ਸਜ਼ਾ

kahaniya
ਸਵੇਰੇ ਜਦ ਦੁਖੀ ਰਾਮ ਤੇ ਛਦਾਮ ਹੱਥ ‘ਚ ਦਾਤੀ ਫ਼ੜ ਮਜ਼ਦੂਰੀ ਕਰਨ ਨਿਕਲੇ ਸਨ, ਤਦ ਦੋਵਾਂ ਦੀਆਂ ਪਤਨੀਆਂ ਮਿਹਣੋਂ-ਮਿਹਣੀ ਹੋਈਆਂ ਪਈਆਂ ਸਨ। ਸ਼ਾਮੀਂ ਜਦ ਦੋਵੇਂ ਭਾਈ ਥੱਕੇ ਹੋਏ ਮੁੜੇ ਤਾਂ ?ੁਨ੍ਹਾਂ ਦੇਖਿਆ ਕਿ ਵਿਹੜਾ ਭਾਂਅ-ਭਾਂਅ ਕਰ ਰਿਹਾ ਹੈ।
ਦੁਖੀ ਰਾਮ ਤੇ ਛਦਾਮ ਨੂੰ ਉਸ ਦਿਨ ਜ਼ਿਮੀਂਦਾਰ ਦੇ ਸਿਪਾਹੀ ਧੱਕੇ ਨਾਲ ਫ਼ੜ ਕੇ ਲੈ ਗਏ ਸਨ। ਜ਼ਿਮੀਂਦਾਰ ਦੀ ਕਚਹਿਰੀ ਦਾ ਛੱਪਰ ਚੋਅ ਰਿਹਾ ਸੀ। ਦੋਵੇਂ ਸਾਰਾ ਦਿਨ ਉਸ ਦੀ ਮੁਰੰਮਤ ਵਿੱਚ ਹੀ ਲੱਗੇ ਰਹੇ। ਨਾ ਕੁਝ ਖਾਣ ਨੂੰ ਮਿਲਿਆ ਤੇ ਨਾ ਦਿਹਾੜੀ।
ਘਰ ਦੇ ਕੋਲ ਗਲੀ ਦੇ ਚਿੱਕੜ ਨੂੰ ਪਾਰ ਕਰਦਿਆਂ ਦੋਵਾਂ ਨੇ ਦੇਖਿਆ ਕਿ ਦਰਾਣੀ ਚੰਦਰੀ ਜ਼ਮੀਨ ‘ਤੇ ਮੈਲਾ ਜਿਹਾ ਕੱਪੜਾ ਵਿਛਾ ਕੇ ਲਿਟੀ ਪਈ ਸੀ ਅਤੇ ਜਠਾਣੀ ਵਿਹੜੇ ਵਿੱਚ ਮੂੰਹ ਫ਼ੁਲਾਈ ਬੈਠੀ ਸੀ।
ਭੁੱਖ ਨਾਲ ਜਿਵੇਂ ਦੁਖੀ ਦੀ ਜਾਨ ਨਿਕਲ ਰਹੀ ਸੀ। ਆਉਂਦਿਆਂ ਹੀ ਚੀਕਿਆ, ”ਚੌਲ ਪਾ ਕੇ ਦੇ।”
ਬਾਰੂਦ ਦੀ ਬੋਰੀ ਵਿੱਚ ਜਿਵੇਂ ਚੰਗਿਆੜੀ ਡਿੱਗੀ ਹੋਵੇ, ਜਠਾਣੀ ਉੱਚੀ ਆਵਾਜ਼ ਵਿੱਚ ਬੋਲੀ, ”ਚੌਲ ਕਿੱਥੋਂ ਲਿਆ ਕੇ ਦੇਵਾਂ ਤੈਨੂੰ, ਤੂੰ ਧਰ ਕੇ ਗਿਆ ਸੀ, ਮੈਂ ਕੀ ਕਮਾ ਕੇ ਲਿਆਉਨੀ ਆਂ, ਹੂੰ।”
ਦਿਨ ਭਰ ਦੀ ਥਕਾਵਟ ਅਤੇ ਵੰਗਾਰ ਤੋਂ ਬਾਅਦ ਹਨੇਰੇ ਨਾਲ ਭਰਿਆ ਘਰ। ਭੁੱਖ ਦੀ ਅੱਗ ‘ਚ ਤੜਫ਼ਦਾ ਢਿੱਡ। ਘਰਵਾਲੀ ਦਾ ਰੁੱਖਾ ਵਤੀਰਾ। ਪਤਨੀ ਦੀਆਂ ਗੱਲਾਂ ਉਸ ਦਾ ਸੀਨਾ ਚੀਰ ਗਈਆਂ। ਦੂਜੇ ਹੀ ਪਲ ਉਹਨੇ ਦਾਤੀ ਚੁੱਕੀ ਤੇ ਪਤਨੀ ਦੇ ਸਿਰ ਵਿੱਚ ਮਾਰੀ।
ਰਾਧਾ ਆਪਣੀ ਦਰਾਣੀ ਕੋਲ ਜਾ ਡਿੱਗੀ। ਉਸ ਦੀ ਜਾਨ ਨਿਕਲਣ ਵਿੱਚ ਜ਼ਰਾ ਵੀ ਵਕਤ ਨਾ ਲੱਗਾ। ”ਪੱਟੇ ਗਏ ਵੇ ਲੋਕੋ,” ਦਰਾਣੀ ਰੋਣ ਲੱਗੀ। ਉਸ ਦੇ ਕੱਪੜੇ ਖ਼ੂਨ ਨਾਲ ਭਿੱਜ ਗਏ। ਛਦਾਮ ਨੇ ਉਸ ਦਾ ਮੁੰਹ ਹੱਥਾਂ ਨਾਲ ਬੰਦ ਕਰ ਦਿੱਤਾ। ਦੁਖੀ ਰਾਮ ਨੇ ਦਾਤੀ ਵਗਾਹ ਮਾਰੀ, ਹੱਥਾਂ ਨਾਲ ਆਪਣਾ ਮੂੰਹ ਢਕ ਭੁੰਜੇ ਬਹਿ ਗਿਆ। ਬੱਚਾ ਉੱਠ ਖੜ੍ਹਿਆ ਤੇ ਰੋਣ ਲੱਗਾ।
ਉਸੇ ਵਕਤ ਕਿਧਰੋਂ ਰਾਮਲੋਚਨ ਚਾਚਾ ਆ ਬਹੁੜਿਆ। ਘਰ ਦੇ ਦੀਵੇ ਬੁਝੇ ਦੇਖ, ਉਹ ਬੋਲਿਆ, ”ਦੁਖੀ, ਘਰੇ ਈ ਐਂ?”
ਛਦਾਮ ਤੁਰੰਤ ਉੱਠ ਕੇ ਪੰਡਿਤ ਜੀ ਕੋਲ ਆਇਆ ਤੇ ਬੋਲਿਆ, ”ਔਰਤਾਂ ਵਿੱਚ ਲੜਾਈ ਹੋਈ ਹੈ, ਸਾਰਾ ਦਿਨ ਤੂੰ-ਤੂੰ, ਮੈਂ-ਮੈਂ ਹੁੰਦੀ ਰਹੀ।”
ਹੁਣ ਤਕ ਦੁਖੀ ਪੱਥਰ ਦੀ ਬੇਜਾਨ ਮੂਰਤ ਬਣਿਆ ਬੈਠਾ ਸੀ। ਅਚਾਨਕ ਬੱਚਿਆਂ ਵਾਂਗ ਰੋਣ ਲੱਗ ਪਿਆ। ਛਦਾਮ ਨੂੰ ਲੱਗਿਆ ਕਿ ਹੁਣ ਖੈਰ ਨਹੀਂ ਹੈ, ਸੋ ?ੁਹ ਬੋਲਿਆ, ”ਝਗੜਦਿਆਂ ਛੋਟੀ ਬਹੂ ਨੇ ਵੱਡੀ ਦੇ ਸਿਰ ਵਿੱਚ ਦਾਤੀ ਮਾਰੀ।” ਰਾਮਲੋਚਨ ਨੇ ਕਾਹਲੀ ਵਿੱਚ ਪੁੱਛਿਆ, ”ਹੈਂ ਕਿਤੇ ਮਰ ਤਾਂ ਨ੍ਹੀਂ ਗਈ।” ਛਦਾਮ ਨੇ ਕਿਹਾ, ”ਮਰ ਗਈ ਹੈ!” ਅਤੇ ਉਸ ਨੇ ਪੰਡਤ ਜੀ ਦੇ ਪੈਰ ਫ਼ੜ ਲਏ। ਰਾਮਲੋਚਨ ਨੂੰ ਭੱਜਣ ਦਾ ਰਸਤਾ ਨਹੀਂ ਮਿਲਿਆ। ਸੋਚਿਆ ਕਿਸ ਸੰਕਟ ‘ਚ ਫ਼ਸ ਗਿਆ।
ਛਦਾਮ ਨੇ ਪੈਰ ਫ਼ੜੀ ਰੱਖੇ ਤੇ ਬੋਲਿਆ, ”ਪੰਡਤ ਜੀ ਆਪਣੀ ‘ਤੀਵੀਂ’ ਨੂੰ ਬਚਾਉਣ ਲਈ ਕੀ ਕਰਾਂ?” ਮਾਮਲਿਆਂ-ਮੁਕੱਦਮਿਆਂ ਦੀ ਰਾਏ ਦੇਣ ਵਿੱਚ ਰਾਮਲੋਚਨ ਸਾਰੇ ਪਿੰਡ ਦਾ ਮੁਖੀ ਸੀ। ਉਹ ਥੋੜ੍ਹਾ ਸੋਚ ਕੇ ਬੋਲਿਆ, ”ਤੂੰ ਹੁਣੇ ਥਾਣੇ ਜਾ ਅਤੇ ਕਹਿ ਕਿ ਮੇਰੇ ਵੱਡੇ ਭਾਈ ਦੁਖੀ ਰਾਮ ਨੇ ਸ਼ਾਮ ਨੂੰ ਘਰ ਆ ਕੇ ਖਾਣਾ ਮੰਗਿਆ, ਖਾਣਾ ਤਿਆਰ ਨਹੀਂ ਸੀ। ਇਸ ਗੁੱਸੇ ਵਿੱਚ ਹੀ ਉਸ ਨੇ ਸਿਰ ਵਿੱਚ ਦਾਤੀ ਮਾਰ ਕੇ ਉਸ ਨੂੰ ਮਾਰ ਦਿੱਤਾ।”
