gurbachanਪੰਜਾਬ ਵਿੱਚ ਪਵਿੱਤਰ ਗੁਰਬਾਣੀ ਦੇ ਪੱਤਰੇ ਕਈ ਹਫ਼ਤਿਆਂ ਤੋਂ ਜਿਸ ਨਿੱਤਨੇਮ ਨਾਲ ਪਾੜੇ ਜਾ ਰਹੇ ਹਨ, ਉਹ ਸਾਧਾਰਨ ਆਦਮੀ ਨੂੰ ਹੈਰਾਨ ਵੀ ਕਰਦਾ ਹੈ ਤੇ ਪਰੇਸ਼ਾਨ ਵੀ। ਇਉਂ ਲਗਦਾ ਹੈ ਜਿਵੇਂ ਕਿਸੇ ਨੇ ਵਾਰੀ ਬੰਨ੍ਹੀ ਹੋਈ ਹੋਵੇ ਕਿ ਅੱਜ ਐਸ ਪਿੰਡ-ਨਗਰ ਵਿੱਚ ਇਹ ਕਰਤੂਤ ਕਰਨੀ ਹੈ ਤੇ ਭਲਕੇ ਔਸ ਵਿੱਚ। ਜੇ ਕਿਸੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਤਕ ਪਹੁੰਚ ਨਹੀਂ ਹੁੰਦੀ, ਗੁਟਕੇ ਨਾਲ ਹਾਜ਼ਰੀ ਲੁਆ ਦਿੱਤੀ ਜਾਂਦੀ ਹੈ।
ਕੁਝ ਦਹਾਕੇ ਪਹਿਲਾਂ ਦੇ ਪੰਜਾਬ ਨਾਲ ਅੱਜ ਦੇ ਪੰਜਾਬ ਨੂੰ ਮੇਲ ਕੇ ਦੇਖੀਏ। ਬਾਬੇ ਨਾਨਕ ਦੇ ਬਚਨਾਂ ਦੀ ਦਿਨ-ਰਾਤ ਚੜ੍ਹੀ ਰਹਿਣ ਵਾਲ਼ੀ ਖ਼ੁਮਾਰੀ ਦੀ ਥਾਂ ਮਨੁੱਖ ਤੋਂ ਡੰਗਰ ਬਣਾ ਦੇਣ ਵਾਲੇ ਜਾਨਲੇਵਾ ਨਸ਼ਿਆਂ ਦੀ ਦਲਦਲ ਨੇ ਲੈ ਲਈ ਹੈ। ਕੇਸ ਲੁਹਾਉਣ ਨਾਲੋਂ ਖੋਪੜੀ ਲੁਹਾਉਣ ਨੂੰ ਤਰਜੀਹ ਦੇਣ ਵਾਲੇ ਪੁਰਖਿਆਂ ਤੋਂ ਸਿਦਕ-ਸਿਰੜ ਦਾ ਪਾਠ ਪੜ੍ਹਨ ਦੀ ਥਾਂ ਨੌਜਵਾਨ ਮੂੰਹ-ਸਿਰ ਮੁਨਾ ਕੇ ਪਤਿਤ ਹੋਏ ਫ਼ਿਰਦੇ ਹਨ। ਸਾਡੀ ਪੀੜ੍ਹੀ ਦੀ ਚੜ੍ਹਦੀ ਉਮਰ ਵੇਲ਼ੇ ਕੋਈ ਹੀ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ ਗਲੀ ਵਿੱਚੋਂ ਲੰਘਦਿਆਂ ਕਿਸੇ ਨੂੰ ਪੰਜਾਬੀ ਅਖ਼ਬਾਰ-ਰਸਾਲੇ ਦਾ ਪਾਟਿਆ-ਪੁਰਾਣਾ ਟੁਕੜਾ ਭੁੰਜਿਉਂ ਚੁੱਕ ਕੇ ਮੱਥੇ ਨੂੰ ਲਾਉਂਦਾ ਨਾ ਦੇਖਿਆ ਹੋਵੇ। ਸ਼ਬਦ ਦੇ ਸਤਿਕਾਰ ਦੀ ਇਹ ਭਾਵਨਾ ਸਿਰਫ਼ ਸ਼ਬਦ ਦੇ ਗਿਆਤਿਆਂ ਤਕ ਹੀ ਸੀਮਿਤ ਨਹੀਂ ਸੀ ਸਗੋਂ ਅੱਖਰ ਉਠਾਲਣ ਤੋਂ ਅਣਜਾਣ ਲੋਕ ਵੀ ਇਸੇ ਸ਼ਰਧਾ ਦੇ ਰੰਗ ਵਿੱਚ ਰੰਗੇ ਹੋਏ ਹੁੰਦੇ ਸਨ।
