3ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਹਰ ਕੋਈ ਆਪਣੇ-ਆਪਣੇ ਢੰਗ-ਤਰੀਕਿਆਂ ਨਾਲ ਇਨ੍ਹਾਂ ਤਿਉਹਾਰਾਂ ਦਾ ਆਨੰਦ ਮਾਣ ਰਿਹਾ ਹੈ। ਭਾਰਤ ਦੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਮੌਕੇ ਸਾਰੇ ਹੀ ਖਰੀਦਦਾਰੀ ਵਿਚ ਰੁੱਝੇ ਹੋਏ ਹਨ। ਕੋਈ ਨਵੇਂ ਕੱਪੜੇ ਖਰੀਦ ਰਿਹਾ ਹੈ ਅਤੇ ਕੋਈ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਲਈ ਗਿਫਟ।
ਦੂਸਰੇ ਪਾਸੇ ਇਨ੍ਹਾਂ ਤਿਉਹਾਰਾਂ ਮੌਕੇ ਸਾਡੀ ਸਿਹਤ ਨਾਲ ਖਿਲਵਾੜ ਵੀ ਹੋ ਰਿਹਾ ਹੈ ਕਿਉਂਕਿ ਤਿਉਹਾਰਾਂ ਮੌਕੇ ਮਠਿਆਈਆਂ ਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਵਿਚ ਭਾਰੀ ਮਿਲਾਵਟ ਪਾਈ ਜਾਂਦੀ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਅਜਿਹੇ ਮਿਲਾਵਟਖੋਰਾਂ ਖਿਲਾਫ਼ ਸਖ਼ਤ ਕਦਮ ਜ਼ਰੂਰ ਚੁੱਕੇ ਜਾਂਦੇ ਹਨ, ਪਰ ਫਿਰ ਵੀ ਕਿਤੇ ਨਾ ਕਿਤੇ ਅਣਗਹਿਲੀ ਰਹਿਣ ਕਾਰਨ ਖਮਿਆਜ਼ਾ ਸਾਡੀ ਸਿਹਤ ਨੂੰ ਭੁਗਤਣਾ ਪੈਂਦਾ ਹੈ। ਮਿਲਾਵਟੀ ਦੁੱਧ, ਦਹੀਂ, ਘਿਓ, ਫਲ ਅਤੇ ਸਬਜ਼ੀਆਂ ਸਾਡੀ ਸਿਹਤ ‘ਤੇ ਮਾਰੂ ਅਸਰ ਪਾ ਰਹੀਆਂ ਹਨ। ਇਸ ਤੋਂ ਇਲਾਵਾ ਤਿਉਹਾਰਾਂ ਮੌਕੇ ਸ਼ਹਿਰਾਂ ਵਿਚ ਰੇਹੜੀਆਂ ਤੇ ਖੁੱਲ੍ਹਾ ਅਤੇ ਬਿਨਾਂ ਢਕਿਆ ਖਾਣ-ਪੀਣ ਦਾ ਸਾਮਾਨ ਵੇਚਿਆ ਜਾਂਦਾ ਹੈ, ਜਿਸ ਨਾਲ ਵੀ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਤਿਉਹਾਰਾਂ ਨੂੰ ਖੁਸ਼ੀਆਂ ਨਾਲ ਮਨਾਉਣ ਲਈ ਖਾਣ-ਪੀਣ ਦੀਆਂ ਵਸਤੂਆਂ ਦੀ ਬੜੀ ਸਾਵਧਾਨੀ ਨਾਲ ਖਰੀਦਦਾਰੀ ਕਰਨੀ ਚਾਹੀਦੀ ਹੈ, ਜਿਥੋਂ ਤੱਕ ਹੋ ਸਕੇ ਬਾਜ਼ਾਰ ਦੀਆਂ ਖਾਣ-ਪੀਣ ਦੀਆਂ ਚੀਜ਼ਾਂ ਤੋਂ ਬਚਿਆ ਜਾਵੇ। ਮਠਿਆਈਆਂ ਸਾਨੂੰ ਘਰ ਦੇ ਦੁੱਧ ਤੋਂ ਹੀ ਤਿਆਰ ਕਰਨੀਆਂ ਚਾਹੀਦੀਆਂ ਹਨ। ਇਸ ਨਾਲ ਨਾ ਕੇਵਲ ਸਾਡੀ, ਬਲਕਿ ਸਾਡੇ ਪਰਿਵਾਰ ਦੀ ਵੀ ਸਿਹਤ ਤੰਦੁਰਸਤ ਰਹੇਗੀ ਅਤੇ ਤਿਉਹਾਰਾਂ ਦੀ ਰੰਗਤ ਵੀ ਬਣੀ ਰਹੇਗੀ।

LEAVE A REPLY