ਸੁਖਬੀਰ ਸਿੰਘ ਦੂਜਿਆਂ ਨੂੰ ਦੋਸ਼ੀ ਠਹਿਰਾ ਕੇ ਖ਼ੁਦ ਨੂੰ ਸਾਫ਼-ਸੁਥਰਾ ਸਿੱਧ ਕਰਨ ਦੀ ਕੋਸ਼ਿਸ਼ ‘ਚ: ਦਲ ਖਾਲਸਾ

2ਜਲੰਧਰ :  ਦਲ ਖਾਲਸਾ ਦੇ ਆਗੂਆਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਪੰਥਕ ਜਥੇਬੰਦੀਆਂ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਅਤੇ ਉਨ੍ਹਾਂ ਨੂੰ ਕਾਂਗਰਸ ਨਾਲ ਰਲਗੱਡ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਸੂਬੇ ‘ਚ ਮਚੀ ਉਥਲ-ਪੁਥਲ ਦਾ ਮੁੱਖ ਕਰਨ ਸੁਖਬੀਰ ਸਿੰਘ ਬਾਦਲ ਦਾ ਸਿਰਸਾ ਡੇਰੇ ਦੇ ਮੁਖੀ ਨੂੰ ਜਥੇਦਾਰਾਂ ਰਾਹੀਂ ਮੁਆਫ ਕਰਵਾਉਣ ਦੀ ਬੱਜਰ ਗਲਤੀ ਹੈ। ਜਥੇਬੰਦੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ, ਸਕੱਤਰ ਡਾ. ਮਨਜਿੰਦਰ ਸਿੰਘ ਤੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੀ ਗਲਤੀ ਮੰਨਣ ਅਤੇ ਲੋਕਾਂ ਕੋਲੋਂ ਮੁਆਫੀ ਮੰਗਣ ਦੀ ਬਜਾਏ ਦੂਜਿਆਂ ਨੂੰ ਦੋਸ਼ੀ ਠਹਿਰਾਕੇ ਆਪਣੇ-ਆਪ ਨੂੰ ਸਾਫ-ਸੁਥਰਾ ਸਾਬਤ ਕਰਨ ਦੀ ਕੋਸ਼ਿਸ਼ ‘ਚ ਹਨ। ਉਨ੍ਹਾਂ ਕਿਹਾ ਕਿ ਲੋਕਾਂ ‘ਚ ਸਰਕਾਰ ਪ੍ਰਤੀ ਰੋਹ ਅਤੇ ਗੁੱਸਾ ਹੈ ਕਿਉਂਕਿ ਸੱਤਾ ਧਿਰ ਗੁਰੂ ਸਾਹਿਬ ਦੀ ਬੇਅਦਬੀ ਦੇ ਪਿੱਛੇ ਲੁਕੇ ਹੱਥ ਅਤੇ ਤਾਕਤਾਂ ਨੂੰ ਨੰਗਿਆਂ ਕਰਨ ‘ਚ ਅਸਫਲ ਰਹੀ ਹੈ ਅਤੇ ਬਹਿਬਲ ਕਲਾਂ ਕਾਂਡ ‘ਚ ਮਾਰੇ ਗਏ 2 ਸਿੱਖਾਂ ਨੂੰ ਇਨਸਾਫ ਨਹੀਂ ਦੇ ਸਕੀ ।ਉਨ੍ਹਾਂ ਕਿਹਾ ਕਿ ਇਹ ਗੱਲ ਸਾਰੇ ਜਾਣਦੇ ਹਨ ਕਿ ਉਹ ਅਤੇ ਪੰਚ ਪ੍ਰਧਾਨੀ ਦੋਵੇਂ ਜਥੇਬੰਦੀਆਂ ਸਰਬੱਤ ਖਾਲਸਾ ਦਾ ਹਿੱਸਾ ਨਹੀਂ ਸਨ ਅਤੇ ਨਾ ਹੀ ਉਹ ਇਕੱਠ ‘ਚ ਪਾਸ ਕੀਤੇ ਮਤਿਆਂ ਦਾ ਹਿੱਸਾ ਹਨ । 2008 ‘ਚ ਹੀ ਉਨ੍ਹਾਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਭਾਰਤੀ ਪ੍ਰਬੰਧ ਹੇਠ ਹੋਣ ਵਾਲੀਆਂ ਕਿਸੇ ਵੀ ਪਾਰਲੀਮਾਨੀ ਚੋਣਾਂ ‘ਚ ਹਿੱਸਾ ਨਹੀਂ ਲੈਣਗੇ। 1998 ‘ਚ ਦਲ ਖਾਲਸਾ ਦੀ ਰਾਜਨੀਤਕ ਪਿੜ ‘ਚ ਵਾਪਸੀ ਤੋਂ ਬਾਅਦ ਉਨ੍ਹਾਂ ਦੀਆਂ ਸਰਗਰਮੀਆਂ ਅਤੇ ਪ੍ਰੋਗਰਾਮ ਪੁਰ ਅਮਨ ਅਤੇ ਜਮਹੂਰੀਅਤ ਦੇ ਦਾਇਰੇ ‘ਚ ਹਨ।
ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦਾ ਨਾ ਤਾਂ ਰਾਜਨੀਤਕ ਅਤੇ ਨਾ ਹੀ ਜਾਤੀ ਲੈਣ-ਦੇਣ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੁਜਿਆਂ ‘ਤੇ ਚਿੱਕੜ ਸੁੱਟਣ ਦੀ ਬਜਾਏ ਆਪਣੇ ਰਵੱਈਏ ਨੂੰ ਬਦਲਣ ਕਿਉਂਕਿ ਇਸ ਨਾਲ ਕੇਵਲ ਉਨ੍ਹਾਂ ਦੇ ਨਿੱਜੀ ਹੀ ਨਹੀਂ, ਸਗੋਂ ਅਕਾਲੀ ਦਲ ਦੇ ਅਕਸ ਨੂੰ ਵੀ ਢਾਹ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਨਵੰਬਰ 10 ਦੇ ਪੰਥਕ ਇਕੱਠ ‘ਚ ਆਈਆਂ ਸੰਗਤਾਂ ਕਿਸੇ ਖਾਸ ਵਰਗ ਜਾਂ ਸਿਧਾਂਤ ਜਾਂ ਨਿਸ਼ਾਨੇ ਨਾਲ ਨਹੀਂ ਜੁੜੀਆਂ ਸਨ ਸਗੋਂ ਉਨ੍ਹਾਂ ਅੰਦਰ ਸਿੱਖੀ ਨਾਲ ਪਿਆਰ ਅਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਦੁੱਖੜਾ ਸੀ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਸੁਖਾਵਾਂ ਮਾਹੌਲ ਬਣਾਉਣ ਲਈ ਸੁਖਬੀਰ ਨੂੰ ਆਪਣਾ ਉਪ ਮੁੱਖ ਮੰਤਰੀ ਦਾ ਅਹੁਦਾ ਤਿਆਗ ਦੇਣਾ ਚਾਹੀਦਾ ਹੈ।

LEAVE A REPLY