ਸਮੱਸਿਆਵਾਂ ਨਾਲ ਘਿਰੀ ਡੱਬਵਾਲੀ ਮੰਡੀ, ਲੋਕ ਪ੍ਰੇਸ਼ਾਨ

6ਮੰਡੀ ਡੱਬਵਾਲੀ : ਪੰਜਾਬ-ਹਰਿਆਣੇ ਦੀ ਸਰਹੱਦ ‘ਤੇ ਸਥਿਤ ਹਰਿਆਣੇ ਦੇ ਜ਼ਿਲ੍ਹਾ ਸਿਰਸਾ ਅਧੀਨ ਆਉਂਦੀ ਮੰਡੀ ਡੱਬਵਾਲੀ ਜੋ ਕਿ ਸਮੱਸਿਆਵਾਂ ਵਿੱਚ ਘਿਰੀ ਹੋਈ ਹੈ ਜਿਸ ਦੇ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਇਥੋਂ ਦੀਆਂ ਵੱਖ-ਵੱਖ ਗਲੀਆਂ ਥਾਂ-ਥਾਂ ਤੋਂ ਟੁੱਟੀਆਂ ਪਈਆਂ ਹਨ ਅਤੇ ਮੰਡੀ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਜੋ ਥਾਂ-ਥਾਂ ਤੋਂ ਟੁੱਟੀਆਂ ਪਈਆਂ ਹਨ ਅਤੇ ਡੂੰਘੇ ਟੋਏ ਪਏ ਹੋਏ ਹਨ। ਸਫਾਈ ਦਾ ਵੀ ਬਹੁਤ ਬੁਰਾ ਹਾਲ ਹੈ। ਸ਼ਹਿਰ ਅੰਦਰ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਪਏ ਹਨ ਜੋ ਬਿਮਾਰੀਆਂ ਪੈਦਾ ਕਰ ਰਹੇ ਹਨ । ਕਈ ਵਾਰਡਾਂ ਵਿੱਚ ਸੀਵਰੇਜ ਵਿਵਸਥਾ ਵੀ ਜ਼ਿਆਦਾਤਰ ਫੇਲ੍ਹ ਹੀ ਰਹਿੰਦੀ ਹੈ । ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਵਧਾ ਕੇ ਰੱਖਿਆ ਸਾਮਾਨ ਵੀ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਹੈ ਜਿਸ ਦੇ ਕਾਰਨ ਜਾਮ ਲੱਗਿਆ ਰਹਿੰਦਾ ਹੈ । ਰੇਲਵੇ ਫਾਟਕ ਵੀ ਗੱਡੀਆਂ ਦੀ ਆਵਾਜਾਈ ਕਾਰਨ ਜ਼ਿਆਦਾਤਰ ਬੰਦ ਰਹਿੰਦਾ ਹੈ ਜਿਸ ਕਾਰਨ ਜਾਮ ਲੱਗੇ ਰਹਿੰਦੇ ਹਨ। ਕਈ ਵਾਰਡਾਂ ‘ਚ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ । ਕਈ ਪਾਸੇ ਸਟਰੀਟ ਲਾਈਟਾਂ ਨਹੀਂ ਹਨ । ਸਿਵਲ ਹਸਪਤਾਲ ‘ਚੋਂ ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲਦੀਆਂ । ਬਿਜਲੀ-ਪਾਣੀ ਦੇ ਬੇ-ਲੋੜੇ ਬਿਲ ਆਉਣ ਕਾਰਨ ਲੋਕਾਂ ‘ਚ ਭਾਰੀ ਰੋਸ ਹੈ। ਲੋੜਵੰਦ ਲੋਕਾਂ ਨੂੰ ਸਮੇਂ ਸਿਰ ਪੈਨਸ਼ਨ ਨਹੀਂ ਮਿਲਦੀ, ਬੈਂਕਾਂ ਤੋਂ ਕਰਜ਼ੇ ਨਹੀਂ ਮਿਲਦੇ। ਬੇਰੁਜ਼ਗਾਰਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ। ਲੋਕਾਂ ਨੂੰ ਸਰਕਾਰੀ ਲਾਭਦਾਇਕ ਸਕੀਮਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੰਦਾ। ਆਵਾਰਾ ਪਸ਼ੂ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣੇ ਹੋਏ ਹਨ ਅਤੇ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ । ਬੱਸ ਅੱਡੇ ਦੇ ਬਾਹਰ ਖੜ੍ਹਦੀਆਂ ਬੱਸਾਂ ਆਵਾਜਾਈ ਵਿੱਚ ਵਿਘਨ ਪਾਉਂਦੀਆਂ ਹਨ। ਮੰਡੀ ਨਿਵਾਸੀਆਂ ਦੀ ਜ਼ੋਰਦਾਰ ਮੰਗ ਹੈ ਕਿ ਸਰਕਾਰ ਉਪਰੋਕਤ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਕੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰੇ।

LEAVE A REPLY