ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਵਿਧਾਇਕ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਜਿਵੇਂ ਕਿ ਪੀ.ਟੀ.ਸੀ ਚੈਨਲ ਵੱਲੋਂ ਦਿਖਾਇਆ ਜਾ ਰਿਹਾ ਹੈ, ਸਰਕਾਰੀ ਮਸ਼ੀਨਰੀ ਦੀ ਮੁਕੰਮਲ ਦੁਰਵਰਤੋਂ ਕਰਕੇ ਅਤੇ ਗਰੀਬਾਂ ਨੂੰ ਪੈਸੇ, ਸ਼ਰਾਬ ਆਦਿ ਦਾ ਲਾਲਚ ਦੇ ਕੇ 50,000 ਜਾਂ ਇੱਕ ਲੱਖ ਲੋਕਾਂ ਦਾ ਇਕੱਠ ਕਰ ਲੈਣਾ ਕੋਈ ਵੱਡੀ ਪ੍ਰਾਪਤੀ ਨਹੀਂ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭੀੜ ਇਕੱਠੀ ਕਰਨ ਲਈ ਬਾਦਲ ਜੋੜੀ ਨੇ ਸਿਵਲ ਅਤੇ ਪੁਲਿਸ ਮਸ਼ੀਨਰੀ ਉੱਪਰ ਦਿਨ ਰਾਤ ਇੱਕ ਕਰ ਦੇਣ ਦਾ ਦਬਾਅ ਬਣਾਇਆ। ਸਾਰੇ ਹੀ ਡੀ.ਟੀ.ਉ ਨੇ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਦੀਆਂ ਬਾਹਾਂ ਮਰੋੜ ਕੇ ਲੋਕਾਂ ਨੂੰ ਰੈਲੀ ਵਾਲੇ ਸਥਾਨ ਉੱਪਰ ਪਹੁੰਚਾਉਣ ਲਈ ਮਾਲਵੇ ਦੇ ਹਰ ਪਿੰਡ ਵਿੱਚ ਬੱਸਾਂ ਭੇਜੀਆਂ। ਲੋਕਾਂ ਨੂੰ ਲਾਲਚ ਦੇਣ ਲਈ ਸਰਪੰਚਾਂ ਨੇ ਗੁਰਦੁਆਰਿਆਂ ਦੇ ਸਪੀਕਰਾਂ ਉੱਪਰ ਐਲਾਨ ਕਰਵਾਇਆ ਕਿ ਸਿਰਫ ਉਹਨਾਂ ਹੀ ਮਨਰੇਗਾ ਵਰਕਰਾਂ, ਬਜੁਰਗਾਂ ਅਤੇ ਵਿਧਵਾ ਅੋਰਤਾਂ ਦੀਆਂ ਪੈਨਸ਼ਨਾਂ, ਆਟਾ ਦਾਲ ਰਾਸ਼ਨਕਾਰਡ ਧਾਰਕਾਂ ਦੇ ਬਕਾਏ ਯਕੀਨੀ ਬਣਾਏ ਜਾਣਗੇ ਜੋ ਰੈਲੀ ਵਿੱਚ ਹਿੱਸਾ ਲੈਣਗੇ। ਹੋਰਨਾਂ ਸ਼ਬਦਾਂ ਵਿੱਚ ਇਕੱਠ ਮੁਕੰਮਲ ਤੌਰ ਉੱਤੇ ਬਿਨਾਂ ਦਿਲਚਸਪੀ ਵਾਲਾ ਗੈਰ ਅਕਾਲੀ ਸੀ ਅਤੇ ਹਕੀਕਤ ਵਿੱਚ ਮਨਰੇਗਾ ਵਰਕਰ, ਆਂਗਣਵਾੜੀ ਵਰਕਰ, ਪੈਨਸ਼ਨਰ, ਆਟਾ ਦਾਲ ਲਾਭਪਾਤਰ ਅਤੇ ਸਾਦਾ ਕੱਪੜਿਆਂ ਵਿੱਚ ਪੁਲਿਸ ਵਾਲੇ ਸਨ। ਇਹ ਸਿਰਫ ਬਾਦਲ ਪਰਿਵਾਰ ਦੀਆਂ ਮੁਕੰਮਲ ਅਸਫਲਤਾਵਾਂ ਉੱਪਰ ਪਰਦਾ ਪਾਉਣ ਲਈ ਬੰਦੀ ਬਣਾਏ ਗਏ ਲੋਕ ਸਨ। ਸਟੇਜ਼ ਤੋਂ ਬਾਰ ਬਾਰ ਲਗਾਏ ਜਾ ਰਹੇ ਨਾਅਰਿਆਂ ਦਾ ਬਾਦਲਾਂ ਦੇ ਪਾਲੇ ਵੱਧ ਤੋਂ ਵੱਧ 100 ਗੁੰਡਿਆਂ ਨੇ ਹੀ ਜਵਾਬ ਦਿੱਤਾ, ਜਦਕਿ ਬਾਕੀ ਸਾਰੀ ਭੀੜ ਚੁੱਪ ਚਾਪ ਅਤੇ ਬੇ-ਧਿਆਨੀ ਸੀ।
ਇਥੋਂ ਜਾਰੀ ਇਕ ਬਿਆਨ ਵਿਚ ਸ. ਖਹਿਰਾ ਨੇ ਆਖਿਆ ਕਿ ਰੈਲੀ ਦੇ ਖਤਮ ਹੋਣ ਤੋਂ ਬਾਅਦ ਬੱਸਾਂ ਵਿੱਚ ਸ਼ਰਾਬ ਦੀਆਂ ਪੇਟੀਆਂ ਵੰਡ ਰਹੇ ਅਕਾਲੀ ਵਰਕਰਾਂ ਦੀਆਂ ਫੋਟੋਆਂ ਸ਼ੋਸ਼ਲ ਮੀਡੀਆ ਵਿੱਚ ਵਾਇਰਲ ਹੋ ਗਈਆਂ ਹਨ, ਜੋ ਕਿ ਸਿਰਫ ਇਹ ਹੀ ਦਿਖਾਉਂਦਾ ਹੈ ਕਿ ਲੋਕਾਂ ਨੂੰ ਇਕੱਠੇ ਕਰਨ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਨਾਲ ਨਾਲ ਪੈਸੇ ਅਤੇ ਸ਼ਰਾਬ ਨੇ ਵੀ ਵੱਡੀ ਭੂਮਿਕਾ ਨਿਭਾਈ, ਜਿਸ ਵੱਡੇ ਪੈਮਾਨੇ ਉੱਪਰ ਇਸ ਰੈਲੀ ਵਿੱਚ ਸ਼ਰਾਬ ਵੰਡੀ ਗਈ ਹੈ, ਇਹ ਸਦਭਾਵਨਾ ਘੱਟ ਅਤੇ ‘ਸੰਤਰਾ-ਰਸਭਰੀ’ ਰੈਲੀ ਜਿਆਦਾ ਸਾਬਿਤ ਹੋਈ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਬਾਦਲ ਜੋੜੀ ਨੂੰ ਚੁਣੋਤੀ ਹੈ ਕਿ ਸਾਡੇ ਉੱਪਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕੀਤੇ ਜਾਣ ਦੇ ਇਲਜਾਮ ਲਗਾਉਣ ਤੋਂ ਪਹਿਲਾਂ ਉਹ ਆਪਣੇ ਵੱਲੋਂ ਨਿਭਾਈ ਗਈ ਹੇਠ ਲਿਖੇ ਸ਼ੱਕੀ, ਦਾਗੀ ਅਤੇ ਦੇਸ਼ ਵਿਰੋਧੀ ਭੂਮਿਕਾ ਬਾਰੇ ਸਪੱਸ਼ਟੀਕਰਨ ਦੇਣ ਕਿ ਕੀ ਬਾਦਲ ਇਸ ਤੱਥ ਤੋਂ ਮੁਕਰ ਸਕਦੇ ਹਨ ਕਿ 27 ਫਰਵਰੀ 1984 ਨੂੰ ਆਰਟੀਕਲ 25 ਕਲੋਜ਼ (ਬੀ) ਪੈਰਾ 2 ਵਿੱਚ ਸੋਧ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਉਹਨਾਂ ਨੇ ਸੰਸਦ ਸਾਹਮਣੇ ਸੰਵਿਧਾਨ ਦੀ ਕਾਪੀ ਸਾੜੀ ਸੀ? ਕੀ ਸ਼੍ਰੀ ਬਾਦਲ ਇਸ ਤੋਂ ਮੁਕਰ ਸਕਦੇ ਹਨ ਕਿ ਭਾਰਤੀ ਸੂਬੇ ਨਾਲ ਹਥਿਆਰਬੰਦ ਲੜਾਈ ਲੜਣ ਲਈ ਉਹਨਾਂ ਨੇ ਧਰਮ ਯੁੱਧ ਮੋਰਚੇ ਦੋਰਾਨ 1992 ਵਿੱਚ ਅਕਾਲ ਤਖਤ ਸਾਹਮਣੇ ਇੱਕ ਲੱਖ ਮਰਜੀਵੜਿਆਂ ਦੀ ਫੋਜ਼ ਤਿਆਰ ਕੀਤੀ ਸੀ? 