ਟੋਰਾਂਟੋ/ਹੀਰਾ ਰੰਧਾਵਾ- ਬੀਤੇ ਦਿਨੀਂ ਪਟਿਆਲਾ ਤੋਂ ਵੱਖ ਵੱਖ ਦੇਸ਼ਾਂ ਦੇ ਰੇਡੀਓ ਪਰੋਗਰਾਮਾਂ ਅਤੇ ਅਖ਼ਬਾਰਾ ਲਈ ਕੰਮ ਕਰਦੇ ਕੈਨੇਡੀਅਨ ਪੰਜਾਬੀ ਪੱਤਰਕਾਰ ਬਲਤੇਜ ਪੰਨੂੰ ਨੂੰ ਪਟਿਆਲਾ ਵਿਚ ਪੰਜਾਬ ਪੁਲੀਸ ਵੱਲੋਂ ਝੂਠੇ ਕੇਸ ਪਾ ਕੇ ਗ੍ਰਿਫ਼ਤਾਰ ਕਰਨ ਦੀ ਕਾਰਵਾਈ ‘ਤੇ ਸਮੁਚਾ ਕੈਨੇਡੀਅਨ ਮੀਡੀਆ ਰੋਸ ਪ੍ਰਗਟ ਕਰ ਰਿਹਾ ਹੈ। ਇਸ ਸੰਬੰਧੀ ਕੈਨੇਡਾ ਦੇ ਸਮੁੱਚੇ ਸਾਊਥ ਏਸ਼ੀਅਨ ਲੋਕਾਂ ਨਾਲ ਸੰਬੰਧਿਤ ਐਥਿਨਿਕ ਅਤੇ ਮੁੱਖਧਾਰਾ ਦੇ ਮੀਡੀਆ ਵੱਲੋਂ ਬਲਤੇਜ ਪੰਨੂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਗਿਆ ਹੈ। ਇਸ ਸੰਬੰਧ ਵਿੱਚ ਕੈਨੇਡਾ ਭਰ ਵਿੱਚ ਮੀਡੀਆ ਕਰਮੀਆਂ ਵੱਲੋਂ ਰੋਸ ਇਕੱਤਰਤਾਵਾਂ ਕਰਨ ਦੀਆਂ ਖ਼ਬਰਾਂ ਮਿਲੀਆਂ ਹਨ। ਇਸੇ ਕੜੀ ਵਿੱਚ ਕੱਲ੍ਹ ਬਰੈਂਪਟਨ ਸ਼ਹਿਰ ਦੇ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿੱਚ ਮਹਾਂਨਗਰ ਟੋਰਾਂਟੋ ਵਿੱਚ ਕੰਮ ਕਰਦੇ ਰੇਡੀਓ, ਅਖ਼ਬਾਰਾਂ ਨਾਲ ਜੁੜੇ ਹਜ਼ਾਰਾਂ ਮੀਡੀਆਕਾਰਾਂ ਦੇ ਨਾਲ ਨਾਲ ਆਮ ਲੋਕਾਂ ਦਾ ਭਾਰੀ ਇਕੱਠ ਹੋਇਆ ਜਿਸ ਵਿੱਚ ਪੰਜਾਬ ਪੁਲੀਸ ਵੱਲੋਂ ਰਾਜਨੀਤਕਾਂ ਦੀ ਸ਼ਹਿ ‘ਤੇ ਬਲਤੇਜ ਪੰਨੂੰ ਨੂੰ ਗ੍ਰਿਫ਼ਤਾਰ ਕਰਕੇ ਤਸ਼ੱਦਦ ਕਰਨ ਦੀ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਸ ਨੂੰ ਬਿਨਾਂ ਸ਼ਰਤ ਤੁਰੰਤ ਰਿਹਾ ਕੀਤਾ ਜਾਵੇ। ਵੱਖ ਵੱਖ ਬੁਲਾਰਿਆਂ ਦਾ ਕਹਿਣਾ ਸੀ ਕਿ ਭਾਰਤ ਵਿੱਚ ਬੋਲਣ ਤੇ ਆਪਣੇ ਵੀਚਾਰ ਆਜ਼ਾਦਾਨਾਂ ਢੰਗ ਨਾਲ ਰੱਖਣ ਤੇ ਲਗਾਈ ਅਣ-ਐਲਾਨੀ ਮੰਦਭਾਗੀ ਹੈ ਜਿਸ ਰਾਹੀਂ ਪੱਤਰਕਾਰਾਂ, ਲੇਖਕਾਂ, ਬੁੱਧੀਜੀਵੀਆਂ ‘ਤੇ ਹੋ ਰਹੇ ਹਮਲੇ ਸਰਕਾਰਾਂ ‘ਤੇ ਬੱਦਨੁਮਾ ਧੱਬਾ ਹੈ। ਪੰਜਾਬ ਸਰਕਾਰ ਨੇ ਵੀ ਬੁਖ਼ਲਾਹਟ ਵਿੱਚ ਆਕੇ ਉਹਨਾਂ ਦੀਆਂ ਕਰਤੂਤਾਂ ਦਾ ਭਾਂਡਾ ਭੰਨ੍ਹਣ ਵਾਲੇ ਪੱਤਰਕਾਰਾਂ, ਲੇਖਕਾਂ ਅਤੇ ਰੋਸ ਪ੍ਰਗਟ ਕਰਨ ਵਾਲੇ ਲੋਕਾਂ ‘ਤੇ ਜ਼ੁਲਮ ਕਰਨੇ ਜਾਰੀ ਰੱਖੇ ਹੋਏ ਹਨ। ਸਭ ਦਾ ਮੱਤ ਸੀ ਕਿ ਜੇਕਰ ਬਲਤੇਜ ਪੰਨੂੰ ਸਮੇਤ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਸਮੂਹ ਪੱਤਰਕਾਰ-ਲੇਖਕਾਂ ਨੂੰ ਰਿਹਾ ਨਾ ਕੀਤਾ ਗਿਆ ਤਾਂ ਉਹ ਸਖ਼ਤ ਕਦਮ ਪੁੱਟਣ ਲਈ ਮਜਬੂਰ ਹੋਣਗੇ ਅਤੇ ਜਲਦ ਹੀ ਘੋਲ ਦੀ ਨਵੀਂ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਕੈਨੇਡੀਅਨ ਸਰਕਾਰ ਨੂੰ ਵੀ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਗਈ ।