ਨਵੀਂ ਦਿੱਲੀ : ਚੀਨ ਦੇ ਉਪ ਰਾਸ਼ਟਰਪਤੀ ਸ੍ਰੀ ਲੀ ਯੁਵਾਨਚਾਓ ਨੇ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਸ੍ਰੀ ਯੁਵਾਨਚਾਓ ਭਾਰਤ ਦਾ ਦੌਰਾ ਕਰਨ ਵਾਲੇ ਚੀਨ ਦੇ ਪਹਿਲੇ ਉਪ ਰਾਸ਼ਟਰਪਤੀ ਹਨ। ਉਨ੍ਹਾਂ ਕਿਹਾ ਕਿ ਭਾਰਤ ਚੀਨ ਨਾਲ ਆਪਣੇ ਸਬੰਧਾਂ ਨੂੰ ਕਾਫੀ ਮਹੱਤਵ ਦਿੰਦਾ ਹੈ। ਭਾਰਤ ਚੀਨ ਸਬੰਧਾਂ ਵਿਚ ਪਿਛਲੇ ਸਾਲਾਂ ਦੌਰਾਨ ਚਹੁੰਮੁਖੀ ਵਿਕਾਸ ਦੇਖਣ ਨੂੰ ਮਿਲਿਆ ਹੈ। ਦੋਨਾਂ ਦੇਸ਼ਾਂ ਨੇ ਉਚ ਪੱਧਰੀ ਰਾਜਨੀਤਿਕ ਆਦਾਨ ਪ੍ਰਦਾਨ ਨੂੰ ਵਿਸਥਾਰਿਤ ਕੀਤਾ ਹੈ। ਭਾਰਤ ਚੀਨ ਵਪਾਰ ਹੁਣ 70.59 ਬਿਲੀਅਨ ਡਾਲਰ ਪਹੁੰਚ ਚੁੱਕਾ ਹੈ।
ਚੀਨ ਦੇ ਉਪ ਰਾਸ਼ਟਰਪਤੀ ਨੇ ਭਾਰਤ ਦੇ ਰਾਸ਼ਟਰਪਤੀ ਦੀਆਂ ਭਾਵਨਾਵਾਂ ਨੂੰ ਦੁਹਰਾਇਆ ਅਤੇ ਕਿਹਾ ਕਿ ਦੋਨਾਂ ਦੇਸ਼ਾਂ ਵਿਚਾਲੇ ਮਜ਼ਬੂਤ ਰਿਸ਼ਤੇ ਨਾ ਕੇਵਲ ਦੋਨਾਂ ਦੇਸ਼ਾਂ ਲਈ ਲਾਭਦਾਇਕ ਹਨ, ਬਲਕਿ ਇਹ ਏਸ਼ੀਆਈ ਸ਼ਤਾਬਦੀ ਵਿਚ ਲੈ ਜਾਣ ਵਿਚ ਵੀ ਸਹਾਇਕ ਹੋਣਗੇ। ਉਨ੍ਹਾਂ ਨੇ ਭਾਰਤ ਦੇ ਤੇਜ਼ ਵਿਕਾਸ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਚੀਨ ਸਾਰੇ ਖੇਤਰਾਂ ਵਿਚ ਸਹਿਯੋਗ ਨੂੰ ਹੱਲਾਸ਼ੇਰੀ ਦੇਣ ਲਈ ਵਚਨਬੱਧ ਹੈ।