1992 ਵਿੱਚ ਖਾਲਿਸਤਾਨ ਦੇ ਅਜਾਦ ਸਿੱਖ ਸੂਬੇ ਦੀ ਮੰਗ ਨੂੰ ਲੈ ਕੇ 1992 ਵਿੱਚ ਉਸ ਵੇਲੇ ਦੇ ਯੂ.ਐਨ.ਉ. ਦੇ ਸਕੱਤਰ ਜਨਰਲ ਬੋਤਰਸ ਬੋਤਰਸ ਘਾਲੀ ਨੂੰ ਦਿੱਲੀ ਵਿਖੇ ਮਿਲਣ ਤੋਂ ਕੀ ਸ਼੍ਰੀ ਬਾਦਲ ਇਨਕਾਰੀ ਹੋ ਸਕਦੇ ਹਨ? ਕੀ ਇਹ ਸੱਚ ਹੈ ਕਿ 1993 ਵਿੱਚ ਉਸ ਵੇਲੇ ਦੇ ਕੱਟੜ ਖਾੜਕੂ ਅਤੇ ਕੇ.ਸੀ.ਐਫ ਦੇ ਜਨਰਲ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਭੋਗ ਸਮਾਗਮ ਵਿੱਚ ਸ਼ਾਮਿਲ ਹਏ ਸਨ ਅਤੇ ਉਸ ਦੀ ਭਰਪੂਰ ਸ਼ਲਾਘਾ ਕੀਤੀ ਸੀ? ਕੀ ਇਹ ਝੂਠ ਹੈ ਕਿ ਆਪ੍ਰੇਸ਼ਨ ਬਲਿਊ ਸਟਾਰ ਤੋ ਬਾਅਦ ਸ਼੍ਰੀ ਬਾਦਲ ਨੇ ਭਾਰਤੀ ਫੋਜ਼ ਦੇ ਸਾਰੇ ਸਿੱਖ ਅਫਸਰਾਂ ਅਤੇ ਜਵਾਨਾਂ ਨੂੰ ਆਪਣੀਆਂ ਬੈਰਕਾਂ ਤੋੜ ਦੇਣ ਲਈ ਉਕਸਾਇਆ ਸੀ? ਕੀ ਇਹ ਵੀ ਝੂਠ ਹੈ ਕਿ ਵੱਡੇ ਖਾੜਕੂ ਵੱਸਣ ਸਿੰਘ ਜਫਰਵਾਲ ਜੋ ਕਿ ਹੁਣ ਸਰਬੱਤ ਖਾਲਸਾ ਦਾ ਪ੍ਰ੍ਰਬੰਧਕ ਹੈ, ਦੇ ਆਤਮ ਸਮਰਪਣ ਅਤੇ ਮੁੜ ਵਸੇਂਵੇ ਨੂੰ ਬਾਦਲ ਜੋੜੀ ਨੇ ਯਕੀਨੀ ਬਣਾਇਆ ਸੀ?
ਉਨ੍ਹਾਂ ਕਿਹਾ ਕਿ ਇਸ ਲਈ ਕਾਂਗਰਸ ਦੀ ਬਾਦਲ ਜੋੜੀ ਨੂੰ ਸਲਾਹ ਹੈ ਕਿ ਸਾਡੇ ਉੱਪਰ ਇਲਜਾਮ ਲਗਾਉਣ ਤੋਂ ਪਹਿਲਾਂ ਉਹ ਤੱਥਾਂ ਦੀ ਚੰਗੀ ਤਰਾਂ ਨਾਲ ਜਾਂਚ ਅਤੇ ਘੋਖ ਕਰੇ।ਇਹ ਤ੍ਰਾਸਦੀ ਵਾਲੀ ਗੱਲ ਹੈ ਕਿ ਪੰਥਕ ਸਿਆਸਤ ਦੇ ਹੈਡਕੁਆਟਰ ਅਤੇ ਧੁਰੇ ਸ਼੍ਰੀ ਦਰਬਾਰ ਸਾਹਿਬ ਵਿਖੇ ਜਾਣ ਲੱਗੇ ਅਕਾਲੀ ਦਲ ਦੇ ਪ੍ਰਧਾਨ ਜੂਨੀਅਰ ਬਾਦਲ ਨੂੰ ਵੱਡੀ ਸਿਕਉਰਟੀ ਅਤੇ ਐਸ.ਜੀ.ਪੀ.ਸੀ ਟਾਸਕ ਫੋਰਸ ਦੀ ਜਰੂਰਤ ਪੈਂਦੀ ਹੈ। ਕਾਂਗਰਸ ਦੀ ਬਾਦਲ ਜੋੜੀ ਨੂੰ ਚੁਣੋਤੀ ਹੈ ਕਿ ਜੇਕਰ ਉਹ ਆਪਣੀ ਅਸਲ ਲੋਕਪ੍ਰਿਅਤਾ ਜਾਣਨਾ ਚਾਹੁੰਦੇ ਹਨ ਤਾਂ ਬਿਨਾਂ ਵੱਡੇ ਸਿਕਉਰਟੀ ਲਾਮ ਲਸ਼ਕਰ ਦੇ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਵਿਚਰ ਕੇ ਦਿਖਾਉਣ।