ਨਵੀਂ ਦਿੱਲੀ : ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਇਸ ਵੇਲੇ ਚੀਨ ਦੇ ਸਰਕਾਰੀ ਦੌਰੇ ‘ਤੇ ਹਨ। ਉਹ ਅੱਜ ਸ਼ੰਘਾਈ ਕਮਾਂਡ ਕੰਟਰੋਲ ਸੈਂਟਰ ਵੇਖਣ ਗਏ। ਚੀਨ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਸ ਕੇਂਦਰ ਦੀਆਂ ਕਾਰਜ-ਪ੍ਰਣਾਲੀਆਂ ਤੋਂ ਜਾਣੂ ਕਰਵਾਇਆ। ਇਹ ਸੈਂਟਰ ਸ਼ਹਿਰ ਦੇ ਐਨ ਵਿਚਕਾਰ ਸਥਿਤ ਹੈ ਅਤੇ ਇੱਥੋਂ ਹੀ ਹੰਗਾਮੀ ਹਾਲਾਤ ਨਾਲ ਨਿਪਟਣ ਲਈ ਸਾਰੀ ਕਾਰਵਾਈ ਹੁੰਦੀ ਹੈ ਅਤੇ ਇੱਥੋਂ ਹੀ ਸ਼ਹਿਰ ਦੀ ਸਮੁੱਚੀ ਆਵਾਜਾਈ ਪ੍ਰਣਾਲੀ ਉਤੇ ਨਜ਼ਰ ਵੀ ਰੱਖੀ ਜਾਂਦੀ ਹੈ।
ਕੇਂਦਰੀ ਗ੍ਰਹਿ ਮੰਤਰੀ ਨੂੰ ਦੱਸਿਆ ਗਿਆ ਕਿ ਸਮੁੱਚੇ ਸ਼ਹਿਰ ਸ਼ੰਘਾਈ ਵਿੱਚ 88,000 ਕੈਮਰੇ ਲੱਗੇ ਹੋਏ ਹਨ ਅਤੇ ਜੀ.ਪੀ.ਐਸ. ਨਾਲ ਲੈਸ ਪੁਲਿਸ ਦੇ 4,000 ਵਾਹਨ ਹਰ ਵੇਲੇ ਕਿਸੇ ਵੀ ਹੰਗਾਮੀ ਹਾਲਾਤ ਨਾਲ ਨਿਪਟਣ ਲਈ ਸਦਾ ਤਿਆਰ ਰਹਿੰਦੇ ਹਨ। ਸ੍ਰੀ ਰਾਜਨਾਥ ਸਿੰਘ ਨੇ ਚੀਨੀ ਅਧਿਕਾਰੀਆਂ ਨੂੰ ਦੱਸਿਆ ਕਿ ਭਾਰਤ ਨੇ ‘ਸੁਰੱਖਿਅਤ ਸ਼ਹਿਰ’ ਪ੍ਰਾਜੈਕਟਾਂ ਲਈ ਅਜਿਹੇ ਕਮਾਂਡ ਕੰਟਰੋਲ ਕੇਂਦਰ ਕਾਇਮ ਕਰਨ ਦੀ ਯੋਜਨਾ ਬਣਾਈ ਹੋਈ ਹੈ ਅਤੇ ਉਹ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਹਦਾਇਤਾਂ ਜਾਰੀ ਕਰਨਗੇ ਕਿ ਬਿਲਕੁਲ ਸ਼ੰਘਾਈ ਵਾਂਗ ਹੀ ਸਾਰੇ ਚੰਗੇ ਅਭਿਆਸਾਂ ਨੂੰ ਅਪਣਾਇਆ ਜਾਵੇ।
ਸ੍ਰੀ ਰਾਜਨਾਥ ਸਿੰਘ ਸ਼ੰਘਾਈ ਸ਼ਹਿਰ ਦੇ ਇੱਕ ਪੁਲਿਸ ਥਾਣੇ ਜ਼ਿਨ ਟਿਆਂਡੀ ਵੀ ਗਏ ਅਤੇ ਸਥਾਨਕ ਪੁਲਿਸ ਦੀ ਕਾਰਜ-ਪ੍ਰਣਾਲੀ ਨੂੰ ਵੇਖਿਆ। ਸ਼ੰਘਾਈ ਦੇ ਇਨਫ਼ੋਸਿਸ ਸੈਂਟਰ ‘ਚ ਉਹ ਭਾਰਤੀ ਲੋਕਾਂ ਨੂੰ ਮਿਲੇ। ਉਥੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਸੁਰੱਖਿਆ ਅਤੇ ਆਰਥਿਕ ਸਹਿਯੋਗ ਦੇ ਮਾਮਲੇ ਵਿੱਚ ਭਾਰਤ ਤੇ ਚੀਨ ਵਿਚਲੇ ਸਬੰਧਾਂ ਦੇ ਮਹੱਤਵ ਨੂੰ ਉਜਾਗਰ ਕੀਤਾ।
