ਬਹੁਤ ਗਰਮ ਹੈ ਮੁਸਲਮਾਨਾਂ ਖ਼ਿਲਾਫ਼ ਅਜਨਬੀਅਤ ਦੀ ਹਵਾ ਅੱਜ ਕੱਲ੍ਹ!

Editorialਉਪਰੋਕਤ ਸਿਰਲੇਖ ਪੜ੍ਹ ਕੇ ਸ਼ਾਇਦ ਕੁਝ ਪਾਠਕ ਇਸ ਗੱਲ ‘ਤੇ ਇਤਰਾਜ਼ ਦਰਜ ਕਰਾਉਣ ਕਿ ਮੈਂ ਪੈਰਿਸ ਕਾਂਡ ਤੋਂ ਠੀਕ ਬਾਅਦ ਮੁਸਲਮਾਨਾਂ ਪ੍ਰਤੀ ਸੰਭਾਵੀ ਯੌਰਪੀਅਨ ਤੇ ਅਮਰੀਕੀ ਰਵੱਈਏ ਨੂੰ ਲੈ ਕੇ ਸ਼ਬਦ ‘ਅਜਨਬੀਅਤ’ ਦੀ ਚੋਣ ਕੀਤੀ ਹੈ। ਮੈਂ ਆਪਣੇ ਇਸ ਹਫ਼ਤੇ ਦੇ ਲੇਖ ਵਿੱਚ ਇੱਥੇ ਹਰ ਵਾਰ ਵਾਂਗ ਫ਼ੈਸਲੇ ਦੇਣ ਤੋਂ ਗ਼ੁਰੇਜ਼ ਕਰ ਕੇ ਕੇਵਲ ਹਾਲਾਤ-ਏ-ਹਾਜ਼ਰਾ ‘ਤੇ ਇੱਕ ਝਾਤ ਮਾਰਨ ਦੀ ਚੇਸ਼ਟਾ ਹੀ ਕਰਾਂਗਾ। ਜਿਉਂ ਜਿਉਂ ਅਸੀਂ ਪੁਸ਼ਤੈਨੀ ਜੰਗਾਂ ਦੇ ਇਸ ਯੁੱਗ ਵਿੱਚ ਡੂੰਘੇ ਧੱਸਦੇ ਜਾ ਰਹੇ ਹਾਂ, ਅਤੇ ਦੂਜੀ ਵਿਸ਼ਵ ਜੰਗ ਤੋਂ ਬਚੇ ਹੋਏ ਲੋਕ ਇਸ ਸੰਸਾਰ ਤੋਂ ਕੂਚ ਕਰ ਰਹੇ ਹਨ ਜਾਂ ਅਲੋਪ ਹੋ ਰਹੇ ਹਨ, ਸਾਡੇ ਸੰਸਾਰ ਦੇ ਯੌਰਪੀਅਨ ਤੇ ਅਮਰੀਕੀ ਸਮਾਜਾਂ ਵਿੱਚ ਸਭਿਆਚਾਰਕ ਅਤੇ ਧਾਰਮਿਕ ਜ਼ਲੇਜ਼ਲੇ ਆਉਣ ਦੀਆਂ ਸੰਭਾਵਨਾਵਾਂ ਇੱਕ ਵਾਰ ਫ਼ਿਰ ਉਬਾਲੇ ਖਾਣ ਲੱਗ ਪਈਆਂ ਹਨ। ਅੱਜ ਕਿਸ ਨੂੰ ਪਰਵਾਹ ਹੈ ਗਲੋਬਲ ਵਾਰਮਿੰਗ ਜਾਂ ਪ੍ਰਦੂਸ਼ਣ ਦੀ? ਅੱਜ ਕਲਾਈਮੇਟ ਚੇਂਜ (ਵਾਤਾਵਰਣ ਤਬਦੀਲੀ) ‘ਤੇ ਪੈਰਿਸ ਵਿੱਚ ਹੋਣ ਵਾਲੇ ਸੈਮੀਨਾਰ ਵਿੱਚ ਮੁਲਕਾਂ ਦੀ ਸ਼ਿਰਕਤ ਜਾਂ ਗ਼ੈਰਹਾਜ਼ਰੀ ਬੇਮਾਅਨੀ ਜਿਹੀ ਹੋ ਕੇ ਰਹਿ ਗਈ ਹੈ, ਪਰ ਕਦੇ ਇਸੇ ਨੇ ਸਾਡੀ ਧਰਤੀ ਨੂੰ ਬਚਾਉਣਾ ਸੀ।
‘ਨਵੰਬਰ ਜਨਵਰੀ ਨਹੀਂ,’ ਪੈਰਿਸ ਕਤਲੇਆਮ ਤੋਂ ਬਾਅਦ ਅੱਜ ਫ਼ਰਾਂਸ ਦੇ ਬਹੁਤੇ ਸਿਆਸਤਦਾਨਾਂ ਵਲੋਂ ਦਿੱਤੇ ਜਾ ਰਹੇ ਬਿਆਨਾਂ ਦੀ ਸਰਸਰੀ ਜਿਹੀ ਸਮੀਖਿਆ ਕਰਨ ਨਾਲ ਹੀ ਉਨ੍ਹਾਂ ਦੀ ਇਸ ਭਾਵਨਾ ਦੀ ਸ਼ਿੱਦਤ ਦਾ ਅਹਿਸਾਸ ਬਹੁਤ ਹੀ ਆਸਾਨੀ ਨਾਲ ਹੋ ਜਾਂਦਾ ਹੈ। ਇਸ ਸਾਲ ਜਨਵਰੀ ਮਹੀਨੇ ਵਿੱਚ ਜਦੋਂ ਸ਼ਾਰਲੀ ਐਬਦੋ ਦੇ ਦਫ਼ਤਰ ਅੰਦਰ ਤੇ ਪੈਰਿਸ ਵਿੱਚ ਕੁਝ ਹੋਰ ਸਥਾਨਾਂ ‘ਤੇ ਵਾਪਰੇ ਕਤਲ ਕਾਂਡਾਂ ਵਿੱਚ ਕੁੱਲ 17 ਲੋਕ ਮਾਰੇ ਗਏ ਸਨ ਤਾਂ ਆਮ ਫ਼ਰਾਂਸੀਸੀਆਂ ਦਰਮਿਆਨ ਮੁਸਲਮਾਨਾਂ ਨਾਲ ਆਪਣੀ ਇੱਕਜੁਟਤਾ ਦਾ ਇਜ਼ਹਾਰ ਕਰਨ ਦੀ ਲੋੜ ਦੀ ਗੱਲ ਬਹੁਤ ਜ਼ੋਰ ਸ਼ੋਰ ਨਾਲ ਉਠੀ ਸੀ, ਪਰ ਇਸ ਵਾਰ ਜਦੋਂ ਪੈਰਿਸ ਵਿੱਚ 129 ਮਾਸੂਮਾਂ ਦਾ ਕਤਲੇਆਮ ਹੋਇਆ ਤਾਂ ਕੋਈ ਅਜਿਹੀ ਆਵਾਜ਼ ਕੰਨੀਂ ਨਹੀਂ ਪਈ। ਕਿਸੇ ਦੇ ਹੱਕ ਵਿੱਚ ਕੋਈ ਮਾਰਚ ਨਹੀਂ ਕੱਢੇ ਗਏ, ਬਹੁਤ ਹੀ ਘੱਟ ਸਾਨੂੰ ਇਹ ਸੁਣਨ ਨੂੰ ਮਿਲਿਆ ਕਿ ਇਸਲਾਮ ਮਤ ਦੇ ਪੈਰੋਕਾਰਾਂ ਅਤੇ ਜਿਹਾਦ ਦੇ ਪ੍ਰਚਾਰਕਾਂ ਦਰਮਿਆਨ ਫ਼ਰਕ ਨੂੰ ਸਮਝਣ ਦੀ ਲੋੜ ਹੈ। ਸਗੋਂ, ਇਸ ਵਾਰ, ਸਾਨੂੰ ਮਹਿਸੂਸ ਹੋਇਆ ਪ੍ਰਤੱਖ ਭੈਅ … ਇੱਥੋਂ ਤਕ ਕਿ ਗੁੱਸਾ ਵੀ … ਜਦੋਂ ਫ਼ਰਾਂਸ ਦੇ ਰਾਸ਼ਟਰਪਤੀ ਫ਼ਰਾਂਸਵਾ ਓਲਾਂਦ ਨੇ ਆਪਣੀ ਸੰਸਦ ਤੋਂ ਫ਼ਰਾਂਸ ਵਿੱਚ ਐਮਰਜੈਂਸੀ ਵਧਾਉਣ ਅਤੇ ਮੁਲਕ ਨੂੰ ਦਰਪੇਸ਼ ਅਤਿਵਾਦ ਦੇ ਖ਼ਤਰੇ ਨਾਲ ਨਜਿੱਠਣ ਲਈ ਸੰਵਿਧਾਨ ਵਿੱਚ ਤਬਦੀਲੀਆਂ ਕਰਨ ਦੀ ਇਜਾਜ਼ਤ ਮੰਗੀ। ਧਰਮ ਨਿਰਪੱਖ ਫ਼ਰਾਂਸ ਦੇ ਪਹਿਲਾਂ ਤਾਂ ਆਪਣੀਆਂ ਮੁਸਲਮਾਨ ਬਸਤੀਆਂ ਅਤੇ ਬਾਅਦ ਵਿੱਚ ਆਪਣੀ ਮੁਸਲਮਾਨ ਵਸੋਂ ਨਾਲ ਸਬੰਧ ਪੇਚੀਦਾ ਬਣੇ ਰਹੇ ਹਨ, ਪਰ ਹੁਣ ਇਹ ਸਿੱਧੇ ਸਿੱਧੇ ਬੇਯਕੀਨੀ ਦਾ ਰੂਪ ਅਖ਼ਤਿਆਰ ਕਰਦੇ ਜਾ ਰਹੇ ਹਨ, ਇੱਥੋਂ ਤਕ ਕਿ ਨਫ਼ਰਤ ਦਾ ਵੀ। ਫ਼ਰਾਂਸ ਦੇ ਸਿਆਸਤਦਾਨਾਂ ਲਈ ਆਪਣੀ ਸਿਆਸੀ ਸੋਚ ਵਿੱਚ ਇਹ ਪਰੀਵਰਤਨ ਲਿਆਉਣਾ ਇਸ ਲਈ ਵੀ ਇੱਕ ਲੁਭਾਵਣੀ ਤਜਵੀਜ਼ ਹੋ ਸਕਦੀ ਹੈ ਕਿਉਂਕਿ ਫ਼ਰਾਂਸ ਦੀ ਹੁਕਮਰਾਨ ਪਾਰਟੀ ਇਸ ਵਕਤ ਉੱਥੋਂ ਦੀ ਸੱਜੇ ਪੱਖੀ, ਪ੍ਰਵਾਸੀਆਂ ਵਿਰੋਧੀ ਪਾਰਟੀ, ਨੈਸ਼ਨਲ ਫ਼ਰੰਟ, ਤੋਂ ਵੀ ਖ਼ਾਸੇ ਖ਼ਤਰੇ ਸਿਆਸੀ ਖ਼ਤਰੇ ਵਿੱਚ ਹੈ।
ਹੁਣ ਤੋਂ ਹੀ, ਸਰਕਾਰੀ ਅਧਿਕਾਰੀਆਂ ਵਲੋਂ ਅਪਣਾਇਆ ਜਾ ਰਿਹਾ ਸਖ਼ਤ ਰਵੱਈਆ, ਜਿਸ ਵਿੱਚ ਮਸਜਿਦਾਂ ਦੀ ਹੋਰ ਜ਼ਿਆਦਾ ਨਿਗ਼ਰਾਨੀ ਕਰਨੀ, ਐਮਰਜੈਂਸੀ ਦੀ ਮਿਆਦ ਵਧਾਉਣੀ ਅਤੇ ਉਨ੍ਹਾਂ 10 ਹਜ਼ਾਰ ਦੇ ਕਰੀਬ ਵਸਨੀਕਾਂ ‘ਤੇ ਨਜ਼ਰ ਰੱਖਣੀ, ਜਿਹੜੇ ਰਾਸ਼ਟਰ ਲਈ ਖ਼ਤਰਾ ਨਾਮਜ਼ਦ ਕੀਤੇ ਗਏ ਹਨ, ਸ਼ਾਮਿਲ ਹੈ। ਫ਼ਰਾਂਸ ਦੇ ਪ੍ਰਧਾਨ ਮੰਤਰੀ, ਮੈਨੂਐਲ ਵਾਲਸ, ਦਾ ਪੈਰਿਸ ਦੁਖਾਂਤ ਤੋਂ ਬਾਅਦ ਕਹਿਣਾ ਸੀ ਕਿ ਉਨ੍ਹਾਂ ਦੀ ਸਰਕਾਰ ਨੂੰ ਕੁਝ ਕੱਟੜ ਇਮਾਮ ਆਪਣੇ ਮੁਲਕ ‘ਚੋਂ ਬਾਹਰ ਕਰਨੇ ਪੈਣੇ ਹਨ। ਦੂਜੇ ਪਾਸੇ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ 10 ਹਜ਼ਾਰ ਸੀਰੀਅਨ ਰੈਫ਼ਿਊਜੀਆਂ ਨੂੰ ਸ਼ਰਣ ਦੇਣ ਦੀ ਯੋਜਨਾ ਨੂੰ ਰੱਦ ਕਰਨ ਦੀ ਕੋਸ਼ਿਸ਼ ਵਿੱਚ ਸੋਮਵਾਰ ਨੂੰ ਘੱਟੋ-ਘੱਟ 31 ਸਟੇਟਾਂ ਦੇ ਗਵਰਨਰਾਂ, ਜਿਨ੍ਹਾਂ ਵਿੱਚੋਂ ਬਹੁਤੇ ਰਿਪਬਲੀਕਨ ਹਨ, ਨੇ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਸਟੇਟਾਂ ਕੋਈ ਵੀ ਸ਼ਰਣਾਰਥੀ ਲੈਣ ਨੂੰ ਹਾਲ ਦੀ ਘੜੀ ਤਿਆਰ ਨਹੀਂ ਕਿਉਂਕਿ ਸ਼ਰਣਾਰਥੀਆਂ ਦੇ ਭੇਸ ਵਿੱਚ ਤਥਾਕਥਿਤ ਇਸਲਾਮਿਕ ਸਟੇਟ ਦੇ ਜਿਹਾਦੀ ਵੀ ਉਨ੍ਹਾਂ ਦੇ ਰਾਜ ਵਿੱਚ ਦਾਖ਼ਲ ਹੋ ਕੇ ਪੈਰਿਸ ਵਰਗੀ ਅਰਾਜਕਤਾ ਫ਼ੈਲਾ ਸਕਦੇ ਹਨ। ਸੀ.ਆਈ.ਏ. ਦੇ ਡਾਇਰੈਕਟਰ, ਜੌਹਨ ਬਰੈਨਨ, ਨੇ ਤਾਂ ਇੱਥੋਂ ਤਕ ਕਹਿ ਮਾਰਿਆ ਕਿ ਪੈਰਿਸ ਕਤਲੇਆਮ ਦਾ ਅਸਲ ਕਾਰਨ ਖ਼ੁਫ਼ੀਆ ਜਾਣਕਾਰੀ ਹਾਸਿਲ ਕਰਨ ਦੇ ਰਾਹ ਵਿੱਚ ਵਿਛਾਏ ਜਾ ਰਹੇ ਉਹ ਅੜਿੰਗੇ ਹਨ ਜਿਹੜੇ ਡੇਵਿਡ ਸਨੋਡਨ ਵਰਗਿਆਂ ਦੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਕਾਨੂੰਨੀ ਤੌਰ ‘ਤੇ ਲੋਕਾਂ ਦੀ ਇਲੈਕਟ੍ਰੌਨਿਕ ਨਿਗ਼ਰਾਨੀ ਦੇ ਰਾਹ ਵਿੱਚ ਖੜ੍ਹੇ ਕਰ ਦਿੱਤੇ ਗਏ ਹਨ ਕਿ ਅਮਰੀਕਾ ਦੀ ਨੈਸ਼ਨਲ ਸੈਕਿਓਰਿਟੀ ਏਜੰਸੀ ਆਮ ਸ਼ਹਿਰੀਆਂ ਦੀ ਨਿੱਜੀ ਜ਼ਿੰਦਗੀਆਂ ਵਿੱਚ ਦਖ਼ਲ ਦੇ ਕੇ ਉਨ੍ਹਾਂ ਦੀ ਆਜ਼ਾਦੀ ਦੀ ਖ਼ਿਲਾਫ਼ ਵਰਜ਼ੀ ਕਰ ਰਹੀ ਹੈ।
ਸੋਮਵਾਰ ਨੂੰ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਮ ਲਿਖੇ ਇੱਕ ਖ਼ਤ ਵਿੱਚ ਇਰਾਕ ਤੇ ਤੁਰਕੀ ਦੇ ਸਾਬਕਾ ਰਾਜਦੂਤ ਨੇ ਕਿਹਾ ਕਿ ਅੱਜ ਦੇ ਹਾਲਾਤ ਵਿੱਚ ਸੀਰੀਆ ਤੇ ਇਰਾਕ ਵਿੱਚ ਅਮਰੀਕੀ ਜ਼ਮੀਨੀ ਫ਼ੌਜ ਇੱਕ ਜ਼ਰੂਰਤ ਬਣ ਚੁੱਕੀ ਹੈ: ”ਓਬਾਮਾ ਪ੍ਰਸ਼ਾਸਨ ਦੇ ਪਿੱਛਲੇ 18 ਮਹੀਨਿਆਂ ਦੇ ਅੱਧ ਪਚ੍ਹਦੇ ਜਤਨਾਂ ਤੋਂ ਬਾਅਦ ਹੁਣ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਤਥਾਕਥਿਤ ਇਸਲਾਮਿਕ ਸਟੇਟ ਜਾਂ ਦਾਇਸ਼ (ਅਰਬੀ ਵਿੱਚ ਆਈ.ਐੱਸ. ਦਾ ਨਾਮ) ਦੀ ਹਾਰ ਜ਼ਮੀਨ ‘ਤੇ ਆਪਣੇ ਫ਼ਸਟ ਕਲਾਸ ਬੂਟ ਉਤਾਰੇ ਬਿਨਾ ਸੰਭਵ ਨਹੀਂ, ਭਾਵ ਉਪਰੋਂ ਦੱਬ ਕੇ ਹਵਾਈ ਬੰਬਾਰੀ ਤੇ ਹੇਠਾਂ ਆਪਣੇ ਹੀ ਮਾਹਿਰ ਸਿਪਾਹੀ। ਜ਼ਮੀਨੀ ਫ਼ੌਜ ਦੇ ਬਹੁਤਾ ਵੱਡਾ ਹੋਣ ਦੀ ਲੋੜ ਨਹੀਂ – ਦੂਜੀ ਇਰਾਕੀ ਜੰਗ ਦੀ ਸਭ ਤੋਂ ਵੱਡੀ, 2004 ਦੀ ਫ਼ਲੂਯਾ, ਲੜਾਈ ਵਿੱਚ ਸ਼ਾਮਿਲ ਅਮਰੀਕਾ ਦੀਆਂ ਫ਼ੌਜਾਂ ਦੀ ਗਿਣਤੀ 7-8 ਬਟਾਲੀਅਨਾਂ ਦੱਸੀ ਗਈ ਸੀ ਜੋ ਕਿ ਲਗਭਗ 7-8 ਹਜ਼ਾਰ ਸਿਪਾਹੀ ਬਣਦਾ ਹੈ। ਇਹ ਸਾਰੇ ਦੇ ਸਾਰੇ ਅਮਰੀਕੀ ਹੋਣੇ ਵੀ ਜ਼ਰੂਰੀ ਨਹੀਂ। ਇਨ੍ਹਾਂ ਵਿੱਚ ਫ਼ਰਾਂਸੀਸੀ, ਰੂਸੀ ਤੇ ਕੁਝ ਹੋਰ ਵੀ ਹੋ ਸਕਦੇ ਹਨ ਜਿਨ੍ਹਾਂ ਦਾ ਸਾਥ ਦੇ ਸਕਦੇ ਹਨ ਕਾਬਿਲ ਅਮਰੀਕੀ ਫ਼ੌਜੀ। ਇਸ ਵਿੱਚ ਅਸੀਂ ਆਪਣੇ ਨਾਲ ਸੀਰੀਅਨ ਤੇ ਇਰਾਕੀ ਫ਼ੌਜੀ ਵੀ ਰੱਖ ਸਕਦੇ ਹਾਂ, ਪਰ ਅਮਰੀਕੀ ਸ਼ਮੂਲੀਅਤ ਦੇ ਬਿਨਾਂ ਇਨ੍ਹਾਂ ਵਿੱਚੋਂ ਕੁਝ ਵੀ ਸੰਭਵ ਨਹੀਂ ਹੋਣ ਵਾਲਾ। ਇਸਲਾਮਿਕ ਸਟੇਟ ਆਪਣੀ ‘ਸਟੇਟ’ ਕਾਇਮ ਰੱਖਣ ਵਿੱਚ ਕਾਮਯਾਬ ਰਹੇਗੀ, ਅਤੇ ਉਸ ਦੇ ਜਵਾਬੀ ਹਮਲੇ ਅਤੇ ਇਸਲਾਮਿਕ ਸਟੇਟ ਦੀ ਇਸਾਈਆਂ ਤੇ ਸ਼ੀਆ ਪ੍ਰਤੀ ਨਫ਼ਰਤ ਦਾ ਇਰਾਨ-ਰੂਸ (ਤੇ ਸੀਰੀਆ ਦੇ ਬਸ਼ਾਰ ਅਲ-ਅਸਾਦ) ਦੇ ਸਾਂਝੇ ਮੁਹਾਜ਼ ਵਲੋਂ ਸ਼ੋਸ਼ਣ ਬਹੁਤੇ ਯੂਰੇਸ਼ੀਆ ਵਿੱਚ ਅਸਥਿਰਤਾ ਫ਼ੈਲਾ ਦੇਵੇਗਾ ਅਤੇ ਅਮਰੀਕਾ ਨੂੰ ਥੋਕ ‘ਚ ਅਤਿਵਾਦੀ ਹਮਲਿਆਂ ਦਾ ਨਿਸ਼ਾਨਾ ਬਣਨਾ ਪਵੇਗਾ।
