ਪੰਜਾਬ ਸਰਕਾਰ ਨੇ ਵਿਕਾਸ ਤੇ ਲੋਕ ਕਲਿਆਣ ਲਈ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ : ਬਾਦਲ

1ਤਰਨਤਾਰਨ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਵਿਕਾਸ ਅਤੇ ਲੋਕ ਕਲਿਆਣ ਦੀਆਂ ਵੱਖ-ਵੱਖ ਸਕੀਮਾਂ ਦੇ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਜਿਸ ਨਾਲ ਪੰਜਾਬ ਦੇ ਲੋਕਾਂ ਦਾ ਆਰਥਿਕ ਜੀਵਨ ਪੱਧਰ ਉੱਚਾ ਹੋਵੇਗਾ ਅਤੇ ਨਾਲ ਹੀ ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਕਿਹਾ ਕਿ ਉਹ ਪੰਜਾਬ ਦੀ ਮਾੜੀ ਆਰਥਿਕ ਸਥਿਤੀ ਬਾਰੇ ਨਿਰਅਧਾਰ ਅਤੇ ਝੂਠੀ ਬਿਆਨਬਾਜੀ ਕਰਨ ਤੋਂ ਗੁਰੇਜ ਕਰਨ।
ਖਡੂਰ ਸਾਹਿਬ ਵਿਧਾਨ ਸਭਾ ਹਲਕੇ ਵਿਚ ਆਪਣੇ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀਆਂ ਨੂੰ ਪੰਜਾਬ ਦੇ ਕਰਜੇ ਸੰਬੰਧੀ ਝੂਠੇ ਅਤੇ ਨਿਰਅਧਾਰ ਬਿਆਨ ਜਾਰੀ ਕਰਨ ਤੋਂ ਪਹਿਲਾਂ ਪੰਜਾਬ ਦੇ ਹਰੇਕ ਕੋਨੇ ਵਿਚ ਚੱਲ ਰਹੇ ਵੱਡੇ-ਵੱਡੇ ਵਿਕਾਸ ਪ੍ਰੋਜੈਕਟਾਂ ਸੰਬੰਧੀ ਤਥਾਂ ਦੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਜ-ਭਾਗ ਦੌਰਾਨ ਵਿਕਾਸ ਦੇ ਬੇਮਿਸਾਲ ਯੁਗ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਪੰਜਾਬ ਦੇ ਸਮੁੱਚੇ ਪਿੰਡਾਂ ਤੇ ਸ਼ਹਿਰਾਂ ਦੀ ਨੁਹਾਰ ਬਦਲੀ ਗਈ ਹੈ ਜਿਹੜੀ ਕਿ ਫੰਡਾਂ ਦੀ ਘਾਟ ਦੀ ਸੂਰਤ ਵਿਚ ਕਿਸੇ ਤਰ੍ਹਾਂ ਨਹੀਂ ਹੋ ਸਕਦੀ। ਉਨ੍ਹਾਂ ਵਿਰੋਧੀ ਪਾਰਟੀ ਦੇ ਲੀਡਰਾਂ ਨੂੰ ਸਲਾਹ ਦਿੱਤੀ ਕਿ ਉਹ ਸਰਕਾਰ ਦਾ ਕੇਵਲ ਵਿਰੋਧ ਕਰਨ ਲਈ ਵਿਰੋਧੀ ਬਿਆਨ ਜਾਰੀ ਕਰਨ ਤੋਂ ਪਹਿਲਾਂ ਹੇਠਲੇ ਪੱਧਰ ‘ਤੇ ਹੋ ਰਹੇ ਵਿਕਾਸ ਸੰਬੰਧੀ ਤੱਥਾਂ ਤੋਂ ਜਾਣੂ ਹੋ ਜਾਣ।
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੋਮਣੀ ਅਕਾਲੀ ਦਲ ਨੂੰ ਰਾਜਨੀਤਕ ਨਕਸ਼ੇ ਤੋਂ ਖਤਮ ਕਰਨ ਦੇ ਬਿਆਨ ਦੀ ਕਰੜੀ ਅਲੋਚਨਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕੈਪਟਨ ਦਾ ਇਹ ਬਿਆਨ ਉਨ੍ਹਾਂ ਦੀ ਮਨੋ ਕਲਪਨਾ ਹੈ ਜਦਕਿ ਕਾਂਗਰਸ ਪ੍ਰਧਾਨ ਨੂੰ ਅਜਿਹੇ ਬਿਆਨ ਜਾਰੀ ਕਰਨ ਤੋਂ ਪਹਿਲਾਂ ਯਾਦ ਕਰ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਕਿਵੇਂ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੂੰ ਬਾਰ-ਬਾਰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖਬਰਾਂ ਵਿਚ ਰਹਿਣ ਦੀ ਖਾਤਰ ਬੀਤੇ ਦਿਨੀ ਪੰਜਾਬ ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਸੰਬੰਧੀ ਨਿਰਅਧਾਰ ਬਿਆਨਬਾਜੀ ਕਰ ਰਹੇ ਹਨ।
ਸੂਬੇ ਵਿਚ ਕੀਤੀਆਂ ਜਾ ਰਹੀਆਂ ਸਦਭਾਵਨਾ ਰੈਲੀਆਂ ਦੇ ਮਕਸਦ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਦਭਾਵਨਾ ਰੈਲੀਆਂ ਦਾ ਇਕੋ-ਇਕ ਮੰਤਵ ਪੰਜਾਬ ਨੂੰ ਸ਼ਾਂਤੀ ਭਰਪੂਰ ਖੁਸ਼ਹਾਲ ਸੂਬਾ ਬਨਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਸਦਭਾਵਨਾ ਰੈਲੀਆਂ ਸੂਬੇ ਅੰਦਰ ਸ਼ਾਂਤੀ, ਦੋਸਤੀ, ਸਦਭਾਵਨਾ ਅਤੇ ਭਾਈਚਾਰੇ ਦੀਆਂ ਸਦੀਆਂ ਪੁਰਾਣੀਆਂ ਕੀਮਤਾਂ ਕਦਰਾਂ ਅਤੇ ਸਾਂਝ ਨੂੰ ਹੋਰ ਪਕੇਰਾ ਕਰਨਾ ਹੈ ਅਤੇ ਵੰਡ ਪਾਊ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਹੈ। ਉਨ੍ਹਾਂ ਦੋਹਰਾਇਆ ਕਿ ਪੰਜਾਬ ਵਿਚ ਬਹੁਤ ਕਸ਼ਟ ਝੱਲ ਕੇ  ਸਥਾਪਿਤ ਕੀਤੀ ਗਈ ਸ਼ਾਂਤੀ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜਤ ਨਹੀਂ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਡਾਲੇਕੇ, ਬੁੱਘਾ, ਚੁਤਾਲਾ, ਸੰਘੇ ਅਤੇ ਨੌਰੰਗਾਬਾਦ ਪਿੰਡਾਂ ਵਿਚ ਸੰਗਤ ਦਰਸ਼ਨ ਸਮੇਂ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਉਹ ਸੂਬੇ ਅੰਦਰ ਅਮਨ-ਸ਼ਾਂਤੀ ਦਾ ਸੁਨੇਹਾ ਪਹੁੰਚਾਉਣ ਲਈ ਕਰਵਾਈਆਂ ਜਾ ਰਹੀਆਂ ਸਦਭਾਵਨਾ ਰੈਲੀਆਂ ਵਿਚ ਇਕ ਦਿਨ ਹਾਜਰੀ ਜਰੂਰ ਭਰਨ। ਉਨ੍ਹਾਂ ਆਖਿਆ ਕਿ ਸਦਭਾਵਨਾ ਰੈਲੀਆਂ ਦੀ ਕੜੀ ਵਿਚ ਕੱਲ ਗੁਰਦਾਸਪੁਰ ਵਿਖੇ ਤੀਸਰੀ ਰੈਲੀ ਕੀਤੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਦੀ ਇਕ ਰੈਲੀ 14 ਦਸੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਠਿੰਡਾ ਅਤੇ ਮੋਗਾ ਦੀਆਂ ਸਦਭਾਵਨਾ ਰੈਲੀਆਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤਾ ਗਿਆ ਵੱਡਾ ਹੁੰਗਾਰਾ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੇ ਲੋਕ ਸ਼ਾਂਤੀ ਅਤੇ ਖੁਸ਼ਹਾਲੀ ਚਾਹੁੰਦੇ ਹਨ ਅਤੇ ਫੁੱਟ ਪਾਊ ਤਾਕਤਾਂ ਦੇ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਪੰਜਾਬ ਦੇ ਸਮੂਹ ਲੋਕਾਂ ਅਤੇ ਖਾਸ ਤੌਰ ‘ਤੇ ਮਾਝਾ ਖੇਤਰ ਦੇ ਲੋਕਾਂ ਨੇ ਬਹੁਤ ਵੱਡਾ ਝੱਲਣਾ ਪਿਆ ਹੈ ਸੋ ਅੱਜ ਲੋੜ ਹੈ ਕਿ ਅਸੀਂ ਉਨ੍ਹਾਂ ਤਾਕਤਾਂ ਦੀਆਂ ਚਾਲਾਂ ਨੂੰ ਅਸਫਲ ਬਨਾਉਣ ਵਾਸਤੇ ਇਕਜੁਟਤਾ ਨਾਲ ਅੱਗੇ ਆਈਏ ਤਾਂ ਜੋ ਸਾਨੂੰ ਦੁਬਾਰਾ ਉਹ ਕਾਲੇ ਦਿਨ ਨਾ ਦੇਖਣੇ ਪੈਣ।
ਆਪਣੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਸੰਗਤ ਦਰਸ਼ਨ ਪ੍ਰੋਗਰਾਮਾਂ ਦਾ ਮਕਸਦ ਲੋਕਾਂ ਦੀਆਂ ਬਰੂਹਾਂ ‘ਤੇ ਜਾ ਕੇ ਵਿਕਾਸ ਗਤੀਵਿਧੀਆਂ ਨੂੰ ਹੋਰ ਤੇਜ ਕਰਨਾ ਹੈ ਕਿਉਂਕਿ ਪਿੰਡ ਦੀ ਸੱਥ ਵਿਚ ਪੰਚਾਇਤ ਨਾਲ ਬੈਠਣ ਨਾਲ ਪਿੰਡਾਂ ਵਿਚ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੀ ਸਹੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਤੇ ਇਨ੍ਹਾਂ ਸੰਗਤ ਦਰਸ਼ਨਾਂ ਦੌਰਾਨ ਉਨ੍ਹਾਂ ਮੁਸ਼ਕਿਲਾਂ ਦਾ ਮੌਕੇ ‘ਤੇ ਹੱਲ ਕਰਨ ਲਈ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਵੀ ਮੌਕੇ ‘ਤੇ ਹੀ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸੰਗਤ ਦਰਸ਼ਨ ਪ੍ਰੋਗਰਾਮ ਕੋਈ ਰਾਜਨੀਤਕ ਮੁੱਦਾ ਨਹੀਂ ਹੈ ਅਤੇ ਇਨ੍ਹਾਂ ਦਾ ਇਕੋ ਇਕ ਉਦੇਸ਼ ਪੰਜਾਬ ਦੇ ਲੋਕਾਂ ਦਾ ਵਿਕਾਸ ਅਤੇ ਕਲਿਆਣ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਅੰਦਰ ਹੋਰ ਕਿਸੇ ਵੀ ਸੂਬੇ ਵਿਚ ਸੰਗਤ ਦਰਸ਼ਨ ਵਰਗਾ ਪ੍ਰੋਗਰਾਮ ਨਹੀਂ ਆਯੋਜਿਤ ਕੀਤਾ ਜਾ ਰਿਹਾ। ਇਹ ਪ੍ਰੋਗਰਾਮ ਕੇਵਲ ਪੰਜਾਬ ਸਰਕਾਰ ਵੱਲੋਂ ਹੀ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਸ. ਬਾਦਲ ਨੇ ਪਿੰਡਾਂ ਦੀਆਂ ਗਲੀਆਂ-ਨਾਲੀਆਂ, ਡੇਰਿਆਂ ਦੇ ਰਸਤੇ, ਬਿਜਲੀ, ਡਰੇਨਜ਼, ਨਿਕਾਸੀ ਨਾਲਿਆਂ, ਜਿੰਮ ਖੋਲ੍ਹਣ, ਧਰਮਸ਼ਾਲਾਵਾਂ, ਸ਼ਮਸ਼ਾਨਘਾਟ ਦੀ ਉਸਾਰੀ, ਕਲੱਬਾਂ ਦੇ ਵਿਕਾਸ ਲਈ 401 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ।
ਇਨ੍ਹਾਂ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਜੀ ਆਇਆਂ ਕਹਿੰਦਿਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਪਾਰਲੀਮੈਂਟ ਨੇ ਸ. ਬਾਦਲ ਵੱਲੋਂ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਲਈ ਦਿੱਤੀਆਂ ਗ੍ਰਾਂਟਾ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਸ. ਬਾਦਲ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਕਲਿਆਣ ਅਤੇ ਖੁਸ਼ਹਾਲੀ ਲਈ ਤਤਪਰ ਰਹਿੰਦੇ ਹਨ ਅਤੇ ਜਿੰਦਗੀ ਦਾ ਵੱਡਾ ਹਿੱਸਾ ਉਨ੍ਹਾਂ ਨੇ ਪੰਜਾਬ ਦੀਆਂ ਹੱਕੀ ਮੰਗਾਂ ਤੇ ਹਿੱਤਾਂ ਲਈ ਸੰਘਰਸ਼ ਵਿਚ ਲਗਾਇਆ ਹੈ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ. ਰਵਿੰਦਰ ਸਿੰਘ ਬ੍ਰਹਮਪੁਰਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੱਖ ਸਕੱਤਰ ਸ੍ਰੀ ਕੇ.ਜੀ.ਐੱਸ. ਚੀਮਾ ਅਤੇ ਸ੍ਰੀ ਅਜੋਏ ਸ਼ਰਮਾ, ਸ. ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ, ਸ੍ਰੀ ਲੋਕ ਨਾਥ ਆਂਗਰਾ ਆਈ.ਜੀ., ਸ. ਅਲਵਿੰਦਰਪਾਲ ਸਿੰਘ ਪੱਖੋਕੇ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਸ. ਰਵਿੰਦਰ ਸਿੰਘ ਐੱਸ.ਡੀ.ਐੱਮ. ਖਡੂਰ ਸਾਹਿਬ, ਸ. ਸਤਿੰਦਰਪਾਲ ਸਿੰਘ ਮੱਲਮੋਹਰੀ ਚੇਅਰਮੈਨ, ਸ. ਯਾਦਵਿੰਦਰ ਸਿੰਘ ਰੂੜੇਆਸਲ ਆਦਿ ਹਾਜਰ ਸਨ।

LEAVE A REPLY