ਚੰਡੀਗੜ੍ਹ : ਸੂਬੇ ‘ਚ ਕਿਸਾਨਾਂ ਵੱਲੋਂ ਆਤਮ ਹੱਤਿਆਵਾਂ ਦੀ ਵੱਧਦੀ ਗਿਣਤੀ ਤੋਂ ਚਿੰਤਿਤ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਇਕ ਹੋਰ ਸਾਲ ਇੰਤਜ਼ਾਰ ਕਰਨ ਦੀ ਅਪੀਲ ਕੀਤੀ ਹੈ ਤੇ ਵਾਅਦਾ ਕੀਤਾ ਹੈ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਹਾਲਾਤ ਪੂਰੀ ਤਰ੍ਹਾਂ ਬਦਲ ਜਾਣਗੇ।
ਇਸ ਲੜੀ ਹੇਠ ਕਿਸਾਨਾਂ ਨੂੰ ਭਾਵਨਾਤਮਕ ਅਪੀਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਤੁਹਾਡੇ ‘ਤੇ ਦਬਾਅ ਤੇ ਨਿਰਾਸ਼ਾ ਨੂੰ ਸਮਝ ਸਕਦੇ ਹਨ ਤੇ ਉਹ ਤੁਹਾਨੂੰ ਵਾਅਦਾ ਕਰਦੇ ਹਨ ਕਿ ਖੇਤੀ ‘ਚ ਸੁਧਾਰ ਮੇਰੀ ਪਹਿਲ ਹੋਵੇਗੀ। ਤੁਸੀਂ 2002 ਤੋਂ 2007 ਤੋਂ ਸਾਡੀ ਸਰਕਾਰ ਦੀ ਕਾਰਜਗੁਜਾਰੀ ਨੂੰ ਦੇਖਿਆ ਹੈ ਅਤੇ 2017 ਤੋਂ ਬਾਅਦ ਵੀ ਇਹੋ ਦੇਖੋਗੇ। ਉਨ੍ਹਾਂ ਨੇ ਕਿਹਾ ਕਿ ਕਰੀਬ ਹਰ ਦਿਨ ਅਸੀਂ ਕਰਜਿਆਂ ਦੇ ਬੋਝ ਹੇਠਾਂ ਦੱਬੇ ਸਾਡੇ ਕਿਸਾਨਾਂ ਵੱਲੋਂ ਆਤਮ ਹੱਤਿਆਵਾਂ ਦੀਆਂ ਦਰਦਨਾਕ ਖਬਰਾਂ ਪੜ੍ਹਦੇ ਹਾਂ, ਜਿਹੜੇ ਆਪਣੇ ਕਰਜੇ ਮੋੜਨ ਦੀ ਹਾਲਤ ‘ਚ ਨਹੀਂ ਹਨ। ਇਹ ਮੰਦਭਾਗਾ ਹੈ ਕਿ ਜਿਨ੍ਹਾਂ ਲੋਕਾਂ ਨੇ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਆਪਣਾ ਖੂਨ ਤੇ ਪਸੀਨਾ ਬਹਾਉਂਦਿਆਂ ਹਰਿਤ ਕ੍ਰਾਂਤੀ ਲਿਆਉਂਦੀ, ਉਨ੍ਹਾਂ ਨੂੰ ਹੁਣ ਆਪਣੀਆਂ ਜਾਨਾਂ ਦੇਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਨੂੰ ਦੁਹਰੀ ਮਾਰ ਝੇਲਣੀ ਪਈ ਹੈ। ਇਕ ਪਾਸੇ ਖੇਤੀਬਾੜੀ ਜ਼ਿਆਦਾ ਲਾਭਦਾਇਕ ਧੰਦਾ ਨਹੀਂ ਰਹੀ ਹੈ, ਜ਼ਮੀਨਾਂ ਦੇ ਰੇਟ ਵੀ ਹੇਠਾਂ ਡਿੱਗ ਚੁੱਕੇ ਹਨ, ਜਿਸ ਕਾਰਨ ਕਿਸਾਨਾਂ ਕੋਲ ਕੋਈ ਵਿਕਲਪ ਨਹੀਂ ਬੱਚਿਆ ਹੈ। ਇਸ ਦੌਰਾਨ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕਿਵੇਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਨੂੰ ਆਪਣੇ ਉਤਪਾਦਨ ਦੀ ਚੰਗੀ ਕੀਮਤ ਮਿੱਲਦੀ ਸੀ ਤੇ ਜ਼ਮੀਨਾਂ ਦੇ ਰੇਟ ਵੀ ਵੱਧੇ ਸਨ। ਉਹ ਤੁਹਾਡੇ ਨਾਲ ਉਹੀ ਪੁਰਾਣੇ ਦਿਨ ਲਿਆਉਣ ਦਾ ਵਾਅਦਾ ਕਰਦੇ ਹਨ, ਜਦੋਂ ਫੈਸਲਾ ਤੁਹਾਡੇ ਹੱਥ ਹੋਵੇਗਾ ਕਿ ਖੇਤੀਬਾੜੀ ਜ਼ਿਆਦਾ ਲਾਹੇਵੰਦ ਹੈ ਜਾਂ ਫਿਰ ਤੁਹਾਡੀਆਂ ਜ਼ਮੀਨ ਵੇਚਣਾ। ਇਸ ਲੜੀ ਹੇਠ ਸਿਰਫ ਇਕ ਸਾਲ ਦਾ ਸਮਾਂ ਬਾਕੀ ਰਹਿ ਗਿਆ ਹੈ, ਜਦੋਂ ਸੱਭ ਕੁਝ ਆਪਣੀ ਜਗ੍ਹਾ ਆ ਜਾਵੇਗਾ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਕਿਸਾਨਾਂ ਦੀ ਹਾਲਾਤ ਪ੍ਰਤੀ ਕਠੋਰ ਤੇ ਅਸੰਵੇਦਨਸ਼ੀਲ ਦੱਸਿਆ। ਉਹ ਹੈਰਾਨ ਹਨ ਕਿ ਬਾਦਲ ਦੇ ਚੇਹਰੇ ‘ਤੇ ਕੋਈ ਦੁੱਖ ਜਾਂ ਗਲਤੀ ਦਾ ਅਹਿਸਾਸ ਨਹੀਂ ਹੈ। ਉਨ੍ਹਾਂ ਨੂੰ ਫਰਕ ਵੀ ਕਿਉਂ ਪਵੇ, ਜਿਨ੍ਹਾਂ ਦੇ ਥੈਲੇ ਖਜ਼ਾਨੇ ਨਾਲ ਭਰੇ ਹੋਏ ਹਨ?
ਸਾਬਕਾ ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟਾਈ ਕਿ ਕਿਵੇਂ ਆਪਣੇ ਪਿਤਾ ਤੋਂ ਸਿਰਫ 80 ਏਕੜ ਜ਼ਮੀਨ ਪ੍ਰਾਪਤ ਕਰਨ ਵਾਲੇ ਬਾਦਲ 50 ਸਾਲਾਂ ਦੌਰਾਨ ਹਜ਼ਾਰਾਂ ਕਰੋੜਾਂ ਰੁਪਏ ਦਾ ਮਾਲਿਕ ਬਣ ਸਕਦੇ ਹਨ। ਜਦਕਿ ਸੂਬੇ ਦੇ ਦੂਜੇ ਕਿਸਾਨ ਭਾਰੀ ਪ੍ਰੇਸ਼ਾਨੀ ਹੇਠ ਹਨ ਅਤੇ ਉਨ੍ਹਾਂ ‘ਚੋਂ ਕਈ ਆਤਮ ਹੱਤਿਆਵਾਂ ਤੱਕ ਕਰ ਰਹੇ ਹਨ।