ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸੂਬੇ ਦੀ ਅਮਨ ਅਤੇ ਸ਼ਾਂਤੀ ‘ਤੇ ਪਹਿਰਾ ਦੇਣ ਦਾ ਸੱਦਾ

1ਚੰਡੀਗੜ੍ਹ/ਖਡੂਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਵਿਕਾਸ ਅਤੇ ਸ਼ਾਂਤੀ ਦੇ ਵੈਰੀ ਲੋਕਾਂ ਨੂੰ ਇਕ ਮੂੰਹ ਤੋੜਵਾ ਜਵਾਬ ਦੇਣ ਤਾਂ ਜੋ ਉਨ੍ਹਾਂ ਦੇ ਭੈੜੇ ਮਨਸੂਬੇ ਕਾਮਯਾਬ ਨਾ ਹੋ ਸਕਣ।
ਅੱਜ ਇੱਥੇ ਪਿੰਡ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਭਰੋਵਾਲ, ਫਤਿਆਬਾਦ, ਖਵਾਸਪੁਰ, ਵੇਈਪੁਈ, ਲਾਲਪੁਰਾ ਅਤੇ ਸ਼ੇਖਚੱਕ ਵਿਖੇ ਸੰਗਤ ਦਰਸ਼ਨ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਬਹੁਤ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਝੱਲਿਆ ਹੈ ਪਰ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੇ ਯਤਨਾ ਸਦਕਾ ਸੂਬਾ ਅੱਜ ਵਿਕਾਸ ਦੀਆਂ ਨਵੀਆਂ ਉਚਾਈਆਂ ਛੂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਸ਼ਾਂਤੀ ਦੇ ਵੈਰੀ ਕੁਝ ਤਾਕਤਾਂ ਮੁੜ ਪੰਜਾਬ ਦੇ ਵਿੱਚ ਫਿਰਕੁ ਜਹਿਰ ਅਤੇ ਬਦਅਮਨੀ ਘੋਲਣਾ ਚਾਹੁੰਦੇ ਹਨ ਜੋ ਕਿ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜਿਹੀਆਂ ਤਾਕਤਾਂ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਨਾਲ ਦ੍ਰਿੜ ਹੈ।
ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਤਾਕਤਾਂ ਦੇ ਭੜਕਾਊ ਬਿਆਨਾਂ ਦੇ ਪ੍ਰਭਾਵ ਹੇਠ ਨਾ ਆਉਣ ਅਤੇ ਸੂਬੇ ਵਿਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜਬੂਤ ਕਰਨ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੇ ਸਹਯੋਗ ਨਾਲ ਪੰਜਾਬ ਸਰਕਾਰ ਰਾਜ ਵਿੱਚ ਕਦੇ ਵੀ ਕਾਲੇ ਦਿਨ ਮੁੜ ਨਹੀਂ ਆਉਣ ਦੇਵੇਗੀ।
ਲੋਕ ਸਭਾ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੂੰ ਦਲ ਬਦਲੂ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕ ਕਦੀ ਵੀ ਉਸ ‘ਤੇ ਯਕੀਨ ਨਹੀਂ ਕਰ ਸਕਦੇ ਕਿਉਂਕਿ ਉਸਨੇ ਆਪਣੇ ਸਾਰੇ ਸਿਆਸੀ ਜੀਵਨ ਦੌਰਾਨ ਕਈ ਸਿਆਸੀ ਦਲਾਂ ਦਾ ਲੜ ਫੜਿਆ ਹੈ ਅਤੇ ਕਿਸੇ ਵੀ ਪਾਰਟੀ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਵੀ ਵਫਾਦਾਰ ਨਹੀਂ ਰਹੇ। ਸ. ਬਾਦਲ ਨੇ ਆਖਿਆ ਕਿ ਕਿਸੇ ਟਾਈਮ ਕੈਪਟਨ ਅਮਰਿੰਦਰ ਸਿੰਘ ਪੱਕਾ ਅਕਾਲੀ ਹੋਣ ਨੇ ਸਹੁੰ ਖਾਂਦੇ ਸਨ ਅਤੇ ਅਕਾਲੀ ਦਲ ਨੂੰ ਪਿੱਠ ਵਿਖਾ ਕੇ ਪੰਜਾਬ ਦੀ ਨੰਬਰ ਇਕ ਦੁਸ਼ਮਣ ਕਾਂਗਰਸ ਪਾਰਟੀ ਨਾਲ ਹੱਥ ਮਿਲਾ ਲਿਆ ਅਤੇ ਹੁਣ ਫਿਰ ਆਪਣੀ ਪ੍ਰਧਾਨਗੀ ਲੈਣ ਲਈ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰੰਤੁ ਪੰਜਾਬ ਦੇ ਸੂਝਵਾਨ ਲੋਕ ਕੈਪਟਨ ਅਮਰਿੰਦਰ ਸਿੰਘ ਦੇ ਫੋਕੇ ਨਾਅਰਿਆਂ ਵਿਚ ਕਦੇ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਵੱਲੋਂ ਨਕਾਰੇ ਹੋਏ ਲੀਡਰ ਹਨ।
ਸੂਬਾ ਸਰਕਾਰ ਵੱਲੋਂ ਪੰਜਾਬ ਵਿਚ ਕਰਵਾਈਆਂ ਜਾ ਰਹੀਆਂ ਸਦਭਾਵਨਾ ਰੈਲੀਆਂ ਦੇ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਰੈਲੀਆਂ ਦਾ ਏਜੰਡਾ ਸਿਆਸੀ ਨਹੀਂ ਹੈ ਬਲਕਿ ਇਨ੍ਹਾਂ ਦਾ ਇਕੋ-ਇਕ ਮੰਤਵ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਸਦੀਆਂ ਪੁਰਾਣੀ ਭਾਈਚਾਰਕ ਸਾਂਝ ਨੂੰ ਹੋਰ ਮਜਬੂਤੀ ਦੇਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਵੱਖ-ਵੱਖ ਭਾਈਚਾਰੇ ਦੀਆਂ ਸਮਾਜਿਕ ਸਾਂਝਾ ਅਤੇ ਕੀਮਤਾਂ ਕਦਰਾਂ ਦੀ ਰੱਖਿਆ ਕਰਨ ਲਈ ਵਚਨਬੱਧ ਹਾਂ ਅਤੇ ਇਸੇ ਮੰਤਵ ਨੂੰ ਹਾਸਲ ਕਰਨ ਵਾਸਤੇ ਸ੍ਰੋਮਣੀ ਅਕਾਲੀ ਦਲ ਵੱਲੋਂ ਸਦਭਾਵਨਾ ਰੈਲੀਆਂ ਆਯੋਜਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਸੂਬੇ ਦੀ ਸਮੁੱਚੀ ਵਿਰੋਧੀ ਧਿਰ ਵੱਲੋਂ ਪੰਜਾਬ ਦੇ ਵਿਕਾਸ ਨੂੰ ਲੀਹੋਂ ਲਾਹੁਣ ਦੀਆਂ ਕੋਝੀਆਂ ਚਾਲਾਂ ਦੀ  ਅਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਕਦੇ ਵੀ ਪੰਜਾਬ ਦੇ ਲੋਕਾਂ ਜਾਂ ਸੂਬੇ ਦੇ ਹਿੱਤ ਦੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅੱਜ ਕੁਝ ਮਸਲਿਆਂ ‘ਤੇ ਇਹ ਸਿਆਸੀ ਧਿਰਾਂ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੇ ਹਨ ਪਰ ਪੰਜਾਬ ਦੇ ਲੋਕ ਇਨ੍ਹਾਂ ਦੇ ਬਹਿਕਾਵੇ ਵਿਚ ਨਹੀਂ ਆਉਣਗੇ।