ਇਤਿਹਾਸ-ਸਿਰਜਕ ਪੁਰਖਿਆਂ ਵਜੋਂ ਗੁਰੂ ਸਾਹਿਬਾਨ ਦੇ ਅਤੇ ਜੀਵਨ-ਜਾਚ ਤੇ ਜੀਵਨ-ਸੇਧ ਦੇ ਅਦੁਤੀ ਸਾਹਿਤਕ-ਦਾਰਸ਼ਨਿਕ ਮਾਰਗ-ਦਰਸ਼ਕ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਦਰਦਾਨ ਤਾਂ ਸਿੱਖੀ ਦੇ ਧਰਮ-ਕਲਾਵੇ ਤੋਂ ਬਾਹਰਲੇ ਪੰਜਾਬੀ ਵੀ ਕੋਈ ਘੱਟ ਨਹੀਂ ਸਨ ਹੁੰਦੇ। ਇਹੋ ਕਦਰਦਾਨੀ ਸੀ ਜੋ ਖੱਬੀ ਵਿਚਾਰਧਾਰਾ ਦੀ ਚੜ੍ਹਤ ਦੇ ਉਹਨਾਂ ਸਮਿਆਂ ਵਿੱਚ ਸਾਨੂੰ, ਉਹਦੇ ਪ੍ਰਭਾਵ ਹੇਠ ਆਏ ਹੋਏ ਨੌਜਵਾਨਾਂ ਨੂੰ, ਸਮਕਾਲੀ ਮਾਰਕਸਵਾਦੀ ਸ਼ਬਦਾਵਲੀ ਦੇ ਚਾਨਣ ਵਿੱਚ ਮਲਿਕ ਭਾਗੋ ਨੂੰ ਬੁਰਜੁਆ ਤੇ ਭਾਈ ਲਾਲੋ ਨੂੰ ਪ੍ਰੋਲਤਾਰੀ, ਮਨਮੁੱਖ ਨੂੰ ਸਰਮਾਏਦਾਰ ਲੁਟੇਰੇ ਤੇ ਗੁਰਮੁਖ ਨੂੰ ਮਜ਼ਦੂਰ-ਕਿਸਾਨ ਦੇ ਅਰਥਾਂ ਵਿੱਚ ਦੇਖਣਾ ਸਿਖਾਉਂਦੀ ਸੀ। ਸਮਕਾਲੀ ਸਮੇਂ ਦੀ ਵੱਡੀ ਲੋੜ ਹਿੰਦੂ-ਮੁਸਲਮਾਨ ਏਕਤਾ ਦੀ, ਸਗੋਂ ਇਕਤਾ ਦੀ, ਸਭ ਤੋਂ ਉਜਾਗਰ ਮਿਸਾਲ ਵਜੋਂ ਬਾਬੇ ਦੇ ਸੱਜਾ-ਖੱਬਾ ਅੰਗ ਭਾਈ ਮਰਦਾਨਾ ਅਤੇ ਭਾਈ ਬਾਲਾ ਹੀ ਸਾਡੇ ਮਨ-ਮਸਤਕ ਵਿੱਚ ਵਸੇ ਹੋਏ ਸਨ। ਗੁਰਬਾਣੀ ਦਾ ਜਲੌਅ ਪੰਜਾਬੀਆਂ ਵਾਸਤੇ ਪੁਰਖੇ ਦੀ ਬੁੱਕਲ ਵਾਂਗ ਸੀ ਜਿਸ ਤੋਂ ਜੀਵਨ ਦੇ ਹਰ ਮੋੜ ਉੱਤੇ, ਹਰ ਦੁਖ-ਸੁਖ ਵਿੱਚ, ਹਰ ਔਖ-ਸੌਖ ਵੇਲ਼ੇ ਓਟ-ਆਸਰਾ ਲਿਆ ਜਾ ਸਕਦਾ ਸੀ।
