ਡਾ. ਚੀਮਾ ਵਲੋਂ ਟੀ.ਈ.ਟੀ. ਪ੍ਰੀਖਿਆ ਦੇ ਸਾਰੇ ਪਹਿਲੂਆਂ ਦਾ ਜਾਇਜ਼ਾ

3ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 13 ਦਸੰਬਰ ਨੂੰ ਲਈ ਜਾ ਰਹੀ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ.) ਅਤੇ ਸਟੇਟ ਕਾਊਂਸਲ ਆਫ ਐਜੂਕੇਸ਼ਨ ਐਂਡ ਰਿਸਰਜ ਟਰੇਨਿੰਗ (ਐਸ.ਸੀ.ਈ.ਆਰ.ਟੀ.) ਵੱਲੋਂ ਪੰਜਵੀਂ ਤੇ ਅੱਠਵੀਂ ਦੇ ਵਿਦਿਆਰਥੀਆਂ ਲਈ ਜਾਣ ਵਾਲੀ ਮੁਲਾਂਕਣ ਪ੍ਰੀਖਿਆ ਦਾ ਜਾਇਜ਼ਾ ਲੈਣ ਸਬੰਧੀ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ।
ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਕੀਤੀ ਮੀਟਿੰਗ ਵਿੱਚ ਡਾ. ਚੀਮਾ ਨੇ ਟੀ.ਈ.ਟੀ. ਪ੍ਰੀਖਿਆ ਦੇ ਸਾਰੇ ਪਹਿਲੂਆਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਸਖਤ ਤੇ ਕਰੜੇ ਪ੍ਰਬੰਧਾਂ ਹੇਠ ਪ੍ਰੀਖਿਆ ਸਫਲਤਾਪੂਰਵਕ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਸਬੰਧੀ ਡੀ.ਜੀ.ਪੀ. ਨਾਲ ਮੀਟਿੰਗ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਦਾ ਇੰਤਜ਼ਾਮ ਦੇਖਣ ਲਈ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੁਲਿਸ ਮੁਖੀਆਂ ਨਾਲ ਵੀਡਿਓ ਕਾਨਫਰਸਿੰਗ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਿੱਖਿਆ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਹੁਣ ਤੱਕ ਦੋਵੇਂ ਇਮਤਿਹਾਨਾਂ ਟੀ.ਈ.ਟੀ.-1 ਅਤੇ ਟੀ.ਈ.ਟੀ.-2 ਲਈ ਕੁੱਲ ਪੌਣੇ ਦੋ ਲੱਖ ਦੇ ਕਰੀਬ ਪ੍ਰੀਖਿਆਰਥੀ ਐਨਰੋਲ ਹੋ ਚੁੱਕੇ ਹਨ ਜਿਨ੍ਹਾਂ ਲਈ ਸੂਬੇ ਵਿੱਚ ਕੁੱਲ 400 ਸੈਂਟਰ ਬਣਾਏ ਜਾ ਰਹੇ ਹਨ। ਇਕ ਕਮਰੇ ਵਿੱਚ ਕੁੱਲ 28 ਪ੍ਰੀਖਿਆਰਥੀ ਬਿਠਾਏ ਜਾਣਗੇ। ਸਿੱਖਿਆ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੇਪਰ ਸੈਟ ਨੂੰ ਸੈਂਟਰ ਵਿੱਚ ਖੁੱਲ੍ਹਣ ਸਮੇਂ ਵੀਡਿਓਗ੍ਰਾਫੀ ਯਕੀਨੀ ਬਣਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਥਾਨਕ ਪ੍ਰਸ਼ਾਸਨ ਨਾਲ ਰਾਬਤਾ ਰੱਖ ਕੇ ਟਰੈਫਿਕ ਦੇ ਸੁਚਾਰੂ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸੇ ਵੀ ਪ੍ਰੀਖਿਆਰਥੀ ਨੂੰ ਕੋਈ ਦਿੱਕਤ ਨਾ ਆਵੇ।
ਮੀਟਿੰਗ ਦੌਰਾਨ ਡਾ.ਚੀਮਾ ਨੇ ਪੰਜਵੀਂ ਤੇ ਅੱਠਵੀਂ ਦੇ ਵਿਦਿਆਰਥੀਆਂ ਦੀ ਲਈ ਜਾਣ ਵਾਲੀ ਮੁਲਾਂਕਣ ਪ੍ਰੀਖਿਆ ਦਾ ਵੀ ਜਾਇਜ਼ਾ ਲਿਆ। ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਨੇ ਸਿੱਖਿਆ ਮੰਤਰੀ  ਨੂੰ ਦੱਸਿਆ ਕਿ ਪੰਜਵੀਂ ਦੇ 2,61,745 ਅਤੇ ਅੱਠਵੀਂ ਦੇ 2,35,399 ਵਿਦਿਆਰਥੀਆਂ ਤੋਂ ਇਹ ਪ੍ਰੀਖਿਆ ਲਈ ਜਾਵੇਗੀ। ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇ ਜਿਸ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਮੁਲਾਂਕਣ ਹੋ ਸਕੇ।
ਇਸ ਦੌਰਾਨ ਡਾ.ਚੀਮਾ ਨੇ ਵਿਭਾਗ ਤੋਂ ਅਧਿਆਪਕਾਂ ਦੇ ਪਿਛਲੇ ਪੰਜ ਸਾਲ ਦੇ 10ਵੀਂ ਤੇ 12ਵੀਂ ਦੇ ਨਤੀਜਿਆਂ ਨੂੰ ਆਨ ਲਾਈਨ ਅਪਲੋਡ ਕਰਨ ਦੇ ਕੰਮ ਦੀ ਰਿਪੋਰਟ ਮੰਗੀ ਜਿਸ ‘ਤੇ ਦੱਸਿਆ ਗਿਆ ਕਿ ਹੁਣ ਤੱਕ 25 ਹਜ਼ਾਰ ਅਧਿਆਪਕ ਅਤੇ 9 ਹਜ਼ਾਰ ਲੈਕਚਰਾਰ ਆਪਣੇ ਪਿਛਲੇ ਪੰਜ ਸਾਲ ਦੇ ਨਤੀਜਿਆਂ ਨੂੰ ਆਨ ਲਾਈਨ ਅਪਲੋਡ ਕਰ ਚੁੱਕੇ ਹਨ। ਡਾ.ਚੀਮਾ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ 30 ਨਨੰਬਰ ਤੱਕ ਹਰ ਹੀਲੇ ਸਮੂਹ ਅਧਿਆਪਕਾਂ ਦੇ ਨਤੀਜੇ ਆਨ ਲਾਈਨ ਅਪਲੋਡ ਹੋ ਜਾਣ ਅਤੇ ਉਸ ਤੋਂ ਬਾਅਦ ਅਪਲੋਡ ਨਾ ਕਰਨ ਵਾਲੇ ਅਧਿਆਪਕਾਂ ਖਿਲਾਫ ਕਾਰਵਾਈ ਕੀਤੀ ਜਾਵੇ।
ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸ੍ਰੀ ਸੀ.ਰਾਊਲ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਧਾਲੀਵਾਲ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪਰਦੀਪ ਅੱਗਰਵਾਲ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀ ਹਰਬੰਸ ਸਿੰਘ ਸੰਧੂ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ੍ਰੀ ਸੁਖਦੇਵ ਸਿੰਘ ਕਾਹਲੋਂ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

LEAVE A REPLY