ਸੂਬਾ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਲਈ ਕੀਤੇ ਗਏ ਯਤਨਾਂ ਦੀ ਚਰਚਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾ ਕਾਰਨ ਹੀ ਪੰਜਾਬ ਅੱਜ ਵਾਧੂ ਬਿਜਲੀ ਵਾਲਾ ਸੂਬਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪੰਜਾਬ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਜਿਸ ਕਾਰਨ ਹੁਣੇ ਹੀ ਸੂਬਾ ਸਰਕਾਰ ਨੇ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਦਿੱਤੀਆਂ ਜਾਣ ਵਾਲੀਆਂ ਪੈਨਸ਼ਨਾਂ ਨੂੰ ਦੁਗਣਾ ਕਰਨ ਦਾ ਫੈਸਲਾ ਲਿਆ ਹੈ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਨੰਬਰਦਾਰਾਂ ਨੂੰ ਦਿੱਤੇ ਜਾਣ ਵਾਲੇ ਮਾਨਭੱਤੇ ਵਿਚ ਵੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਮਜੋਰ ਤਬਕਿਆਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸੂਬੇ ਦੀ ਕੈਬਨਿਟ ਨੇ 28.50 ਲੱਖ ਨੀਲੇ ਕਾਰਡ ਧਾਰਕਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਡਾਕਟਰੀ ਇਲਾਜ ਲਈ ਦਿੱਤੀ ਜਾਣ ਵਾਲੀ ਰਾਸ਼ੀ ਨੂੰ 30 ਹਜ਼ਾਰ ਰੁਪਏ ਤੋਂ 50 ਹਜ਼ਾਰ ਸਲਾਨਾ ਕਰਨ ਦਾ ਵੀ ਫੈਸਲਾ ਲਿਆ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜੇ ਕਿਸੇ ਕਾਰਨ ਪਰਿਵਾਰ ਦੇ ਮੁਖੀ ਦੀ ਮੌਤ ਹੋ ਜਾਂਦੀ ਹੈ ਤਾਂ ਸੰਬੰਧਤ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜਾ ਜਰੂਰ ਦੇਣ ਦਾ ਵੀ ਲੋਕ ਪੱਖੀ ਫੈਸਲਾ ਲਿਆ ਹੈ। ਨਾਲ ਹੀ ਸ. ਬਾਦਲ ਨੇ ਕਿਹਾ ਕਿ ਸੂਬੇ ਦੇ ਹਰ ਕਿਸਾਨ ਨੂੰ 50 ਹਜ਼ਾਰ ਰੁਪਏ ਦਾ ਸਿਹਤ ਬੀਮਾ ਮੁਹੱਈਆ ਕਰਵਾਇਆ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਦੀ ਸੂਰਤ ਵਿਚ ਮੌਤ ਹੋ ਜਾਣ ‘ਤੇ 5 ਲੱਖ ਰੁਪਏ ਬੀਮੇ ਵਜੋਂ ਦਿੱਤਾ ਜਾਵੇਗਾ। ਸ. ਬਾਦਲ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਅਨੌਖੀ ਸਕੀਮ ਤਹਿਤ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ ਜਿਸ ਤਹਿਤ ਸੂਬੇ ਵਿੱਚੋਂ ਸ੍ਰੀ ਨੰਦੇੜ ਸਾਹਿਬ, ਵਾਰਾਨਸੀ, ਮਾਤਾ ਵੈਸ਼ਨੋ ਦੇਵੀ ਅਤੇ ਅਜਮੇਰ ਸ਼ਰੀਫ ਜਾਣ ਵਾਲੇ ਸ਼ਰਧਾਲੂਆਂ ਨੂੰ ਮੁਫਤ ਰੇਲ ਸਫਰ ਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਨਾਲ ਹੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪੰਜਾਬ ਦੇ ਹਿੱਤਾਂ ਖਾਤਰ ਸ੍ਰੋਮਣੀ ਅਕਾਲੀ ਦਲ ਵੱਲੋਂ ਲੜੇ ਜਾਂਦੇ ਸਮੇਂ-ਸਮੇਂ ਸੰਘਰਸ਼ਾਂ ਧਰਮ ਯੁੱਧ ਮੋਰਚੇ ਅਤੇ ਅਮਰਜੈਂਸੀ ਯੁੱਧ ਮੋਰਚੇ ਵਿਚ ਹਿੱਸਾ ਲੈਣ ਵਾਲੇ ਸੰਘਰਸ਼ਸ਼ੀਲ ਯੋਧਿਆਂ ਦੇ ਪਰਿਵਾਰਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਵੀ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਪੈਨਸ਼ਨ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਹੈ।
ਇਸ ਮੌਕੇ ‘ਤੇ ਬੋਲਦਿਆਂ ਸ. ਰਣਜੀਤ ਸਿੰਘ ਬ੍ਰਹਮਪੁਰਾ, ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਤੇ ਮੈਂਬਰ ਪਾਰਲੀਮੈਂਟ ਨੇ ਆਖਿਆ ਕਿ ਸ. ਬਾਦਲ ਵੱਲੋਂ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸਮੇਂ-ਸਮੇਂ ਲੜੀਆਂ ਗਈਆਂ ਲੜਾਈਆਂ ਦਾ ਕੋਈ ਸਾਨੀ ਨਹੀਂ ਹੈ ਅਤੇ ਹਮੇਸ਼ਾ ਸ. ਬਾਦਲ ਨੇ ਲੋਕ ਹਿੱਤਾਂ ਨੂੰ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸ. ਬਾਦਲ ਦੀ ਅਗਵਾਈ ਅਧੀਨ ਸ੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੀ ਜੋ ਸੇਵਾ ਕੀਤੀ ਹੈ ਉਸ ਨਾਲ ਪੰਜਾਬ ਵਿਚ ਵਿਕਾਸ ਦੇ ਨਵੀਂ ਕੀਰਤੀਮਾਨ ਸਥਾਪਿਤ ਕੀਤੇ ਗਏ ਹਨ। ਸ. ਬਾਦਲ ਨੇ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਨਾਲ ਪੰਜਾਬੀਆਂ ਨਾਲ ਹੁੰਦੇ ਧੱਕੇ ਅਤੇ ਮਤਰੇਈ ਮਾਂ ਵਾਲੇ ਸਲੂਕ ਦਾ ਵਿਰੋਧ ਕੀਤਾ ਹੈ।
ਇਨ੍ਹਾਂ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਸ. ਬਾਦਲ ਨੇ ਪਿੰਡਾਂ ਵਿਚ ਹੈਲਥ ਕਲੱਬ ਸਥਾਪਿਤ ਕਰਨ, ਪਾਣੀ ਦੇ ਨਿਕਾਸੀ ਨਾਲਿਆਂ, ਡੇਰਿਆਂ ਨੂੰ ਜਾਂਦੇ ਰਸਤਿਆਂ, ਧਰਮਸ਼ਾਲਾਵਾਂ, ਸ਼ਮਸ਼ਾਨਘਾਟਾਂ ਛੱਪੜਾਂ ਦੀ ਸਫਾਈ, ਬਿਜਲੀ ਵਿਵਸਥਾ ਲਈ ਕਰੀਬ 4.5 ਕਰੋੜ ਦੇ ਚੈੱਕ ਭੇਂਟ ਕੀਤੇ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ. ਰਵਿੰਦਰ ਸਿੰਘ ਬ੍ਰਹਮਪੁਰਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੱਖ ਸਕੱਤਰ ਸ੍ਰੀ ਕੇ.ਜੀ.ਐੱਸ. ਚੀਮਾ ਅਤੇ ਸ੍ਰੀ ਅਜੋਏ ਸ਼ਰਮਾ, ਸ. ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ, ਸ੍ਰੀ ਲੋਕ ਨਾਥ ਆਂਗਰਾ ਆਈ.ਜੀ., ਸ. ਅਲਵਿੰਦਰਪਾਲ ਸਿੰਘ ਪੱਖੋਕੇ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਸ. ਰਵਿੰਦਰ ਸਿੰਘ ਐੱਸ.ਡੀ.ਐੱਮ. ਖਡੂਰ ਸਾਹਿਬ ਹਾਜਰ ਸਨ।

LEAVE A REPLY