ਅਸੀਂ ‘ਬੌਧਿਕ ਅਸਹਿਣਸ਼ੀਲ’ ਹੀ ਚੰਗੇ!

gurbachanਅਸਹਿਣਸ਼ੀਲਤਾ ਬਾਰੇ ਵਿਵਾਦ ਪੂਰਾ ਭਖਿਆ ਹੋਇਆ ਹੈ। ਕੁਝ ਹੀ ਸਮੇਂ ਦੇ ਵਿੱਚ ਵਿੱਚ ਨਰੇਂਦਰ ਦਾਭੋਲਕਰ ਤੇ ਗੋਵਿੰਦ ਪਨਸਾਰੇ ਤੋਂ ਲੈ ਕੇ ਵਿਰੋਧੀ ਵਿਚਾਰਾਂ ਵਾਲਿਆਂ ਦੇ ਕਤਲ, ਭਗਵਾਨ ਤੇ ਬਸ਼ੀਰ ਵਰਗੇ ਹੋਰਾਂ ਨੂੰ ਕਤਲ ਦੀਆਂ ਧਮਕੀਆਂ, ਗ਼ੁਲਾਮ ਅਲੀ ਵਰਗਿਆਂ ਨੂੰ ਗਾਉਣ ਤੋਂ ਵਰਜਣਾ, ਵਾਜਪਈ ਤੇ ਅਡਵਾਨੀ ਦੇ ਨੇੜਲੇ ਸਾਥੀ ਰਹੇ ਸੁਧੀਂਦਰ ਕੁਲਕਰਨੀ ਨਾਲ ਸ਼ੁਰੂ ਹੋਇਆ ਮੂੰਹ ਕਾਲੇ ਕਰਨ ਦਾ ਸਿਲਸਿਲਾ, ਪਹਿਨਣ, ਖਾਣ, ਖੇਡਣ, ਦੋਸਤ ਚੁਣਨ ਤੇ ਪਿਆਰ ਕਰਨ ਨੂੰ ਲੈ ਲੇ ਧੌਂਸੀ ਫ਼ਰਮਾਨ ਅਸਹਿਣਸ਼ੀਲਤਾ ਦੀਆਂ ਮੂੰਹੋਂ ਬੋਲਦੀਆਂ ਕਰਤੂਤਾਂ ਹਨ।
ਇਸ ਮਾਹੌਲ ਵਿਰੁੱਧ ਲੇਖਕ ਭਾਈਚਾਰੇ ਵਿੱਚ, ਜੋ ਸਮਾਜ ਦਾ ਸਭ ਤੋਂ ਜਾਗ੍ਰਿਤ ਤੇ ਜਜ਼ਬਾਤੀ ਅੰਗ ਹੁੰਦਾ ਹੈ, ਰੋਸ ਪੈਦਾ ਹੋਣਾ ਕੁਦਰਤੀ ਸੀ। ਹਰ ਘਟਨਾ ਨਾਲ ਮਨਾਂ ਅੰਦਰ ਵੱਧ ਰਹੇ ਰੋਸ ਨੂੰ ਨਿਕਾਸ ਵਾਸਤੇ ਕਿਸੇ ਰਾਹ ਦੀ ਤਲਾਸ਼ ਸੀ। ਉਹਨੀਂ ਦਿਨੀਂ ਕਲਬੁਰਗੀ ਜਿਹੇ ਸ਼ਬਦ-ਸਮਰਾਟ ਦੇ ਉਹਦੇ ਹੀ ਘਰ ਦੇ ਅੰਦਰ ਕਤਲ ਨੇ ਰੋਸ ਦੀ ਧੁਖਦੀ ਅੱਗ ਨੂੰ ਭਾਂਬੜ ਬਣਾ ਦਿੱਤਾ। ਇਹ ਗੱਲ ਰੋਸ ਵਿੱਚ ਹੋਰ ਵਾਧਾ ਕਰ ਰਹੀ ਸੀ ਕਿ ਸਾਹਿਤ ਨਾਲ ਸੰਬੰਧਿਤ ਸਭ ਤੋਂ ਉੱਚੀ ਸੰਸਥਾ ਸਾਹਿਤ ਅਕਾਦਮੀ ਆਪਣੇ ਹੀ ਸਨਮਾਨੇ ਹੋਏ ਲੇਖਕ ਤੇ ਵਿਦਵਾਨ ਕਲਬੁਰਗੀ ਦੇ ਵਹਿਸ਼ੀ ਕਤਲ ਦੀ ਸੋਗ-ਸਭਾ ਕਰਨੋਂ ਵੀ ਇਨਕਾਰੀ ਸੀ। ਹਰ ਸੰਵੇਦਨਸ਼ੀਲ ਲੇਖਕ ਨੂੰ ਇਹ ਸਵਾਲ ਬੇਚੈਨ ਕਰ ਰਿਹਾ ਸੀ ਕਿ ਉਹ ਆਪਣੇ ਰੋਸ ਨੂੰ ਨਿਕਾਸ ਦੇਵੇ ਤਾਂ ਕਿਸ ਵਿਧ ਦੇਵੇ!
