ਅਪ੍ਰੈਲ ਤੋਂ ਬਿਹਾਰ ‘ਚ ਲੱਗ ਜਾਵੇਗੀ ਸ਼ਰਾਬ ‘ਤੇ ਪਾਬੰਦੀ : ਨੀਤੀਸ਼ ਕੁਮਾਰ

2ਪਟਨਾ : ਅਪ੍ਰੈਲ 2016 ਤੋਂ ਬਿਹਾਰ ਵਿਚ ਸ਼ਰਾਬ ‘ਤੇ ਪਾਬੰਦੀ ਲੱਗ ਜਾਵੇਗੀ। ਇਹ ਐਲਾਨ ਅੱਜ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਵਿਧਾਨ ਸਭਾ ਚੋਣਾਂ ਵਿਚ ਮਹਿਲਾ ਵੋਟਰਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਸੱਤਾ ਵਿਚ ਵਾਪਸੀ ਕਰੇਗੀ ਤਾਂ ਅਸੀਂ ਸੂਬੇ ਵਿਚ ਸ਼ਰਾਬ ‘ਤੇ ਪਾਬੰਦੀ ਲਾ ਦੇਵਾਂਗੇ।
ਦੂਸਰੇ ਪਾਸੇ ਨੀਤੀਸ਼ ਕੁਮਾਰ ਦੇ ਇਸ ਐਲਾਨ ਤੋਂ ਬਾਅਦ ਬਿਹਾਰ ਦੀਆਂ ਔਰਤਾਂ ਵਿਚ ਖੁਸ਼ੀ ਦੀ ਲਹਿਰ ਹੈ। ਬਿਹਾਰ ਦੀਆਂ ਔਰਤਾਂ ਨੇ ਵੋਟਾਂ ਤੋਂ ਪਹਿਲਾਂ ਇਹ ਮੰਗ ਰੱਖੀ ਸੀ ਕਿ ਸੂਬੇ ਵਿਚ ਸ਼ਰਾਬ ‘ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਪਰ ਨੀਤੀਸ਼ ਕੁਮਾਰ ਦੇ ਇਸ ਐਲਾਨ ਤੋਂ ਬਾਅਦ ਸ਼ਰਾਬ ਪੀਣ ਵਾਲੇ ਪ੍ਰੇਸ਼ਾਨ ਜ਼ਰੂਰ ਹੋਣਗੇ।
ਦੱਸਣਯੋਗ ਹੈ ਕਿ ਬੀਤੀ 20 ਨਵੰਬਰ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਨੀਤੀਸ਼ ਕੁਮਾਰ ਨੇ ਇਹ ਪਹਿਲਾ ਚੋਣ ਵਾਅਦਾ ਨਿਭਾਇਆ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਬਿਹਾਰ ਸਰਕਾਰ ਸ਼ਰਾਬਬੰਦੀ ਨੂੰ ਕਿੰਨੀ ਸਖ਼ਤੀ ਨਾਲ ਲਾਗੂ ਕਰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਬਿਹਾਰ ਸਰਕਾਰ ਵੱਲੋਂ ਲਿਆ ਗਿਆ ਇਹ ਫੈਸਲਾ ਜੇਕਰ ਕਾਰਗਰ ਸਾਬਿਤ ਹੋਇਆ ਤਾਂ ਦੇਸ਼ ਦੇ ਉਨ੍ਹਾਂ ਸੂਬਿਆਂ ਜਿਥੇ ਆਉਣ ਵਾਲੇ ਇਕ-ਦੋ ਸਾਲਾਂ ਦੌਰਾਨ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉਥੇ ਵੀ ਔਰਤਾਂ ਆਪਣੇ ਪਤੀਆਂ ਨੂੰ ਸ਼ਰਾਬ ਛੁਡਾਉਣ ਲਈ ਅਜਿਹੀਆਂ ਮੰਗਾਂ ਰੱਖ ਸਕਦੀਆਂ ਹਨ।

LEAVE A REPLY