ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਿੰਚਾਈ ਦੇਣ ਲਈ ਕੰਢੀ ਕੈਨਾਲ ਪ੍ਰਾਜੈਕਟ ਅਧੀਨ ਇੱਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਹੈ, ਜਿਸ ਤਹਿਤ 750 ਕਰੋੜ ਰੁਪਏ ਦੀ ਲਾਗਤ ਨਾਲ 15 ਨਵੇਂ ਡੈਮ ਉਸਾਰੇ ਜਾਣਗੇ ਅਤੇ ਇਹ ਡੈਮਾਂ ਨੂੰ ਅਗਲੇ ਪੰਜ ਸਾਲਾਂ ‘ਚ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਪੰਜਾਬ ਦੇ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਿੰਚਾਈ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਬਰਸਾਤ ਦੇ ਦਿਨਾਂ ‘ਚ ਕੰਢੀ ਇਲਾਕਿਆਂ ਦੇ ਕਿਸਾਨਾਂ ਦੀ ਫਸਲ ਬਰਸਾਤੀ ਪਾਣੀ ਨਾਲ ਖ਼ਰਾਬ ਹੋ ਜਾਂਦੀ ਹੈ ਅਤੇ ਇਸ ‘ਤੇ ਕਾਬੂ ਪਾਉਣ ਲਈ ਸਰਕਾਰ ਵਲੋਂ 15 ਨਵੇਂ ਡੈਮ ਉਸਾਰਨ ਦੀ ਯੋਜਨਾ ਬਣਾਈ ਗਈ ਹੈ, ਜਿਸ ਅਧੀਨ ਹੁਸ਼ਿਆਰਪੁਰ ‘ਚ 7, ਸ਼ਹੀਦ ਭਗਤ ਸਿੰਘ ਨਗਰ ‘ਚ 4, ਪਠਾਨਕੋਟ ‘ਚ 2 ਅਤੇ ਐਸ.ਏ.ਐਸ. ਨਗਰ (ਮੁਹਾਲੀ ) ‘ਚ 1 ਡੈਮ ਉਸਾਰਿਆ ਜਾਵੇਗਾ ਅਤੇ ਹਰ ਇੱਕ ਡੈਮ ‘ਤੇ 50 ਕਰੋੜ ਰੁਪਏ ਦੀ ਲਾਗਤ ਆਵੇਗੀ। ਸ. ਢਿਲੋਂ ਨੇ ਕਿਹਾ ਕਿ ਇਨ੍ਹਾਂ ਦੀ ਉਸਾਰੀ ਨਾਲ ਕੰਢੀ ਖੇਤਰ ਦੇ ਵਿੱਚ ਹੜਾਂ ਦੇ ਸੰਭਾਵੀਂ ਨੁਕਸਾਨ ਦੀ ਸਥਿਤੀ ਕਾਫੀ ਹੱਦ ਤੱਕ ਕੰਟਰੋਲ ਹੇਠ ਆ ਜਾਵੇਗੀ।
ਸ. ਢਿਲੋਂ ਨੇ ਦੱਸਿਆ ਕਿ ਛੇਤੀ ਹੀ ਕੰਢੀ ਖੇਤਰ-1, ਤਲਵਾੜੇ ਤੋਂ ਹੁਸ਼ਿਆਰਪੁਰ (60 ਕਿਲੋਮੀਟਰ) ਅਤੇ ਕੰਢੀ ਖੇਤਰ-2, ਹੁਸ਼ਿਆਰਪੁਰ ਤੋਂ ਬਲਾਚੌਰ (70 ਕਿਲੋਮੀਟਰ) ਦੀਆਂ ਸਾਈਡਾਂ ‘ਤੇ ਖ਼ਾਲਿਆਂ ਦਾ ਨਵੀਨੀਕਰਨ ਕੀਤਾ ਜਾਵੇਗਾ, ਜਿਸ ‘ਤੇ 4 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੰਢੀ ਖੇਤਰ ਦੇ ਲੋਕਾਂ ਨੂੰ ਬਿਨ੍ਹਾਂ ਜ਼ਰੂਰਤ ਤੋਂ ਪਾਣੀ ਦੀ ਬਹੁਤਾਤ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਅਤੇ ਜਦੋਂ ਪਾਣੀ ਦੀ ਜ਼ਰੂਰਤ ਹੁੰਦੀ ਹੈ ਉਦੋਂ ਸੋਕਾ ਪੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਦਰਪੇਸ਼ ਸਮੱਸਿਆਵਾਂ ਦਾ ਪੱਕਾ ਹੱਲ ਕਰਨ ਲਈ ਹੀ ਇਨ੍ਹਾਂ ਖ਼ਾਲਿਆਂ ਨੂੰ ਪੱਕਾ ਤੇ ਇਨ੍ਹਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਮਾਰਚ 2016 ਤੱਕ ਨੇਪਰੇ ਚਾੜ੍ਹ ਲਏ ਜਾਣਗੇ।
ਸ. ਢਿਲੋਂ ਨੇ ਨਹਿਰੀ ਪਾÎਣੀ ਦੇ ਵਿਧੀਬੱਧ ਕਰਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕੰਢੀ ਖੇਤਰ ‘ਚ ਪਹਿਲਾਂ ਕੇਵਲ 13 ਹਜਾਰ ਹੈਕਟੇਅਰ ਸਿਚਾਈ ਅਧੀਨ ਸੀ ਅਤੇ ਇਨ੍ਹਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਸਬੰਧਤ ਖੇਤਰ ਨੂੰ 24 ਹਜ਼ਾਰ ਹੈਕਟੇਅਰ ਰਕਬਾ ਸਿੰਚਾਈ ਅਧੀਨ ਸ਼ਾਮਲ ਕਰੇਗੀ।
ਇਸ ਮੌਕੇ ਸ. ਸਹਿਜਪ੍ਰੀਤ ਸਿੰਘ ਮਾਂਗਟ, ਓ.ਐਸ.ਡੀ, ਸਿੰਚਾਈ ਵਿਭਾਗ ਦੇ ਸਮੂਹ ਚੀਫ ਇੰਜੀਨੀਅਰ, ਅਤੇ ਅਧਿਕਾਰੀ ਹਾਜ਼ਰ ਸਨ।