walia bigਮੈਂ 1981 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਵਿੱਚ ਪੜ੍ਹਾਉਣ ਲੱਗਾ ਅਤੇ 1985 ਵਿੱਚ ਰੈਗੂਲਰ ਹੋ ਗਿਆ ਸੀ। ਆਪਣੇ 34 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਮੈਂ ਕਈ ਵਰ੍ਹੇ ਅਜਿਹੇ ਵੀ ਵੇਖੇ ਜਦੋਂ ਮੈਂ ਪੂਰੇ ਸਾਲ ਦੌਰਾਨ ਕਿਸੇ ਕਿਸਮ ਦੀ ਛੁੱਟੀ ਨਹੀਂ ਲਈ। ਇਸਦੇ ਬਾਵਜੂਦ ਮੈਨੂੰ ਅਜੇ ਤੱਕ ਪੂਰੇ 365 ਦਿਨਾਂ ਵਿੱਚੋਂ 122 ਦਿਨਾਂ ਤੋਂ ਵੱਧ ਕੰਮਕਾਜੀ ਦਿਨ ਨਜ਼ਰ ਨਹੀਂ ਆਏ। ਯੂਨੀਵਰਸਿਟੀ ਵਿੱਚ ਛੁੱਟੀਆਂ ਦਾ ਹਾਲ ਤਾਂ ਹੋਰ ਵੀ ਨਿਰਾਲਾ ਹੁੰਦਾ ਹੈ। ਸਰਕਾਰੀ ਛੁੱਟੀਆਂ, ਅਚਨਚੇਤੀ ਛੁੱਟੀਆ, ਕਮਾਈ ਛੁੱਟੀਆਂ ਅਤੇ ਡਿਊਟੀ ਲੀਵ ਵਰਗੀਆਂ ਅਨੇਕਾਂ ਕਿਸਮ ਦੀਆਂ ਛੁੱਟੀਆਂ ਹੁੰਦੀਆਂ ਹਨ। ਪੰਜ ਦਿਨਾਂ ਦਾ ਹਫ਼ਤਾ ਹੁੰਦਾ ਹੈ। ਯੂਨੀਵਰਸਿਟੀ ਵਿੱਚ ਮਾਸ ਬੰਕ ਮਾਰਨ ਦਾ ਰਿਵਾਜ ਆਮ ਹੈ। ਮਹੀਨੇ ਵਿੱਚ ਇਕ ਦੋ ਆਮ ਬੰਕ ਵੱਜ ਜਾਂਦੇ ਹਨ। ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ 10-15 ਦਿਨ ਸਾਲ ਵਿੱਚ ਹੜਤਾਲਾਂ ਖਾ ਜਾਂਦੀਆਂ ਹਨ। ਯੂਨੀਵਰਸਿਟੀ ਦੀ ਜ਼ਿੰਦਗੀ ਹੋਵੇ ਅਤੇ ਫ਼ਿਰ ਦੋਸਤਾਂ ਨਾਲ ਰਲ ਕੇ ਜਨਮ ਦਿਨ ਦਾ ਜਸ਼ਨ ਨਾ ਮਨਾਇਆ ਜਾਵੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਯੁਵਕ ਮੇਲੇ ਦੇ ਦਿਨਾਂ ਵਿੱਚ ਪੜ੍ਹਾਈ ਦਾ ਕੰਮ। ਇਹ ਦਿਨ ਤਾਂ ਉਤਸਵ ਮਨਾਉਣ ਦੇ ਹੁੰਦੇ ਹਨ।
