ਡੂਮਾ- ਸੀਰੀਆ ਦੇ ਡੂਮਾ ਕਸਬੇ ‘ਚ ਸ਼ਨੀਵਾਰ ਨੂੰ ਬਾਜ਼ਾਰ ‘ਚ ਹਵਾਈ ਹਮਲੇ ਕੀਤੇ ਗਏ, ਜਿਸ ‘ਚ 23 ਲੋਕਾਂ ਦੀ ਮੌਤ ਹੋ ਗਈ। ਖਬਰਾਂ ਮੁਤਾਬਕ ਮਾਰੇ ਗਏ ਸਾਰੇ ਲੋਕ ਆਮ ਨਾਗਰਿਕ ਸਨ। ਮੰਨਿਆ ਜਾ ਰਿਹਾ ਹੈ ਕਿ ਇਹ ਹਵਾਈ ਹਮਲੇ ਰੂਸੀ ਫਾਈਟਰ ਜਹਾਜ਼ਾਂ ਵਲੋਂ ਕੀਤੇ ਗਏ ਹਨ। ਬ੍ਰਿਟੇਨ ਦੀ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੀ ਰਿਪੋਰਟ ਨਾਲ ਇਸ ਹਮਲੇ ਦੀ ਜਾਣਕਾਰੀ ਮਿਲੀ ਹੈ। ਦੱਸ ਦਈਏ ਕਿ ਡੂਮਾ ਬਾਗੀਆਂ ਦੇ ਕਬਜ਼ੇ ਵਾਲਾ ਇਲਾਕਾ ਹੈ।
ਡੂਮਾ ਕਸਬਾ ਸੀਰੀਆ ਦੀ ਰਾਜਧਾਨੀ ਦਮਿਸ਼ਕ ਤੋਂ ਜ਼ਿਆਦਾ ਦੂਰ ਨਹੀਂ ਹੈ। ਇਥੋਂ ਦੇ ਬਾਜ਼ਾਰ ‘ਚ ਹਮੇਸ਼ਾ ਭੀੜ ਲੱਗੀ ਰਹਿੰਦੀ ਹੈ। ਆਬਜ਼ਰਵੇਟਰੀ ਮੁਤਾਬਕ 30 ਸਤੰਬਰ ਤੋਂ ਸੀਰੀਆ ‘ਚ ਹਵਾਈ ਹਮਲੇ ਕਰ ਰਹੇ ਰੂਸੀ ਜਹਾਜ਼ ਨੇ ਹੀ ਇਸ ਹਮਲੇ ਨੂੰ ਅੰਜ਼ਾਮ ਦਿੱਤਾ। ਮਾਰੇ ਗਏ ਲੋਕਾਂ ‘ਚ 6 ਬੱਚੇ ਅਤੇ 7 ਔਰਤਾਂ ਸ਼ਾਮਲ ਹਨ, ਜਦੋਂ ਕਿ ਵੱਡੀ ਗਿਣਤੀ ‘ਚ ਲੋਕ ਜ਼ਖਮੀ ਵੀ ਹੋਏ ਹਨ।
ਦੂਜੇ ਪਾਸੇ ਰੂਸੀ ਅਧਿਕਾਰੀਆਂ ਨੇ ਸਿਵਲੀਅਨ ਇਲਾਕੇ ‘ਚ ਹਵਾਈ ਹਮਲੇ ਦੀ ਗੱਲ ਤੋਂ ਮਨ੍ਹਾਂ ਕੀਤਾ ਹੈ। ਰੂਸੀ ਅਧਿਕਾਰੀਆਂ ਨੇ ਕਿਹਾ ਕਿ ਉਹ ਸਿਰਫ ਅੱਤਵਾਦੀ ਸੰਗਠਨ ‘ਤੇ ਹਮਲੇ ਕਰਦੇ ਹਨ। ਉਥੇ ਹੀ ਆਬਜ਼ਰਵੇਟਰੀ ਦਾ ਕਹਿਣਾ ਹੈ ਕਿ ਰੂਸ ਦੇ ਹਮਲਿਆਂ ‘ਚ ਅੱਤਵਾਦੀਆਂ ਤੋਂ ਜ਼ਿਆਦਾ ਆਮ ਨਾਗਰਿਕ ਮਾਰੇ ਗਏ ਹਨ।