ਸ੍ਰੀਨਗਰ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਜੰਮੂ ਅਤੇ ਕਸ਼ਮੀਰ ਲਈ 80 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ। ਸ੍ਰੀਨਗਰ ਵਿਚ ਸ਼ੇਰ-ਏ-ਕਸ਼ਮੀਰ ਸਟੇਡੀਅਮ ਵਿਚ ਆਪਣੇ ਸੰਬੋਧਨ ਵਿਚ ਸ੍ਰੀ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਕਸ਼ਮੀਰਿਅਤ, ਜਮਹੂਰੀਅਤ, ਇੰਸਾਨੀਅਤ ਦੇ ਸੰਦੇਸ਼ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ ਦੀ ਸੂਫੀ ਪਰੰਪਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਕਸ਼ਮੀਰੀਅਤ ਤੋਂ ਬਿਨਾਂ ਪੂਰਨ ਨਹੀਂ ਹੈ।
ਉਨ੍ਹਾਂ ਨੇ ਸੂਬੇ ਦੇ ਲੋਕਾਂ ਦੀ ਜਮਹੂਰੀਅਤ ਵਿਚ ਉਨ੍ਹਾਂ ਦਾ ਭਰੋਸਾ ਜਤਾਉਣ ‘ਤੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਦਾ ਵਿਕਾਸ ਇਨਸਾਨੀਅਤ ‘ਤੇ ਆਧਾਰਿਤ ਹੋਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ‘ਸਭ ਦਾ ਸਾਥ, ਸਭ ਕਾ ਵਿਕਾਸ’ ਲਈ ਕੰਮ ਕੀਤਾ ਹੈ ਅਤੇ ਇਸ ਲਈ ਇਹ ਜ਼ਰੂਰੀ ਹੈ ਕਿ ਵਿਕਾਸ ਦੇਸ਼ ਦੇ ਸਾਰੇ ਹਿੱਸਿਆਂ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਜੰਮੂ ਤੇ ਕਸ਼ਮੀਰ ਰਾਜ ਨੂੰ ਇਕ ਵਾਰੀ ਫਿਰ ਤੋਂ ਉਨ੍ਹਾਂ ਦਿਨਾਂ ਵੱਲ ਪਰਤਣਾ ਚਾਹੀਦਾ ਹੈ, ਜਦੋਂ ਦੇਸ਼ ਦੇ ਸਾਰੇ ਹਿੱਸਿਆਂ ਦੇ ਲੋਕ ਰਾਜ ਦਾ ਦੌਰਾ ਕਰਨ ਲਈ ਪੈਸਿਆਂ ਬਚਤ ਕਰਦੇ ਸਨ। ਉਨ੍ਹਾਂ ਕਿਹਾ ਕਿ ਸੈਰ ਸਪਾਟੇ ਤੋਂ ਇਲਾਵਾ ਪਸ਼ਮੀਨਾ ਅਤੇ ਕੇਸਰ ਵਰਗੇ ਖੇਤਰਾਂ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ 2001 ਵਿਚ ਗੁਜਰਾਤ ਵਿਚ ਆਏ ਭੂਚਾਲ ਤੋਂ ਬਾਅਦ ਪੁਨਰ ਨਿਰਮਾਣ ਦੇ ਆਪਣੇ ਅਨੁਭਵ ਦਾ ਵਰਣਨ ਕੀਤਾ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਪਿਛਲੇ ਸਾਲ ਹੜ੍ਹ ਕਾਰਨ ਜੰਮੂ ਅਤੇ ਕਸ਼ਮੀਰ ਰਾਜ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ, ਪਰ ਉਨ੍ਹਾਂ ਨੇ ਲੋਕਾਂ ਵਿਚ ਜਜ਼ਬਾ ਦੇਖਿਆ ਸੀ ਅਤੇ ਉਨ੍ਹਾਂ ਨੂੰ ਭਰੋਸਾ ਸੀ ਕਿ ਰਾਜ ਛੇਤੀ ਹੀ ਮੁਸ਼ਕਿਲਾਂ ਤੋਂ ਉਭਰ ਜਾਵੇਗਾ। ਉਨ੍ਹਾਂ ਨੇ ਇਹ ਵੀ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਦੀ ਮਾਂ ਨੇ ਪਿਛਲੇ ਸਾਲ ਜੰਮੂ ਅਤੇ ਕਸ਼ਮੀਰ ਵਿਚ ਹੜ੍ਹ ਰਾਹਤ ਲਈ ਉਨ੍ਹਾਂ ਨੇ 5 ਹਜ਼ਾਰ ਰੁਪਏ ਦਿੱਤੇ ਸਨ।
ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਜੰਮੂ ਕਸ਼ਮੀਰ, ਜੋ ਨੌਵਜਾਨ ਕ੍ਰਿਕਟਰ ਪਰਵੇਜ ਰਸੂਲ ਦਾ ਘਰ ਹੈ, ਵਿਚ ਇਕ ਵਾਰ ਫਿਰ ਤੋਂ ਕੌਮਾਂਤਰੀ ਕ੍ਰਿਕਟ ਮੈਚ ਆਯੋਜਤ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਉਚ ਬੱਲੇਬਾਜ਼ ਰਾਜ ਵਿਚ ਬਣੇ ਬੱਲਿਆਂ ਦਾ ਉਪਯੋਗ ਕਰਦੇ ਹਨ।
ਇਸ ਮੌਕੇ ‘ਤੇ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਸ੍ਰੀ ਮੁਫ਼ਤੀ ਮੁਹੰਮਦ ਸਈਦ, ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਅਤੇ ਕੇਂਦਰੀ ਰਾਜ ਮੰਤਰੀ ਸ੍ਰੀ ਡਾ. ਜਿਤੇਂਦਰ ਸਿੰਘ ਵੀ ਹਾਜ਼ਰ ਸਨ।