ਮੰਡੀ ਡੱਬਵਾਲੀ : ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹਰਿਆਣੇ ‘ਚ ਵੀ ਸਿਆਸੀ ਮਹਾਂਗਠਜੋੜ ਬਣਾਉਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਸਰਗਰਮ ਹੋ ਗਏ ਹਨ । ਉਨ੍ਹਾਂ ਨੇ ਆਪਣੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੇ ਨਾਲ ਨਿੱਜੀ ਰਾਬਤਾ ਕਾਇਮ ਕਰਨ ਲਈ ਆਪਣੇ ਮੱਤਭੇਦ ਭੁਲਾਅ ਕੇ ਕੰਮ ਕਰ ਰਹੇ ਹਨ । ਸਿਆਸੀ ਪਾਰਟੀਆਂ ਦੇ ਆਗੂ ਸਿਆਸੀ ਦਲਾਲਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਤੋਂ ਸਹਿਯੋਗ ਲੈਣ ਲਈ ਯਤਨ ਕਰ ਰਹੇ ਹਨ ਕਿਉਂਕਿ ਸਿਆਸੀ ਦਲਾਲ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਵਿਚੋਲਗਿਰੀ ਕਰਕੇ ਉਨ੍ਹਾਂ ਨਾਲ ਸਾਂਝ ਪਾਉਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਸਿਆਸੀ ਪਾਰਟੀਆਂ ਦੇ ਵਰਕਰ ਅਤੇ ਆਗੂ ਵੀ ਇਹ ਚਾਹੁੰਦੇ ਹਨ ਕਿ ਅਗਾਮੀ ਹਰਿਆਣੇ ‘ਚ ਹੋਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਲਈ ਸੂਬਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਬਾਹਰ ਦਾ ਰਾਸਤਾ ਦਿਖਾਇਆ ਜਾਵੇ ਜੋ ਕਿ ਸਮੇਂ ਦੀ ਮੁੱਖ ਲੋੜ ਹੈ । ਪੁਰਾਣੀ ਕਹਾਵਤ ਹੈ ਕਿ ਦੁਸ਼ਮਣ ਦਾ ਦੁਸ਼ਮਣ ਮਿੱਤਰ ਹੈ ਵਾਂਗ ਹੀ ਮਹਾਂਗਠਜੋੜ ਕਰਕੇ ਭਾਜਪਾ ਨੂੰ ਧੋਬੀ ਪਲਟਾ ਮਾਰਿਆ ਜਾ ਸਕਦਾ ਹੈ ਜਿਵੇਂ ਕਿ ਬਿਹਾਰ ‘ਚ ਮਾਰਿਆ ਗਿਆ ਹੈ । ਹਰਿਆਣੇ ਦੀ ਸਿਆਸਤ ਵਿੱਚ ਦੋਸਤ ਤੋਂ ਦੁਸ਼ਮਣ ਬਣੇ ਸਿਆਸੀ ਆਗੂ ਪੁਰਾਣਾ ਗਠਜੋੜ ਮੁੜ ਸੁਰਜੀਤ ਕਰਨ ਲਈ ਆਪਣੇ ਮੱਤਭੇਦ ਭੁਲਾਅ ਦੇਣ ਇਸ ਵਿੱਚ ਹੀ ਉਨ੍ਹਾਂ ਦਾ ਭਲਾ ਹੈ। ਸੂਬਾ ਅਤੇ ਕੇਂਦਰ ਵਿੱਚ 1977 ਵਿੱਚ ਉੱਘੇ ਸਮਾਜਵਾਦੀ ਆਗੂ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਵਿੱਚ ਗਠਜੋੜ ਸਰਬ ਭਾਰਤ ਲਹਿਰ ਵਿੱਚ ਬਦਲ ਗਿਆ ਸੀ । ਹੁਣ ਵੀ ਉਸੇ ਤਰ੍ਹਾਂ ਗਠਜੋੜ ਬਣਾਏ ਜਾਣ ਦੀ ਹਰ ਪਾਸਿਓਂ ਮੰਗ ਕੀਤੀ ਜਾ ਰਹੀ ਹੈ। ਉਸ ਵਕਤ ਦੇਸ਼ ਵਿੰਚੋਂ ਕਾਂਗਰਸ ਦਾ ਸਫਾਇਆ ਗਠਜੋੜ ਨੇ ਕਰ ਦਿੱਤਾ ਸੀ ਜੋ ਕਿ ਇੱਕ ਇਤਿਹਾਸ ਸਿਰਜਿਆ ਗਿਆ ਸੀ। ਹਰਿਆਣੇ ਦੀ ਸਿਆਸਤ ‘ਚ ਹਮੇਸ਼ਾ ਹੀ ਆਇਆ ਰਾਮ, ਗਿਆ ਰਾਮ ਦੀ ਸਿਆਸਤ ਭਾਰੀ ਰਹੀ ਹੈ ਜਿਸ ਨੂੰ ਲੋਕ ਪਸੰਦ ਨਹੀਂ ਕਰਦੇ । ਪਰ ਮਹਾਂਗਠਜੋੜ ਆਪਣੀ ਸਿਆਸੀ ਸਾਂਝ ਦਾ ਪ੍ਰਤੀਕ ਹੀ ਮੰਨਿਆ ਜਾਵੇਗਾ । ਇਸ ਸਬੰਧੀ ਸਿਆਸੀ ਮੀਟਿੰਗਾਂ ਦਾ ਸਿਲਸ਼ਿਲਾ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।