ਸ੍ਰੀ ਰਾਜਨਾਥ ਸਿੰਘ ਨੇ ਕਿਹਾ,”ਜੇ ਭਾਰਤ ਅਤੇ ਚੀਨ ਆਪਸ ਵਿੱਚ ਮਿਲ ਜਾਣ, ਤਾਂ ਢਾਈ ਅਰਬ ਦਿਲ ਇੱਕਜੁਟ ਹੋ ਕੇ ਕੇਵਲ ਇਸ ਖੇਤਰ ‘ਚ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਵਿੱਚ ਹੀ ਮਹਾਂ-ਤਬਦੀਲੀ ਲਿਆ ਸਕਦੇ ਹਨ।” ਦੁਵੱਲੇ ਸਬੰਧ ਮਜ਼ਬੂਤ ਕਰਨ ਦੇ ਜਤਨਾਂ ਲਈ ਚੀਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਚੀਨ ਯਾਤਰਾ ਫਲਦਾਇਕ ਰਹੀ ਹੈ ਕਿਉਂਕਿ ਦੋਵੇਂ ਦੇਸ਼ਾਂ ਨੇ ਸੁਰੱਖਿਆ ਨਾਲ ਸਬੰਧਤ ਮਾਮਲਿਆਂ ਬਾਰੇ ਅਤੇ ਜਾਣਕਾਰੀ ਸਾਂਝੀ ਕਰਨ ਲਈ ਸਹਿਯੋਗ ਵਧਾਉਣ ਦਾ ਫ਼ੈਸਲਾ ਕੀਤਾ ਹੈ।
ਭਾਰਤ ਦੀ ਅਰਥ ਵਿਵਸਥਾ ਦੀਆਂ ਅਥਾਹ ਸੰਭਾਵਨਾਵਾਂ ਦਾ ਜ਼ਿਕਰ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਪਰਵਾਸੀ ਭਾਰਤੀਆਂ ਨੂੰ ਭਾਰਤ ਆ ਕੇ ਆਪਣਾ ਧਨ ਨਿਵੇਸ਼ ਕਰਨ ਦੀ ਅਪੀਲ ਕੀਤੀ। ”ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਬਹੁਤ ਸਾਰੀਆਂ ਅਜਿਹੀਆਂ ਯੋਜਨਾਵਾਂ ਅਰੰਭ ਕੀਤੀਆਂ ਹਨ, ਜਿੱਥੇ ਨਿਵੇਸ਼ਕ ਭਾਰਤੀ ਅਰਥ ਵਿਵਸਥਾ ਦੀਆਂ ਸੰਭਾਵਨਾਵਾਂ ਦਾ ਲਾਭ ਉਠਾ ਸਕਦੇ ਹਨ। ਮੈਂ ਉਸ ਤੋਂ ਵੀ ਅਗਾਂਹ ਜਾਂਦਿਆਂ ਤੁਹਾਨੂੰ ‘ਭਾਰਤ ‘ਚ ਅਨੁਪਾਤਕ ਵਾਧਾ’ ਕਰਨ ਦੀ ਬੇਨਤੀ ਕਰਦਾ ਹਾਂ।”
ਕੇਂਦਰੀ ਗ੍ਰਹਿ ਮੰਤਰੀ ਅੱਜ ਸ਼ੰਘਾਈ ਦਾ ਜੇਡ ਬੁੱਧ ਮੰਦਰ ਅਤੇ ‘ਪਰਲ ਟਾਵਰ’ ਵੀ ਵੇਖਣ ਗਏ। ਭਲਕੇ ਉਨ੍ਹਾਂ ਦਾ ਭਾਰਤ ਪਰਤਣ ਦਾ ਪ੍ਰੋਗਰਾਮ ਹੈ।