ਇਸ ਮੌਕੇ ਹਿੰਦੀ ਕਥਾਕਾਰ ਉਦੈ ਪ੍ਰਕਾਸ਼ ਨੂੰ ਮਹਿਸੂਸ ਹੋਇਆ ਕਿ ਲੰਮੀ ਕਲਮੀ ਕਮਾਈ ਦੀ ਕਦਰ ਵਜੋਂ ਹਾਸਲ ਹੋਇਆ ਮਾਣਯੋਗ ਪੁਰਸਕਾਰ ਵਾਪਸ ਕਰਨਾ ਰੋਸ ਦੇ ਪ੍ਰਗਟਾਵੇ ਦਾ ਇੱਕ ਰੂਪ ਹੋ ਸਕਦਾ ਹੈ। ਸਾਹਿਤ ਅਕਾਦਮੀ ਤੋਂ ਮਿਲਿਆ ਪੁਰਸਕਾਰ ਉਸੇ ਨੂੰ ਵਾਪਸ ਕਰਨਾ ਵਾਜਬ ਸੀ। ਉਸ ਪਿੱਛੋਂ ਇੱਕ ਇੱਕ ਕਰ ਕੇ ਕੁਝ ਹੋਰ ਸਾਹਿਤਕਾਰਾਂ ਨੇ, ਖ਼ਾਸ ਕਰਕੇ ਨੈਣਤਾਰਾ ਸਹਿਗਲ, ਅਸ਼ੋਕ ਵਾਜਪਈ ਤੇ ਕ੍ਰਿਸ਼ਣਾ ਸੋਬਤੀ ਜਿਹੀਆਂ ਬਹੁ-ਸਤਿਕਾਰੀਆਂ ਬਜ਼ੁਰਗ ਕਲਮਾਂ ਨੇ ਪੁਰਸਕਾਰ ਵਾਪਸ ਕਰਨੇ ਸ਼ੁਰੂ ਕਰ ਦਿੱਤੇ। ਇਹਨਾਂ ਸਭਨਾਂ ਦੀ ਮਿਸਾਲ ਨੇ ਮੇਰੇ ਰੋਸ ਨੂੰ ਵੀ ਰਾਹ ਦਿਖਾ ਦਿੱਤਾ ਤੇ ਪੰਜਾਬੀ ਵਿੱਚੋਂ ਪਹਿਲ ਕਰਦਿਆਂ ਮੈਂ ਵੀ ਆਪਣਾ ਪੁਰਸਕਾਰ, ਮਾਇਆ ਸਮੇਤ, ਅਕਾਦਮੀ ਨੂੰ ਵਾਪਸ ਕਰ ਦਿੱਤਾ।
ਇਸ ਦੌਰਾਨ ਅਬੋਲ ਰਾਜਨੀਤਕ ਸਹਿਮਤੀ ਦੇ ਮਾਹੌਲ ਵਿੱਚ ਬੇਲਗ਼ਾਮ ਹੋਏ ਦੰਗਈਆਂ ਨੇ ਦਾਦਰੀ ਦਾ ਕਹਿਰ ਵਰਤਾ ਦਿੱਤਾ। ਅਖ਼ਲਾਕ ਦਾ ਕਤਲ ਕਲਬੁਰਗੀ ਵਾਂਗ ਉਹਦੇ ਘਰ ਵੜ ਕੇ ਤਾਂ ਕੀਤਾ ਹੀ ਗਿਆ ਪਰ ਸਾਜ਼ਿਸ਼ ਉਸ ਤੋਂ ਵੀ ਵੱਡੀ ਤੇ ਵੱਧ ਵਹਿਸ਼ੀ ਰਚੀ ਗਈ। ਸਾਹਿਤਕਾਰਾਂ ਤੇ ਕਲਾਕਾਰਾਂ ਦੇ ਲਗਾਤਾਰ ਵਧਦੇ ਪੁਰਸਕਾਰ-ਵਾਪਸੀ ਕਾਫ਼ਲੇ ਦੇ ਰੋਸ ਨਾਲ ਹੁਣ ਫ਼ਿਲਮਾਂ ਵਾਲੇ, ਇਤਿਹਾਸਕਾਰ, ਵਿਗਿਆਨੀ, ਅਰਥ-ਸ਼ਾਸਤਰੀ, ਸਮਾਜ-ਸ਼ਾਸਤਰੀ, ਕਾਰੋਬਾਰੀ, ਆਦਿ ਭਾਂਤ ਭਾਂਤ ਦੇ ਲੋਕ ਵੀ ਸਹਿਮਤੀ ਪ੍ਰਗਟਾਉਣ ਲੱਗੇ। ਦੇਸ ਵਿੱਚ ਵੱਖਰੇ ਵਿਚਾਰਾਂ ਵਾਲੇ, ਵੱਖਰੇ ਧਰਮ ਵਾਲੇ, ਵੱਖਰੇ ਖਾਣ-ਪਾਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਵਾਲੇ ਮਾਹੌਲ ਦਾ ਨਾਂ ਅਸਹਿਣਸ਼ੀਲਤਾ ਪੈ ਗਿਆ।
ਵਾਜਬ ਗੱਲ ਇਹ ਸੀ ਕਿ ਪ੍ਰਧਾਨ ਮੰਤਰੀ, ਨਹੀਂ ਤਾਂ ਸਭਿਆਚਾਰ ਮੰਤਰੀ ਸਾਹਿਤ ਅਕਾਦਮੀ ਨੂੰ ਲੇਖਕਾਂ ਦਾ ਇੱਕ ਪ੍ਰਤੀਨਿਧ-ਮੰਡਲ ਬੁਲਾਉਣ ਲਈ ਆਖਦਾ ਜੋ ਸਰਕਾਰ ਨੂੰ ਆਪਣੇ ਰੋਸ ਦਾ ਆਧਾਰ ਦੱਸ ਕੇ ਕਿਸੇ ਹੱਲ ਬਾਰੇ ਚਰਚਾ ਕਰਦਾ। ਪਰ ਸਰਕਾਰ ਦੀ ਨਜ਼ਰ ਵਿੱਚ ਤਾਂ ਸਾਹਿਤਕਾਰ ਕਿਸੇ ਮਾਣਯੋਗ ਸਮਾਜਕ ਹੈਸੀਅਤ ਤੇ ਮਹੱਤਵ ਤੋਂ ਸੱਖਣੇ ਅਤੇ ਵਿਰੋਧੀ ਧਿਰ ਦੇ ਉਕਸਾਏ ਸਾਜ਼ਿਸ਼ੀਏ ਹਨ। ਇਸ ਕਰ ਕੇ ਸਭਿਆਚਾਰ ਮੰਤਰੀ ਨੇ ਅਸਹਿਣਸ਼ੀਲਤਾ ਦੇ ਸਾਰੇ ਮੁੱਦੇ ਤੇ ਮਸਲੇ ਦਾ ‘ਸਹਿਣਸ਼ੀਲ’ ਸਰਕਾਰੀ ਹੱਲ ਦੱਸ ਦਿੱਤਾ ਕਿ ਲੇਖਕ ਜੇ ਮਾਹੌਲ ਦੀ ਘੁਟਣ ਮਹਿਸੂਸ ਕਰਦੇ ਹਨ ਤਾਂ ਲਿਖਣਾ ਬੰਦ ਕਰ ਦੇਣ! ਇਸ ਪਿੱਛੋਂ ਇੱਕ ਇੱਕ ਕਰ ਕੇ ਕਈ ਮੰਤਰੀ ਤੇ ਰਾਜਨੀਤਕ ਆਗੂ ਬੋਲਣ ਲੱਗੇ। ਭਵਿੱਖ ਦੇ ਅਜਿਹੇ ਟੁੱਟਵੇਂ ਤੇ ਬੇਸੇਧੇ ਬਿਆਨਾਂ ਵਿੱਚ ਇਕਸੁਰਤਾ ਲਿਆਉਣ ਲਈ ਤੇ ਸਨਮਾਨ-ਵਾਪਸੀਏ ਲੇਖਕਾਂ ਨੂੰ ਦੇਣ ਵਾਲੀਆਂ ਗਾਲ੍ਹਾਂ ਸੁਝਾਉਣ ਲਈ ਸਾਰੀ ਕੈਬਨਿਟ ਵਿੱਚੋਂ ਲਿਖਣ-ਪੜ੍ਹਨ ਨਾਲ ਮਾੜਾ-ਮੋਟਾ ਵਾਹ ਰੱਖਣ ਵਾਲੇ ਇਕੋ-ਇੱਕ ਮੰਤਰੀ ਅਰੁਣ ਜੇਤਲੀ ਨੇ ਇੱਕ ਲੇਖ ਲਿਖ ਦਿੱਤਾ।
ਇਸ ਲੇਖ ਵਿੱਚ ਉਹਨੇ ਦਾਅਵਾ ਕੀਤਾ ਕਿ ਕਿਸੇ ਐਵੇਂ ਵਾਪਰੀ ਇਕਾ-ਦੁੱਕਾ ਘਟਨਾ ਨੂੰ ਛੱਡ ਕੇ ਸ਼ਾਂਤਮਈ ਸਹਿਹੋਂਦ ਵਾਲੀ ਉਦਾਰ ਜਮਹੂਰੀਅਤ ਨੂੰ ਪੂਰੀ ਤਰ੍ਹਾਂ ਪ੍ਰਣਾਏ ਹੋਏ ਭਾਰਤ ਦੇਸ ਵਿੱਚ ਪੂਰੀ ਸੁਹਿਰਦਤਾ, ਸਦਭਾਵਨਾ ਤੇ ਇਕਸੁਰਤਾ ਦਾ ਮਾਹੌਲ ਹੈ ਅਤੇ ਸਹਿਣਸ਼ੀਲਤਾ ਦਾ ਬੋਲਬਾਲਾ ਹੈ। ਸਾਹਿਤਕਾਰਾਂ ਅਤੇ ਹੋਰਾਂ ਦੇ ਰੋਸ ਨੂੰ ਉਹਨੇ ”ਬੌਧਿਕ ਅਸਹਿਣਸ਼ੀਲਤਾ” ਤੇ ”ਬੇਬੁਨਿਆਦ ਬਗ਼ਾਵਤ” ਦਾ ਨਾਂ ਦਿੱਤਾ ਅਤੇ ਕਿਹਾ ਕਿ ਇਸ ਸਭ ਦੇਸ-ਵਿਰੋਧੀ ਰੌਲ਼ਾ ਬਹੁਤ ਹੀ ਤੇਜ਼ੀ ਨਾਲ ਭਾਰਤ ਨੂੰ ਕਿਥੋਂ ਕਿਥੇ ਲੈ ਗਈ ਮੋਦੀ ਸਰਕਾਰ ਨੂੰ ਕੌਮਾਂਤਰੀ ਪਿੜ ਵਿੱਚ ਬਦਨਾਮ ਕਰਨ ਤੇ ਦੇਸ ਨੂੰ ਪਿੱਛੇ ਖਿੱਚਣ ਲਈ ਪਾਇਆ ਜਾ ਰਿਹਾ ਹੈ। ਉਹਨੇ ਲੇਖਕਾਂ ਨੂੰ ਖੱਬੀ ਵਿਚਾਰਧਾਰਾ ਤੇ ਨਹਿਰੂ-ਨਜ਼ਰੀਏ ਵਾਲੀ ਕਾਂਗਰਸ ਦੇ ਆਦੇਸ਼ਾਂ ਅਨੁਸਾਰ ਚੱਲਣ ਵਾਲੇ ਆਖਿਆ।
