ਟੋਰੰਟੋ : ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਪੂਰੇ ਵਿਸ਼ਵ ‘ਚ ਪੰਜਾਬੀ ਸਮਾਜ ਦੀ ਕਾਮਯਾਬੀ ਦੀ ਸ਼ਲਾਘਾ ਕੀਤੀ ਹੈ, ਜਿਸਨੇ ਜਿੰਦਗੀ ਦੇ ਹਰ ਪੱਖ ‘ਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਹਾਲੇ ਹੀ ਦੀਆਂ ਆਮ ਚੋਣਾਂ ‘ਚ ਚੁਣੇ ਗਏ ਭਾਰਤੀ ਤੇ ਪੰਜਾਬ ਮੂਲ ਦੇ ਸੰਸਦ ਮੈਂਬਰਾਂ ਨੂੰ ਵੀ ਵਧਾਈ ਦਿੱਤੀ ਹੈ। ਜਿਸਨੇ ਹਰੇਕ ਭਾਰਤੀ ਨੂੰ ਮਾਣ ਮਹਿਸੂਸ ਕਰਵਾਇਆ ਹੈ। ਇਸ ਲੜੀ ਹੇਠ ਉਨ੍ਹਾਂ ਦੇ ਸਨਮਾਨ ‘ਚ ਅਮਰਪ੍ਰੀਤ ਔਲਖ ਦੀ ਅਗਵਾਈ ਹੇਠ ਕੈਨੇਡੀਅਨ ਚੈਪਟਰ ਆਫ ਇੰਡੀਅਨ ਓਵਰਸੀਜ਼ ਕਾਂਗਰਸ (ਆਈ.ਓ.ਸੀ) ਵੱਲੋਂ ਟੋਰੰਟੋ ਵਿਖੇ ਕੀਤੇ ਗਏ ਅਯੋਜਨ ਮੌਕੇ ਸੰਬੋਧਨ ਕਰਦਿਆਂ ਤਿਵਾੜੀ ਨੇ ਕਿਹਾ ਕਿ ਕਨੇਡਾ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਪੰਜਾਬੀਆਂ ਨੇ ਨਾ ਸਿਰਫ ਖੁਦ ਨੂੰ ਕਾਮਯਾਬ ਬਣਾਇਆ ਹੈ, ਬਲਕਿ ਉਨ੍ਹਾਂ ਨੇ ਜ਼ਿੰਦਗੀ ਦੇ ਹਰ ਪੱਖ ਖਾਸ ਕਰਕੇ ਸਿਆਸਤ ‘ਚ ਨਾਂ ਖੱਟਿਆ ਹੈ।
ਸਾਬਕਾ ਕੇਂਦਰੀ ਮੰਤਰੀ ਨੇ ਐਨ.ਆਰ.ਆਈਜ਼ ਵੱਲੋਂ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਪ੍ਰਗਟਾਈ ਗਈ ਚਿੰਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਉਸ ਵੇਲੇ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰਦੇ ਹਨ, ਜਦੋਂ ਮੈਂ ਸਾਡੇ ਪੰਜਾਬੀਆਂ ਨੂੰ ਸਿਆਸੀ ਟਕਰਾਅ ਨੂੰ ਪਾਸੇ ਰੱਖ ਕੇ ਨਾ ਸਿਰਫ ਆਪਣੇ ਭਾਈਚਾਰੇ, ਬਲਕਿ ਪੂਰੇ ਕਨੇਡਿਅਨ ਸਮਾਜ ਲਈ ਅਵਾਜ਼ ਚੁੱਕਦਿਆਂ ਦੇਖਦਾ ਹਾਂ।
ਤਿਵਾੜੀ ਨੇ ਕਿਹਾ ਕਿ ਪੰਜਾਬ ‘ਚ ਰਹਿਣ ਵਾਲੇ ਲੋਕ ਵੀ ਐਨ.ਆਰ.ਆਈਜ਼ ਤੋਂ ਬਹੁਤ ਸਾਰੀਆਂ ਉਮੀਦਾਂ ਰੱਖਦੇ ਹਨ, ਜਿਨ੍ਹਾਂ ਦਾ ਪੰਜਾਬ ‘ਚ ਬਹੁਤ ਪ੍ਰਭਾਵ ਹੈ। ਉਨ੍ਹਾਂ ਨੇ ਸ੍ਰੋਤਿਆਂ ਨੂੰ ਕਿਹਾ ਕਿ ਜਿਵੇਂ ਤੁਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹੋ, ਉਹ ਤੁਹਾਨੂੰ ਇਥੇ ਦੀ ਤਰ੍ਹਾਂ ਉਸ ਸਮਾਜ ਦਾ ਵੀ ਮਹੱਤਵਪੂਰਨ ਹਿੱਸਾ ਬਣਾਉਂਦਾ ਹੈ। ਜਿਸ ਰਿਸ਼ਤੇ ਨੇ ਦੋਨਾਂ ਦੇਸ਼ਾਂ ਵਿਚਾਲੇ ਸਬੰਧਾਂ ‘ਚ ਸਾਕਾਰਾਤਮਕ ਪ੍ਰਭਾਵ ਪਾਇਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਬੋਬ ਸਰੋਏ ਸੰਸਦ ਮੈਂਬਰ, ਜੈਕ ਮੈਕਲਰਨ ਵਿਧਾਇਕ, ਵਿਕ ਢਿਲੋਂ ਵਿਧਾਇਕ, ਹਰਿੰਦਰ ਠੱਕਰ ਵਿਧਾਇਕ, ਹਰਿੰਦਰ ਮੱਲ੍ਹੀ ਵਿਧਾਇਕ, ਬੋਬ ਸਟੇਨਲੀ, ਗੁਰਦੇਵ ਗਿੱਲ, ਮਨਜੀਤ ਗਿੱਲ, ਜੋਇ ਡੇਨਿਅਲ ਤੇ ਪਰਮ ਗਿੱਲ ਦੋਵੇਂ ਸਾਬਕਾ ਐਮ.ਪੀ, ਗੁਰਬਖਸ਼ ਮੱਲ੍ਹੀ ਸਾਬਕਾ ਮੰਤਰੀ, ਪਵਨ ਦੀਵਾਨ, ਜਰਨੈਲ ਗਰੇਵਾਲ, ਗੁਰਦੀਪ ਝੱਜ, ਰਾਣਾ ਆਹਲੂਵਾਲੀਆ, ਗੁਰਬਖਸ਼ ਭੱਟੀ, ਸੰਨੀ ਸ਼ੇਰਗਿੱਲ, ਪਰਮਿੰਦਰ ਢਿਲੋਂ, ਜਸਬੀਰ ਭੱਟੀ, ਅਸ਼ੋਕ ਬਾਵਾ, ਰਣਜੋਧ ਸਿੰਘ, ਗਰਪ੍ਰੀਤ ਕਾਲਾ ਗਿੱਲ, ਹਰਪਾਲ ਬੈਂਸ, ਪੁਨੀਤ ਲੁਧਿਆਣਾ, ਗੁਰਵਿੰਦਰ ਥਿੰਦ, ਸੰਨੀ ਬਾਜਵਾ, ਗੁਰਨੇਕ ਤਿਹਾੜਾ, ਗੁਰਸੇਵਕ ਢਿਲੋਂ, ਸੁਖਵਿੰਦਰ ਰਤੌਲ, ਇੰਦਰਜੀਤ ਮਾਂਗਟ, ਅਮਰਿੰਦਰ ਮਾਂਗਟ ਵੀ ਮੌਜ਼ੂਦ ਰਹੇ।