ਗੁਰਮੁਖੀ ਅੱਖਰਾਂ ਵਾਲੇ ਸਾਧਾਰਨ ਕਾਗ਼ਜ਼ੀ ਪੁਰਜ਼ੇ ਨੂੰ ਭੁੰਜਿਉਂ ਚੁੱਕ ਕੇ ਮੱਥੇ ਨੂੰ ਲਾਉਣ ਵਾਲੇ ਦੌਰ ਤੋਂ ਅੱਜ ਦੇ ਦੌਰ ਤਕ, ਜਦੋਂ ਗੁਰਬਾਣੀ ਦੇ ਪੱਤਰੇ ਗਲ਼ੀਆਂ ਵਿੱਚ ਖਿੰਡਾਏ ਮਿਲਦੇ ਹਨ, ਥੋੜ੍ਹੇ ਜਿਹੇ ਸਮੇਂ ਵਿੱਚ ਪੰਜਾਬ ਤੇ ਪੰਜਾਬੀਆਂ ਨੇ ਰਸਾਤਲ ਵੱਲ ਤਿਲ੍ਹਕਦਿਆਂ ਕਿੰਨਾ ਲੰਮਾ ਪੰਧ ਪਾਰ ਕਰ ਲਿਆ ਹੈ! ਜਦੋਂ ਪਰੰਪਰਾ ਅਸ਼ਨਾਨ ਸੋਧੇ ਬਿਨਾਂ ਅਤੇ ਮਨ ਵਿੱਚ ਨਿਰਮਲਤਾ ਤੇ ਸੁੱਚਮ ਜਗਾਏ ਬਿਨਾਂ ਬੀੜ ਨੂੰ ਤਾਂ ਕੀ, ਪੀੜ੍ਹਾ ਸਾਹਿਬ ਨੂੰ ਵੀ ਛੂਹਣ ਦਾ ਜੇਰਾ ਨਹੀਂ ਦਿੰਦੀ, ਹਰ ਕੋਈ ਪੁਛਦਾ ਹੈ, ਉਹ ਕਿਸ ਦੇ ਗੰਦੇ-ਗ਼ਲੀਜ਼ ਹੱਥ ਹਨ ਜੋ ਬੀੜ ਦੇ ਵਰਕੇ ਪਾੜਦੇ ਤੇ ਗਲ਼ੀਆਂ ਵਿੱਚ ਖਿਲਾਰਦੇ ਹਨ?
ਕੌਮੀ-ਕੌਮਾਂਤਰੀ ਪੱਧਰ ਉੱਤੇ ਅਤਿਵਾਦ ਦੇ ਸਹਿਮ ਹੇਠ ਜਿਉਂ ਰਹੇ ਸੰਸਾਰ ਵਿੱਚ ਜਿਨ੍ਹਾਂ ਸੂਹੀਆ ਏਜੰਸੀਆਂ ਤੇ ਪੁਲਿਸ ਤੋਂ ਅਸੀਂ ਅਦਿੱਖ ਅਤਿਵਾਦੀਆਂ ਨੂੰ ਪਛਾਣਨ-ਲੱਭਣ ਦੀ ਵਡੇਰੀ ਆਸ ਕਰਦੇ ਹਾਂ, ਉਹ ਵਰਕੇ-ਪਾੜ ਕਰਤੂਤੀਆਂ ਦੀ ਸ਼ਨਾਖ਼ਤ ਕਰਨ ਵਿੱਚ ਹੀ ਪੂਰੀ ਤਰ੍ਹਾਂ ਨਾਲਾਇਕ ਸਿੱਧ ਹੋ ਰਹੀਆਂ ਹਨ। ਅਸਲ ਵਿੱਚ ਸਾਡੇ ਦੇਸ਼ ਵਿੱਚ ਤੇ ਸੂਬਿਆਂ ਵਿੱਚ ਸਮੇਂ ਦੇ ਗੇੜ ਨਾਲ ਆਈ ਹਰ ਸਰਕਾਰ ਨੇ ਅਜਿਹੇ ਹਾਲਾਤ ਬਣਾਏ-ਵਧਾਏ ਕਿ ਇਹਨਾਂ ਵਿਭਾਗਾਂ ਦੇ ਅਧਿਕਾਰੀਆਂ ਲਈ ਫ਼ਰਜ਼ ਦੀ ਪੂਰਤੀ ਦੇ ਔਖੇ ਕਾਰਜ ਨਾਲੋਂ ਸਿਆਸਤਦਾਨਾਂ ਦੀ ਚਾਕਰੀ ਦਾ ਸੌਖਾ ਰਾਹ ਅਪਨਾਉਣਾ ਵਧੇਰੇ ਫ਼ਾਇਦੇਮੰਦ ਹੋ ਗਿਆ। ਪਿਛਲੇ ਦਹਾਕੇ ਦੇ ਪੰਜਾਬ ਵਿੱਚ ਇਹ ਰੁਝਾਨ ਬਹੁਤ ਪਰਤੱਖ ਰਿਹਾ ਹੈ।
ਸਿਆਸੀ ਪਾਰਟੀਆਂ ਦੀ ਆਪਣੀ ਹਾਲਤ ਵੀ ਕੋਈ ਵੱਖਰੀ ਨਹੀਂ ਰਹੀ। ਹਰ ਪਾਰਟੀ ਦੀਆਂ ਹੇਠਲੀਆਂ ਪਰਤਾਂ ਦਾ ਇਕੋ-ਇੱਕ ਕੰਮ, ਆਪਣੇ ਲੋਕਾਂ ਦੇ ਨੇਤਰ ਤੇ ਕੰਨ ਬਣਨ ਦੀ ਥਾਂ, ਕੁਰਸੀਧਾਰੀ ਆਗੂਆਂ ਦੀ ਪਰਕਰਮਾ ਕਰਨਾ ਤੇ ਵਫ਼ਾਦਾਰੀ ਦਾ ਦਿਖਾਵਾ ਕਰਨਾ ਰਹਿ ਗਿਆ। ਇਹੋ ਕਾਰਨ ਹੈ ਕਿ ਦਾਅਵਿਆਂ ਦਾ ਸਭ ਤੋਂ ਵੱਡਾ ਗੁਰਜਧਾਰੀ ਨੇਤਾ, ਪੰਜਾਬ ਦਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਸੁਖਬੀਰ ਸਿੰਘ ਬਾਦਲ ਦਾਅਵਾ ਤਾਂ ਇਹ ਕਰਦਾ ਹੈ ਕਿ ਪੰਜਾਬ ਵਿੱਚ ਕਿਤੇ ਇੱਕ ਪੱਤਾ ਵੀ ਹਿੱਲੇ, ਉਹਨੂੰ ਪਤਾ ਲੱਗ ਜਾਂਦਾ ਹੈ, ਪਰ ਕੌੜਾ ਸੱਚ ਇਹ ਹੈ ਕਿ ਗੁਰਬਾਣੀ ਦੇ ਪੱਤਰੇ ਪਾੜਨ ਵਾਲੇ ਕਾਲੇ ਹੱਥਾਂ ਦੀ ਪਛਾਣ ਦੇ ਪੱਖੋਂ ਉਹ, ਸਾਰੇ ਹੀਲੇ-ਵਸੀਲਿਆਂ ਦਾ ਪ੍ਰਭੂ ਹੋਣ ਦੇ ਬਾਵਜੂਦ, ਮੁਕੰਮਲ ਹਨੇਰੇ ਵਿੱਚ ਪਰੇਸ਼ਾਨ ਭਟਕਦਾ ਹੋਇਆ ਅੱਕੀਂ-ਪਲਾਹੀਂ ਹੱਥ ਮਾਰਦਾ ਫ਼ਿਰਦਾ ਹੈ।
ਪੰਜਾਬ ਦੇ ਹੀ ਨਹੀਂ, ਦੇਸ਼-ਵਿਦੇਸ਼ ਦੇ ਲੋਕ ਵੀ ਪੁਛਦੇ ਹਨ, ਆਖ਼ਰ ਕੌਣ ਲੋਕ ਹਨ ਜਿਨ੍ਹਾਂ ਲਈ ਪਰੰਪਰਾ ਦਾ ਕੋਈ ਅਰਥ ਨਹੀਂ ਰਿਹਾ ਤੇ ਸ਼ਰਧਾ ਦਾ ਕੋਈ ਮਹੱਤਵ ਨਹੀਂ ਰਿਹਾ! ਇਸ ਸਵਾਲ ਦਾ ਜਵਾਬ ਦੇਣ ਲਈ ਤੇ ਇਸ ਸਾਰੇ ਵਰਤਾਰੇ ਨੂੰ ਸਮਝਣ ਲਈ ਪਿਛਲੇ ਕੁੱਝ ਦਹਾਕਆਂ ਉੱਤੇ ਝਾਤ ਪਾਉਣੀ ਜ਼ਰੂਰੀ ਹੋ ਜਾਂਦੀ ਹੈ। 1920 ਦਾ ਸਾਲ ਸਿੱਖ ਇਤਿਹਾਸ ਦਾ ਇੱਕ ਵੱਡਾ ਮੋੜ ਸੀ। ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਜਿਸ ਦਾ ਕਾਰਜ ਗੁਰਦੁਆਰਿਆਂ ਨੂੰ ਜੱਦੀ-ਪੁਸ਼ਤੀ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਸਮੁੱਚੇ ਸਿੱਖ ਪੰਥ ਦੀ ਪ੍ਰਤੀਨਿਧ ਵਜੋਂ ਉਹਨਾਂ ਦਾ ਸੁਚੱਜਾ ਪ੍ਰਬੰਧ ਕਰਨਾ ਤੇ ਇਸੇ ਕਾਰਜ ਦੇ ਪੂਰਕ ਵਜੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਨੂੰ ਸੇਧ ਦੇਣਾ ਹੋ ਨਿੱਬੜਿਆ। ਕਮੇਟੀ ਦੇ ਲਗਭਗ ਨਾਲ ਹੀ ਸਿੱਖਾਂ ਦੇ ਸਮਾਜਕ-ਰਾਜਨੀਤਕ ਰਾਹ-ਦਿਖਾਵੇ ਵਜੋਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ। ਤੇ ਇਹਨਾਂ ਦੋਵਾਂ ਸੰਸਥਾਵਾਂ ਦੇ ਨਿਗਰਾਨਾਂ ਅਤੇ ਨਿਰਨੇਕਾਰਾਂ ਵਜੋਂ ਤਖ਼ਤਾਂ ਦੇ ਜਥੇਦਾਰ ਆਦਰਯੋਗ ਸਿੰਘ ਸਾਹਿਬਾਨ ਦੇ ਰੂਪ ਵਿੱਚ ਸਰਬ-ਪਰਵਾਨ ਹੋਏ। ਇਸ ਇਤਿਹਾਸ ਦੇ ਬਹੁਤੇ ਪੱਖਾਂ ਉੱਤੇ ਝਾਤ ਪਾਉਣੀ ਤਾਂ ਇਥੇ ਸੰਭਵ ਨਹੀਂ, ਪਰ ਇਹ ਦ੍ਰਿੜ੍ਹ ਕਰਵਾਉਣਾ ਜ਼ਰੂਰੀ ਹੈ ਕਿ ਇਹਨਾਂ ਤਿੰਨਾਂ ਸੰਸਥਾਵਾਂ ਦਾ ਇਕੋ-ਇੱਕ ਜਥੇਬੰਦਕ ਆਧਾਰ 1699 ਵਿੱਚ ਆਨੰਦਪੁਰ ਸਾਹਿਬ ਵਿਖੇ ਦਸ਼ਮੇਸ਼ ਪਿਤਾ ਦੀ ਲਿਸ਼ਕਦੀ-ਚਮਕਦੀ ਭਗੌਤੀ ਦੀ ਧਾਰ ਵਿਚੋਂ ਨਿਕਲੀ ਜਮਹੂਰੀਅਤ ਸੀ ਜਿਸ ਅਧੀਨ ਉਹਨਾਂ ਨੇ ਪੰਜ ਪਿਆਰਿਆਂ ਨੂੰ ਆਪਣੇ ਨਾਲੋਂ ਵੀ ਮੁੱਖ ਐਲਾਨ ਕੇ ਭਵਿੱਖੀ ਮਾਰਗ ਪੱਕਾ ਕਰ ਦਿੱਤਾ ਸੀ।
ਇਸ ਮਾਰਗ ਉੱਤੇ ਤੁਰਦਿਆਂ ਜਿੰਨਾ ਚਿਰ ਹਰ ਸੰਸਥਾ ਆਪਣੇ ਫ਼ਰਜ਼ ਪ੍ਰਤੀ ਅਡੋਲ ਰਹੀ ਅਤੇ ਉਹਦੀ ਅਗਵਾਈ ਸਿੱਖੀ ਸਿਧਾਂਤ ਦੇ ਸਭ ਤੋਂ ਪਰਪੱਕ ਗੁਣੀ-ਗਿਆਨੀ ਮਹਾਂਪੁਰਖਾਂ ਦੇ ਹੱਥ ਰਹੀ, ਜਿਨ੍ਹਾਂ ਦੀ ਨਿਰਸੁਆਰਥ ਕੁਰਬਾਨੀ ”ਮੈਂ ਮਰਾਂ, ਪੰਥ ਜੀਵੇ” ਦਾ ਨਾਅਰਾ ਬਣ ਕੇ ਗੂੰਜਦੀ ਸੀ, ਸ਼ਰਧਾ-ਸਤਿਕਾਰ ਦਾ ਨਿਰਮਲ ਮਾਹੌਲ ਬਣਿਆ ਰਿਹਾ। ਹੌਲ਼ੀ ਹੌਲ਼ੀ ਧਰਮ ਦੀ ਤਾਬ ਮੱਠੀ ਪੈਂਦੇ ਜਾਣ ਤੇ ਸਿਆਸਤ ਦੀ ਚਕਾਚੌਂਧ ਤਿੱਖੀ ਹੁੰਦੇ ਜਾਣ ਕਾਰਨ ਇਸ ਮਾਹੌਲ ਵਿੱਚ ਸੁਆਰਥ ਦੀ ਮੈਲ਼ ਘੁਲਣੀ ਸ਼ੁਰੂ ਹੋ ਗਈ ਅਤੇ ਨਾਅਰਾ ਵੀ ”ਮੈਂ ਜੀਵਾਂ, ਪੰਥ ਮਰੇ” ਹੋ ਗਿਆ। ਇਸ ਅਮਲ ਦੀ ਸਿਖਰ ਓਦੋਂ ਆਈ ਜਦੋਂ ਕਮੇਟੀ ਦਾ ਪ੍ਰਧਾਨ ਚੁਣਨ ਸਮੇਂ ਆਨੰਦਪੁਰੀ ਜਮਹੂਰੀਅਤ ਦੀ ਥਾਂ ਲਫ਼ਾਫ਼ੇਬਾਜ਼ ਜਮਹੂਰੀਅਤ ਦਾ ਉਦੈ ਹੋਇਆ। ਬਾਬੇ ਨੇ ਕਰਤਾਰ ਦਾ ਗੁਣਗਾਨ ”ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ” ਉਚਰ ਕੇ ਕੀਤਾ ਸੀ, ਭਾਵ ”ਤੇਰੀ ਸਾਰੀ ਜੀਵ ਰਚਨਾ ਆਂਡੇ, ਕੁੱਖ, ਧਰਤੀ ਤੇ ਮੁੜ੍ਹਕੇ ਵਿਚੋਂ ਜਨਮੇ ਜੰਤਾਂ ਦੇ ਰੂਪ ਵਿੱਚ ਹੈ।” ਸਿਆਸਤ ਨੇ ਇਸ ਵਿੱਚ ਪੰਜਵਾਂ ਰੂਪ ਲਫ਼ਾਫ਼ਜ਼ ਜੋੜ ਦਿੱਤਾ। ਜਮਹੂਰੀ ਚੋਣ ਵਾਲੇ ਦਿਨ ਮੈਂਬਰਾਂ ਦੀ ਸਰਬਸੰਮਤ ਜਾਂ ਘੱਟੋ-ਘੱਟ ਬਹੁਸੰਮਤ ਇੱਛਾ ਵਿੱਚੋਂ ਸਾਕਾਰ ਹੋਣ ਦੀ ਥਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜੈਕਾਰਿਆਂ ਦੀ ਗੂੰਜ ਵਿੱਚ ਖੋਲ੍ਹੇ ਗਏ ਸਿਆਸੀ ਪ੍ਰਮੁੱਖ ਦੇ ਭੇਜੇ ਬੰਦ ਲਫ਼ਾਫ਼ੇ ਵਿੱਚੋਂ ਪੈਦਾ ਹੋਣ ਲਗਿਆ। ਆਖ਼ਰ ਦੋਵਾਂ ਦੇ ਸਮਾਨੰਤਰ ਸਫ਼ਰ ਦੀ ਥਾਂ ਸਿਆਸਤ ਨੇ ਧਰਮ ਨੂੰ ਪੂਰੀ ਤਰ੍ਹਾਂ ਆਪਣੇ ਹੇਠ ਲਾਉਣਾ ਸ਼ੁਰੂ ਕਰ ਦਿੱਤਾ।
