ਦੁਬਈ : ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਚਾਰ ਵਨਡੇ ਮੈਚਾਂ ਦੀ ਲੜੀ ਦਾ ਆਖਰੀ ਮੈਚ ਇੰਗਲੈਂਡ ਨੇ 84 ਦੌੜਾਂ ਨਾਲ ਜਿੱਤ ਲਿਆ। ਇਸ ਜਿੱਤ ਨਾਲ ਇੰਗਲੈਂਡ ਨੇ ਪਾਕਿਸਤਾਨ ਨੂੰ ਚਾਰ ਵਨਡੇ ਮੈਚਾਂ ਦੀ ਲੜੀ ਵਿਚ 3-1 ਨਾਲ ਹਰਾ ਦਿੱਤਾ। ਸੀਰੀਜ਼ ਦਾ ਪਹਿਲਾ ਮੈਚ ਪਾਕਿਸਤਾਨ ਨੇ ਜਿੱਤਿਆ ਸੀ, ਜਦੋਂ ਕਿ ਆਖਰੀ ਦੇ ਤਿੰਨ ਮੈਚ ਇੰਗਲੈਂਡ ਨੇ ਆਪਣੇ ਨਾਮ ਕੀਤੇ।
ਚੌਥੇ ਵਨਡੇ ਵਿਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ 355 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ, ਜਿਸ ਦੇ ਜਵਾਬ ਵਿਚ ਪਾਕਿਸਤਾਨੀ ਟੀਮ ਕੇਵਲ 271 ਦੌੜਾਂ ਹੀ ਬਣਾ ਸਕੀ। ਇੰਗਲੈਂਡ ਵੱਲੋਂ ਜੈਸਨ ਰਾਏ ਨੇ 102 ਅਤੇ ਜੋਸ ਬਟਲਰ ਨੇ 116 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਆਪਣੀ ਟੀਮ ਨੂੰ ਵਿਸ਼ਾਲ ਸਕੋਰ ਤੱਕ ਪਹੁੰਚਾਇਆ। ਇਸ ਤੋਂ ਇਲਾਵਾ ਜੋਏ ਰੂਟ ਨੇ 71 ਦੌੜਾਂ ਦੀ ਪਾਰੀ ਖੇਡੀ।
ਜਵਾਬ ਵਿਚ ਪਾਕਿਸਤਾਨ ਵੱਲੋਂ ਕਪਤਾਨ ਅਜ਼ਹਰ ਅਲੀ ਨੇ 44, ਸ਼ੋਇਬ ਮਲਿਕ ਨੇ 51 ਅਤੇ ਰਿਆਜ਼ਵਾਨ ਨੇ 52 ਦੌੜਾ ਦੀ ਪਾਰੀ ਖੇਡ ਕੇ ਮੈਚ ਵਿਚ ਵਾਪਸੀ ਦੀ ਭਰਪੂਰ ਕੋਸ਼ਿਸ਼ ਕੀਤੀ, ਪਰ ਬਾਕੀ ਬੱਲੇਬਾਜ਼ ਉਨ੍ਹਾਂ ਦਾ ਸਾਥ ਛੱਡਦੇ ਚਲੇ ਗਏ ਅਤੇ ਇਹ ਮੈਚ ਇੰਗਲੈਂਡ ਨੇ 84 ਦੌੜਾਂ ਨਾਲ ਜਿੱਤ ਲਿਆ।