ਵਪਾਰੀਕਰਣ ਲਈ ਉਦਯੋਗ ਨਾਲ ਜੋੜਿਆ ਜਾਣਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਬੱਚਿਆਂ ਨੇ ਸਿੱਧ ਕਰ ਦਿੱਤਾ ਹੈ ਕਿ ਨਵੀਨਤਾ ਦੀਆਂ ਭਾਵਨਾਵਾਂ ਕਿਸੇ ਵੀ ਤਰ੍ਹਾਂ ਦੀ ਗਤੀਹੀਣਤਾ ਨੂੰ ਖ਼ਤਮ ਕਰ ਸਕਦੀਆਂ ਹਨ ਅਤੇ ਹਰ ਤਰ੍ਹਾਂ ਦੀਆਂ ਨਵੀਆਂ ਸੰਭਾਵਨਾਵਾਂ ਸਾਹਮਣੇ ਲਿਆ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਭਵਿੱਖ ਲਈ ਉਦੋਂ ਆਸਵੰਦ ਹੁੰਦੇ ਹਨ, ਜਦੋਂ ਉਹ ਇਹ ਵੇਖਦੇ ਹਨ ਕਿ ਨਵੀਂ ਪੀੜ੍ਹੀ ਅਣਸੁਲਝੇ ਮਸਲਿਆਂ ਨਾਲ ਲੰਮੇ ਜਾਂ ਅਣਮਿੱਥੇ ਸਮੇਂ ਤੱਕ ਨਹੀਂ ਰਹਿਣਾ ਚਾਹੁੰਦੀ। ਸਿਰਜਣਾਤਮਕ ਨੌਜਵਾਨਾਂ ਦੀਆਂ ਨਵੀਨਤਾਵਾਂ ‘ਸੰਵੇਦਨਾ ਸੇ ਸਿਰਜਣਸ਼ੀਲਤਾ’ ਤੱਕ ਦੀਆਂ ਬਿਹਤਰੀਨ ਉਦਾਹਰਣਾਂ ਹਨ।

LEAVE A REPLY