ਅਲਬਰਟਾ ਦੇ ਸਾਬਕਾ ਮੰਤਰੀ ਨੌਜਵਾਨ ਐਮ ਐਲ ਏ ਮਨਮੀਤ ਭੁੱਲਰ ਦੀ ਸੜਕ ਹਾਦਸੇ ਵਿੱਚ ਮੌਤ
ਕੈਲਗਰੀ: ਕੈਲਗਰੀ ਦੇ ਹਲਕਾ ਗਰੀਨ ਵੇਅ ਤੋਂ ਐਮ ਐਲ ਏ ਅਤੇ ਅਲਬਰਟਾ ਦੀ ਪਿਛਲੀ ਸਰਕਾਰ ਵਿੱਚ ਮੰਤਰੀ ਰਹੇ ਸ: ਮਨਮੀਤ ਸਿੰਘ ਭੁੱਲਰ ਦੀ ਕੈਲਗਰੀ ਤੋਂ ਐਡਮਿੰਟਨ ਜਾਂਦਿਆਂ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਹੈ। ਸੜਕ ਉੱਪਰ ਜਿਆਦਾ ਬਰਫਵਾਰੀ ਹੋਣ ਕਾਰਨ ਮਨਮੀਤ ਭੁੱਲਰ ਦੀ ਕਾਰ ਦੇ ਅੱਗੇ ਜਾ ਰਹੀ ਕਾਰ ਤਿਲਕ ਜਾਣ ਉਪਰੰਤ ਮਨਮੀਤ ਉਸ ਦੀ ਮੱਦਦ ਵਾਸਤੇ ਜਿਉਂ ਹੀ ਆਪਣੀ ਗੱਡੀ ਵਿੱਚੋਂ ਬਾਹਰ ਨਿਕਲਿਆ ਅਤੇ ਪਿੱਛੋ ਆ ਰਹੇ ਟਰੱਕ ਨੇ ਆਪਣਾ ਕੰਟਰੋਲ ਗੁਆ ਲੈਣ ਉਪਰੰਤ ਉਸਦੀ ਗੱਡੀ ਵਿੱਚ ਸਿੱਧੀ ਟੱਕਰ ਮਾਰ ਦਿੱਤੀ ਤਾਂ ਰਿਪੋਰਟਾਂ ਮੁਤਾਬਿਕ ਉਹ ਇਸ ਹਾਦਸੇ ਵਿੱਚ ਬੁਰੀ ਤਰਾਂ ਕੁਚਲਿਆ ਗਿਆ। ਇਸ ਖਬਰ ਦੇ ਸੁਣਦਿਆਂ ਹੀ ਪੰਜਾਬੀ ਭਾਈਚਾਰੇ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ । ਵਰਨਣਯੋਗ ਹੈ ਕਿ ਅਲਬਰਟਾ ਸੂਬੇ ਅੰਦਰ ਮਨਮੀਤ ਭੁੱਲਰ ਪਹਿਲਾ ਸਿੱਖ ਮੰਤਰੀ ਬਣਿਆ ਸੀ । ਆਪਣੇ ਕਾਰਜਕਾਲ ਦੌਰਾਨ ਉਸਨੇ ਪੰਜਾਬੀ ਭਾਈਚਾਰੇ ਅਤੇ ਹੋਰਨਾਂ ਭਾਈਚਾਰਿਆਂ ਲਈ ਦਿਲ ਖੋਲਕੇ ਮੱਦਦ ਕੀਤੀ ਸੀ। ਸਾਲ 2008 ਵਿੱਚ ਪਹਿਲੀ ਵਾਰ ਉਹ ਕੈਲਗਰੀ ਤੋਂ 28 ਸਾਲ ਦੀ ਉਮਰ ਵਿੱਚ ਐਮ ਐਲ ਏ ਚੁਣਿਆ ਗਿਆ ਸੀ। ਅਲਬਰਟਾ ਸੂਬੇ ਦੇ ਉਸ ਵੇਲੇ ਦੇ ਮੁੱਖ ਮੰਤਰੀ ਐਡ ਸਟੈਲਮਿਕ ਨੇ ਉਸ ਨੂੰ ਐਂਡਵਾਂਸ ਐਜੂਕੇਸਨ ਮਹਿਕਮੇ ਵਿੱਚ ਪਾਰਲੀਮਾਨੀ ਅਸਿਸਟੈਂਟ ਲਗਾਇਆ ਸੀ ।ਫਿਰ ਐਲੀਸਨ ਰੈਡਫੋਰਡ ਦੀ ਸਰਕਾਰ ਦੌਰਾਨ ਉਸ ਨੂੰ ਅਲਬਰਟਾ ਦਾ ਸਰਵਿਸਜ਼ ਮੰਤਰੀ ਬਣਾਇਆ ਗਿਆ ਸੀ ਪਰ ਸਾਲ 2013 ਵਿੱਚ ਉਸ ਨੂੰ ਮਨੁੱਖੀ ਅਧਿਕਾਰ ਮੰਤਰਾਲੇ ਵਰਗਾ ਮਹੱਤਵ ਮਹਿਕਮਾ ਸੰਭਾਲਣ ਦਾ ਮੌਕਾ ਮਿਲਿਆ।