ਜੇਤਲੀ ਤੋਂ ਸਰਕਾਰੀ ਸੇਧ ਮਿਲਣ ਦੀ ਦੇਰ ਸੀ, ਟੀ.ਵੀ. ਚੈਨਲਾਂ ਉੱਤੇ ਆਰ.ਐੱਸ.ਐੱਸ. ਤੇ ਭਾਜਪਾ ਦੇ ਬੁਲਾਰਿਆਂ ਨੇ ਲੇਖਕਾਂ ਨੂੰ ਸੋਨੀਆ ਦੇ ਦਰਬਾਰੀ ਅਤੇ ਕਾਂਗਰਸ ਦੀ ਹਾਰ ਕਾਰਨ ਸਰਕਾਰੀ ਟੁਕੜਿਆਂ ਤੋਂ ਵਾਂਝੇ ਰਹਿ ਗਏ ਹੋਣ ਕਾਰਨ ਛਿੱਥੇ ਪਏ ਹੋਏ ਵਿਕਾਊ ਟੁਕੜਬੋਚ ਕਹਿਣਾ ਸ਼ੁਰੂ ਕਰ ਦਿੱਤਾ। ਅਜੇ ਤਕ ਚੁੱਪ ਰਹੇ ਮੰਤਰੀ ਵੀ ਬਿਆਨ ਦਾਗਣ ਲੱਗੇ ਜਿਨ੍ਹਾਂ ਵਿਚੋਂ ਮੇਨਕਾ ਗਾਂਧੀ ਨੇ ਪੁਰਸਕਾਰ-ਵਾਪਸੀ ਨੂੰ ਕੌਮਾਂਤਰੀ ਸਾਜ਼ਿਸ਼ ਕਰਾਰ ਦੇ ਦਿੱਤਾ।
ਇਹ ਸਭ ਦੁਰਬਚਨੀ ਬਿਆਨਬਾਜ਼ੀ ਵਿੱਚ ਜੇ ਕੋਈ ਕਸਰ ਸੀ, ਉਹ ਆਰ.ਐੱਸ.ਐੱਸ. ਦੀ ‘ਸੰਸਕਾਰ ਭਾਰਤੀ’ ਨਾਂ ਦੀ ਅਖੌਤੀ ਸਭਿਆਚਾਰਕ ਸੰਸਥਾ ਵਲੋਂ ਐਕਟਰ ਅਨੂਪਮ ਖੇਰ ਦੀ ਅਗਵਾਈ ਵਿੱਚ ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਤਕ ਕੱਢੇ ਗਏ ”ਭਾਰਤ ਖ਼ਾਤਰ ਮਾਰਚ” ਨੇ ਪੂਰੀ ਕਰ ਦਿੱਤੀ। ਮਾਰਚ ਵਿੱਚ ਗਿਣਤੀ ਦੇ ਬਾਲੀਵੁੱਡੀਆਂ ਨਾਲ ਜੋਗੀ ਅਦਿੱਤਿਆਨਾਥ ਦੇ ‘ਅਖਿਲ ਭਾਰਤੀਆ ਕਰਾਂਤੀ ਦਲ’ ਸਮੇਤ ਆਰ.ਐੱਸ.ਐੱਸ. ਤੇ ਭਾਜਪਾ ਦੇ ਅਨੇਕ ਸੰਗਠਨਾਂ ਦੇ ਤਾਂ ਸੈਂਕੜੇ ਬੰਦੇ ਜ਼ਰੂਰ ਸ਼ਾਮਲ ਹੋਏ ਪਰ ਲੇਖਕਾਂ ਦੀ ਹਾਜ਼ਰੀ ਬੱਸ ਮਧੂ ਕਿਸ਼ਵਰ ਤੇ ਕੱਨੜ ਲੇਖਕ ਭੈਰੱਪਾ ਨੂੰ ਹੀ ਲੁਆਉਣੀ ਪਈ।
ਸਰਕਾਰ ਤੇ ਉਹਦੇ ਭਗਤ ਅੱਜ ਤਕ ਇੱਕ ਵੀ ਮਿਸਾਲ ਪੇਸ਼ ਨਹੀਂ ਕਰ ਸਕਦੇ ਜਦੋਂ ਕਿਸੇ ਵੀ ਪੁਰਸਕਾਰ-ਵਾਪਸੀਏ ਲੇਖਕ ਨੇ, ਜਿਨ੍ਹਾਂ ਨੂੰ ਉਹ ਦੇਸ ਵਿੱਚ ਅਸਹਿਣਸ਼ੀਲਤਾ ਦਾ ਝੂਠਾ ਰੌਲ਼ਾ ਪਾਉਣ ਵਾਲੇ ਬੌਧਿਕ ਅਸਹਿਣਸ਼ੀਲ ਕਹਿੰਦੇ ਹਨ, ਕਿਸੇ ਚਿੱਠੀ, ਬਿਆਨ, ਅਖ਼ਬਾਰੀ ਲੇਖ ਜਾਂ ਟੀ.ਵੀ. ਬਹਿਸ ਵਿੱਚ ਅਸਹਿਣਸ਼ੀਲਤਾ ਦਾ ਮੁਜ਼ਾਹਰਾ ਕਰਦਿਆਂ ਇੱਕ ਵਾਰ ਵੀ ਕਿਸੇ ਨੂੰ ਕੋਈ ਮੰਦੀ ਗੱਲ ਕਹੀ ਹੋਵੇ। ਇਹਦੇ ਉਲਟ ਮੋਦੀ ਸਰਕਾਰ ਅਧੀਨ ਦੇਸ ਦੀ ਸੰਪੂਰਨ ਸਹਿਣਸ਼ੀਲਤਾ ਦੇ ਪੱਖ ਵਿੱਚ ਤੇ ਉਹਦੇ ਸਬੂਤ ਵਜੋਂ ਕੱਢ ਗਏ ਅਨੂਪਮ ਖੇਰ ਵਾਲੇ ਜਲੂਸ ਵਿੱਚ ‘ਸਹਿਣਸ਼ੀਲਤਾ’ ਦੇ ਜੋ ਜੋ ਨਜ਼ਾਰੇ ਦੇਖਣ ਨੂੰ ਮਿਲੇ, ਉਹਨਾਂ ਤੋਂ ਮਗਰੋਂ ਇਕੋ ਰਾਹ ਰਹਿ ਜਾਂਦਾ ਹੈ ਕਿ ਸਹਿਣਸ਼ੀਲਤਾ ਤੇ ਅਸਹਿਣਸ਼ੀਲਤਾ, ਦੋਵਾਂ ਸ਼ਬਦਾਂ ਦੇ ਅਰਥ ਇੱਕ ਦੂਜੇ ਨਾਲ ਵਟਾ ਦਿੱਤੇ ਜਾਣ!
