ਸਿੱਖ ਕਤਲੇਆਮ ਪੀੜਤ ਪਰਿਵਾਰਾਂ ਨੂੰ ਅਜੇ ਤੱਕ ਨਹੀਂ ਮਿਲਿਆ ਇਨਸਾਫ : ਪੰਥਕ ਆਗੂ

4ਮੰਡੀ ਡੱਬਵਾਲੀ  : ਹਰਿਆਣੇ ਦੀਆਂ ਵੱਖ-ਵੱਖ ਪੰਥਕ ਜਥੇਬੰਦੀਆਂ ਦੀ ਇੱਕ ਵਿਸ਼ੇਸ ਮੀਟਿੰਗ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਦੇ ਮੈਂਬਰ ਜਸਵੀਰ ਸਿੰਘ ਭਾਟੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹਰਿਆਣਾ ਸਿੱਖ ਵਿਚਾਰ ਮੰਚ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਪੰਨੀਵਾਲੀਆ, ਹਰਿਆਣਾ ਸਿੱਖ ਧਰਮ ਪ੍ਰਚਾਰ ਲਹਿਰ ਦੇ ਪ੍ਰਧਾਨ ਮਲਕੀਤ ਸਿੰਘ ਖਾਲਸਾ, ਹਰਿਆਣਾ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਹਰਬੰਸ ਸਿੰਘ ਪਾਨਾ, ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਦੇ ਪ੍ਰਧਾਨ ਕੁਲਵੰਤ ਸਿੰਘ, ਗੁਰਦੁਆਰਾ ਬਾਬਾ ਵਿਸ਼ਵਕਰਮਾ ਦੇ ਬੁਲਾਰੇ ਸੋਨੂੰ ਸਿੰਘ, ਪ੍ਰਸਿੱਧ ਕਥਾਵਾਚਕ ਗਿਆਨੀ ਗਿਆਨ ਸਿੰਘ, ਸਿੱਖ ਜੁਝਾਰੂ ਆਗੂ ਭਾਈ ਬਲਕਰਨ ਸਿੰਘ ਸਿੰਘ ਖਾਲਸਾ ਆਦਿ ਸ਼ਾਮਲ ਸਨ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸਮੂਹ ਬੁਲਾਰਿਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ 1984 ‘ਚ ਹੋਏ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਨੂੰ ਸਰਕਾਰ ਇਨਸਾਫ ਦਿਵਾਉਣਾ ਜਾਂ ਦੇਣਾ ਨਹੀਂ ਚਾਹੁੰਦੀ ਕਿਉਂਕਿ ਪਿਛਲੇ ਡੇਢ ਸਾਲ ਤੋਂ ਕੇਂਦਰ ਵਿੱਚ ਨਿਰੋਲ ਭਾਜਪਾ ਸੱਤਾ ਵਿੱਚ ਹੈ। ਪਰ 31 ਸਾਲਾਂ ਦਾ ਲੰਬਾ ਅਰਸਾ ਬੀਤਣ ਬਾਅਦ ਵੀ ਪੀੜਤ ਪਰਿਵਾਰ ਸਮੇਂ ਦੀਆਂ ਸਰਕਾਰਾਂ ਤੋਂ ਇਨਸਾਫ ਮਿਲਣ ਦੀ ਆਸ ਲਗਾਈ ਬੈਠੇ ਹਨ। ਪਰ ਦੁੱਖਦਾਈ ਗੱਲ ਇਹ ਹੈ ਕਿ ਦੇਸ਼ ਦੀ ਆਜ਼ਾਦੀ ਲਈ 80 ਫੀਸਦੀ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨੂੰ ਭਾਰਤ ਦੀਆਂ ਅਦਾਲਤਾਂ, ਸੀ.ਬੀ.ਆਈ. ਅਤੇ ਸਰਕਾਰਾਂ ਇਨਸਾਫ ਦਿਵਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ । ਉਕਤ ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਮਤਲਬੀ ਸਰਕਾਰ ਹੈ ਕਿਉਂਕਿ ਸਿਰਫ ਨਵੰਬਰ ਮਹੀਨੇ ਵਿੱਚ ਹੀ ਇਨ੍ਹਾਂ ਨੂੰ ਉਕਤ ਪੀੜਤ ਪਰਿਵਾਰਾਂ ਦੀ ਯਾਦ ਆਉਂਦੀ ਹੈ। ਬਾਕੀ 11 ਮਹੀਨੇ ਇਹ ਪਰਿਵਾਰ ਆਪਣੇ ਹੱਕਾਂ ਲਈ ਸੜਕਾਂ ਅਤੇ ਪ੍ਰਸਾਸ਼ਨਿਕ ਦਫ਼ਤਰਾਂ ਅੱਗੇ ਸੰਘਰਸ਼ ਕਰਦੇ ਰਹਿੰਦੇ ਹਨ। ਉਕਤ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਸਰਕਾਰ ਆਪਣਾ ਨੇਤਿਕ ਫ਼ਰਜ ਅਤੇ ਧਰਮ ਸਮਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਉਕਤ ਪੀੜਤਾਂ ਨੂੰ ਇਨਸਾਫ ਦਿਵਾਏ।

LEAVE A REPLY