2ਨਵੀਂ ਦਿੱਲੀ : ਵਿਕਲਾਂਗ ਵਿਅਕਤੀਆਂ ਦੇ ਸਸ਼ੱਕਤੀਕਰਣ ਬਾਰੇ ਵਿਭਾਗ ਨੇ ਹਰ ਸਾਲ 3 ਦਸੰਬਰ ਨੂੰ ਸਮੁੱਚੇ ਵਿਸ਼ਵ ਵਿੱਚ ਮਨਾਏ ਜਾਣ ਵਾਲੇ ‘ਵਿਕਲਾਂਗ ਵਿਅਕਤੀਆਂ ਦੇ ਕੌਮਾਂਤਰੀ ਦਿਵਸ’ ਮੌਕੇ ਰਾਸ਼ਟਰੀ ਮਹੱਤਵ ਵਾਲੀਆਂ ਘਟਨਾਵਾਂ ਨੂੰ ਵੀ ਨਾਲ ਜੋੜਿਆ ਹੈ। ਪ੍ਰਧਾਨ ਮੰਤਰੀ 3 ਦਸੰਬਰ ਨੂੰ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿਖੇ ਇੱਕ ਸਮਾਰੋਹ ਦੌਰਾਨ ਰਾਸ਼ਟਰ ਪੱਧਰੀ ‘ਪਹੁੰਚਯੋਗ ਭਾਰਤ ਮੁਹਿੰਮ’ ਅਰੰਭ ਕਰਨਗੇ ਅਤੇ ਵਿਕਲਾਂਗ ਵਿਅਕਤੀਆਂ ਨੂੰ ਰਾਸ਼ਟਰੀ ਪੁਰਸਕਾਰ ਵੀ ਦੇਣਗੇ।
‘ਪਹੁੰਚਯੋਗ ਭਾਰਤ ਮੁਹਿੰਮ’ (ਸੁਗਮਯਾ ਭਾਰਤ ਅਭਿਆਨ) ਵਿਕਲਾਂਗ ਵਿਕਅਤੀਆਂ ਲਈ ਹਰ ਥਾਈਂ ਪਹੁੰਚਣ ਦੀ ਯੋਗਤਾ ਹਾਸਲ ਕਰਨ ਦੀ ਰਾਸ਼ਟਰ-ਪੱਧਰ ਦੀ ਇੱਕ ਪ੍ਰਮੁੱਖ ਮੁਹਿੰਮ ਹੈ, ਜਿਸ ਅਧੀਨ ਕਿਸੇ ਵੀ ਤਰ੍ਹਾਂ ਦੇ ਅੜਿੱਕਿਆਂ ਤੋਂ ਮੁਕਤ ਮਾਹੌਲ ਸਿਰਜਿਆ ਜਾਵੇਗਾ ਅਤੇ ਉਸ ਦੌਰਾਨ ਤਿੰਨ ਮੁੱਖ ਗੱਲਾਂ: ਮਾਹੌਲ ਬਣਾਉਣ, ਜਨਤਕ ਟਰਾਂਸਪੋਰਟੇਸ਼ਨ ਅਤੇ ਸੂਚਨਾ ਤੇ ਸੰਚਾਰ ਤਕਨਾਲੋਜੀਆਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਇਸ ਮੁਹਿੰਮ ਰਾਹੀਂ, ਜੁਲਾਈ 2018 ਤੱਕ ਰਾਸ਼ਟਰੀ ਰਾਜਧਾਨੀ ਅਤੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਸਥਿਤ 50 ਪ੍ਰਤੀਸ਼ਤ ਸਰਕਾਰੀ ਇਮਾਰਤਾਂ ਤੱਕ ਪਹੁੰਚ ਨੂੰ ਯਕੀਨੀ ਬਣਾਇਆ ਜਾਵੇਗਾ। ਜੁਲਾਈ 2016 ਤੱਕ ਸਾਰੇ ਕੌਮਾਂਤਰੀ ਹਵਾਈ ਅੱਡਿਆਂ ਨੂੰ ਵੀ ਪੂਰੀ ਤਰ੍ਹਾਂ ਪਹੁੰਚਯੋਗ ਬਣਾ ਦਿੱਤਾ ਜਾਵੇਗਾ। ਦੇਸ਼ ਦੇ ਏ 1, ਏ ਅਤੇ ਬੀ ਵਰਗਾਂ ਦੇ ਰੇਲਵੇ ਸਟੇਸ਼ਨਾਂ ਨੂੰ ਜੁਲਾਈ 2016 ਤੱਕ ਪੂਰੀ ਤਰ੍ਹਾਂ ਪਹੁੰਚਯੋਗ ਬਣਾਇਆ ਜਾਵੇਗਾ। ਮਾਰਚ 2018 ਤੱਕ ਦੇਸ਼ ਦੇ 10 ਪ੍ਰਤੀਸ਼ਤ ਸਰਕਾਰੀ ਟਰਾਂਸਪੋਰਟ ਵਾਹਨਾਂ ਨੂੰ ਪੂਰੀ ਤਰ੍ਹਾਂ ਪਹੁੰਚਯੋਗ ਬਣਾਇਆ ਜਾਵੇਗਾ। ਇਸੇ ਤਰ੍ਹਾਂ ਮਾਰਚ 2018 ਤੱਕ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵੱਲੋਂ ਜਾਰੀ ਕੀਤੇ ਜਾਣ ਵਾਲੇ 50 ਪ੍ਰਤੀਸ਼ਤ ਜਨਤਕ ਦਸਤਾਵੇਜ਼ ਵੀ ਪਹੁੰਚਯੋਗਤਾ ਦੇ ਮਾਪਦੰਡਾਂ ਉੱਤੇ ਪੂਰੇ ਉਤਰਦੇ ਹੋਣਗੇ।
ਇਸ ਮੁਹਿੰਮ ਅਧੀਨ ਇੱਕ ਅਜਿਹਾ ਵੈਬ ਪੋਰਟਲ ਤੇ ਇੱਕ ਮੋਬਾਇਲ ਐਪਲੀਕੇਸ਼ਨ ਤਿਆਰ ਕੀਤੇ ਜਾ ਰਹੇ ਹਨ; ਜਿਨ੍ਹਾਂ ਰਾਹੀਂ ਇੱਕ ‘ਕ੍ਰਾਊਡ ਸੋਰਸਿੰਗ ਪਲੈਟਫ਼ਾਰਮ’ ਸਿਰਜਿਆ ਜਾਵੇਗਾ ਅਤੇ ਜਿੱਥੋਂ ਨਾ-ਪਹੁੰਚਯੋਗ ਸਥਾਨਾਂ ਬਾਰੇ ਜਾਣਕਾਰੀ ਮਿਲ ਸਕੇਗੀ ਅਤੇ ਪਹੁੰਚਯੋਗ ਸਥਾਨਾਂ ਦੀ ਸਿਰਜਣਾ ਲਈ ਸੀ.ਐਸ.ਆਰ. ਸਰੋਤਾਂ ਨੂੰ ਚੈਨਲਾਈਜ਼ ਕੀਤਾ ਜਾ ਸਕੇਗਾ। ਇੱਕ ਹੋਰ ਟੂਲ ‘ਪਹੁੰਚਯੋਗਤਾ ਸੂਚਕ-ਅੰਕ’ ਵੀ ਤਿਆਰ ਕੀਤਾ ਜਾ ਰਿਹਾ ਹੈ, ਜੋ ਇਹ ਮੁਲੰਕਣ ਕਰੇਗਾ ਕਿ ਕਿਸੇ ਸੰਗਠਨ/ਸੰਸਥਾਨ ਜਾਂ ਅਦਾਰੇ ਨੇ ਆਪਣੇ ਅੰਗਹੀਣ ਮੁਲਾਜ਼ਮਾਂ ਤੇ ਗਾਹਕਾਂ/ਮੁਵੱਕਿਲਾਂ ਲਈ ਕਿਸ ਹੱਦ ਤੱਕ ਸੁਤੰਤਰ, ਸਤਿਕਾਰਤ ਤੇ ਹਾਂ-ਪੱਖੀ ਢੰਗ ਨਾਲ ਪਹੁੰਚਣਯੋਗ ਪ੍ਰਕਿਰਿਆਵਾਂ ਅਤੇ ਪ੍ਰਣਾਲੀਆਂ ਮੁਹੱਈਆ ਕਰਵਾਈਆਂ ਹਨ। ਵਿਲੱਖਣ ਵਿਕਲਾਂਗ ਵਿਅਕਤੀਆਂ ਤੇ ਉਨ੍ਹਾਂ ਦੇ ਸਸ਼ੱਕਤੀਕਰਣ ਲਈ ਕੰਮ ਕਰਨ ਵਾਲੀਆਂ ਜੱਥੇਬੰਦੀਆਂ ਨੂੰ ਰਾਸ਼ਟਰੀ ਪੁਰਸਕਾਰ ਹਰ ਸਾਲ 3 ਦਸੰਬਰ ਨੂੰ ‘ਕੌਮਾਂਤਰੀ ਵਿਕਲਾਂਗ ਦਿਵਸ’ ਮੌਕੇ ਦਿੱਤੇ ਜਾਂਦੇ ਹਨ। ਹਰ ਵਰ੍ਹੇ 14 ਵਿਸ਼ਾਲ ਵਰਗਾਂ ਅਧੀਨ 58 ਪੁਰਸਕਾਰ ਦਿੱਤੇ ਜਾਂਦੇ ਹਨ। ਸਾਲ 2015 ਲਈ ਵਿਕਲਾਂਗ ਵਿਅਕਤੀਆਂ ਦੇ ਸਸ਼ੱਕਤੀਕਰਣ ਲਈ ਰਾਸ਼ਟਰੀ ਪੁਰਸਕਾਰਾਂ ਵਾਸਤੇ 51 ਵਿਅਕਤੀਆਂ/ਸੰਸਥਾਨਾਂ ਨੂੰ ਚੁਣਿਆ ਗਿਆ ਹੈ। ਇਸ ਵਰ੍ਹੇ ਸਾਲ 2014 ਲਈ ਵੀ ਇੱਕ ਰਾਸ਼ਟਰੀ ਪੁਰਸਕਾਰ ਦਿੱਤਾ ਜਾਣਾ ਹੈ।

LEAVE A REPLY