3ਸੁਲਤਾਨਪੁਰ ਲੋਧੀ : ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਰਬਾਬ ਭੇਂਟ ਕੀਤੇ ਜਾਣ ਵਾਲੇ ਇਤਿਹਾਸਕ ਅਸਥਾਨ ਰਬਾਬਸਰ ਭਰੋਆਣਾ ਤੋਂ ਸ਼ੁਰੂ ਕੀਤੀ ਪ੍ਰਭਾਤ ਫੇਰੀ ‘ਚ ਸ਼ਾਮਿਲ ਸੰਗਤਾਂ ਦਾ ਗੁਰਦੁਆਰਾ ਬੇਰ ਸਾਹਿਬ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ।ਪਿੰਡ ਭਰੋਆਣਾ ਦੇ ਭਾਈ ਫਿਰੰਦਾ ਨਾਂਅ ਦੇ ਸ਼ਖਸ਼ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਰਬਾਬ ਭੇਂਟ ਕੀਤੀ ਸੀ ਤੇ ਇਸੇ ਰਬਾਬ ਨਾਲ ਗੁਰਬਾਣੀ ਦਾ ਗਾਇਨ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਨੂੰ ਕਈ ਰਾਗਾਂ ‘ਚ ਗਾਕੇ ਸਿੱਖ ਜਗਤ ਨੂੰ ਕੀਰਤਨ ਦਾ ਅਨਮੋਲ ਤੋਹਫ਼ਾ ਦਿੱਤਾ ਸੀ।ਗੁਰਦੁਆਰਾ ਰਬਾਬਸਰ ਦੇ ਮੁੱਖ ਸੇਵਾਦਾਰ ਅਵਤਾਰ ਸਿੰਘ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਦਇਆ ਸਿੰਘ ਸੰਤ ਅਜੈਬ ਸਿੰਘ ਲੋਪੋ ਤੇ ਸੰਤ ਸੁਖਜੀਤ ਸਿੰਘ ਨੂੰ ਸਨਮਾਨਿਤ ਕੀਤਾ।
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਮੰਡ ਇਲਾਕੇ ਵਿੱਚੋਂ ਪਹਿਲੀਵਾਰ ਇਸ ਪ੍ਰਭਾਤ ਫੇਰੀ ਦੀ ਸ਼ੁਰੂਆਤ ਕੀਤੀ ਗਈ ।ਬਹੁਤ ਸਾਰੀਆਂ ਸੰਗਤਾਂ ਨੇ  ਗੁਰਦੁਆਰਾ  ਰਬਾਬਸਰ ਦੇ ਪਹਿਲੀਵਾਰ ਦਰਸ਼ਨ ਦੀਦਾਰ ਕੀਤੇ।ਇਸੇ ਤਰ੍ਹਾਂ ਹੀ ਗੁਰਦਾਆਰਾ ਪਾਤਸ਼ਾਹੀ ਛੇਵੀ ਗੁਰੂਸਰ ਸੈਫਲਾਬਾਦ ਤੋਂ 22 ਨਵੰਬਰ ਨੂੰ ਪ੍ਰਭਾਤ ਫੇਰੀ ਸ਼ੁਰੂ ਹੋਵੇਗੀ।