ਇਹ ਸਭ ਕੁਝ ਕਰਨ ਸੁਣਨ ਨੂੰ ਤੁਹਾਨੂੰ ਬਹੁਤ ਸੌਖਾ ਲਗਦਾ ਹੋਵੇਗਾ ਨਾ? ਮੈਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਮੇਰੇ ਇਸ ਲੇਖ ਨੂੰ ਪੜ੍ਹਨ ਵਾਲੇ ਬਹੁਤੇ ਪਾਠਕਾਂ ਨੂੰ ਪੱਛਮੀ ਸਿਆਸਤਦਾਨਾਂ ਵਲੋਂ ਖੂੰਖਾਰ ਅਤਿਵਾਦੀ ਜਥੇਬੰਦੀ ਦੇ ਸਾਰੇ ਦੇ ਸਾਰੇ ਜਿਹਾਦੀਆਂ ਨੂੰ ਨੇਸਤੋਨਾਬੂਦ ਕਰ ਦੇਣ ਦੀਆਂ ਗੱਲਾਂ ਬਹੁਤ ਪਸੰਦ ਆ ਰਹੀਆਂ ਹੋਣਗੀਆਂ … ਭਾਵੇਂ ਇਸ ਲਈ ਸਾਨੂੰ ਸਾਰੇ ਦੇ ਸਾਰੇ ਅਰਬ ਅਤੇ ਮੁਸਲਮਾਨ ਹੀ ਖ਼ਤਮ ਕਿਉਂ ਨਾ ਕਰਨੇ ਪੈਣ! ਸਾਡੇ ਵਿੱਚੋਂ ਬਹੁਤੇ ਵੈਸੇ ਵੀ ਇੱਕ ਅਰਬ ਤੇ ਮੁਸਲਮਾਨ ਦਰਮਿਆਨ ਫ਼ਰਕ ਨਹੀਂ ਕਰ ਸਕਦੇ ਹੋਣੇ। ਜੇਕਰ ਤੁਸੀਂ ਵੀ ਇਸੇ ਤਰ੍ਹਾਂ ਹੀ ਮਹਿਸੂਸ ਕਰਦੇ ਹੋ ਤਾਂ ਫ਼ਿਰ ਮੈਂ ਤੁਹਾਡੇ ਨਾਲ ਵੀ ਇਹ ਵਾਅਦਾ ਕਰ ਸਕਦਾ ਹਾਂ ਕਿ ਜਦੋਂ ਤਕ ਮਨੁੱਖਤਾ ਦੀ ਅਗਲੀ ਜੰਗ ਖ਼ਤਮ ਹੋਵੇਗੀ, ਜੇਕਰ ਤੁਸੀਂ ਉਸ ਵੇਲੇ ਤਕ ਜਿਊਂਦੇ ਰਹੇ ਤਾਂ, ਤੁਸੀਂ ਇਸ ਗੱਲ ‘ਤੇ ਪਛਤਾ ਰਹੇ ਹੋਵੋਗੇ ਕਿ ਤੁਸੀਂ ਅੱਜ ਮੰਗਿਆ ਕੀ ਸੀ!
ਮੁਸਲਮਾਨਾਂ ਪ੍ਰਤੀ ਬੇਵਿਸ਼ਵਾਸੀ, ਅਜਨਬੀਅਤ ਜਾਂ ਬੇਗ਼ਾਨਗੀ ਦੀ ਭਾਵਨਾ ਯੌਰਪ ਵਿੱਚ ਮੇਰੀਆਂ ਇਹ ਸਤਰਾਂ ਲਿਖਣ ਦੇ ਨਾਲ ਨਾਲ ਵੀ ਲਗਾਤਾਰ ਵਧਦੀ ਹੀ ਜਾ ਰਹੀ ਹੈ, ਖ਼ਾਸਕਰ ਇਹ ਅਫ਼ਵਾਹ ਸੁਣਨ ਤੋਂ ਬਾਅਦ ਕਿ ਪੈਰਿਸ ਖ਼ੂਨੀ ਕਾਂਡ ਵਿੱਚ ਸ਼ਾਮਿਲ ਇੱਕ ਅਤਿਵਾਦੀ ਉਨ੍ਹਾਂ ਹਜ਼ਾਰਾਂ ਰੈਫ਼ਿਊਜੀਆਂ ‘ਚੋਂ ਇੱਕ ਹੈ ਜਿਹੜੇ ਡੁਬਦੇ ਡੁਬਾਉਂਦੇ ਗਰੀਸ ਦੇ ਕੰਢਿਆਂ ‘ਤੇ ਹਰ ਰੋਜ਼ ਪਹੁੰਚਦੇ ਹਨ। ਇਸ ਅਫ਼ਵਾਹ ਅਨੁਸਾਰ, ਪੈਰਿਸ ਕਾਂਡ ਵਿੱਚ ਮਾਰਿਆ ਗਿਆ ਇੱਕ ਅਤਿਵਾਦੀ, ਅਹਿਮਦ ਅਲ ਮੁਹੰਮਦ, 3 ਅਕਤੂਬਰ ਨੂੰ ਗਰੀਸ ਵਿੱਚ ਇੱਕ ਸੀਰੀਆਈ ਸ਼ਰਣਾਰਥੀ ਦੇ ਤੌਰ ‘ਤੇ ਦਾਖ਼ਲ ਹੋਇਆ ਸੀ। ਇਸ ਨੂੰ ਅਫ਼ਵਾਹ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਹਾਲੇ ਤਕ ਇਹ ਪੱਕਾ ਨਹੀਂ ਹੋਇਆ ਕਿ ਅਤਿਵਾਦੀ ਦੀ ਲਾਸ਼ ਕੋਲੋਂ ਮਿਲਿਆ ਉਹ ਸੀਰੀਅਨ ਪਾਸਪੋਰਟ ਅਸਲੀ ਸੀ ਜਾਂ ਨਕਲੀ, ਪਰ ਇਹ ਰਾਏ ਵੀ ਪਾਈ ਜਾ ਰਹੀ ਹੈ ਕਿ ਆਈ.ਐੱਸ. ਨੀਤੀਘਾੜਿਆਂ ਵਲੋਂ ਸੀਰੀਅਨ ਰੈਫ਼ਿਊਜੀਆਂ ਖ਼ਿਲਾਫ਼ ਦੰਗੇ ਭੜਕਾਉਣ ਲਈ ਜਾਣਬੁਝ ਕੇ ਇਹ ਪਾਸਪੋਰਟ ਉੱਥੇ ਸੁੱਟਿਆ ਗਿਆ ਹੋ ਸਕਦਾ ਹੈ। ਕਿਹਾ ਜਾਂਦਾ ਹੈ ਕਿ ਸੀਰੀਆ ਤੋਂ ਅਹਿਮਦ ਮੈਸੋਡੋਨੀਆ ਤੇ ਸਰਬੀਆ ਹੁੰਦਾ ਹੋਇਆ ਕਰੋਏਸ਼ੀਆ ਪਹੁੰਚਿਆ ਜਿੱਥੇ ਉਸ ਨੇ ਆਪਣੇ ਆਪ ਨੂੰ ਓਪਾਟੋਵਾਕ ਰੈਫ਼ਿਜੀ ਕੈਂਪ ਵਿੱਚ ਇੱਕ ਸੀਰੀਅਨ ਰੈਫ਼ਿਊਜੀ ਵਜੋਂ ਰੈਜਿਸਟਰ ਕਰਾਇਆ। ਉੱਥੋਂ ਉਹ ਕਿਸੇ ਤਰ੍ਹਾਂ ਪੈਰਿਸ ਪਹੁੰਚ ਗਿਆ ਜਿੱਥੇ ਉਸ ਨੇ ਆਪਣੇ ਆਪ ਨੂੰ ਇੱਕ ਬੰਬ ਨਾਲ ਉਡਾ ਲਿਆ। ਹਾਲੀਆ ਪੈਰਿਸ ਹਮਲਿਆਂ ਤੋਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਲੋਕ ਸਨ ਜਿਹੜੇ ਇਹ ਖ਼ਦਸ਼ਾ ਜ਼ਾਹਿਰ ਕਰਦੇ ਹੋਏ ਆਮ ਸੁਣੇ ਤੇ ਦੇਖੇ ਜਾ ਸਕਦੇ ਸਨ ਕਿ ਇੱਕ ਮਿਲੀਅਨ ਮੁਸਲਮਾਨ ਰੈਫ਼ਿਊਜੀ 500 ਮਿਲੀਅਨ ਯੌਰਪੀਅਨ ਇਸਾਈਆਂ ਦੇ ਰਹਿਣ ਸਹਿਣ ਨੂੰ ਤਬਾਹ ਕਰ ਦੇਣਗੇ। ਪਰ, ਹੁਣ ਇਹ ਖ਼ਦਸ਼ਾ ਇਸ ਭੈਅ ਵਿੱਚ ਤਬਦੀਲ ਹੋ ਚੁੱਕੈ ਕਿ ਇਹ ਇੱਕ ਮਿਲੀਅਨ ਮੁਸਲਮਾਨ ਰੈਫ਼ਿਊਜੀ 500 ਮਿਲੀਅਨ ਯੌਰਪੀਅਨਾਂ ਦੀ ਜਾਨ ਲਈ ਪੈਰਿਸ ਵਰਗਾ ਇੱਕ ਖ਼ਤਰਾ ਬਣ ਜਾਣਗੇ।
ਉਹ ਸੀਰੀਅਨ ਪਾਸਪੋਰਟ ਅਸਲੀ ਸੀ ਜਾਂ ਪਲਾਂਟ ਕੀਤਾ ਹੋਇਆ ਇਹ ਤਾਂ ਪਤਾ ਨਹੀਂ, ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਅਗਲੇ ਕਿਸੇ ਦਿਨ ਇੰਝ ਹੀ ਕੋਈ ਅਤਿਵਾਦੀ ਕਿਸੇ ਸੀਰੀਅਨ ਪਾਸਪੋਰਟ ‘ਤੇ ਸਫ਼ਰ ਕਰਦਾ ਹੋਇਆ ਸੱਚਮੁੱਚ ਹੀ ਸੀਰੀਆ, ਤੁਰਕੀ, ਗਰੀਸ ਅਤੇ ਸਾਰੇ ਬਾਲਕਨ ਦੇਸ਼ਾਂ ਰਾਹੀਂ ਹੁੰਦਾ ਹੋਇਆ ਪੱਛਮੀ ਯੌਰਪ ਵਿੱਚ ਦਾਖ਼ਲ ਹੋਣ ਵਿੱਚ ਕਾਮਯਾਬ ਹੋ ਜਾਵੇ। ਇਸੇ ਕਾਰਨ ਪੋਲੈਂਡ ਦੀ ਕੰਸਰਵਟਿਵ ਸਰਕਾਰ ਨੇ ਤਾਂ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਮੁਲਕ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਜ਼ਾਰਾਂ ਸਰਣਾਰਥੀ ਲੈਣ ਦੇ ਆਪਣੇ ਇਕਰਾਰ ਤੋਂ ਮੁੱਕਰ ਰਹੀ ਹੈ। ਇਹ ਬਹਿਸ ਮੈਸੋਡੋਨੀਆ, ਸਰਬੀਆ ਅਤੇ ਕੋਰੇਸ਼ੀਆ ਦੇ ਨਾਲ ਨਾਲ ਉਸ ਸਾਰੇ ਪੰਧ ‘ਤੇ ਹੀ ਬਹੁਤ ਉੱਚੀ ਸੁਰ ਵਿੱਚ ਸੁਣਨ ਨੂੰ ਮਿਲਦੀ ਹੈ ਜਿਹੜਾ ਪੱਛਮ ਤਕ ਪਹੁੰਚਣ ਲਈ ਸੀਰੀਅਨ ਰੈਫ਼ਿਊਜੀ ਅਖ਼ਤਿਆਰ ਕਰਦੇ ਹਨ। ਇਸ ਰੂਟ ‘ਤੇ ਪੈਂਦੇ ਮੁਲਕਾਂ ਦੇ ਸਰਕਾਰੀ ਅਧਿਕਾਰੀ ਇਸ ਗੱਲ ‘ਤੇ ਲਗਾਤਾਰ ਜ਼ੋਰ ਦਿੰਦੇ ਹੋਏ ਸੁਣੇ ਜਾ ਸਕਦੇ ਹਨ ਕਿ ਉਹ ਆਪਣੇ ਮੁਲਕਾਂ ਵਿੱਚ ਪਹੁੰਚਣ ਵਾਲੀਆਂ ਰੈਫ਼ਿਊਜੀਆਂ ਦੀਆਂ ਭੀੜਾਂ ਦੀ ਚੈਕਿੰਗ ਕਰਨ ਵਿੱਚ ਬਹੁਤ ਮੁਸਤੈਦ ਹਨ, ਪਰ ਕੋਈ ਵੀ ਆਪਣੀ ਸੁਰਤ ਵਿੱਚ ਇਹ ਮੰਨਣ ਨੂੰ ਤਿਆਰ ਨਹੀਂ ਹੋਵੇਗਾ ਕਿ ਇੰਝ ਆਮ ਲੋਕਾਂ ਵਿੱਚ ਛੁਪੇ ਹੋਏ ਅਤਿਵਾਦੀਆਂ ਨੂੰ ਲਭਿਆ ਜਾ ਸਕਦਾ ਹੈ। ਫ਼ਰਾਂਸ ਵਿੱਚ ਇਮੀਗ੍ਰੈਂਟਾਂ ਵਿਰੋਧੀ ਸੱਜੇ ਪੱਖੀ ਪਾਰਟੀ, ਨੈਸ਼ਨਲ ਫ਼ਰੰਟ, ਦੀ ਨੇਤਾ ਮਰੀਨ ਲ ਪੈੱਨ ਨੇ ਮੰਗ ਕੀਤੀ ਹੈ ਕਿ ”ਫ਼ਰਾਂਸ ਨੂੰ ਫ਼ੌਰਨ ਸਾਰੇ ਪ੍ਰਵਾਸੀਆਂ ਦੀ ਆਮਦ ਬੰਦ ਕਰ ਦੇਣੀ ਚਾਹੀਦੀ ਹੈ।” ਇੱਥੇ ਵਰਣਨਯੋਗ ਹੈ ਕਿ ਮਾਰੀਨ ਲ ਪੈੱਨ ਦੀ ਪਾਰਟੀ ਆਪਣੇ ਇਸੇ ਪ੍ਰਵਾਸੀ ਵਿਰੋਧੀ ਸਟੈਂਡ ਕਾਰਨ ਅਗਲੇ ਮਹੀਨੇ ਫ਼ਰਾਂਸ ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਚੰਗੀ ਕਾਰਗ਼ੁਜ਼ਾਰੀ ਦਿਖਾਉਣ ਦੀ ਉਮੀਦਵਾਰ ਹੈ। ਫ਼ਰਾਂਸ ਦੇ ਸੋਸ਼ਲਿਸਟ ਰਾਸ਼ਟਰਪਤੀ ਫ਼ਰਾਂਸਵਾ ਓਲਾਂਦ ਨੇ ਸੋਮਵਾਰ ਨੂੰ ਆਪਣੀ ਪਾਰਲੀਮੈਂਟ ਦੇ ਇੱਕ ਸਾਂਝੇ ਸੈਸ਼ਨ ਨੂੰ ਮੁਖ਼ਾਤਿਬ ਹੋਣ ਵੇਲੇ ਆਪਣੇ ਭਾਸ਼ਣ ਦਾ ਆਗ਼ਾਜ਼ ”ਫ਼ਰਾਂਸ ਹਾਲਤੇ ਜੰਗ ਵਿੱਚ ਹੈ,” ਦੀ ਸਤਰ ਨਾਲ ਕੀਤਾ। 50 ਮਿੰਟ ਲੰਬੇ ਆਪਣੇ ਜੰਗੀ ਭਾਸ਼ਣ ਵਿੱਚ ਓਲਾਂਦ ਨੇ ‘ਸਾਰੇ ਅਤਿਵਾਦ ਦੇ ਮੁਕੰਮਲ ਖ਼ਾਤਮੇ’ ਦੀ ਗੱਲ ਵੀ ਕੀਤੀ।
ਮਨੁੱਖੀ ਅਧਿਕਾਰਾਂ ਦੇ ਰੱਖਵਾਲਿਆਂ ਅਤੇ ਸਿਆਸੀ ਮਾਹਿਰਾਂ ਦੀ ਚੇਤਵਾਨੀ ਹੈ ਕਿ ਯੌਰਪ ਅਤੇ ਅਮਰੀਕਾ ਦੀ ‘ਆਪਣੇ ਦੁਆਰ ਬੰਦ’ ਕਰਨ ਦੀ ਨੀਤੀ, ਜਿਹੜੀ ਐਂਟੀ ਇਮੀਗ੍ਰੈਂਟ ਜਥੇਬੰਦੀਆਂ ਜਾਂ ਸਿਆਸਤਦਾਨ ਵੀ ਗ਼ਾਹੇ ਬਗ਼ਾਹੇ ਸੁਝਾਉਂਦੇ ਰਹਿੰਦੇ ਹਨ, ਕੇਵਲ ਮਜ਼੍ਹਬੀ ਜਾਂ ਸਭਿਆਚਾਰਕ ਜ਼ਿਆਦਤੀਆਂ ਨੂੰ ਹੀ ਜਨਮ ਦੇਵੇਗੀ ਅਤੇ ਬਦਲੇ ਵਿੱਚ ਮੁਸਲਮਾਨਾਂ ਦੇ ਮਨਾਂ ਅੰਦਰ ਕੱਟੜਵਾਦ ਨੂੰ ਭੜਕਾਏਗੀ ਜਿਸ ਨਾਲ ਪਹਿਲਾਂ ਤੋਂ ਹੀ ਭੀਸ਼ਣ ਰੂਪ ਧਾਰਣ ਕਰ ਚੁੱਕਾ ਰੈਫ਼ਿਊਜੀ ਸੰਕਟ ਹੋਰ ਵੀ ਪ੍ਰਚੰਡ ਅਤੇ ਖ਼ਤਰਨਾਕ ਹੋ ਜਾਵੇਗਾ। ”ਇਹ ਵਕਤ ਯੌਰਪ ਲਈ ਇੱਕ ਬਹੁਤ ਹੀ ਖ਼ਤਰਨਾਕ ਵੇਲਾ ਹੈ; ਸੱਜੇ ਪੱਖੀ ਸਿਆਸਤਦਾਨ ਪੈਰਿਸ ਦੇ ਖ਼ੌਫ਼ਨਾਕ ਕਤਲੇਆਮ ਦੀ ਵਰਤੋਂ ਆਪਣੇ ਜ਼ਾਤੀ ਸਿਆਸੀ ਮੁਫ਼ਾਦ ਅਗਾਂਹ ਵਧਾਉਣ ਲਈ ਅਤੇ ਪ੍ਰਵਾਸੀਆਂ, ਖ਼ਾਸਕਰ ਮੁਸਲਮਾਨਾਂ, ਵਿਰੁੱਧ ਸਥਾਨਕ ਵਸਨੀਕਾਂ ਦੀਆਂ ਭਾਵਨਾਵਾਂ ਭਕਾਉਣ ਲਈ ਕਰ ਰਹੇ ਹਨ। ਪਰ, ਯੌਰਪ ਨੂੰ ਕੁਝ ਪਲਾਂ ਲਈ ਰੁੱਕ ਕੇ ਇਹ ਵਿਚਾਰਨ ਦੀ ਲੋੜ ਹੈ ਕਿ ਇਸ ਡਗਰ ‘ਤੇ ਉਹ ਕਿੰਨਾ ਅੱਗੇ ਵਧਣਾ ਚਾਹੁੰਦਾ ਹੈ,” ਹਿਊਮਨ ਰਾਈਟਸ ਵੌਚ ਦੇ ਐਮਰਜੈਂਸੀ ਡਾਇਰੈਕਟਰ ਪੀਟਰ ਬੂਕਾਏਰਟ ਦਾ ਪੱਤਰਕਾਰਾਂ ਨੂੰ ਕਹਿਣਾ ਸੀ। ”ਯੌਰਪ ਲਈ ਪੱਛਮੀ ਯੌਰਪ ਵਿੱਚ ਦਾਖਲ ਹੋਣ ਦੇ ਇੱਛੁਕ ਪ੍ਰਵਾਸੀਆਂ ਦਾ ਦਾਖ਼ਲਾ ਮੁਕੰਮਲ ਤੌਰ ‘ਤੇ ਰੋਕਣਾ ਨਾਮੁਮਕਿਨ ਹੈ; ਉਹ ਹਮੇਸ਼ਾ ਤੋਂ ਇੱਥੇ ਆਉਂਦੇ ਰਹੇ ਹਨ ਅਤੇ ਸਦਾ ਹੀ ਆਉਂਦੇ ਰਹਿਣਗੇ,” ਉਸ ਨੇ ਗੱਲਬਾਤ ਜਾਰੀ ਰਖਦਿਆਂ ਕਿਹਾ। ਸੋ ਯੌਰਪੀ ਮੁਲਕਾਂ ਕੋਲ ਕੇਵਲ ਦੋ ਹੀ ਚੋਣਾਂ ਹਨ: ਯਾ ਤਾਂ ਉਹ ਯੌਰਪ ਵਿੱਚ ਲੋਕਾਂ ਦਾ ਗ਼ੈਰਕਾਨੂੰਨੀ ਪਰਵਾਹ ਇੰਝ ਹੀ ਦੇਖਦੇ ਰਹਿਣ, ਯਾ ਫ਼ਿਰ ਸਾਰੀ ਯੌਰਪੀਅਨ ਯੂਨੀਅਨ ਰਲ਼ ਕੇ ਇੱਕ ਅਜਿਹੀ ਸਾਂਝੀ ਨੀਤੀ ਤਿਆਰ ਕਰੇ ਜਿਸ ਨਾਲ ਰੈਫ਼ਿਊਜੀਆਂ ਦਾ ਮੁੜ-ਵਸੇਬਾ ਸੁਨਿਸ਼ਚਿਤ ਕੀਤਾ ਜਾ ਸਕੇ। ਕਿਸੇ ਕਿਸਮ ਦੀ ਵੀ ਐਂਟੀ-ਮੁਸਲਿਮ ਭਾਵਨਾ ਦਾ ਮੁਜ਼ਾਹਰਾ ਇਸਲਾਮਿਕ ਸਟੇਟ ਦੇ ਪ੍ਰਮੁੱਖ ਬਗ਼ਦਾਦੀ ਦੇ ਕੰਨਾਂ ਲਈ ਮਧੁਰ ਸੰਗੀਤ ਹੀ ਹੋਵੇਗਾ ਕਿਉਂਕਿ ਉਹ ਇਹੀ ਤਾਂ ਚਾਹੁੰਦਾ ਹੈ ਕਿ ਯੌਰਪ ਦੇ ਇਸਾਈ ਵਸਨੀਕ ਉੱਥੇ ਵੱਸਦੇ ਮੁਸਲਾਮਾਨਾਂ ਨੂੰ ਕਹਿਣ ਕਿ ਉਹ ਉਨ੍ਹਾਂ ਦੇ ਦੇਸ਼ਾਂ ‘ਚੋਂ ਬਾਹਰ ਨਿਕਲ ਜਾਣ।
ਜਿਵੇਂ ਮੈਂ ਆਪਣੇ ਇਸ ਲੇਖ ਦੇ ਸ਼ੁਰੂ ਵਿੱਚ ਜ਼ਿਕਰ ਕੀਤਾ ਸੀ, ਪੈਰਿਸ ਹਮਲਿਆਂ ਨੇ ਯੌਰਪ ਤੋਂ ਬਾਹਰ ਵੀ ਪ੍ਰਵਾਸੀਆਂ ਦੇ ਵਿਰੁੱਧ ਭਾਵਨਾਵਾਂ ਨੂੰ ਬੱਲ ਦਿੱਤੈ ਅਤੇ ਇਸ ਵਿਰੋਧ ਦੀ ਪ੍ਰਕਿਰਿਆ ਵਿੱਚ ਹੁਣ ਅਮਰੀਕੀ ਸਿਆਸਤਦਾਨ, ਪ੍ਰਮੁੱਖ ਤੌਰ ‘ਤੇ ਰੀਪਬਲੀਕਨ, ਵੀ ਆਪਣਾ ਖ਼ੂਬ ਰੋਲ ਨਿਭਾ ਰਹੇ ਹਨ। ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਖੜ੍ਹੇ ਇੱਕ ਰੀਪਬਲੀਕਨ ਉਮੀਦਵਾਰ ਜੈੱਬ ਬੁੱਸ਼ ਨੇ ਸੀ.ਐੱਨ.ਐੱਨ. ਨਾਲ ਆਪਣੀ ਇੰਟਰਵਿਊ ਵਿੱਚ ਕਿਹਾ ਕਿ ਰੈਫ਼ਿਊਜੀਆਂ ਨੂੰ ਮਦਦ ਧਰਮ ਦੇ ਆਧਾਰ ‘ਤੇ ਹੀ ਦਿੱਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਇਸਾਈਆਂ ਨੂੰ ਤਰਜੀਹ ਹੋਣੀ ਚਾਹੀਦੀ ਹੈ। ਦੂਜੇ ਪਾਸੇ, ਬਾਕੀ ਦੇ ਉਮੀਦਵਾਰਾਂ ਦਾ ਤਾਂ ਸਪੱਸ਼ਟ ਇਹ ਕਹਿਣਾ ਸੀ ਕਿ ਮਿਡਲ ਈਸਟ ਤੋਂ ਆਉਣ ਵਾਲੇ ਸ਼ਰਣਾਰਥੀਆਂ ਦੇ ਅਮਰੀਕਾ ਵਿੱਚ ਵਸਣ ‘ਤੇ ਹੀ ਪਾਬੰਦੀ ਹੋਣੀ ਚਾਹੀਦੀ ਹੈ। ਬੁੱਸ਼ ਦਾ ਇਹ ਵੀ ਕਹਿਣਾ ਸੀ ਕਿ ਇਸਲਾਮਿਕ ਸਟੇਟ ਖ਼ਿਲਾਫ਼ ਲੜੀ ਜਾਣ ਵਾਲੀ ਲੜਾਈ ‘ਪੱਛਮੀ ਸਭਿਅਤਾ ਦੇ ਹੱਕ ਵਿੱਚ ਇੱਕ ਜੰਗ’ ਹੈ। ਅਜਿਹੇ ਬਿਆਨ ਸਿੱਧਾ ਸਿੱਧਾ ਇਸਲਾਮਿਕ ਸਟੇਟ ਦੇ ਪੌਪੇਗੈਂਡੇ ਦੇ ਹੱਕ ਵਿੱਚ ਭੁਗਤਦੇ ਹਨ ਜਿਹੜੀ ਕਿ ਮੁੱਢ ਤੋਂ ਹੀ ਇਸ ਜੰਗ ਨੂੰ ਪੱਛਮੀ ਧਾੜਵੀਆਂ ਖ਼ਿਲਾਫ਼ ਇੱਕ ਅਜਿਹੀ ਆਖ਼ਰੀ ਸਰਬਨਾਸ਼ੀ ਜੰਗ ਗਰਦਾਨਦੀ ਆਈ ਹੈ ਜਿਸ ਵਿੱਚ ਅੰਤ ਨੂੰ ਜਿੱਤ ਇਸਲਾਮ ਦੀ ਹੀ ਹੋਣੀ ਹੈ। ਜਦੋਂ ਰੀਪਬਲੀਕਨ ਇਹ ਕਹਿੰਦੇ ਹਨ ਕਿ ਆਈ.ਐੱਸ. ਖ਼ਿਲਾਫ਼ ਜੰਗ ਦੋ ਸਭਿਆਤਾਵਾਂ ਦਾ ਭੇੜ ਹੈ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਰਹਿੰਦਾ ਕਿ ਇਹੀ ਤਾਂ ਆਈ.ਐੱਸ.ਆਈ.ਐੱਲ. ਸੁਣਨਾ ਚਾਹੁੰਦੀ ਹੈ। ਹੈਰਾਨੀ ਹੁੰਦੀ ਹੈ ਪੱਛਮੀ ਦੇਸ਼ਾਂ ਦੇ ਸਿਆਸਤਦਾਨਾਂ ਵਿੱਚ ਦੂਰਅੰਦੇਸ਼ੀ ਤੇ ਸਮਝ ਦੀ ਅਜਿਹੀ ਘਾਟ ਦੇਖ ਕੇ!
ਅੰਤ ਵਿੱਚ, ਆਓ ਜ਼ਰਾ ਗੱਲ ਕਰ ਲਈਏ ਕਿ ਉਸ ਵਕਤ ਉੱਥੇ ਕਿਹੋ ਜਿਹਾ ਆਲਮ ਸੀ ਜਦੋਂ ਫ਼ਰਾਂਸ ਦੇ ਰਾਸ਼ਟਰਪਤੀ ਫ਼ਰਾਂਸਵਾ ਓਲਾਂਦ ਨੇ ਸੋਮਵਾਰ ਨੂੰ ਆਪਣੀ ਸੰਸਦ ਵਿੱਚ ਇਸਲਾਮਿਕ ਸਟੇਟ ਖ਼ਿਲਾਫ਼ ਜੰਗ ਦਾ ਐਲਾਨ ਕੀਤਾ। ਮੈਂ ਇਹ ਤਾਂ ਤੁਹਾਨੂੰ ਉੱਪਰ ਦੱਸ ਹੀ ਚੁੱਕਾ ਹਾਂ ਕਿ ਓਲਾਂਦ ਨੇ ਆਪਣੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਮੁਖ਼ਾਤਿਬ ਹੁੰਦਿਆਂ ਆਪਣੇ ਮੁਲਕ ਦੇ ਹਾਲਤੇ ਜੰਗ ਵਿੱਚ ਹੋਣ ਦਾ ਜ਼ਿਕਰ ਕੀਤਾ ਸੀ। ਫ਼ਿਰ ‘ਪਲਾਸ ਦੇ ਵਰਸਾਈ’ ਵਿੱਚ ਖੜ੍ਹੇ ਹੋ ਕੇ ਉਸ ਨੇ ਅੱਗੇ ਕਿਹਾ, ”ਅਸੀਂ ਹਰ ਤਰ੍ਹਾਂ ਦੇ ਅਤਿਵਾਦ ਨੂੰ ਜੜ੍ਹੋਂ ਉਖਾੜ ਕੇ ਹੀ ਹਟਾਂਗੇ।” ਉੱਥੇ ਮੌਜੂਦ ਸਾਰੀਆਂ ਪਾਰਟੀਆਂ ਦੇ ਸਾਰੇ ਕਾਨੂੰਨਸਾਜ਼ਾਂ ਨੇ ਖੜ੍ਹੇ ਹੋ ਕੇ ਇੱਕੋ ਸਾਹੇ ਓਲਾਂਦ ਨੂੰ ‘ਸਟੈਂਡਿੰਗ ਓਵੇਸ਼ਨ’ ਦਿੱਤੀ ਅਤੇ ਮੁਲਕ ਦਾ ਰਾਸ਼ਟਰੀ ਤਰਾਨਾ ‘ਲਾ ਮਾਰਸਈ’ ਸਾਰਿਆਂ ਨੇ ਰ:ਲ ਕੇ ਉੱਚੀ ਸੁਰ ਵਿੱਚ ਗਾਇਆ। ਲਾ ਮਾਰਸਈ ਅੱਜ ਦੇ ਹਾਲਾਤ ਵਿੱਚ ਵੀ ਇੱਕ ਦਿਲਚਸਪ ਗੀਤ ਹੋ ਨਿਬੜਦਾ ਹੈ ਜੋ ਕਿ 1792 ਦੀ ਫ਼ਰਾਂਸੀਸੀ ਕ੍ਰਾਂਤੀ ਵੇਲੇ ਫ਼ਰਾਂਸ ਦੀ ਪੁਸ਼ਤੈਨੀ ਜੰਗ ਦੌਰਾਨ ਲਿਖਿਆ ਗਿਆ ਸੀ। ਇਹ ਤਰਾਨਾ ਆਪਣੇ ਆਪ ਵਿੱਚ ਖ਼ੂਨੀ ਤਬੀਅਤ ਵਾਲਾ ਵੀ ਕਿਹਾ ਜਾ ਸਕਦਾ ਹੈ: ”ਕੀ ਤੁਹਾਨੂੰ ਸਾਡੇ ਜੰਗ ਦੇ ਮੈਦਾਨਾਂ ‘ਚ ਉਨ੍ਹਾਂ ਅਖੌਤੀ ਨਿਡਰ ਸਿਪਾਹੀਆਂ ਦੇ ਵੈਣ ਸੁਣਾਈ ਦੇ ਰਹੇ ਨੇ? ਉਹ ਤੁਹਾਡੀਆਂ ਬਾਹਾਂ ‘ਚ ਆ ਰਹੇ ਨੇ, ਤੁਹਾਡੇ ਪੁੱਤਰਾਂ ਤੇ ਤੁਹਾਡੀਆਂ ਵਹੁਟੀਆਂ ਦੇ ਗਾਟੇ ਵੱਢਣ। … ਆਪਣੀਆਂ ਪਲਟਨਾਂ ਸਥਾਪਿਤ ਕਰ ਲਓ! ਮਾਰਚ ਕਰੋ! ਮਾਰਚ ਕਰੋ! ਅੱਗੇ ਵਧੋ ਤੇ ਉਨ੍ਹਾਂ ਦੇ ਨਾਪਾਕ ਖ਼ੂਨ ਵਿੱਚ ਆਪਣੀ ਧਰਤੀ ਰੱਤੀ ਕਰੋ!” ਇਸਲਾਮਿਕ ਸਟੇਟ ਖ਼ਿਲਾਫ਼ ਜੰਗ ਦਾ ਐਲਾਨ ਕਰਨ ਵਾਲੇ ਭਾਸ਼ਣ ਦੇ ਅੰਤ ਵਿੱਚ ਇਹ ਗੀਤ ਕਈਆਂ ਨੂੰ ਵਾਹਵਾ ਢੁੱਕਵਾਂ ਵੀ ਜਾਪਿਆ ਹੋ ਸਕਦਾ ਹੈ!

LEAVE A REPLY