ਸਿਆਸਤ ਨੂੰ ਪੰਥ, ਪੰਜਾਬ ਤੇ ਦੇਸ਼ ਦੇ ਭਲੇ ਦਾ ਵਸੀਲਾ ਸਮਝਣ ਵਾਲੇ ਉੱਚ-ਦੁਮਾਲੜੇ ਆਗੂਆਂ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਵੀ ਅਜਿਹੇ ਸਿਆਸਤਦਾਨਾਂ ਦੇ ਹੱਥ ਆਉਣ ਲੱਗੀ ਜਿਨ੍ਹਾਂ ਦੀ ਸਿੱਖੀ ਦੀ ਰਹਿਤ-ਮਰਯਾਦਾ ਸੰਬੰਧੀ ਉਠਦੇ ਸ਼ੰਕਿਆਂ ਦੇ ਜਵਾਬ ਵਿੱਚ ਸ਼੍ਰੋਮਣੀ ਕਮੇਟੀ ਦੇ ਲਫ਼ਾਫ਼ਜ਼ ਪ੍ਰਧਾਨ ਨੂੰ ਨਵਾਂ-ਨਵੇਲਾ ਸਿਧਾਂਤ ਘੜ ਕੇ ਇਹ ਕਹਿਣ ਤਕ ਤਿਲ੍ਹਕਣਾ ਪੈ ਗਿਆ ਕਿ ਅਕਾਲੀ ਦਲ ਦਾ ਅਨ-ਅੰਮ੍ਰਿਤਧਾਰੀ ਪ੍ਰਧਾਨ ਅੰਦਰੋਂ ਅੰਮ੍ਰਿਤਧਾਰੀ ਹੈ। ਅੰਮ੍ਰਿਤ ਛਕੇ ਬਿਨਾਂ ਕਿਸੇ ਦੇ ‘ਅੰਦਰੋਂ ਅੰਮ੍ਰਿਤਧਾਰੀ’ ਹੋਣ ਦਾ ਸਿਧਾਂਤ ਘੜਨ ਵਾਲੇ ਇਸ ਸੱਜਨ ਨੂੰ ਸ਼ਾਇਦ ਏਨੀ ਸੋਝੀ ਵੀ ਨਹੀਂ ਸੀ ਕਿ ਇਸ ਪ੍ਰਵਚਨ ਨਾਲ ਉਹ ਪੰਜ ਕਕਾਰਾਂ ਦੇ ਲਾਜ਼ਮੀ ਮਹੱਤਵ ਉੱਤੇ ਕਾਟਾ ਫ਼ੇਰ ਰਿਹਾ ਹੈ। ਸਾਫ਼ ਸੁਨੇਹਾ ਇਹ ਬਣਦਾ ਸੀ ਕਿ ‘ਅੰਦਰੋਂ ਅੰਮ੍ਰਿਤਧਾਰੀ’ ਨੂੰ ਅੰਮ੍ਰਿਤ ਛਕ ਕੇ ਕੇਸ, ਕੰਘਾ, ਕੱਛ, ਕੜਾ ਤੇ ਕਿਰਪਾਨ ਧਾਰਨ ਕਰਨ ਦੀ ਕੋਈ ਲੋੜ ਨਹੀਂ!
ਸਮੇਂ ਦਾ ਸਿਤਮ ਇਥੋਂ ਤਕ ਪਹੁੰਚ ਗਿਆ ਕਿ ਕਮੇਟੀ ਦੇ ਲਫ਼ਾਫ਼ਜ਼ ਪ੍ਰਧਾਨ ਰਾਹੀਂ ਸਿੰਘ ਸਾਹਿਬ ਨੂੰ ਕਿਸੇ ਵੀ ਹੋਰ ਸਾਧਾਰਨ ਕਰਮਚਾਰੀ ਵਾਂਗ ਥਾਪਣ-ਹਟਾਉਣ ਦੀ ਸ਼ਕਤੀ ਵੀ ਸਿਆਸਤ ਦੇ ਹੱਥ ਪਹੁੰਚ ਗਈ। ਸਿੱਖੀ ਦੇ ਮਾਰਗ ਤੋਂ ਥਿੜਕਣ ਦੀ ਸੂਰਤ ਵਿੱਚ ਮਹਾਰਾਜੇ ਤਕ ਨੂੰ ਕੋਰੜਿਆਂ ਦੀ ਸਜ਼ਾ ਸੁਣਾਉਣ ਵਾਲੀ ਪਦਵੀ ਸਿਆਸੀ ਰਹਿਮੋ-ਕਰਮ ਉੱਤੇ ਨਿਰਭਰ ਹੋ ਕੇ ਘੋਰ ਅਪਰਾਧਾਂ ਨਾਲ ਜੋੜੇ ਜਾਂਦੇ ਨਾਂਵਾਂ ਨੂੰ ਕਮੇਟੀ ਤੇ ਦਲ ਦੀਆਂ ਉੱਚੀਆਂ ਪਦਵੀਆਂ ਉੱਤੇ ਸੁਸ਼ੋਭਿਤ ਕੀਤੇ ਜਾਂਦੇ ਦੇਖ ਕੇ ਵੀ ਅਨਡਿੱਠ ਕਰਨ ਲਈ ਮਜਬੂਰ ਹੋਣ ਲੱਗੀ। ਜਦੋਂ ਕਤਲ ਜਿਹੇ ਅਪਰਾਧ ਨਾਲ ਜੁੜੀ ਹੋਈ ਕੋਈ ਹਸਤੀ ਸਿੱਖੀ ਵੇਸ ਵਾਲ਼ੀ ਭੀੜ ਆਪਣੇ ਨਾਲ ਲੈ ਕੇ ਤਾਰੀਖ਼ ਭੁਗਤਣ ਅਦਾਲਤ ਵੱਲ ਉਸ ਸ਼ਾਨ-ਸ਼ੌਕਤ ਨਾਲ ਜਾਂਦੀ ਹੈ ਜਿਵੇਂ ਕਿਸੇ ਸਮੇਂ ਅਕਾਲੀ ਮੋਰਚਿਆਂ ਦੇ ਜਥੇ ਜਾਇਆ ਕਰਦੇ ਸਨ, ਸਿੰਘ ਸਾਹਿਬ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ। ਦੋਸ਼ੀ-ਬੇਦੋਸ਼ੇ ਦਾ ਨਿਰਨਾ ਕਰਵਾਉਣ ਲਈ ਪੇਸ਼ ਕੀਤੇ ਜਾਂਦੇ ਸੱਤਾਧਾਰੀ ਸ਼ੱਕੀਆਂ ਨੂੰ ਸਿੰਘ ਸਾਹਿਬ ਸਨਿਮਰ ਸਿੱਖ ਹੋਣ ਦੀ ਸਨਦ ਜਾਰੀ ਕਰ ਦਿੰਦੇ ਹਨ।
ਸ਼ਰਧਾਮੁਖ ਆਨੰਦਪੁਰੀ ਧਾਰਮਿਕ ਉਜਾਲੇ ਤੋਂ ਨਿਸ਼ਰਧਕ ਚੰਡੀਗੜ੍ਹੀ ਸਿਆਸੀ ਅੰਧਕਾਰ ਵੱਲ ਦੀ ਇਸ ਤਿਲ੍ਹਕਨ ਵਿੱਚ ਅੰਮ੍ਰਿਤਸਰ ਕਿਤੇ ਪਾਸੇ ਹੀ ਰਹਿ ਗਿਆ ਅਤੇ ਬਹੁਤ ਲੋਕਾਂ ਦੀ ਸ਼ਰਧਾ ਕੱਕੀ ਰੇਤ ਵਾਂਗ ਮਨ ਦੀ ਮੁੱਠੀ ਵਿੱਚੋਂ ਕਿਰਦੀ ਗਈ। ਇਸ ਨਿਸ਼ਰਧਕ ਘੋਰ ਅੰਧਕਾਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪੰਨੇ ਕੁਝ ਲੋਕਾਂ ਵਾਸਤੇ ਆਪਣੀ ਸਵਾਰਥ-ਪੂਰਤੀ ਲਈ ਕਿਸੇ ਸਾਧਾਰਨ ਪੁਸਤਕ ਦੇ ਪੰਨਿਆਂ ਤੋਂ ਵੱਖਰੇ ਨਾ ਰਹਿ ਗਏ। ਪਾਕ-ਪਵਿੱਤਰ ਪੱਤਰੇ ਪਾੜਨ ਦਾ ਪਾਪ ਕਮਾਉਣ ਵਾਲੇ ਨਾਪਾਕ ਹੱਥ ਕੋਈ ਵੀ ਹੋਣ, ਅਸਲ ਦੋਸ਼ੀ ਉਹਨਾਂ ਹੱਥਾਂ ਨੂੰ ਜੇਰਾ, ਜੁਰੱਅਤ ਤੇ ਸੇਧ ਦੇਣ ਵਾਲੇ ਨਿਸ਼ਰਧਕ ਅੰਧਕਾਰੀ ਮਾਹੌਲ ਦੇ ਸਿਰਜਕ ਹੀ ਹਨ!
(011-42502364)

LEAVE A REPLY