ਭਾਰਤ ਨੇ ਦੱਖਣੀ ਅਫਰੀਕਾ ਖਿਲਾਫ਼ ਟੈਸਟ ਸੀਰੀਜ਼ ਜਿੱਤੀ

01ਨਾਗਪੁਰ : ਭਾਰਤ ਨੇ ਦੱਖਣੀ ਅਫਰੀਕਾ ਖਿਲਾਫ਼ ਟੈਸਟ ਸੀਰੀਜ਼ 2-0 ਨਾਲ ਆਪਣੇ ਨਾਮ ਕਰ ਲਈ ਹੈ। ਅੱਜ ਨਾਗਪੁਰ ਟੈਸਟ ਮੈਚ ਦੇ ਤੀਸਰੇ ਦਿਨ ਹੀ ਟੀਮ ਇੰਡੀਆ ਨੇ 124 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ। ਦੱਖਣੀ ਅਫਰੀਕਾ ਦੀ ਟੀਮ ਨੂੰ ਦੂਸਰੀ ਪਾਰੀ ਵਿਚ ਜਿੱਤ ਲਈ 310 ਦੌੜਾਂ ਦੀ ਜ਼ਰੂਰਤ ਸੀ, ਪਰ ਸਮੁੱਚੀ ਟੀਮ ਕੇਵਲ 185 ਦੌੜਾਂ ‘ਤੇ ਹੀ ਢੇਰ ਹੋ ਗਈ। ਆਰ. ਅਸ਼ਵਿਨ ਭਾਰਤ ਲਈ ਜਿੱਤ ਦੇ ਹੀਰੋ ਰਹੇ, ਜਿਸ ਨੇ ਦੂਸਰੀ ਪਾਰੀ ਵਿਚ 7 ਖਿਡਾਰੀਆਂ ਨੂੰ ਆਊਟ ਕੀਤਾ, ਇਸ ਤੋਂ ਇਲਾਵਾ ਅਮਿਤ ਮਿਸ਼ਰਾ ਨੇ 3 ਖਿਡਾਰੀਆਂ ਨੂੰ ਆਊਟ ਕੀਤਾ।
ਦੂਸਰੀ ਪਾਰੀ ਵਿਚ ਦੱਖਣੀ ਅਫਰੀਕਾ ਵੱਲੋਂ ਹਾਸ਼ਿਮ ਅਮਲਾ ਅਤੇ ਡੂ ਪਲਿਸਸ ਨੇ 39-39 ਦੌੜਾਂ ਬਣਾਈਆਂ, ਜਦੋਂ ਕਿ ਹੋਰ ਕੋਈ ਵੀ ਬੱਲੇਬਾਜ਼ ਜ਼ਿਆਦਾ ਦੇਰ ਭਾਰਤੀ ਗੇਂਦਬਾਜ਼ਾਂ ਅੱਗੇ ਨਾ ਟਿਕ ਸਕਿਆ।
ਜ਼ਿਕਰਯੋਗ ਹੈ ਕਿ ਪਹਿਲੀ ਪਾਰੀ ਵਿਚ 215 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਦੱਖਣੀ ਅਫਰੀਕਾ ਸਮੁੱਚੀ ਟੀਮ ਕੇਵਲ 79 ਦੌੜਾਂ ਹੀ ਬਣਾ ਸਕੀ ਸੀ। ਦੂਸਰੀ ਪਾਰੀ ਵਿਚ ਟੀਮ ਇੰਡੀਆ ਨੇ 173 ਦੌੜਾਂ ਬਣਾਈਆਂ ਅਤੇ ਦੱਖਣੀ ਅਫਰੀਕਾ ਨੂੰ ਜਿੱਤ ਲਈ 310 ਦੌੜਾਂ ਦਾ ਟੀਚਾ ਮਿਲਿਆ, ਪਰ ਦੱਖਣੀ ਅਫਰੀਕਾ ਦੀ ਟੀਮ 185 ਦੌੜਾਂ ਹੀ ਬਣਾ ਸਕੀ।
ਜ਼ਿਕਰਯੋਗ ਹੈ ਕਿ ਚਾਰ ਟੈਸਟ ਮੈਚਾਂ ਦੀ ਲੜੀ ਵਿਚ ਭਾਰਤ ਨੇ ਮੋਹਾਲੀ ਟੈਸਟ ਮੈਚ ਜਿੱਤਿਆ ਸੀ, ਉਸ ਤੋਂ ਬਾਅਦ ਬੰਗਲੁਰੂ ਟੈਸਟ ਬਾਰਿਸ਼ ਕਾਰਨ ਰੱਦ ਹੋ ਗਿਆ ਸੀ। ਨਾਗਪੁਰ ਟੈਸਟ ਮੈਚ ਜਿੱਤਣ ਤੋਂ ਬਾਅਦ ਟੀਮ ਇੰਡੀਆ ਸੀਰੀਜ਼ ਵਿਚ 2-0 ਨਾਲ ਅੱਗੇ ਹੋ ਚੁੱਕੀ ਹੈ, ਜਦੋਂ ਕਿ ਆਖਰੀ ਮੈਚ ਦਿੱਲੀ ਦੇ ਕੋਟਲਾ ਮੈਦਾਨ ਉਤੇ 3 ਦਸੰਬਰ ਤੋਂ ਖੇਡਿਆ ਜਾਵੇਗਾ।

LEAVE A REPLY