ਅੱਜ ਵੱਡੇ ਤੜਕੇ ਦੋ ਵਜੇ ਦੇ ਕਰੀਬ ਸੰਗਤਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਣਗਾਨ ਕਰਦਿਆ ਰਬਾਬਸਰ ਤੋਂ ਚਾਲੇ ਪਾਏ। ਪ੍ਰਭਾਤ ਫੇਰੀ ‘ਚ ਸ਼ਾਮਿਲ ਸੰਗਤਾਂ ਪਿੰਡ ਸ਼ੇਖਮਾਗਾਂ, ਮੀਰਪੁਰ, ਸ਼ੇਰਪੁਰ ਸੱਧਾ, ਸ਼ਾਹਵਾਲਾ ਅੰਦਰੀਸ਼ਾ, ਭਾਗੋਰਾਈਆ ਤੋਂ ਹੁੰਦੀਆਂ ਹੋਈਆਂ ਸੁਲਤਾਨਪੁਰ ਪਹੁੰਚੀਆਂ। ਗੁਰਦੁਆਰਾ ਮਾਤਾ ਸੁਖਲੱਣੀ ਜੀ ਦੇ ਮੁੱਖ ਸੇਵਾਦਾਰ ਭਾਈ ਜੱਸਾ ਸਿੰਘ , ਬੋਹੜ ਸਿੰਘ  ਤੇ  ਗੁਰਦੁਆਰਾ ਬੇਰ ਸਾਹਿਬ ਦੇ ਹੈਡ ਗ੍ਰੰਥੀ  ਭਾਈ ਪਲਵਿੰਦਰ ਸਿੰਘ ਵੱਲੋਂ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਗੁਰੂਘਰਾਂ ਵੱਲੋਂ  ਸੰਤ ਬਲਬੀਰ ਸਿੰਘ ਸੀਚੇਵਾਲ , ਸੰਤ ਦਇਆ ਸਿੰਘ ਜੀ , ਸੰਤ ਅਜੈਬ ਸਿੰਘ ਲੋਪੋ ਤੇ ਸੰਤ ਸੁਖਜੀਤ ਸਿੰਘ ਜੀ ਦਾ ਸਿਰੋਪਾ ਦੇ ਕੇ ਸਨਮਾਨ ਕੀਤਾ।
ਗੁਰਦੁਆਰਾ ਬੇਰ ਸਾਹਿਬ ਤੋਂ ਪਵਿੱਤਰ ਵੇਈਂ ਦੇ ਕਿਨਾਰੇ –ਕਿਨਾਰੇ ਹੁੰਦੀ ਹੋਈ ਪ੍ਰਭਾਤ ਫੇਰੀ ਨਿਰਮਲ ਕੁਟੀਆ ਆ ਕੇ ਸੰਪਨ ਹੋਈ। ਪਿੰਡਾਂ ਦੇ ਲੋਕਾਂ ਵੱਲੋਂ ਪ੍ਰਭਾਤ ਫੇਰੀ ‘ਚ ਸ਼ਾਮਿਲ ਸੰਗਤਾਂ ਲਈ ਥਾਂ-ਥਾਂ ਚਾਹ ਪਕੌੜਿਆਂ ਦੇ ਲੰਗਰ ਲਾਏ ਗਏ ਸਨ।  ਗੱਤਕਾ ਅਖਾੜਾ ਸੀਚੇਵਾਲ ਦੀ ਟੀਮ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਵੱਖ –ਵੱਖ ਪਿੰਡਾਂ ਵਿੱਚੋਂ  ਨਿਰਮਲ ਸਿੰਘ ਪੱਡਾ, ਬਲਕਾਰ ਸਿੰਘ , ਸਰਪੰਚ ਗਿਆਨ ਸਿੰਘ , ਸਾਬਕਾ ਸਰਪੰਚ ਜਿਆਣ ਸਿੰਘ , ਸੁਖਦੇਵ ਸਿੰਘ , ਲੰਬੜਦਾਰ ਗੁਰਨਾਮ ਸਿੰਘ, ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਲਖਵਿੰਦਰ ਸਿੰਘ,ਜੱਥੇਦਾਰ ਬਲਵਿੰਦਰ ਸਿੰਘ ਸਰੂਪਵਾਲ, ਸਰਪੰਚ ਜਸਵਿੰਦਰ ਸਿੰਘ , ਬਲਵਿੰਦਰ ਸਿੰਘ, ਕੁਲਵੰਤ ਸਿੰਘ ਲੰਬੜਦਾਰ, ਬਲਵਿੰਦਰ ਸਿੰਘ ਸਰਪੰਚ, ਜੋਗਿੰਦਰ ਸਿੰਘ ਪੰਚ ਤੇ ਹੋਰ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

LEAVE A REPLY