ਪੰਜਾਬ ਮੰਤਰੀ ਮੰਡਲ ਵੱਲੋਂ ਪਾਸ ਕੀਤੇ ਫੈਸਲੇ ਸਿਰਫ਼ ਚੋਣ ਜੁੱਮਲਾ : ਛੋਟੇਪੁਰ

1ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕਨਵੀਨਰ ਸ: ਸੁੱਚਾ ਸਿੰਘ ਛੋਟੇਪੁਰ ਨੇ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਵਿਚ ਪਾਸ ਕੀਤੇ ਫੈਸਲਿਆਂ ‘ਤੇ ਤਿੱਖੀ ਟਿੱਪਣੀ ਕੀਤੀ। ਉਹਨਾਂ ਨੇ ਕਿਹਾ ਕਿ ਅਸੀਂ ਨਾ ਤਾਂ ਭਰਤੀਆਂ ਦੇ ਵਿਰੁੱਧ ਹਾਂ, ਨਾ ਅਸੀ ਪੈਨਸ਼ਨਾਂ ਵਧਾਉਣ ਦੇ ਵਿਰੁੱਧ ਹਾਂ ਅਤੇ ਨਾ ਅਸੀਂ ਕਿਸੇ ਵੀ ਹੋਰ ਤਰ੍ਹਾਂ ਦੀਆਂ ਸਹੂਲਤਾਂ ਜੋ ਪੰਜਾਬ ਸਰਕਾਰ ਨੇ ਦਿੱਤੀਆਂ ਹਨ ਉਹਨਾਂ ਦੇ ਵਿਰੁੱਧ ਹਾਂ ਪਰ ਮੌਜੂਦਾ ਸਰਕਾਰ ਦੇ ਫੈਸਲੇ ਸਿਰਫ ਇਕ ਚੋਣ ਢੋਂਗ ਜਾਂ ਚੋਣ ਜੁੱਮਲਾ ਹਨ ਜਿਵੇਂ ਕਿ ਬੇ.ਜੇ.ਪੀ. ਦੇ ਚੋਣਾਂ ਤੋ ਪਹਿਲਾਂ ਕੀਤੇ ਵਾਅਦੇ ਤੇ ਉਹਨਾਂ ਦੇ ਰਾਸ਼ਟਰੀ ਪ੍ਰਧਾਨ ਦੁਆਰਾ ਦਿੱਤੇ ਗਏ ਬਿਆਨ ਦਸਦੇ ਹਨ। ਜੇ ਪੰਜਾਬ ਦੀ ਮੌਜੂਦਾ ਸਰਕਾਰ ਪੰਜਾਬ ਦੇ ਲੋਕਾਂ ਦੀ ਭਲਾਈ ਚਾਹੁੰਦੀ ਸੀ ਤਾਂ ਇਹ ਕੰਮ ਪਿਛਲੇ 9 ਸਾਲਾਂ ਵਿਚ ਕਿਉ ਨਹੀ ਕੀਤੇ।
ਇਥੋਂ ਜਾਰੀ ਇਕ ਬਿਆਨ ਵਿਚ ਸ. ਛੋਟੇਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਪੜ੍ਹੇ ਲਿਖੇ, ਸੂਝਵਾਨ ਅਤੇ ਇੰਨੀ ਸਿਆਣਪ ਰਖਦੇ ਹਨ ਅਤੇ ਅਕਾਲੀ-ਭਾਜਪਾ ਸਰਕਾਰ ਦੀਆਂ ਅਜਿਹੀ ਚਾਲਾਂ ਵਿਚ ਆਉਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਤੇ ਖਾਸ ਕਰਕੇ ਉੱਪ ਮੁੱਖ-ਮੰਤਰੀ ਪੰਜਾਬ ਦੇ ਲੋਕਾਂ ਨੂੰ ਹੋਰ ਬੇਵਕੂਫ ਨਹੀ ਬਣਾ ਸਕਦੇ। ਸਾਰੇ ਪੰਜਾਬ ਵਾਸੀ ਜਾਣਦੇ ਹਨ ਕਿ ਮੌਜੂਦਾ ਸਰਕਾਰ ਕੋਲ ਆਪਣੇ ਕਰਮਚਾਰੀਆਂ ਨੂੰ ਦੇਣ ਵਾਸਤੇ ਤਨਖਾਹਾਂ, ਸਿਹਤ ਸਹੂਲਤਾਂ, ਬਜੁਰਗਾਂ ਨੂੰ ਦੇਣ ਲਈ ਪੈਨਸ਼ਨਾਂ ਤੇ ਹੋਰ ਕੰਮਾਂ ਵਾਸਤੇ ਪੰਜਾਬ ਸਰਕਾਰ ਕੋਲ ਪੈਸਾ ਨਹੀ ਹੈ ਤੇ ਇਹ ਵੱਡੀਆਂ-ਵੱਡੀਆਂ ਗੱਲਾਂ ਕੈਬਿਨਟ ਵਿਚ ਪਾਸ ਕਰਕੇ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। 15 ਨਵੰਬਰ 2015 ਤੱਕ ਸਰਕਾਰ ਨੇ 500 ਕਰੋੜ ਦਾ ਉੱਵਰ ਡਰਾਫਟ ਕਰ ਲਿਆ ਤੇ ਪਤਾ ਨਹੀਂ ਕਰਮਚਾਰੀਆਂ ਨੂੰ ਨਵੰਬਰ ਮਹੀਨੇ ਦੀ ਤਨਖਾਹ ਮਿਲੇਗੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਅਜਿਹੇ ਹਾਲਤਾਂ ਵਿਚ ਅਜਿਹੀਆਂ ਸਹੂਲਤਾਂ ਲੋਕਾਂ ਨੂੰ ਦੇਣਾ ਸਿਰਫ ਇਕ ਚੋਣ ਜੁੱਮਲਾ ਹੈ।

LEAVE A REPLY