ਪੰਜਾਬ ‘ਚ ਬਣਨਗੀਆਂ ਤਿੰਨ ਹੋਰ ਯਾਦਗਾਰਾਂ

4ਚੰਡੀਗੜ੍ਹ : ਸੂਬੇ ਦੀ ਸ਼ਾਨਦਾਰ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਸ਼ੁਰੂ ਕੀਤੇ ਯਤਨਾਂ ਨੂੰ ਜਾਰੀ ਰੱਖਣਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਤਕਰੀਬਨ 25 ਕਰੋੜ ਰੁਪਏ ਨਾਲ ਬਣਨ ਵਾਲੀਆਂ ਤਿੰਨ ਹੋਰ ਸ਼ਾਨਾਮੱਤੀਆਂ ਯਾਦਗਾਰਾਂ ਦਾ ਕੰਮ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।
ਅੱਜ ਸਵੇਰੇ ਆਪਣੇ ਨਿਵਾਸ ਸਥਾਨ ‘ਤੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਫਿਰੋਜ਼ਪੁਰ ਵਿਖੇ ਭਾਈ ਮਰਦਾਨਾ ਯਾਦਗਾਰ, ਜਲੰਧਰ ਦੇ ਕਰਤਾਰਪੁਰ  ਵਿਖੇ ਸ੍ਰੀ ਗੁਰੂ ਵਿਰਜਾਨੰਦ ਸਮਾਰਕ ਅਤੇ ਫਤਹਿਗੜ੍ਹ ਸਾਹਿਬ ਵਿਖੇ ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਬਨਾਉਣ ਦੀ ਸਹਿਮਤੀ ਦਿੰਦੇ ਹੋਏ ਇਨ੍ਹਾਂ ਯਾਦਗਾਰਾਂ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਯਾਦਗਾਰਾਂ ਸੂਬੇ ਦੀ ਅਮੀਰ ਸਭਿਆਚਾਰਕ ਵਿਰਾਸਤ ਬਾਰੇ ਭਵਿੱਖੀ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਲਈ ਚਾਨਣ ਮੁਨਾਰੇ ਦਾ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਯਾਦਗਾਰਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਇਨ੍ਹਾਂ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਫਿਰੋਜ਼ਪੁਰ ਵਿਖੇ ਬਣਾਈ ਜਾ ਰਹੀ ਭਾਈ ਮਰਦਾਨਾ ਯਾਦਗਾਰ ਦੀ ਦਿੱਖ ਬਹੁਤ ਜ਼ਿਆਦਾ ਵਿਲੱਖਣ ਹੋਵੇਗੀ। ਇਹ ਭਾਈ ਮਰਦਾਨਾ ਜੀ ਨੂੰ ਇੱਕ ਸ਼ਰਧਾਂਜਲੀ ਹੋਵੇਗੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਨ। ਇਹ ਯਾਦਗਾਰ 0.72 ਏਕੜ ਰਕਬੇ ਵਿੱਚ ਬਣਾਈ ਜਾਵੇਗੀ। ਇਸ ਵਿੱਚ ਅਤਿ ਅਧੁਨਿਕ ਗੈਲਰੀ ਬਣਾਈ ਜਾਵੇਗੀ ਜਿਸ ਵਿੱਚ ਭਾਈ ਮਰਦਾਨਾ ਜੀ ਦੇ ਜੀਵਨ ਇਤਿਹਾਸ ਨੂੰ ਮੂਰਤੀਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਥੇ ਇੱਕ ਸੰਗੀਤ ਅਕੈਡਮੀ ਵੀ ਬਣਾਈ ਜਾਵੇਗੀ ਜੋ ਕਲਾਸੀਕਲ ਗੁਰਬਾਣੀ ਵਿੱਚ ਵਿਦਿਆਰਥੀਆਂ ਨੂੰ ਸਿਖਲਾਈ ਮੁਹਈਆ ਕਰਵਾਏਗੀ।
ਇਸੇ ਦੌਰਾਨ ਇਹ ਵੀ ਦੱਸਿਆ ਗਿਆ ਕਿ ਸ੍ਰੀ ਗੁਰੂ ਵਿਰਜਾਨੰਦ ਸਮਾਰਕ ਕਰਤਾਪੁਰ ਵਿਖੇ ਬਣਾਈ ਜਾ ਰਹੀ ਹੈ ਜੋ ਕਿ ਆਰੀਆ ਸਮਾਜ ਦੇ ਬਾਨੀ ਸਵਾਮੀ ਦਯਾਨੰਦ ਸਰਸਵਤੀ ਦੇ ਅਧਿਆਪਿਕ ਦੀ ਜਨਮ ਭੂਮੀ ਹੈ। ਇਹ ਆਰੀਆ ਸਮਾਜ ਲਹਿਰ ਦੇ ਖੋਜ ਕੇਂਦਰ ਵਜੋਂ ਉਭਰ ਕੇ ਸਾਹਮਣੇ ਆਵੇਗੀ। ਇਹ ਯਾਦਗਾਰ 0.93 ਏਕੜ ਰਕਬੇ ‘ਤੇ ਬਣਾਈ ਜਾਵੇਗੀ। ਇਸ ਵਿੱਚ ਇੱਕ ਗੈਲਰੀ ਹੋਵੇਗੀ ਜਿੱਥੇ ਸਵਾਮੀ ਵਿਰਜਾਨੰਦ ਅਤੇ ਸਵਾਮੀ ਦਯਾਨੰਦ ਸਰਸਵਤੀ ਦੇ ਦਰਸ਼ਨ ਅਤੇ ਜੀਵਨ ਨੂੰ ਮੂਰਤੀਮਾਨ ਕੀਤਾ ਜਾਵਗਾ।
ਇਸੇ ਤਰ੍ਹਾਂ ਹੀ ਫਤਹਿਗੜ੍ਹ ਸਾਹਿਬ ਵਿਖੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਨੂੰ ਰੂਪ ਦਿੱਤਾ ਜਾਵੇਗਾ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ ਉਨ੍ਹਾਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ‘ਠੰਢੇ ਬੁਰਜ’ ਵਿੱਚ ਦੁੱਧ ਪਿਲਾਇਆ ਸੀ। ਇਸ ਯਾਦਗਾਰ ਨੂੰ ਇੱਕ ਸ਼ਾਨਦਾਰ ਨਕਸ਼ੇ ਦੇ ਰਾਹੀਂ ਵਧੀਆ ਦਿੱਖ ਦਿੱਤੀ ਜਾਵੇਗੀ।
ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਹੋਰਨਾਂ ਵਿੱਚ ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ੍ਰੀ ਕੇ.ਜੇ.ਐਸ. ਚੀਮਾ, ਚੀਫ ਆਰਕੀਟੈਕਟ ਪੰਜਾਬ ਸਪਨਾ, ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਕੇ.ਕੇ. ਯਾਦਵ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਡੀ ਪੀ ਐਸ ਖਰਬੰਦਾ ਅਤੇ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ੍ਰੀ ਕਮਲਜੀਤ ਸਿੰਘ ਸੰਘਾ ਅਤੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਸ਼ਾਮਲ ਸਨ।

LEAVE A REPLY