ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਬਣਾਉਣਾ ਸੁਖਬੀਰ ਦੀ ਸਿਆਸਤ ਦਾ ਹਿੱਸਾ : ਬਾਜਵਾ

3ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸੁਪਰੀਮ ਕੋਰਟ ਦੀ ਉਸ ਟਿੱਪਣੀ ਨੂੰ ਝੂਠਾ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ, ਜਿਸ ‘ਚ ਕੋਰਟ ਨੇ ਕਿਹਾ ਹੈ ਕਿ ਨਸ਼ਾਖੋਰੀ ਨੇ ਦਿਹਾਤੀ ਪੰਜਾਬ ਦੀ ਇਕ ਪੂਰੀ ਪੀੜ੍ਹੀ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਾਬ ਸਮੇਤ ਨਸ਼ਿਆਂ ਦਾ ਇਸਤੇਮਾਲ ਕਰਨਾ ਸੱਤਾਧਾਰੀ ਪਾਰਟੀ ਦਾ ਸਿਆਸੀ ਹਥਿਆਰ ਬਣ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਨਸ਼ਾਖੋਰੀ ਦਾ ਮੁੱਦਾ ਪਹਿਲਾਂ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਚੁੱਕਿਆ ਗਿਆ ਸੀ ਅਤੇ ਉਸੇ ਮੁੱਦੇ ਨੂੰ ਸੁਪਰੀਮ ਕੋਰਟ ਨੇ ਹੋਰ ਸਖ਼ਤ ਲਹਿਜ਼ੇ ‘ਚ ਚੁੱਕਿਆ ਹੈ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ‘ਚ ਨਸ਼ਿਆਂ ਦਾ ਸਫਾਇਆ ਕਰਨ ਸਬੰਧੀ ਆਪਣੇ ਵਾਅਦੇ ਦੀ ਯਾਦ ਦਿਲਾਉਂਦਿਆਂ ਇਸ ਨੂੰ ਪੂਰਾ ਕਰਨ ਜਾਂ ਗਠਜੋੜ ਤੋਂ ਬਾਹਰ ਆਉਣ ਲਈ ਕਿਹਾ ਹੈ। ਅਕਾਲੀ ਦਲ ਤੋਂ ਸਿਆਸੀ ਤਲਾਕ ਲੈਣ ਦਾ ਇਹ ਉਚਿਤ ਸਮਾਂ ਹੈ।
ਸਦਭਾਵਨਾ ਰੈਲੀ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਬਾਜਵਾ ਨੇ ਕਿਹਾ ਕਿ ਇਹ ਲੋਕਾਂ ਸਾਹਮਣੇ ਆ ਚੁੱਕਾ ਹੈ ਕਿ ਬੀਤੇ ਦਿਨ ਬਠਿੰਡਾ ‘ਚ ਕਿਵੇਂ ਹੇਠਲੇ ਪੱਧਰ ਦੇ ਲੋਕਾਂ ਨੂੰ ਪੈਸੇ ਤੇ ਸ਼ਰਾਬ ਦੀ ਲਾਲਚ ਦੇ ਕੇ ਇਕੱਠਾ ਕੀਤਾ ਗਿਆ ਤੇ ਇਹ ਵੱਡੇ ਪੱਧਰ ‘ਤੇ ਵੰਡੇ ਗਏ। ਲੋਕ ਸਰ੍ਹੇਆਮ ‘ਗੱਭਰੂ’ ਸ਼ਰਾਬ ਦੀਆਂ ਪੇਟੀਆਂ ਲਿਜਾਂਦੇ ਦਿਖੇ ਅਤੇ ਇਸ ਲਈ ਪੰਥਕ ਸਰਕਾਰ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਆਪਣੀ ਲੋਕਪ੍ਰਿਅਤਾ ਦਾ ਦਾਅਵਾ ਕਰਨ ਲਈ ਇਹ ਕਿਹੜਾ ਤਰੀਕਾ ਸੀ।
