ਚੰਡੀਗੜ੍ਹ : ਇਬਾਰਤ ਲਿਖਦਿਆਂ ਉਤਪਾਦਨ ਵਿਚ 172 ਗੁਣਾ ਵਾਧਾ ਦਰਜ ਕੀਤਾ ਗਿਆ ਹੈ ਜਿਸ ਤਹਿਤ ਪਿਛਲੇ ਤਿੰਨ ਸਾਲਾਂ ਵਿਚ ਗੈਰ ਰਵਾਇਤੀ ਊਰਜਾ ਖੇਤਰ ਤੋਂ ਬਿਜਲੀ ਉਤਪਾਦਨ 9 ਮੈਗਾਵਾਟ ਤੋਂ 1550 ਮੈਗਾਵਾਟ ਤੱਕ ਪਹੁੰਚ ਗਿਆ ਹੈ। ਅੱਜ ਇਥੇ ਇਹ ਐਲਾਨ ਕਰਦਿਆਂ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦੇਸ਼ ਵਿਚ ਕੋਈ ਵੀ ਸੂਬਾ ਏਨੇ ਥੋੜ੍ਹੇ ਸਮੇਂ ਵਿਚ ਗੈਰ ਰਵਾਇਤੀ ਊਰਜਾ ਖੇਤਰ ਦੇ ਵਿਕਾਸ ਨੂੰ ਯਕੀਨੀ ਨਹੀਂ ਬਣਾ ਸਕਿਆ ਜਦਕਿ ਪੰਜਾਬ ਵਿਚ ਕੇਵਲ ਪਿਛਲੇ ਤਿੰਨ ਸਾਲਾਂ ਵਿਚ ਹੀ 12 ਹਜਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਜਿਥੇ ਸੂਰਜੀ ਊਰਜਾ ਉਤਪਾਦਨ ਵਿਚ ਲਾ ਮਿਸਾਲ ਵਾਧਾ ਹੋਇਆ ਹੈ ਉਥੇ 10000 ਨੌਜਵਾਨਾਂ ਨੂੰ ਸਿੱਧੇ ਤੌਰ ‘ਤੇ ਰੁਜਗਾਰ ਦੇ ਮੌਕੇ ਵੀ ਮਿਲੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਗਈ ਗੈਰ ਰਵਾਇਤੀ ਊਰਜਾ ਨੀਤੀ ਦਾ ਸਭ ਤੋਂ ਅਹਿਮ ਪੱਖ ਇਹ ਹੈ ਕਿ ਇਸ ਵਿਚ ਚਾਰ ਏਕੜ ਵਾਲੇ ਕਿਸਾਨਾਂ ਤੋਂ ਲੈ ਕੇ ਬਹੁ ਕੌਮੀ ਕੰਪਨੀਆਂ ਜਿਵੇਂ ਕਿ ਅਦਾਨੀ, ਵੈਲਸਪਮ,ਐਸਲ, ਅਜੂਰ ਵਲੋਂ ਸੂਰਜੀ ਊਰਜਾ ਕ੍ਰਾਂਤੀ ਵਿਚ ਆਪੋ ਆਪਣਾ ਹਿੱਸਾ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕੇਵਲ ਦੋ ਫੀਸਦੀ ਖੇਤਰ ਹੈ ਪਰ ਹਰੀ ਕ੍ਰਾਂਤੀ ਪਿਛੋਂ ਹੁਣ ਗੈਰ ਰਵਾਇਤੀ ਊਰਜਾ ਖੇਤਰ ਵਿਚ ਵੀ ਪੰਜਾਬ ਨੇ ਕ੍ਰਾਂਤੀ ਦਾ ਮੁੱਢ ਬੰਨਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ.ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋ ਜੋ ਸੂਰਜੀ ਊਰਜਾ ਨੀਤੀ ਤਿਆਰ ਕੀਤੀ ਗਈ ਹੈ ਉਸ ਦਾ ਛੋਟੇ ਕਿਸਾਨਾਂ ਨੂੰ ਵੱਡਾ ਲਾਹਾ ਮਿਲਿਆ ਹੈ ਕਿਉਂ ਜੋ ਸਰਹੱਦੀ ਖੇਤਰ ਦੇ ਗੈਰ ਉਪਜਾਊ ਖੇਤਰਾਂ, ਮੰਡ ਖੇਤਰਾਂ ਤੇ ਹੋਰ ਬੰਜਰ ਜ਼ਮੀਨਾਂ ਵਿਚ ਗੈਰ ਰਵਾਇਤੀ ਊਰਜਾ ਦੇ ਪ੍ਰੋਜੈਕਟ ਵੱਡੀ ਪੱਧਰ ‘ਤੇ ਸਥਾਪਿਤ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਲਾਗੂ ਕੀਤੀ ਗਈ ਵਿਸ਼ੇਸ਼ ਸਕੀਮ ਤਹਿਤ 500 ਮੈਗਾਵਾਟ ਦੀ ਸਮਰੱਥਾ ਦੇ ਟੈਂਡਰ ਕੱਢੇ ਗਏ ਸਨ ਜਿਸ ਲਈ 629 ਮੈਗਾਵਾਟ ਤੱਕ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਉਹ ਜਲਦ ਹੀ ਉਭਰਦੇ ਕਿਸਾਨ ਉਦੱਮੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਸੰਵਾਦ ਰਚਾਉਣਗੇ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੂੰ ਪ੍ਰੋਜੈਕਟਾਂ ਦੀ ਸਥਾਪਨਾ ਲਈ ਤਕਨੀਕੀ ਸਹਾਇਤਾ ਵੀ ਦਿੱਤੀ ਜਾਵੇਗੀ। ਸਰਹੱਦੀ ਸੂਬੇ ਪੰਜਾਬ ਵਲੋਂ ਸੂਰਜੀ ਊਰਜਾ ਉਤਪਾਦਨ ਦੇ ਖੇਤਰ ਵਿਚ ਨਵੀਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਿਧ ਤਿਵਾੜੀ, ਪੇਡਾ ਦੇ ਸੀ.ਈ.ਓ. ਡਾ.ਅਮਰਪਾਲ ਸਿੰਘ ਦੀ ਟੀਮ ਨੂੰ ਵਧਾਈ ਦਿੰਦਿਆਂ ਸ੍ਰ. ਮਜੀਠੀਆ ਨੇ ਕਿਹਾ ਕਿ 2013 ਤੋਂ 2015 ਤੱਕ 4 ਟੈਂਡਰ ਪ੍ਰੋੋਸੈਸ ਸੁਰੂ ਕੀਤੇ ਗਏ ਸਨ ਜਿਨ੍ਹਾਂ ਨੂੰ ਨਿਵੇਸ਼ਕਾਂ ਵਲੋਂ ਲਾ ਮਿਸਾਲ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿਚ ਸੂਰਜੀ ਊਰਜਾ ਖੇਤਰ ਵਿਚ ਵਾਧੇ ਦੀਆਂ ਅਸੀਮ ਸੰਭਾਵਨਾਵਾਂ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਪੰਜਾਬ ਨੇ ਇਸ ਖੇਤਰ ਵਿਚ ਵੱਡੀ ਪਹਿਲਕਦਮੀ ਕੀਤੀ ਹੈ। ਪਹਿਲੇ ਟੈਂਡਰਾਂ ਦੌਰਾਨ 269 ਮੈਗਾਵਾਟ ਦੇ 25 ਪ੍ਰੋਜੈਕਟਾਂ ਦੀ ਬੋਲੀ ਲਗਾਈ ਗਈ ਸੀ ਜਿਸ ਤਹਿਤ 1800 ਕਰੋੜ ਦਾ ਨਿਵੇਸ਼ ਹੋਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ 188 ਮੈਗਾਵਾਟ ਦੇ ਪ੍ਰੋਜੈਕਟ ਪਹਿਲਾਂ ਹੀ ਕੰਮ ਸੁਰੂ ਕਰ ਚੁੱਕੇ ਹਨ। ਇਸੇ ਤਰ੍ਹਾਂ ਦੂਸਰੀ ਬੋਲੀ ਵਿਚ ਦਸੰਬਰ 2014 ਦੌਰਾਨ 250 ਮੈਗਾਵਾਟ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਜਿਸ ਦੇ ਵਿਰੁੱਧ ਵਿਭਾਗ ਨੂੰ 389 ਮੈਗਾਵਾਟ ਦੀ ਸਮਰੱਥਾ ਦੇ ਪ੍ਰੋਜੈਕਟਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ। ਉਨ੍ਹਾਂ ਕਿਹਾ ਕਿ ਇਸ ਵਿਚੋਂ 228 ਮੈਗਾਵਾਟ ਦੇ 24 ਪ੍ਰੋਜੈਕਟ 31 ਜਨਵਰੀ ਤੱਕ ਸੁਰੂ ਹੋ ਜਾਣਗੇ ਜਿਨ੍ਹਾਂ ‘ਤੇ ਕੁੱਲ ਨਿਵੇਸ਼ 1700 ਕਰੋੜ ਰੁਪਏ ਹੋਇਆ ਹੈ। ਤੀਜੇ ਪੜਾਅ ਵਿਚ ਜੂਨ 2015 ਵਿਚ 500 ਮੈਗਾਵਾਟ ਦੇ ਪ੍ਰੋਜੈਕਟਾਂ ਦੇ ਟੈਂਡਰ ਮੰਗੇ ਗਏ ਸਨ ਜਿਸ ‘ਤੇ ਪੇਡਾ ਨੂੰ 1650 ਮੈਗਾਵਾਟ ਲਈ ਬਿਨੈ ਪੱਤਰ ਪ੍ਰਾਪਤ ਹੋਏ ਅਤੇ ਇਹ ਪ੍ਰੋਜੈਕਟ 3000 ਕਰੋੜ ਦੇ ਨਿਵੇਸ਼ ਨਾਲ 31 ਜਨਵਰੀ 2017 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਛੱਤਾਂ ‘ਤੇ ਲੱਗਣ ਵਾਲੇ ਸੂਰਜੀ ਊਰਜਾ ਮੀਟਰਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 100 ਮੈਗਾਵਾਟ ਦੀ ਸਮੱਰਥਾ ਲਈ ਜਾਰੀ ਕੀਤੇ ਟੈਂਡਰਾਂ ਨੂੰ ਵੀ ਨਿਵੇਸ਼ਕਾਂ ਵਲੋਂ ਵੱਡਾ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ‘ਤੇ 400 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਇਹ ਮਾਰਚ 2016 ਤੱਕ ਉਤਪਾਦਨ ਸੁਰੂ ਕਰ ਦੇਣਗੇ। ਨਹਿਰਾਂ ਦੇ ਕੰਢਿਆਂ ‘ਤੇ ਸੂਰਜੀ ਊਰਜਾ ਵਾਲੇ ਪ੍ਰੋਜੈਕਟਾਂ ਲਈ 200 ਕਰੋੜ ਦਾ ਨਿਵੇਸ਼ ਹੋ ਰਿਹਾ ਹੈ ਅਤੇ 5 ਮੈਗਾਵਾਟ ਦੇ ਇਹ ਪ੍ਰੋਜੈਕਟ ਮਾਰਚ 2017 ਤੱਕ ਉਤਪਾਦਨ ਸੁਰੂ ਕਰਨਗੇ। ਕਿਸਾਨਾਂ ਵਲੋਂ ਸੂਰਜੀ ਊਰਜਾ ਪ੍ਰੋਜੈਕਟਾਂ ਬਾਰੇ ਦਿਖਾਏ ਉਤਸ਼ਾਹ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 629 ਮੈਗਾਵਾਟ ਦੇ ਇਹ ਪ੍ਰੋਜੈਕਟ ਮਾਰਚ 2017 ਤੱਕ ਸੁਰੂ ਹੋਣਗੇ ਜਿਨ੍ਹਾਂ ‘ਤੇ ਕੁੱਲ ਲਾਗਤ 3000 ਕਰੋੜ ਰੁਪਏ ਹੈ।
ਪ੍ਰਵਾਸੀ ਭਾਰਤੀਆਂ ਵਲੋਂ ਸੂਰਜੀ ਊਰਜਾ ਦੇ ਪ੍ਰੋਜੈਕਟਾਂ ਵਿਚ ਦਿਖਾਏ ਉਤਸ਼ਾਹ ਬਾਰੇ ਸ੍ਰ.ਮਜੀਠੀਆ ਨੇ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਵਲੋਂ 655 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ ਜਿਸ ਤਹਿਤ 91 ਮੈਗਾਵਾਟ ਦੇ ਪ੍ਰੋਜੈਕਟ ਸਥਾਪਿਤ ਕੀਤੇ ਜਾਣੇ ਹਨ