ਮੋਬਾਈਲ ਮੈਡੀਕਲ ਯੂਨਿਟਾਂ ‘ਚ ਸਾਰੀਆਂ ਸਿਹਤ ਸਹੂਲਤਾਂ ਮੁਫ਼ਤ ਕੀਤੀਆਂ : ਵਿਨੀ ਮਹਾਜਨ

5ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਇੱਕ ਲੋਕ ਹਿੱਤ ਫੈਸਲਾ ਲੈਂਦੇ ਹੋਏ ਮੋਬਾਈਲ ਮੈਡੀਕਲ ਯੂਨਿਟ ਅਤੇ ਮਿਨੀ ਮੋਬਾਈਲ ਮੈਡੀਕਲ ਯੂਨਿਟ ਵਿੱਚ ਲੋਕਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਿਹਤ ਸਹੂਲਤਾਂ ਮੁਫ਼ਤ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਲੋਕਾਂ ਨੂੰ ਹੋਰ ਬਿਹਤਰ ਮੁਫ਼ਤ ਜਾਂ ਸਸਤੀਆਂ ਦਰਾਂ ਤੇ ਸਿਹਤ ਸੁਵਿਧਾਵਾਂ ਦੇਣ ਲਈ ਪੰਜਾਬ ਸਰਕਾਰ ਵੱਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ  ਹੁਣ ਮੋਬਾਈਲ ਮੈਡੀਕਲ ਯੂਨਿਟ ਅਤੇ ਮਿਨੀ ਮੈਡੀਕਲ ਯੂਨਿਟ ਦੀਆਂ ਸਾਰੀਆਂ ਸਿਹਤ ਸਹੂਲਤਾਂ ਬਿਲਕੁਲ ਮੁਫ਼ਤ ਕਰ ਦਿੱਤੀਆਂ ਹਨ। ਇਸ ਵਿੱਚ ਲੋਕਾਂ ਨੂੰ ਓ.ਪੀ.ਡੀ., ਲੈਬ ਟੈਸਟ ਅਤੇ ਦਵਾਈਆਂ ਮੁਫ਼ਤ ਮਿਲਣਗੀਆਂ। ਜਦੋਂ ਕਿ ਇਸ ਤੋਂ ਪਹਿਲਾਂ ਓ.ਪੀ.ਡੀ. ਲਈ ਪਰਚੀ ਫੀਸ, ਲੈਬ ਟੈਸਟ ਅਤੇ ਹੋਰ ਦਵਾਈਆਂ ਦੇ ਲਈ ਪੈਸੇ ਖਰਚ ਕਰਨੇ ਪੈਂਦੇ ਸੀ। ਹੁਣ ਇਨ੍ਹਾਂ ਸਾਰੀਆਂ ਸੇਵਾਵਾਂ ਨੂੰ ਬਿਲਕੁਲ ਮੁਫ਼ਤ ਕਰ ਦਿੱਤਾ ਗਿਆ ਹੈ।
ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਭਰ ਵਿੱਚ ਸਾਲਾਨਾ 4 ਲੱਖ ਤੋਂ ਜ਼ਿਆਦਾ ਲੋਕ ਇਸ ਸੇਵਾ ਦਾ ਲਾਭ ਉਠਾ ਰਹੇ ਹਨ। ਪੰਜਾਬ ਭਰ ਵਿੱਚ 24 ਮੋਬਾਈਲ ਮੈਡੀਕਲ ਯੂਨਿਟ ਅਤੇ 9 ਮਿਨੀ ਮੋਬਾਈਲ ਮੈਡੀਕਲ ਯੂਨਿਟ ਚੱਲ ਰਹੀਆਂ ਹਨ ਅਤੇ ਲਗਭਗ 10,000 ਪਿੰਡਾਂ ਨੂੰ ਕਵਰ ਕਰਦੀਆਂ ਹਨ। ਇਸ ਵਿੱਚ ਸਾਲ ਭਰ ਵਿੱਚ 1 ਲੱਖ ਤੋਂ ਜ਼ਿਆਦਾ ਲੈਬ ਟੈਸਟ, 10 ਲੱਖ ਤੋਂ ਵੱਧ ਐਕਸ-ਰੇ ਅਤੇ ਈ.ਸੀ.ਜੀ ਕੀਤੇ ਜਾਂਦੇ ਹਨ। ਹੁਣ ਇਸ ਮਹੱਤਵਰਪੂਰਣ ਫੈਸਲੇ ਦੇ ਚੱਲਦੇ ਸਰਕਾਰ ਵਲੋਂ ਇਹ ਸੁਵਿਧਾਵਾਂ ਬਿਲਕੁਲ ਮੁਫ਼ਤ ਕਰ ਦਿੱਤੀਆਂ ਗਈਆਂ ਹਨ। ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਇਹ ਐਮ.ਐਮ.ਯੂ ਚਲਾਉਣ ਦਾ ਉਦੇਸ਼ ਦੂਰ ਦੁਰਾਡੇ ਇਲਾਕਿਆਂ ਵਿੱਚ ਲੋਕਾਂ ਨੂੰ ਘਰ-ਘਰ ਤੱਕ ਸਿਹਤ ਸਹੂਲਤਾਂ ਦਾ ਲਾਭ ਪਹੁੰਚਾਉਣਾ ਹੈ। ਇਸ ਨਾਲ ਬਜ਼ੂਰਗ, ਮਹਿਲਾਵਾਂ, ਬੱਚਿਆਂ ਜਾਂ ਹੋਰ ਵਿਅਕਤੀ, ਜੋ ਸਿਹਤ ਕੇਂਦਰਾਂ ਵਿੱਚ ਇਲਾਜ ਕਰਵਾਉਣ ਨਹੀਂ ਆ ਸਕਦੇ, ਉਨ੍ਹਾਂ ਨੂੰ ਘਰ ਬੈਠੇ ਹੀ ਸਿਹਤ ਸਹੂਲਤਾਂ ਦੀ ਸੁਵਿਧਾ ਦਿੱਤੀਆਂ ਜਾਂਦੀਆਂ ਹਨ। ਇਸ ਮੋਬਾਈਲ ਮੈਡੀਕਲ ਯੂਨਿਟ ਵਿੱਚ ਇੱਕ ਡਾਕਟਰ, ਇੱਕ ਨਰਸ, ਇੱਕ ਰੇਡਿਓਗ੍ਰਾਫਰ, ਇੱਕ ਲੈਬ ਅਟੈਂਡੈਂਟ, ਇੱਕ ਫਾਰਮਾਸਿਸਟ, ਹੈਲਪਰ ਅਤੇ ਡਰਾਈਵਰ ਮੌਜੂਦ ਰਹਿੰਦਾ ਹੈ।
ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਹੀ ਮੁਫ਼ਤ ਜਣੇਪੇ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਵਿੱਚ ਗਰਭਵਤੀ ਮਹਿਲਾਵਾਂ ਦੇ ਆਣ-ਜਾਣ, ਇਲਾਜ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਇੱਕ ਸਾਲ ਤੱਕ ਦੇ ਸਾਰੇ ਬੱਚਿਆਂ ਅਤੇ ਪੰਜ ਸਾਲ ਤੱਕ ਦੀਆਂ ਕੁੜੀਆਂ ਦਾ ਇਲਾਜ ਤੇ ਦਵਾਈਆਂ ਮੁਫ਼ਤ ਹਨ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਜ਼ਰੂਰੀ ਦਵਾਈਆਂ ਮੁਫ਼ਤ ਤੇ ਘੱਟ ਰੇਟਾਂ ਤੇ ਉਪਲਬੱਧ ਕਰਵਾਈਆਂ ਜਾਂਦੀਆਂ ਹਨ।

LEAVE A REPLY