ਚੰਡੀਗੜ੍ਹ : ਭਾਰਤ ਦੇ ਸੰਵਿਧਾਨ ਅਤੇ ਇਸ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦੀ ਵਿਰਾਸਤ ਉੱਤੇ ਅੱਜ ਲੋਕ ਸਭਾ ਵਿਚ ਹੋਈ ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆਂ, ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੰਗ ਕੀਤੀ ਹੈ ਕਿ ਮੁਲਕਦੇ ਆਜ਼ਾਦੀ ਸੰਗਰਾਮ ਦੌਰਾਨ ਕੌਮੀ ਨੇਤਾਵਾਂ ਵਲੋਂ ਸਿੱਖ ਭਾਈਚਾਰੇ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣ।
ਪ੍ਰੋ. ਚੰਦੂਮਾਜਰਾ ਨੇ ਕਿਹਾ ਸਿੱਖਾਂ ਦੇ ਧਰਮ, ਸਭਿਆਚਾਰ ਤੇ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਕਿ ਉੱਤਰੀ ਭਾਰਤ ਵਿਚ ਸਿੱਖਾਂ ਦੀ ਮਨਮਰਜ਼ੀ ਦਾ ਖਿੱਤਾ ਬਣਾਉਣ ਦੇ ਵਾਅਦੇ ਦੀ ਪੂਰਤੀ ਲਈ ਸੰਵਿਧਾਨ ਵਿਚ ਕੋਈ ਵਿਵਸਥਾ ਨਾ ਕੀਤੇ ਜਾਣ ਕਾਰਨ ਹੀ ਸਿੱਖ ਨੁਮਾਇੰਦਿਆਂ ਨੇ ਇਸ ਦੇ ਖਰੜੇ ਉੱਤੇ ਦਸਤਖਤ ਨਹੀਂ ਸੀ ਕੀਤੇ। ਸਿੱਖਾਂ ਨੁਮਾਇੰਦਿਆਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਸਿੱਖ ਭਾਈਚਾਰੇ ਦੀ ਅੱਡਰੀ ਹੋਂਦ ਸਵੀਕਾਰਨ ਦੀ ਥਾਂ ਉਹਨਾਂ ਨੂੰ ਧਾਰਾ 25 ਰਾਹੀਂ ਹਿੰਦੂ ਸਮਾਜ ਦਾ ਹੀ ਇੱਕ ਅੰਗ ਮੰਨਿਆ ਜਾਵੇ। ਪ੍ਰੋ. ਚੰਦੂਮਾਜਾਰਾ ਨੇ ਅਫਸੋਸ ਪ੍ਰਗਟ ਕੀਤਾ ਕਿ ਆਜ਼ਾਦੀ ਤੋਂ ਬਾਅਦ ਕੇਂਦਰ ਵਿਚ ਬਣਨ ਵਾਲੀਆਂ ਹਕੂਮਤਾਂ ਨੇ ਸਿੱਖਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਸੰਿਵਧਾਨਕ ਵਿਵਸਥਾਵਾਂ ਕਰਨ ਦੀ ਥਾਂ ਸਿੱਖਾਂ ਨਾਲ ਹੋਰ ਵਿਤਕਰੇ ਕਰਨੇ ਸ਼ੁਰੂ ਕਰ ਕੀਤੇ। ਸਾਰੇ ਨਿਯਮ ਛਿੱਕੇ ਉੱਤੇ ਟੰਗ ਕੇ ਪੰਜਾਬੀ ਬੋਲੀ ਦੇ ਅਧਾਰ ਉੱਤੇ ਲੰਬਾ ਸਮਾਂ ਪੰਜਾਬੀ ਸੂਬਾ ਸਿਰਫ ਇਸ ਕਰਕੇ ਨਹੀਂ ਬਣਾਇਆ ਗਿਆ ਤਾਂ ਕਿ ਸਿੱਖ ਕਿਸੇ ਥਾਂ ਬਹੁਗਿਣਤੀ ਵਿਚ ਨਾ ਹੋ ਜਾਣ।
ਅਕਾਲੀ ਆਗੂ ਨੇ ਮੰਗ ਕੀਤੀ ਕਿ ਸਿੱਖਾਂ ਸਮੇਤ ਮੁਲਕ ਦੀਆਂ ਘੱਟ ਗਿਣਤੀਆਂ ਦਾ ਭਰੋਸਾ ਬਰਕਰਾਰ ਰੱਖਣ ਲਈ ਸੰਵਿਧਾਨ ਨੂੰ ਇਸ ਦੀ ਸਹੀ ਸਪਿਰਟ ਨਾਲ ਲਾਗੂ ਕਰਨਾ ਯਕੀਨੀ ਬਨਾਉਣ ਲਈ ਇੱਕ ਅਜਿਹੀ ਖ਼ੁਦਮੁਖਤਿਆਰ ਸੰਸਥਾ ਹੋਂਦ ਵਿਚ ਆਉਣੀ ਜਰੂਰੀ ਹੈ ਜਿਹੜੀ ਸੰਵਿਧਾਨ ਦੇ ਹਰ ਪਹਿਲੂ ਨੂੰ ਲਾਗੂ ਕਰਨ ਲਈ ਨਿਯਮ ਬਣਾਵੇ। ਉਹਨਾਂ ਇਹ ਵੀ ਕਿਹਾ ਕਿ ਸੰਵਿਧਾਨ ਦੀ ਰੂਹ ਅਨੁਸਾਰ ਮੁਲਕ ਵਿਚ ਹਕੀਕੀ ਫੈਡਰਲ ਢਾਂਚਾ ਲਾਗੂ ਕੀਤਾ ਜਾਵੇ ਤਾਂ ਕਿ ਸੂਬੇ ਸਿਰਫ ਪ੍ਰਬੰਧਕੀ ਇਕਾਈਆਂ ਨਾ ਰਹਿ ਕੇ ਵੱਖ ਵੱਖ ਧਰਮਾਂ, ਬੋਲੀਆਂ, ਸਭਿਆਚਾਰਾਂ ਅਤੇ ਭਾਈਚਾਰਿਆਂ ਦੀ ਪ੍ਰਫੁੱਲਤਾ ਲਈ ਲੋੰੜੀਦਾ ਹਾਂਦਰੂ ਮਾਹੌਲ ਬਣਨ। ਸੂਬਿਆਂ ਨੂੰ ਵਧੇਰੇ ਵਿੱਤੀ ਖੁਦਮੁਖ਼ਤਿਆਰੀ ਦਿੱਤੇ ਜਾਣ ਦੀ ਵਕਾਲਤ ਕਰਦਿਆਂ, ਅਕਾਲੀ ਆਗੂ ਨੇ ਕਿਹਾ ਕਿ ਕੇਂਦਰੀ ਟੈਕਸਾਂ ਵਿਚੋਂ ਹਿੱਸਾ 32 ਤੋਂ 42 ਫੀਸਦੀ ਕਰਨਾ ਹੀ ਕਾਫੀ ਨਹੀਂ ਹੈ, ਸੂਬਿਆਂ ਨੂੰ ਆਪਣੀਆਂ ਲੋੜਾਂ ਅਨੁਸਾਰ ਸਕੀਮਾਂ ਬਣਾਉਣ ਦਾ ਅਖ਼ਤਿਆਰ ਦੇਣ ਅਤੇ ਇਹਨਾਂ ਨੂੰ ਸਿਰੇ ਚੜਾਉਣ ਲਈ ਲੋਂੜੀਦਾ ਧਨ ਮੁਹੱਈਆ ਕਰਾਏ ਜਾਣ ਦੀ ਲੋੜ ਹੈ।
ਸਿੱਖਾਂ ਨੂੰ ਇੱਕ ਵੱਖਰੀ ਕੌਮ ਮੰਨ ਕੇ ਇਸ ਦੀ ਵਿਸ਼ੇਸ਼ ਪਹਿਚਾਣ, ਸਭਿਆਚਾਰ ਅਤੇ ਧਰਮ ਨੂੰ ਮਹਿਫੂਜ਼ ਰੱਖਣ ਲਈ ਸੰਵਿਧਾਨਕ ਗਰੰਟੀਆਂ ਦੀ ਮੰਗ ਕਰਦਿਆਂ, ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਿੱਖਾਂ ਨੂੰ ਤੀਜੀ ਧਿਰ ਮੰਨ ਕੇ ਹੀ ਅੰਗਰੇਜ਼ਾਂ ਵਲੋਂ ਸਿੱਖਾਂ ਦੇ ਆਗੂ ਮਾ. ਤਾਰਾ ਸਿੰਘ ਨੂੰ ਹਰ ਗੱਲਬਾਤ ਵਿਚ ਸ਼ਾਮਲ ਕੀਤਾ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਨਿਰਪੁਰਾ ਸੰਵਿਧਾਨ ਉੱਤੇ ਵਿਚਾਰ ਚਰਚਾ ਕਰਕੇ ਹੀ ਗੱਲ ਮੁੱਕ ਨਹੀਂ ਜਾਣੀ ਚਾਹੀਦੀ, ਇਥੇ ਆਏ ਸੁਝਾਵਾਂ ਖਾਸ ਕਰਕੇ ਘੱਟ ਗਿਣਤੀਆਂ ਦੇ ਤੌਖਲੇ ਦੂਰ ਕਰਨ ਲਈ ਅਮਲੀ ਕਦਮ ਵੀ ਚੁੱਕੇ ਜਾਣੇ ਚਾਹੀਦੇ ਹਨ।
ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਨੂੰ ਸਿੱਖ ਧਰਮ ਤੋਂ ਬੇਹੱਦ ਪ੍ਰਭਾਵਤ ਦਸਦਿਆਂ, ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸੰਵਿਧਾਨ ਵਿਚ ਬਰਾਬਰੀ, ਧਰਮ ਨਿਰਪੱਖਤਾ ਅਤੇ ਮੁੱਢਲੇ ਅਧਿਕਾਰ ਦਰਅਸਲ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਹੀ ਛਾਪ ਹੈ। ਉਹਨਾਂ ਕਿਹਾ ਕਿ ਜੇ ਉਸ ਵੇਲੇ ਇੱਕ ਵੱਡੇ ਕੌਮੀ ਆਗੂ ਵਲੋਂ ਮਰਨ ਵਰਤ ਦੀ ਧਮਕੀ ਨਾ ਦਿੱਤੀ ਹੁੰਦੀ ਤਾਂ ਡਾ. ਅੰਬੇਦਕਰ ਨੇ ਕਰੋੜਾਂ ਸਾਥੀਆਂ ਸਮੇਤ ਸਿੱਖ ਧਰਮ ਗ੍ਰਹਿਣ ਕਰ ਲੈਣ ਤੋਂ ਬਾਅਦ ਮੁਲਕ ਦਾ ਨਕਸ਼ਾ ਹੀ ਕੁਝ ਹੋਰ ਬਣ ਜਾਣਾ ਸੀ।