ਪੁਰਸਕਾਰ-ਵਾਪਸੀਏ ਲੇਖਕਾਂ ਨੂੰ ”ਦੇਸ਼ ਧਰੋਹੀ” ਕਿਹਾ ਗਿਆ ”ਜੋ ਵਾਹਗਾ ਸਰਹੱਦ ਤੋਂ ਪਾਰ ਵਗਾਹ ਮਾਰਨੇ ਚਾਹੀਦੇ ਹਨ।” ਇੱਕ ਗੂੰਜਵਾਂ ਨਾਅਰਾ ਸੀ, ”ਢੌਂਗੀ ਸਾਹਿੱਤਿਅਕਾਰੋਂ ਕੋ, ਜੂਤੇ ਮਾਰੋ ਸਾਲੋਂ ਕੋ!” ਸ਼ਾਹਰੁਖ਼ ਖ਼ਾਂ ਦੇ ਇੱਕ ਬਿਲਕੁਲ ਹੀ ਸਾਧਾਰਨ ਬਿਆਨ ਦੇ ਹਵਾਲੇ ਨਾਲ ਛੋਟੇ-ਮੋਟੇ ਐਕਟਰ ਰਾਜਾ ਬੁੰਦੇਲਾ ਨੇ ਕਿਹਾ, ”ਜਿਸ ਦਿਨ ਉਹਦੀ ਕੋਈ ਫ਼ਿਲਮ ਰਿਲੀਜ਼ ਹੁੰਦੀ ਹੈ, ਮੁਸਲਮਾਨਾਂ ਨੂੰ ਮੁਫ਼ਤ ਟਿਕਟਾਂ ਵੰਡੀਆਂ ਜਾਂਦੀਆਂ ਹਨ।” ਗਾਇਕ ਅਭੀਜੀਤ ਨੇ ਕਿਹਾ, ”ਜੇ ਉਹ ਪਾਕਿਸਤਾਨ ਜਾਣਾ ਚਾਹੁੰਦਾ ਹੈ, ਅਸੀਂ ਛੱਡ ਆਵਾਂਗੇ। ਫ਼ੇਰ ਜੇ ਉਹ ਕਹੇਗਾ, ਮੈਨੂੰ ਲੈ ਜਾਓ, ਅਸੀਂ ਉਹਨੂੰ ਮੁੜਨ ਨਹੀਂ ਦੇਵਾਂਗੇ। … ਇਹ ਮਾਰਚ ਤਦ ਹੀ ਸਮਾਪਤ ਹੋਵੇਗਾ ਜਦੋਂ ਅਸੀਂ ਅਜਿਹੇ ਲੋਕਾਂ ਨੂੰ ਵਾਹਗਿਉਂ ਪਾਰ ਛੱਡ ਆਵਾਂਗੇ। … ਇਹ ਸਾਡੀ ਸਹਿਣਸ਼ੀਲਤਾ ਹੀ ਹੈ ਕਿ ਅਸੀਂ ਅਜੇ ਅਰੁਣਧਤੀ ਰਾਏ ਨੂੰ, ਜੋ ਯਾਸਿਨ ਮਲਿਕ ਤੇ ਨਕਸਲੀਆਂ ਨਾਲ ਘੁੰਮਦੀ ਰਹਿੰਦੀ ਹੈ, ਵਾਹਗਿਉਂ ਪਾਰ ਸੁੱਟ ਕੇ ਨਹੀਂ ਆਏ। … ਲੇਖਕਾਂ ਨੂੰ ਰੋਸ ਪ੍ਰਗਟਾਉਣ ਲਈ ਪੈਸੇ ਦਿੱਤੇ ਗਏ ਹਨ। ਇਸ ਦੇਸ ਨੇ ਉਹਨਾਂ ਨੂੰ ਰੋਟੀ-ਪਾਣੀ ਦਿੱਤਾ, ਇਨਾਮ ਦਿੱਤੇ, ਪਰ ਉਹ ਤਾਂ ਵੀ ਦੇਸ ਨੂੰ ਬਦਨਾਮ ਕਰ ਰਹੇ ਹਨ। ਅਸੀਂ ਉਹਨਾਂ ਨੂੰ ਛੱਡਾਂਗੇ ਨਹੀਂ!”
