ਭਰੂਣ ਹੱਤਿਆ ਖਿਲਾਫ਼ ਸਮਾਜ ਨੂੰ ਲਾਮਬੰਦ ਕਰਨਾ ਸਮੇਂ ਦੀ ਮੁੱਖ ਲੋੜ : ਜਥੇਦਾਰ ਬਲਦੇਵ ਸਿੰਘ

7ਮੰਡੀ ਡੱਬਵਾਲੀ :  ਧਰਮ ਪ੍ਰਚਾਰ ਲਹਿਰ ਟਰੱਸਟ ਅਤੇ ਆਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਜਥੇਦਾਰ ਬਲਦੇਵ ਸਿੰਘ ਨੇ ਇੱਕ ਮਿਲਣੀ ਦੌਰਾਨ ਕਿਹਾ ਕਿ ਭਰੂਣ ਹੱਤਿਆ ਖਿਲਾਫ਼ ਸਮਾਜ ਨੂੰ ਲਾਮਬੰਦ ਕਰਨਾ ਸਮੇਂ ਦੀ ਮੁੱਖ ਲੋੜ ਹੈ । ਇਸ ਕਾਰਜ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਸਮਾਜ ਨੂੰ ਭਰੂਣ ਹੱਤਿਆ ਖਿਲਾਫ਼ ਜਾਗਰੂਕ ਕਰਨ ਦੇ ਲਈ ਆਪਣਾ ਨੈਤਿਕ ਫ਼ਰਜ ਅਤੇ ਧਰਮ ਸਮਝ ਕੇ ਅੱਗੇ ਆਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਲੋਕ ਧੀਆਂ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਬਦਲਣ ਅਤੇ ਲੜਕੇ ਅਤੇ ਲੜਕੀ ਵਿਚਕਾਰ ਫ਼ਰਕ ਨੂੰ ਮਿਟਾਉਣ ਕਿਉਂਕਿ ਅੱਜ ਦੇ ਯੁੱਗ ਵਿੱਚ ਲੜਕੀਆਂ ਹਰ ਖੇਤਰ ‘ਚ ਮੋਹਰੀ ਹਨ । ਉਨ੍ਹਾਂ ਕਿਹਾ ਕਿ ਪਰਿਵਾਰਾਂ ਦੀ ਖੁਸ਼ਹਾਲੀ ਅਤੇ ਦੇਸ਼ ਦੀ ਤਰੱਕੀ ਲਈ ਬਰਾਬਰ ਸਮਾਜ ਵੀ ਜ਼ਰੂਰੀ ਹੈ । ਇਸ ਲਈ ਹਰ ਵਿਅਕਤੀ ਨੂੰ ਭਰੂਣ ਹੱਤਿਆ ਦਾ ਵਿਰੋਧ ਕਰਨਾ ਚਾਹੀਦਾ ਹੈ । ਜਥੇਦਾਰ ਬਲਦੇਵ ਸਿੰਘ ਨੇ ਇਹ ਵੀ ਕਿਹਾ ਕਿ ਗੁਰੂਆਂ ਨੇ ਔਰਤ ਜਾਤੀ ਦਾ ਮਾਣ-ਸਨਮਾਨ ਕੀਤਾ ਹੈ। ਔਰਤ ਸਮਾਜ ਦੀ ਜਨਣੀ ਹੈ । ਇਸ ਤੋਂ ਬਿਨਾਂ ਸਮਾਜ ਅਧੂਰਾ ਹੈ । ਔਰਤਾ ਸਮਾਜ ਦਾ ਸਰਮਾਇਆ ਹੈ । ਇਸ ਲਈ ਸਮਾਜ ਨੂੰ ਔਰਤ ਜਾਤ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਧਰਮ ਪ੍ਰਚਾਰ ਲਹਿਰ ਜਾਰੀ ਰਹੇਗੀ । ਇਸ ਮੁਹਿੰਮ ਦੌਰਾਨ ਪੰਜਾਬ ਦੇ ਖੇਤਰ ਮਾਲਵਾ, ਮਾਝਾ, ਦੁਆਬਾ ਅਤੇ ਦਿੱਲੀ ਅਤੇ ਜੰਮੂ-ਕਸ਼ਮੀਰ ਵਿੱਚ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਵੱਡੀ ਗਿਣਤੀ ‘ਚ ਪ੍ਰਾਣੀਆਂ ਨੇ ਖੰਡੇ-ਬਾਟੇ ਦਾ ਅੰਮ੍ਰਿਤ ਛੱਕਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ‘ਚ ਆਏ। ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਣ ਤੇ ਉਨ੍ਹਾਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੁਹਿੰਮ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ।

LEAVE A REPLY