ਇਉਂ ਇਕ ਸਮੈਸਟਰ ਦੇ ਛੇ ਮਹੀਨਿਆਂ ਵਿੱਚ ਪੜ੍ਹਾਈ ਦੇ ਦਿਨ ਤਾਂ ਗਿਣਤੀ ਦੇ ਰਹਿ ਜਾਂਦੇ ਹਨ ਕਿਉਂਕਿ ਬਹੁਤ ਸਾਰੇ ਦਿਨਾਂ ਵਿੱਚ ਪ੍ਰੋਫ਼ੈਸਰ ਛੁੱਟੀ ‘ਤੇ ਰਹਿੰਦੇ ਹਨ। ਕਦੇ ਡਿਊਟੀ ਲੀਵ ‘ਤੇ ਅਤੇ ਕਦੇ ਅਚਨਚੇਤੀ। ਉਂਝ ਵੀ ਯੂਨੀਵਰਸਿਟੀ ਦੇ ਬਹੁਤੇ ਵਿਭਾਗਾਂ ਵਿੱਚ 2 ਵਜੇ ਤੋਂ ਬਾਅਦ ਪ੍ਰੋਫ਼ੈਸਰਾਂ ਨੂੰ ਲੱਭਣਾ ਮੁਸ਼ਕਿਲ ਕੰਮ ਹੁੰਦਾ ਹੈ। ਮੁਖੀ ਪੱਤਰਕਾਰੀ ਵਿਭਾਗ ਦੇ ਤੌਰ ‘ਤੇ ਜਿੰਨਾ ਮੇਰਾ ਵਿਰੋਧ ਹੁੰਦਾ ਹੈ ਉਹ ਸਾਰਾ ਛੁੱਟੀ ਨਾ ਦੇਣ ਕਾਰਨ। ਜਦੋਂ ਬਤੌਰ ਡਾਇਰੈਕਟਰ, ਆਈ. ਏ. ਐੱਸ. ਟਰੇਨਿੰਗ ਸੈਂਟਰ, ਮੈਂ ਹਫ਼ਤੇ ਵਿੱਚ ਸੱਤੇ ਦਿਨ ਸੈਂਟਰ ਲਗਾਉਣਾ ਸ਼ੁਰੂ ਕੀਤਾ ਤਾਂ ਸਟਾਫ਼ ਵਲੋਂ ਵਿਰੋਧ ਹੋਇਆ, ਪਰ ਮੈਂ ਆਪਣੇ ਇਰਾਦੇ ‘ਤੇ ਦ੍ਰਿੜ੍ਹ ਰਿਹਾ ਅਤੇ ਹੁਣ ਹਾਲਾਤ ਇਹ ਹਨ ਕਿ ਪੂਰਾ ਹਫ਼ਤਾ ਆਰਾਮ ਨਾਲ ਕਲਾਸਾਂ ਲੱਗਦੀਆਂ ਹਨ।
ਮੈਂ ਆਪਣੇ 34-35 ਸਾਲਾਂ ਦੇ ਤਜਰਬੇ ਦੇ ਆਧਾਰ ‘ਤੇ ਕਹਿ ਸਕਦਾ ਹਾਂ ਕਿ ਜਿੰਨੀਆਂ ਤਨਖਾਹਾਂ ਯੂਨੀਵਰਸਿਟੀ ਪ੍ਰੋਫ਼ੈਸਰਾਂ ਨੂੰ ਮਿਲਦੀਆਂ ਹਨ, ਉਸ ਦੇ ਬਦਲੇ ਵਿੱਚ ਕੰਮ ਘੱਟ ਅਤੇ ਛੁੱਟੀਆਂ ਮਾਨਣ ਦਾ ਆਨੰਦ ਜ਼ਿਆਦਾ ਹੁੰਦਾ ਹੈ।
ਮੈਂ ਮਜ਼ਾਕ ਵਿੱਚ ਦੋਸਤਾਂ ਨੂੰ ਅਕਸਰ ਕਹਿੰਦਾ ਹਾਂ ਕਿ ਇਸ ਧਰਤੀ ਉਪਰ ਸਭ ਤੋਂ ਚੰਗੀ ਨੌਕਰੀ ਯੂਨੀਵਰਸਿਟੀ ਦੀ ਪ੍ਰੋਫ਼ੈਸਰੀ ਹੈ। ਇਕ ਚੁਟਕਲਾ ਵੀ ਪ੍ਰਚੱਲਿਤ ਹੈ ਕਿ ਰੱਬ ਖੁਸ਼ ਹੋ ਕੇ ਕਿਸੇ ਨੂੰ ਕਹਿਣ ਲੱਗਾ:
ਚੱਲ ਬਈ ਤੈਨੂੰ ਮਨੁੱਖੀ ਜੀਵਨ ਵਿੱਚ ਭੇਜ ਰਹੇ ਹਾਂ। ਬੋਲ ਕੀ ਬਣਨਾ ਪਸੰਦ ਕਰੇਂਗਾ?