ਬਾਜਵਾ ਨੇ ਬਾਦਲ ਨੂੰ ਬਿਨ੍ਹਾਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੇ ਪੈਸੇ ਅਤੇ ਸ਼ਰਾਬ ਦਾ ਇਸਤੇਮਾਲ ਕੀਤੇ ਅਗਲੀ ਰੈਲੀ ਮੋਗਾ ‘ਚ ਕਰਨ ਦੀ ਚੁਣੌਤੀ ਦਿੱਤੀ ਹੈ, ਤਾਂ ਜੋ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਦੀ ਅਸਲੀ ਲੋਕਪ੍ਰਿਅਤਾ ਦਾ ਪਤਾ ਚੱਲ ਸਕੇ। ਬਾਦਲ ਪਰਿਵਾਰ ਲਈ ਅਸਲੀ ਚੈਲੇਂਜ ਆਪਣੀ ਸਦਭਾਵਨਾ ਰੈਲੀਆਂ ਲਈ ਪੰਜਾਬ ‘ਚੋਂੋ ਲੋਕਾਂ ਨੂੰ ਇਕੱਠਾ ਕਰਨਾ ਹੋਵੇਗਾ ਕਿਉਂਕਿ ਬਠਿੰਡਾ ਰੈਲੀ ਸ਼ਰਾਬ ਦੀ ਸਰ੍ਹੇਆਮ ਵੰਡ ਲਈ ਖਿੱਚ ਦਾ ਕੇਂਦਰ ਬਣ ਕੇ ਸਾਹਮਣੇ ਆਈ ਹੈ।
ਬਾਜਵਾ ਨੇ ਦੋਸ਼ ਲਗਾਇਆ ਕਿ ਰੈਲੀ ਲਈ ਲੋਕਾਂ ਨੂੰ ਸ਼ਰਾਬ ਤੋਂ ਇਲਾਵਾ 300 ਤੋਂ 1000 ਰੁਪਏ ਪ੍ਰਤੀ ਵਿਅਕਤੀ ਦੇਣ ਦਾ ਵਾਅਦਾ ਕਰਕੇ ਲਿਆਉਂਦਾ ਗਿਆ ਸੀ। ਲੋਕਾਂ ਨੂੰ ਹਰਿਆਣਾ ਤੇ ਰਾਜਸਥਾਨ ਤੋਂ ਲਿਆਉਂਦਾ ਗਿਆ, ਪਰ ਅਜਿਹੀ ਸਿਆਸਤ ਬਾਦਲ ਪਰਿਵਾਰ ਦੀ ਕੋਈ ਮਦੱਦ ਨਹੀਂ ਕਰ ਸਕੇਗੀ।
ਉਨ੍ਹਾਂ ਨੇ ਸੁਪਰੀਮ ਕੋਰਟ ਦੀ ਟਿੱਪਣੀ ਦਾ ਜ਼ਿਕਰ ਕੀਤਾ ਹੈ ਕਿ ਸੂਬੇ ਦੀ ਇਕ ਪੂਰੀ ਪੀੜ੍ਹੀ ਨੂੰ ਨਸ਼ਾ ਤਸਕਰਾਂ ਨੇ ਤਬਾਹ ਕਰ ਦਿੱਤਾ ਹੈ, ਜੋ ਸਪੱਸ਼ਟ ਤੌਰ ‘ਤੇ ਸੂਬਾ ਸਰਕਾਰ ‘ਤੇ ਕਲੰਕ ਸਮਾਨ ਹੈ, ਜਿਹੜੀ ਮਾਫੀਆ ਸਰਕਾਰ ‘ਚ ਬਦਲ ਚੁੱਕੀ ਹੈ। ਇਹ ਕੋਰੀ ਸੱਚਾਈ ਹੈ ਕਿ ਅਜਿਹੇ ਗਲਤ ਕੰਮ ਸੱਤਾਧਾਰੀ ਪਾਰਟੀ ਦੀ ਸਿਆਸੀ ਸ਼ੈਅ ਤੋਂ ਬਗੈਰ ਨਹੀਂ ਹੋ ਸਕਦੇ ਅਤੇ ਨਸ਼ਾ ਤਸਕਰੀ ਨਾਲ ਜੁੜੇ ਪਾਏ ਗਏ ਅਕਾਲੀ ਮੰਤਰੀਆਂ ਤੇ ਸਾਬਕਾ ਮੰਤਰੀਆਂ ਦੇ ਨਾਂ ਈ.ਡੀ ਕੋਲ ਤਫਤੀਸ਼ ਅਧੀਨ ਹਨ।
ਉਨ੍ਹਾਂ ਨੇ ਕਿਹਾ ਕਿ ਰਾਹੁਲ ਨੇ ਸਿਰਫ ਪੰਜਾਬ ਦੇ ਨੌਜ਼ਵਾਨਾਂ ਵੱਲੋਂ ਵੱਡੇ ਪੱਧਰ ‘ਤੇ ਨਸ਼ਿਆਂ ਦੇ ਇਸਤੇਮਾਲ ਪ੍ਰਤੀ ਆਪਣੀ ਚਿੰਤਾ ਪ੍ਰਗਟਾਈ ਸੀ ਅਤੇ ਹੁਣ ਸੁਪਰੀਮ ਕੋਰਟ ਨੇ ਬਿਗੜ ਰਹੀ ਹਾਲਤ ‘ਤੇ ਸਖ਼ਤ ਨੋਟਿਸ ਲਿਆ ਹੈ।

LEAVE A REPLY