ਹਰਦੋਈ— ਫਿਲਮ ਸਟਾਰ ਆਮਿਰ ਖਾਨ ਦੇ ਅਸਹਿਣਸ਼ੀਲਤਾ ਸਬੰਧੀ ਬਿਆਨ ਨੂੰ ਲੈ ਕੇ ਉਠੇ ਵਿਵਾਦ ਤੋਂ ਬਾਅਦ ਉਨ੍ਹਾਂ ਨੇ ਇਥੇ ਆਪਣੀ ਪਿਛੋਕੜ ਜ਼ਮੀਨ ‘ਤੇ ਟੈਕਸ ਦੀ ਬਾਕੀ ਰਕਮ ਸ਼ੁੱਕਰਵਾਰ ਦੀ ਸ਼ਾਮ ਜਮ੍ਹਾ ਕਰਵਾ ਦਿੱਤੀ। ‘ਲਗਾਨ’ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਆਮਿਰ ਖਾਨ ‘ਤੇ ਉਨ੍ਹਾਂ ਦੀ ਪਿਛੋਕੜ ਜ਼ਮੀਨ ‘ਤੇ ਟੈਕਸ ਬਕਾਇਆ ਹੋਣ ਦੀਆਂ ਖਬਰਾਂ ਤੋਂ ਬਾਅਦ ਆਮਿਰ ਦੀ ਕੰਪਨੀ ਦੇ ਮੈਨੇਜਰ ਨੇ ਹਰਦੋਈ ਦੇ ਪ੍ਰਸ਼ਾਸਨ ਨਾਲ ਗੱਲ ਕਰਕੇ ਟੈਕਸ ਜਮ੍ਹਾ ਕਰਵਾ ਦਿੱਤਾ।
ਸ਼ਾਹਾਬਾਦ ਦੇ ਉਪ ਜ਼ਿਲਾ ਅਧਿਕਾਰੀ (ਐੱਸ. ਡੀ. ਐੱਮ.) ਅਸ਼ੋਕ ਸ਼ੁਕਲ ਨੇ ਦੱਸਿਆ ਕਿ ਉਨ੍ਹਾਂ ਕੋਲ ਮੁੰਬਈ ਤੋਂ ਆਮਿਰ ਖਾਨ ਪ੍ਰੋਡਕਸ਼ਨ ਤੋਂ ਟੈਕਸ ਜਮ੍ਹਾ ਕਰਵਾਉਣ ਸਬੰਧੀ ਫੋਨ ਆਇਆ ਸੀ। ਉਨ੍ਹਾਂ ਦੱਸਿਆ ਕਿ ਟੈਕਸ ਅਦਾ ਕਰਨ ਦੀਆਂ 2 ਰਸੀਦਾਂ ਕੱਟੀਆਂ ਹਨ, ਜਿਨ੍ਹਾਂ ‘ਚੋਂ ਇਕ 118 ਰੁਪਏ 10 ਪੈਸੇ ਦੀ ਅਤੇ ਦੂਜੀ 817 ਰੁਪਏ 95 ਪੈਸੇ ਦੀ ਹੈ। ਉਨ੍ਹਾਂ ਮੁਤਾਬਕ 5 ਖਾਤੇ ਅਜਿਹੇ ਹਨ ਜੋ ਆਮਿਰ ਜਾਂ ਉਨ੍ਹਾਂ ਦੇ ਪਰਿਵਾਰ ਦੇ ਹਨ, ਜਿਨ੍ਹਾਂ ਵਿਚ ਵੱਖ-ਵੱਖ ਜ਼ਮੀਨਾਂ ਹਨ, ਉਸੇ ਹਿਸਾਬ ਨਾਲ ਪੂਰਾ ਟੈਕਸ ਅਦਾ ਕੀਤਾ ਗਿਆ ਹੈ।