ਰਾਹੁਲ ਗਾਂਧੀ ਧਰਮ ਵਿਰੋਧੀ ਤਾਕਤਾਂ ਨੂੰ ਉਤਸ਼ਾਹਿਤ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹੈ : ਸੁਖਬੀਰ ਬਾਦਲ

badal-mainਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਦੋਸ਼ ਲਗਾਏ ਹਨ ਅਤੇ ਕਿਹਾ ਹੈ ਕਿ ਦੇਸ਼ ਪ੍ਰੇਮੀ ਸਿੱਖ ਭਾਈਚਾਰੇ ਦੀਆਂ ਇੱਛਾਵਾਂ ਦੇ ਖਿਲਾਫ ਰਾਹੁਲ ਗਾਂਧੀ ਧਰਮ ਵਿਰੋਧੀ ਤਾਕਤਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪੰਜਾਬ ਵਾਸੀ ਨਹੀਂ ਚਾਹੁੰਦਾ ਕਿ ਰਾਜ ਦੋਬਾਰਾ ਅੱਤਵਾਦ ਦੇ ਕਾਲੇ ਦਿਨਾਂ ਵਿਚ ਜਾਵੇ।
ਇੱਥੇ ਪ੍ਰੈੱਸ ਕਲੱਬ ਵਿਖੇ ਇਕ ਪ੍ਰੈੱਸ ਕਾਨਫਰੰਸ ਮੌਕੇ ਸੁਖਬੀਰ ਨੇ ਕਾਂਗਰਸ ਦੀ ਸਾਜ਼ਿਸ਼ ਨੂੰ ਬੇਨਕਾਬ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਰੱਦ ਕੀਤੀ ਜਾ ਚੁੱਕੀ, ਨਿਰਾਸ਼ ਅਤੇ ਖਿੱਝੀ ਹੋਈ ਕਾਂਗਰਸ ਪਾਰਟੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀਆਂ ਯੋਜਨਾਵਾਂ ਬਣਾ ਰਹੀ ਹੈ ਅਤੇ 10 ਨਵੰਬਰ ਦੇ ਇਕੱਠ ਵਿਚ ਉਸ ਨੇ ਪ੍ਰਬੰਧਕਾਂ ਦਾ ਖੁੱਲ੍ਹ ਕੇ  ਸਮੱਰਥਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਪੰਜਾਬੀਆਂ ਖਾਸ ਤੌਰ ‘ਤੇ ਸਿੱਖਾਂ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਦੇਸ਼ਪ੍ਰੇਮੀ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਡਾਹਢੇ ਦੁਖੀ ਹਨ ਅਤੇ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੱਬਾ ਵਿਚ ਇਕੱਠ ਕਰਨ ਸਮੇਤ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਅਤੇ ਧਰਮਵਿਰੋਧੀ ਮਤਿਆਂ ਨੂੰ ਤਿਆਰ ਕਰਨ ਵਿਚ ਵੀ ਕਾਂਗਰਸ ਦਾ ਹੀ ਹੱਥ ਸੀ।
ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਰਾਹੁਲ ਗਾਂਧੀ ਦੇ ਕਹਿਣ ‘ਤੇ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਕਾਂਗਰਸੀਆਂ ਦੀਆਂ ਪੰਜਾਬ ਫੇਰੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਸੰਵੇਦਨਸ਼ੀਲ ਸਰਹੱਦੀ ਸੂਬੇ ਪੰਜਾਬ ਵਿਚ ਕੋਈ ਵੱਡੀ ਗੜਬੜੀ ਫੈਲਾਉਣ ਦੀ ਤਾਕ ਵਿਚ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸਾਰੇ ਮਾਮਲੇ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਧਿਆਨ ਵਿਚ ਲਿਆ ਰਹੇ ਹਨ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੇ ਕੁਝ ਤਸਵੀਰਾਂ ਅਤੇ ਹੋਰ ਸਮੱਗਰੀ ਵੀ ਸਬੂਤ ਵੱਜੋਂ ਪੇਸ਼ ਕੀਤੀ ਜਿਸ ਰਾਹੀਂ ਗਰਮਖਿਆਲੀਆਂ ਦੇ ਇਕੱਠ ਵਿਚ ਕਾਂਗਰਸ ਦੀ ਮੌਜੂਦਗੀ ਸਿੱਧ ਹੁੰਦੀ ਹੈ। ਇਨ੍ਹਾਂ ਤਸਵੀਰਾਂ ਵਿਚ ਕਾਂਗਰਸੀ ਆਗੂ ਰਮਨਜੀਤ ਸਿੰਘ ਸਿੱਕੀ ਅਤੇ ਇੰਦਰਜੀਤ ਸਿੰਘ ਜ਼ੀਰਾ ਦਿਖਾਈ ਦੇ ਰਹੇ ਹਨ। ਸੁਖਬੀਰ ਨੇ ਕਿਹਾ ਕਿ ਇਸੇ ਤਰ੍ਹਾਂ ਕੁਝ ਆਡੀਓ ਕਲਿੱਪ ਵੀ ਮੌਜੂਦ ਹਨ ਜਿਨ੍ਹਾਂ ਵਿਚ ਕਾਂਗਰਸੀ ਆਗੂਆਂ ਅਤੇ ਅਖੌਤੀ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਦੀ ਗੱਲਬਾਤ ਸੁਣੀ ਜਾ ਸਕਦੀ ਹੈ ਜਿਸ ਵਿਚ ਉਹ ਮਤਿਆਂ ਸਬੰਧੀ ਸਲਾਹ-ਮਸ਼ਵਰਾ ਕਰ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਕਾਂਗਰਸ ਇਸ ਗੱਲ ਤੋਂ ਇਨਕਾਰ ਕਰਦੀ ਆ ਰਹੀ ਹੈ ਕਿ ਕਾਂਗਰਸੀਆਂ ਨੇ ਇਕੱਠ ਵਿਚ ਸ਼ਮੂਲੀਅਤ ਕੀਤੀ ਹੈ ਪਰ ਹੁਣ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਕਿਉਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਖੁਦ ਕਿਹਾ ਹੈ ਕਿ ਇਕੱਠ ਵਿਚ ਕਾਂਗਰਸੀ ਮੌਜੂਦ ਸਨ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਇਹ ਖਾਲਿਸਤਾਨ ਪੱਖੀਆਂ ਦਾ ਮੰਚ ਹੈ। ਉਨ੍ਹਾਂ ਕਿਹਾ ਕਿ ਮੰਚ ਤੋਂ ਸ਼ਰੇਆਮ ਖਾਲਿਸਤਾਨ ਦੀ ਮੰਗ ਉਠਾਈ ਗਈ ਅਤੇ ਮੰਚ ‘ਤੇ ਖਾਲਿਸਤਾਨੀ ਝੰਡੇ ਵੀ ਲਹਿਰਾ ਰਹੇ ਸਨ। ਉਨ੍ਹਾਂ ਕਿਹਾ ਕਿ ਅੱਤਵਾਦ ਪੱਖੀ ਦਿੱਤੇ ਸੰਦੇਸ਼ਾਂ ਤੋਂ ਇਲਾਵਾ ਕਈ ਬੈਨ ਕੀਤੀਆਂ ਜੱਥੇਬੰਦੀਆਂ ਵੀ ਮੰਚ ‘ਤੇ ਹਾਜ਼ਰ ਸਨ। ਸੁਖਬੀਰ ਨੇ ਸਵਾਲ ਕੀਤੇ ਕਿ ਕਾਂਗਰਸ ਸਿੱਧ ਕੀ ਕਰਨਾ ਚਾਹੁੰਦੀ ਹੈ? ਕੀ ਕਾਂਗਰਸ ਪੰਜਾਬ ਨੂੰ ਮੁੜ ਅੱਤਵਾਦ ਦੇ ਕਾਲੇ ਦੌਰ ਵਿਚ ਧੱਕਣਾ ਚਾਹੁੰਦੀ ਹੈ? ਕੌਮੀ ਪੱਧਰ ਦੀ ਪਾਰਟੀ ਕੋਲ ਅਜਿਹੇ ਕਿਹੜੇ ਕਾਰਣ ਹੋ ਸਕਦੇ ਹਨ ਕਿ ਉਹ ਦੇਸ਼ ਦੀ ਏਕਤਾ ਅਤੇ ਭਾਈਚਾਰੇ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਕਰ ਰਹੀ ਹੈ?
ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਅਤੇ ਗਰਮਖਿਆਲੀਆਂ ਵੱਲੋਂ ਕੀਤੇ ਇਕੱਠ ਪਿੱਛੇ ਕਾਂਗਰਸ ਦੇ ਖਾਸ ਮਕਸਦ ਹਨ। “ਇਸ ਮੌਕੇ ਕਾਂਗਰਸ ਪਾਰਟੀ ਦਾ ਗ੍ਰਾਫ ਸਭ ਤੋਂ ਹੇਠਲੇ ਪੱਧਰ ‘ਤੇ ਹੈ ਅਤੇ ਸ਼੍ਰੋਮਣੀ-ਅਕਾਲੀ ਦਲ-ਭਾਜਪਾ ਗੱਠਜੋੜ ਦੀ
ਸਰਕਾਰ ਵਿਕਾਸ ਦੇ ਏਜੰਡੇ ‘ਤੇ ਅੱਗੇ ਵੱਧ ਰਹੀ ਹੈ। ਅਜਿਹੇ ਵਿਚ ਕਾਂਗਰਸ ਨਿਰਾਸ਼ਾ ਦੇ ਆਲਮ ਵਿਚ ਹੈ। ਕਾਂਗਰਸ ਨੇ ਗਰਮਦਲੀਆਂ ਨਾਲ ਮਿਲ ਕੇ ਮਹਾਂਗੱਠਬੰਧਨ ਬਣਾਇਆ ਤਾਂ ਜੋ ਪੰਜਾਬ ਦੀ ਵਿਕਾਸ ਦੀ ਰੇਲ ਨੂੰ ਪੱਟੜੀ ਤੋਂ ਲਾਹਿਆ ਜਾ ਸਕੇ ਅਤੇ ਜੋੜ-ਤੋੜ ਨਾਲ ਸਿਆਸੀ ਪੱਧਰ ‘ਤੇ ਮੁੜ-ਸੁਰਜੀਤ ਹੋ ਸਕੇ।” ਸੁਖਬੀਰ ਨੇ ਇਸ ਮੌਕੇ ਅੱਸੀਵਿਆਂ ਦੌਰਾਨ ਪੰਜਾਬ ਵਿਚ ਕਾਂਗਰਸ ਵੱਲੋਂ ਨਿਭਾਈ ਭੂਮਿਕਾ ਬਾਰੇ ਵੀ ਚਾਨਣ ਪਾਇਆ ਜਦੋਂ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਟਾਕਰਾ ਲੈਣ ਲਈ ਗੜਬੜੀ ਫੈਲਾਉਣ ਵਾਲੀਆਂ ਤਾਕਤਾਂ ਨੂੰ ਸੂਬੇ ਵਿਚ ਖੁੱਲ੍ਹੇ ਹੱਥੀਂ ਛੱਡ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਪੈਂਤੜੇ ਕਾਰਣ ਰਾਜ ਦੇ 50 ਹਜ਼ਾਰ ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣਾ ਪਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਇਹੀ ਪੱਤਾ ਹੁਣ ਖੇਡ ਰਹੀ ਹੈ। ਸੁਖਬੀਰ ਨੇ ਦੱਸਿਆ ਕਿ ਇਸ ਨਾਲ ਸਿਰਫ ਪੰਜਾਬ ‘ਚ ਅਸਥਿਰਤਾ ਹੀ ਨਹੀਂ ਫੈਲੇਗੀ ਬਲਕਿ ਦੇਸ਼ ਦੀ ਆਰਥਿਕ ਤਰੱਕੀ ਵੀ ਪੱਟੜੀ ਤੋਂ ਲਹਿ ਜਾਵੇਗੀ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਆਈਐਸਆਈ ਹਮੇਸ਼ਾ ਹੀ ਪੰਜਾਬ ਨੂੰ ਤਬਾਹ ਕਰਨ ਦੀ ਤਾਕ ਵਿਚ ਰਹਿੰਦੀ ਹੈ ਅਤੇ ਪੰਜਾਬ ਰਾਹੀਂ ਉਹ ਬਾਕੀ ਦੇਸ਼ ਨੂੰ ਆਪਣਾ ਨਿਸ਼ਾਨਾ ਬਣਾਉਂਦੀ ਹੈ। ਬਾਦਲ ਨੇ ਕਿਹਾ ਕਿ “ ਮੈਂ ਹੈਰਾਨ ਹਾਂ ਕਿ ਰਾਹੁਲ ਗਾਂਧੀ ਵਰਗਾ ਆਗੂ ਵੀ ਦਹਿਸ਼ਤਗਰਦੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਿਹਾ ਹੈ ਜੋ ਕਿ ਪੰਜਾਬ ਅਤੇ ਭਾਰਤ ਨੂੰ ਤਬਾਹ ਕਰਨ ਵਿਚ ਲੱਗੀਆਂ ਹੋਈਆ ਹੈ। ਉਨ੍ਹਾਂ ਕਿਹਾ ਕਿ ਸਿਰਫ ਸਿਆਸੀ ਲਾਹਾ ਲੈਣ ਲਈ ਕਾਂਗਰਸ ਨੂੰ ਅਜਿਹੀਆਂ ਜੱਥੇਬੰਦੀਆਂ ਨਾਲ ਮੇਲ-ਮਿਲਾਪ ਛੱਡ ਦੇਣਾ ਚਾਹੀਦਾ ਹੈ।
ਇਸ ਮੌਕੇ ਅਕਾਲੀ ਆਗੂ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ-ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਦੇਸ਼ ਦੀ ਏਕਤਾ ਅਤੇ ਭਾਈਚਾਰੇ ਦੀ ਮਜ਼ਬੂਤੀ ਲਈ ਚੱਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ ਅਮਨ-ਸ਼ਾਂਤੀ ਅਤੇ ਭਾਈਚਾਰਾ ਬਹਾਲ ਕਰਾਂਗੇ ਅਤੇ ਕਿਸੇ ਨੂੰ ਵੀ ਗੜਬੜੀ ਫੈਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

LEAVE A REPLY