‘ਸਹਿਣਸ਼ੀਲਤਾ’ ਦੀ ਸਭ ਤੋਂ ਉੱਤਮ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਅਖ਼ਬਾਰੀ ਤੇ ਟੀ.ਵੀ. ਪੱਤਰਕਾਰਾਂ ਨੂੰ ਇਹ ਆਖ ਕੇ ਕਿ ਉਹ ਪੁਰਸਕਾਰ-ਵਾਪਸੀਏ ਸਾਹਿਤਕਾਰਾਂ ਦਾ ਪਰਚਾਰ ਕਰ ਰਹੇ ਹਨ, ਨਾਅਰੇ ਲਾਏ ਜਾਣ ਲੱਗੇ, ”ਪਰੈਸਟੀਚਿਊਟੋ, ਜਹੰਨਮ ਵਿੱਚ ਜਾਓ!” (ਸ਼ਬਦ ਪਰੈਸਟੀਚਿਊਟ ਸਾਬਕਾ ਸੈਨਾ-ਮੁਖੀ ਤੇ ਹੁਣ ਮੋਦੀ ਦੇ ਮੰਤਰੀ ਵੀ.ਕੇ. ਸਿੰਘ ਨੇ ਪਰੌਸਟੀਚਿਊਟ, ਭਾਵ ਵੇਸਵਾ ਵਿੱਚ ਪਰੈੱਸ ਮਿਲਾ ਕੇ ਸਿਰਜਣ ਦੀ ਅਦੁਭੁਤ ਪ੍ਰਤਿਭਾ ਦਿਖਾਈ ਹੈ।) ਮਾਰਚੀਆਂ ਦੀ ‘ਸਹਿਣਸ਼ੀਲਤਾ’ ਏਨੀ ਵੱਧ ਗਈ ਕਿ ਉਹਨਾਂ ਨੇ ਐੱਨ.ਡੀ.ਟੀ.ਵੀ. ਦੀ ਪੱਤਰਕਾਰ ਲੜਕੀ ਭੈਰਵੀ ਸਿੰਘ ਨੂੰ ਘੇਰ ਕੇ ਪਹਿਲਾਂ ਗਾਲ੍ਹਾਂ ਦਿੱਤੀਆਂ ਤੇ ਫ਼ੇਰ ਖਿੱਚ-ਧੂਹ ਕਰਨ ਦੀ ਕੋਸ਼ਿਸ਼ ਕੀਤੀ। ‘ਦੇਸ਼ਭਗਤਾਂ’ ਤੋਂ ਕਿਵੇਂ ਨਾ ਕਿਵੇਂ ਬਚੀ ਕੁੜੀ ਨੇ ਮਾਰਚ ਦੇ ਜਰਨੈਲ ਅਨੂਪਮ ਖੇਰ ਨੂੰ ਟਵੀਟ ਭੇਜੇ, ”ਪਹਿਲਾਂ ਮੈਨੂੰ ਵੈਸ਼ਿਆ ਕਿਹਾ ਗਿਆ ਤੇ ਹੋਰ ਗਾਲ੍ਹਾਂ ਦਿੱਤੀਆਂ ਗਈਆਂ, ਫ਼ੇਰ ਉਥੋਂ ਭੱਜ ਕੇ ਨਿਕਲਦੀ ਦਾ ਮੇਰਾ ਪਿੱਛਾ ਕੀਤਾ ਗਿਆ, ਸਿਰਫ਼ ਮੇਰੇ ਇਹ ਕਹਿਣ ਕਰ ਕੇ ਕਿ ਭਾਰਤ ਦਾ ਰਚਨਾਤਮਿਕ ਵਰਗ ਇਸ ਮੁੱਦੇ ਨੂੰ ਲੈ ਕੇ ਵੰਡਿਆ ਹੋਇਆ ਹੈ। … ਹੁਣ ਮੈਨੂੰ ਟਵਿਟਰ ਰਾਹੀਂ ਵੀ ਭੈਭੀਤ ਕੀਤਾ ਜਾ ਰਿਹਾ ਹੈ। … ਸਿਰਫ਼ ਇਸ ਕਾਰਨ ਕਿ ਮੈਂ ਆਪਣੀ ਗੱਲ ਕਹਿ ਦਿੱਤੀ!”
ਜੇ ਆਰ.ਐੱਸ.ਐੱਸ. ਤੇ ਭਾਜਪਾ ਦੇ ਸਿਆਸਤਦਾਨਾਂ ਅਤੇ ਅਨੂਪਮ ਖੇਰ ਮਾਰਕਾ ‘ਦੇਸ਼ਭਗਤ’ ਕਲਾਕਾਰਾਂ ਅਨੁਸਾਰ ਸਹਿਣਸ਼ੀਲਤਾ ਦਾ ਅਰਥ ਤੇ ਰੂਪ ਇਹ ਹੈ ਤਾਂ ਫ਼ੇਰ ਅਸੀਂ ਜੇਤਲੀ ਦੇ ਲਾਏ ਇਲਜ਼ਾਮ ਅਨੁਸਾਰ ‘ਬੌਧਿਕ ਅਸਹਿਣਸ਼ੀਲ’ ਹੀ ਚੰਗੇ!   (01191-1142502364)

LEAVE A REPLY