ਜੀ, ਜੇ ਪੰਜਾਬ ਵਿੱਚ ਜਨਮ ਲੈਣਾ ਹੈ ਤਾਂ ਮੈਨੂੰ ਸੰਤ ਬਣਾ ਦਿਓ। ਨਾ ਕੋਈ ਕੰਮ ਕਾਰ, ਵਿਹਲੇ ਰਹਿ ਕੇ ਹਰ ਕਿਸਮ ਦੀ ਮੌਜ ਹੈ। ਰੱਬ ਨੂੰ ਜਵਾਬ ਮਿਲਦਾ ਹੈ।
ਸੰਤ, ਤਾਂ ਪਹਿਲਾਂ ਹੀ ਬਹੁਤ ਹਨ, ਹੋਰ ਦੱਸ ਕੀ ਬਣਨਾ ਹੈ? ਰੱਬ ਨੇ ਫ਼ਿਰ ਸਵਾਲ ਕੀਤਾ।
ਫ਼ਿਰ ਮੈਨੂੰ ਕਿਸੇ ਸਰਕਾਰੀ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਲਾ ਦਿਓ। ਜਵਾਬ ਵਿੱਚ ਬੰਦੇ ਨੇ ਕਿਹਾ।
ਯੂਨੀਵਰਸਿਟੀ ਵਿੱਚ ਤਾਂ ਸਰਕਾਰ ਨੇ ਆਪਣੇ ਬੰਦੇ ਭਰਤੀ ਕਰ ਲਏ। ਕੋਈ ਅਸਾਮੀ ਨਹੀਂ। ਰੱਬ ਦਾ ਜਵਾਬ ਸੀ।
ਫ਼ਿਰ ਕਿਸੇ ਸਰਕਾਰੀ ਕਾਲਜ ਦਾ ਲੈਕਚਰਾਰ ਹੀ ਲਾ ਦਿਓ। ਬੰਦੇ ਨੇ ਤਰਲਾ ਕੀਤਾ।
ਇਹ ਵਿਅੰਗ ਸਿੱਧੇ ਤੌਰ ‘ਤੇ ਇਹ ਗੱਲ ਸਪਸ਼ਟ ਕਰਦਾ ਹੈ ਕਿ ਕੰਮ ਘੱਟ ਅਤੇ ਵਿਹਲ ਜ਼ਿਆਦਾ। ਸਮਾਜਿਕ ਰੁਤਬਾ ਅਤੇ ਤਨਖਾਹ ਵੱਧ। ਇਹ ਵਿਅੰਗ ਤਾਂ ਸਰਕਾਰੀ ਯੂਨੀਵਰਸਿਟੀ ਅਤੇ ਕਾਲਜਾਂ ਉਤੇ ਹੈ ਪਰ ਅਜਿਹਾ ਹਾਲ ਲੱਗਭੱਗ ਹਰ ਸਰਕਾਰੀ ਅਦਾਰੇ ਦਾ ਹੈ। ਇਹੀ ਕਾਰਨ ਹੈ ਕਿ ਲੋਕ ਸਰਕਾਰੀ ਸਕੂਲਾਂ ਵਿੱਚ ਬੱਚੇ ਨਹੀਂ ਪੜ੍ਹਾਉਣਾ ਚਾਹੁੰਦੇ ਅਤੇ ਨਾ ਹੀ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਾਉਣਾ ਚਾਹੁੰਦੇ ਹਨ ਪਰ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਲਈ ਤਰਲੋਮੱਛੀ ਹੁੰਦੇ ਹਨ। ਪਿਛਲੇ ਦਿਨੀਂ ਮੇਰਾ ਧਿਆਨ ਪੰਜਾਬ ਨੂੰ ‘ਛੁੱਟੀਆਂ ਦਾ ਸੂਬਾ’ ਬਣਾਉਣ ਵਿਰੁੱਧ ਸਮਾਜ ਸੇਵੀਆਂ ਵੱਲੋਂ ਧਰਨਾ’, ਸੁਰਖੀ ਹੇਠ ਸੰਗਰੂਰ ਤੋਂ ਛਪੀ ਇਕ ਖਬਰ ਨੇ ਖਿੱਚਿਆ। ਇਸ ਖਬਰ ਅਨੁਸਾਰ ਸਮਾਜ ਸੇਵੀ ਸੰਸਥਾਵਾਂ ਸਾਇੰਟੀਫ਼ਿਕ ਅਵੇਅਰਨੈਸ ਐਂਡ ਸੋਸ਼ਲ ਵੈਲਫ਼ੇਅਰ ਫ਼ੋਰਮ ਦੇ ਪ੍ਰਧਾਨ ਡਾ. ਏ. ਐਸ. ਮਾਨ, ਉਡਾਨ ਪ੍ਰਾਜੈਕਟ ਦੇ ਦੇਵੀ ਦਿਆਲ ਤੇ ਬਿਰਧ ਆਸ਼ਰਮ ਸੰਗਰੂਰ ਦੇ ਪ੍ਰਧਾਨ ਮੋਹਨ ਸ਼ਰਮਾ ਦੀ ਅਗਵਾਈ ਵਿੱਚ ਸਮਾਜ ਸੇਵੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਤੇ ਪੰਜਾਬ ਨੂੰ ਛੁੱਟੀਆਂ ਵਾਲਾ ਸੂਬਾ ਬਣਾਉਣ ਵਿਰੁੱਧ ਰੋਸ ਪ੍ਰਗਟ ਕਰਦਿਆਂ ਸਰਕਾਰੀ ਛੁੱਟੀਆਂ ਘਟਾਉਣ ਦੀ ਮੰਗ ਕੀਤੀ। ਉਹਨਾਂ ਮੰਗ ਕੀਤੀ ਕਿ ਸੂਬੇ ਵਿੱਚ ਸਿਰਫ਼ ਪੰਜ ਰਿਜ਼ਰਵ ਛੁੱਟੀਆਂ ਹੀ ਕੀਤੀਆਂ ਜਾਣ, ਜਿਹੜੇ ਮੁਲਾਜ਼ਮਾਂ ਨੇ ਜਿਸ ਧਾਰਮਿਕ, ਇਤਿਹਾਸਕ ਦਿਨ ‘ਤੇ ਛੁੱਟੀ ਲੈਣੀ ਹੋਵੇ, ਉਸਨੂੰ ਛੁੱਟੀ ਦਿੱਤੀ ਜਾਵੇ। ਡਾ. ਮਾਨ ਨੈ ਕਿਹਾ ਕਿ ਸਾਰੇ ਸਕੂਲਾਂ, ਕਾਲਜਾਂ, ਦਫ਼ਤਰਾਂ ਵਿੱਚ ਉਸ ਦਿਨ ਦੀ ਮਹੱਤਤਾ ਬਾਰੇ ਲੈਕਚਰ ਜ਼ਰੂਰ ਹੋਣ। 26 ਜਨਵਰੀ ਤੇ 15 ਅਗਸਤ ਦੀ ਛੁੱਟੀਕਰਨ ਦੀ ਥਾਂ ਇਹਨਾਂ ਦਿਨਾਂ ਦੀ ਮਹੱਤਤਾ ਬਾਰੇ ਦੱਸਿਆ ਜਾਵੇ।
ਇਹਨਾਂ ਸੰਸਥਾਵਾਂ ਨੇ ਤਰਕ ਦਿੱਤਾ ਕਿ ਵੱਧ ਰਹੀਆਂ ਛੁੱਟੀਆਂ ਕਰਨ ਲੋਕਾਂ ਦੇ ਕੰਮ ਹੋਣੋਂ ਰਹਿ ਜਾਂਦੇ ਹਨ। ਸੂਬੇ ਦਾ ਵਿਕਾਸ ਰੁਕਦਾ ਹੈ। ਸਿਆਸੀ ਲੋਕਾਂ ਵਿੱਚ ਰਾਜਨੀਤਿਕ ਇੱਛਾ ਸ਼ਕਤੀ ਦੀ ਘਾਟ ਕਾਰਨ ਵੋਟਾਂ ਦੇ ਟੁੱਟਣ ਦੇ ਡਰੋਂ ਉਹ ਲੋਕ ਹਿੱਤਾਂ ਪੱਖੀ ਸੁਚੱਜੇ ਫ਼ੈਸਲੇ ਨਹੀਂ ਲੈ ਪਾਉਂਦੇ। ਬਹੁਤੀ ਵਾਰ ਤਾਂ ਵੋਟਰਾਂ ਨੂੰ ਖੁਸ਼ ਕਰਨ ਲਈ ਛੁੱਟੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਅਸੀਂ ਗੁਰੂਆਂ, ਪੀਰਾਂ, ਸ਼ਹੀਦਾਂ ਅਤੇ ਸੂਰਬੀਰਾਂ ਦੀ ਧਰਤੀ ‘ਤੇ ਰਹਿੰਦੇ ਹਾਂ। ਜੇਕਰ ਅਸੀਂ ਹਰ ਗੁਰੂ, ਪੀਰ, ਸ਼ਹੀਦ ਅਤੇ ਸੂਰਬੀਰ ਦੇ ਨਾਮ ‘ਤੇ ਛੁੱਟੀਆਂ ਕਰਾਂਗੇ ਤਾਂ ‘ਕੰਮ ਸਭਿਆਚਾਰ’ ਪੈਦਾ ਕਰਨ ਤੋਂ ਵਾਂਝੇ ਰਹਿ ਜਾਵਾਂਗੇ। ਕੰਮ ਸਭਿਆਚਾਰ ਦੀ ਤਾਂ ਪਹਿਲਾਂ ਹੀ ਸਾਡੇ ਦੇਸ਼ ਵਿੱਚ ਅਣਹੋਂਦ ਹੈ। ਅਸੀਂ ਆਪਣੀ ਸਮਰੱਥਾ ਅਤੇ ਗੁੰਜਾਇਸ਼ ਤੋਂ ਪਹਿਲਾਂ ਹੀ ਅੱਧੇ ਤੋਂ ਵੀ ਘੱਟ ਕੰਮ ਕਰਦੇ ਹਾਂ। ਕੰਮ ਦੀ ਜ਼ਿੰਮੇਵਾਰੀ ਤੋਂ ਭੱਜਣਾ ਸਾਡੇ ਸੁਭਾਅ, ਆਚਰਣ ਅਤੇ ਚਰਿੱਤਰ ਦਾ ਹਿੱਸਾ ਬਣ ਗਿਆ ਹੈ। ਛੁੱਟੀਆਂ ਦੀ ਬਹੁਤਾਤ ਨੇ ਸਾਨੂੰ ਆਲਸੀ ਬਣਾ ਕੇ ਰੱਖ ਦਿੱਤਾ ਹੈ। ਸਾਡੇ ਆਚਰਣ ਵਿੱਚ ਸਮੇਂ ਦੀ ਪਾਬੰਦੀ ਨਾਮ ਦੀ ਕੋਈ ਚੀਜ਼ ਨਹੀਂ। ਨਾ ਤਾਂ ਅਸੀਂ ਸਮੇਂ ਦੇ ਪਾਬੰਦ ਹਾਂ ਅਤੇ ਨਾ ਹੀ ਸਮੇਂ ਦਾ ਪਾਲਣ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ। ਛੁੱਟੀਆਂ ਕਰਨ ਅਤੇ ਛੁੱਟੀਆਂ ਮਾਰਨ ਵਿੱਚ ਅਸੀਂ ਮਾਹਿਰ ਹਾਂ। ਫ਼ਰਲੋ ਮਾਰਨ ਵਿੱਚ ਅਸੀਂ ਮਾਣ ਮਹਿਸੂਸ ਕਰਦੇ ਹਾਂ। ਕਿਹਾ ਜਾਂਦਾ ਹੈ ਜਦੋਂ ਜਾਪਾਨ ਵਿੱਚ ਪੰਜ ਦਿਨਾਂ ਦੇ ਹਫ਼ਤੇ ਦਾ ਰਿਵਾਜ ਆਰੰਭ ਕੀਤਾ ਗਿਆ ਤਾਂ ਲੋਕਾਂ ਵਲੋਂ ਇਸ ਦਾ ਵਿਰੋਧ ਹੋਇਆ। ਇਸ ਦੇ ਉਲਟ ਸਾਡੇ ਦੇਸ਼ ਵਿੱਚ ਪੰਜ ਦਿਨਾਂ ਦੇ ਹਫ਼ਤੇ ਲਈ ਹੜਤਾਲਾਂ ਹੁੰਦੀਆਂ ਵੇਖੀਆਂ ਜਾ ਸਕਦੀਆਂ ਹਨ।
ਸਮੁੱਚੇ ਦੇਸ਼ ਨੂੰ ਖਾਸ ਤੌਰ ‘ਤੇ ਪੰਜਾਬ ਨੂੰ ਛੁੱਟੀ ਸਭਿਆਚਾਰ ਤੋਂ ਖਹਿੜਾ ਛੁਡਾਉਣਾ ਚਾਹੀਦਾ ਹੈ। ਧਾਰਮਿਕ ਦਿਨਾਂ, ਤਿਉਹਾਰਾਂ ‘ਤੇ ਜੇਕਰ ਕੋਈ ਛੁੱਟੀ ਲੈਣੀ ਚਾਹੁੰਦਾ ਹੈ ਤਾਂ ਇਹ ਛੁੱਟੀ ਸਮੂਹਿਕ ਨਾ ਹੋਕੇ ਉਸਦੀ ਨਿੱਜੀ ਛੁੱਟੀ ਮੰਨੀ ਜਾਣੀ ਚਾਹੀਦੀ ਹੈ। ਬਹੁਤ ਵਾਰ ਵੇਖਿਆ ਗਿਆ ਹੈ ਕਿ ਗੁਰਪੁਰਬ ਤੋਂ ਇਕ ਦਿਨ ਪਹਿਲਾਂ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਅੱਧੇ ਦਿਨ ਦੀ ਛੁੱਟੀ ਕਰ ਦਿੱਤੀ ਜਾਂਦੀ ਹੈ। ਇਹ ਚਲਨ ਵੀ ਬੰਦ ਹੋਣਾ ਚਾਹੀਦਾ ਹੈ। ਜੇਕਰ ਕੋਈ ਵਿਅਕਤੀ ਨਗਰ ਕੀਰਤਨ ਵਿੱਚ ਸ਼ਾਮਲ ਹੋਣਾ ਚਾਹੇ ਤਾਂ ਉਹ ਆਪਣੀ ਨਿੱਜੀ ਛੁੱਟੀ ਲੈ ਕੇ ਸ਼ਾਮਲ ਹੋਵੇ। ਛੁੱਟੀਆਂ ਦੀ ਤਨਖਾਹ ਨਾਲ ਜੋੜ ਕੇ ਵੇਖਣਾ ਚਾਹੀਦਾ ਹੈ। ਸਰਕਾਰਾਂ ਨੂੰਹਰ ਧਰਮ ਅਤੇ ਅਕੀਦੇ ਦੇ ਲੋਕਾਂ ਨੂੰ ਖੁਸ਼ ਕਰਨ ਲਈ ਛੁੱਟੀ ਸਭਿਆਚਾਰ ਨੂੰ ਬੜਾਵਾ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਜੇਕਰ ਪੰਜਾਬ ਵਿੱਚ ਕੰਮ ਸਭਿਆਚਾਰ ਪੈਦਾ ਕਰਨਾ ਹੈ ਤਾਂ ਛੁੱਟੀ ਸਭਿਆਚਾਰ ਨੂੰ ਛੁਟਿਆਉਣਾ ਜ਼ਰੂਰੀ ਹੈ।

LEAVE A REPLY