ਛਦਾਮ ਦਾ ਗਲਾ ਸੁੱਕ ਗਿਆ। ਉਹ ਬੋਲਿਆ, ”ਪੰਡਤ ਜੀ ਤੀਵੀਂ ਚਲੀ ਗਈ ਤਾਂ ਤੀਵੀਂ ਮਿਲ ਜਾਏਗੀ, ਪਰ ਭਾਈ ਨੂੰ ਫ਼ਾਂਸੀ ਹੋਣ ‘ਤੇ ਭਾਈ ਤਾਂ ਵਾਪਸ ਨ੍ਹੀਂ ਮਿਲੇਗਾ।” ਰਾਮਲੋਚਨ ਨੂੰ ਇਹ ਗੱਲ ਜਚ ਗਈ। ਉਹ ਬੋਲਿਆ, ”ਫ਼ੇਰ ਤਾਂ ਜੋ ਹੋਇਆ, ?ੁਹੀ ਕਹਿ, ਸਾਰੇ ਪਾਸਿਆਂ ਤੋਂ ਬਚਾਉਣਾ ਮੁਸ਼ਕਿਲ ਹੈ।”
ਇਹ ਕਹਿ ਕੇ ਰਾਮਲੋਚਨ ਚਲਾ ਗਿਆ। ਪਿੰਡ ਵਿੱਚ ਰੌਲਾ ਪੈ ਗਿਆ।
ਬੰਨ੍ਹ ਟੁੱਟਣ ‘ਤੇ ਜਿਵੇਂ ਪਾਣੀ ਦਾ ਹੜ੍ਹ ਆ ਜਾਂਦਾ ਹੈ, ਦਗੜ-ਦਗੜ ਕਰਦੀ ਪੁਲਿਸ ਪਿੰਡ ਵਿੱਚ ਆ ਪਹੁੰਚੀ।
ਛਦਾਮ ਨੇ ਸੋਚਿਆ, ‘ਜੋ ਰਾਇ ਬਣਾਈ ਹੈ, ਉਸੇ ‘ਤੇ ਚੱਲਣਾ ਪਵੇਗਾ। ਉਸ ਨੇ ਪੰਡਿਤ ਜੀ ਸਾਹਮਣੇ ਆਪਣੇ ਮੂੰਹ ਨਾਲ ਜੋ ਗੱਲ ਕਹਿ ਦਿੱਤੀ ਹੈ, ਉਹ ਗੱਲ ਸਾਰੇ ਪਿੰਡ ਵਿੱਚ ਫ਼ੈਲ ਗਈ ਹੈ। ਹੁਣ ਕੋਈ ਨਵੀਂ ਅਫ਼ਵਾਹ ਫ਼ੈਲਾਉਣ ਨਾਲ ਕੀ ਪਤਾ ਕੀ ਤੋਂ ਕੀ ਬਣ ਜਾਵੇ।’
ਉਸ ਨੇ ਆਪਣੀ ਪਤਨੀ ਚੰਦਰੀ ਨੂੰ ਕਤਲ ਦਾ ਦੋਸ਼ ਆਪਣੇ ਉੱਪਰ ਲੈਣ ਲਈ ਕਿਹਾ। ਚੰਦਰੀ ‘ਤੇ ਜਿਵੇਂ ਪਹਾੜ ਆ ਡਿੱਗਿਆ ਹੋਵੇ। ਛਦਾਮ ਨੇ ਭਰੋਸਾ ਦਿੰਦਿਆਂ ਕਿਹਾ, ”ਜੋ ਕਹਿ ਰਿਹਾ ਹਾਂ, ?ੁਹੀ ਕਰ, ਤੈਨੂੰ ਕੋਈ ਡਰ ਨਹੀਂ। ਅਸੀਂ ਤੈਨੂੰ ਆਪੇ ਬਚਾ ਲਵਾਂਗੇ।”
ਚੰਦਰੀ ਹੈਰਾਨ ਹੋਈ ਉਸ ਵੱਲ ਦੇਖਦੀ ਰਹਿ ਗਈ। ਉਸ ਦੀਆਂ ਕਾਲੀਆਂ ਅੱਖਾਂ ਬਲਦੀ ਅੱਗ ਵਾਂਗ ਖ਼ਾਮੋਸ਼ੀ ਵਿੱਚ ਪਤੀ ਨੂੰ ਜਲਾਉਣ ਲੱਗੀਆਂ। ਉਸ ਦਾ ਤਨ-ਮਨ ਜਿਵੇਂ ਸੁੰਗੜ ਗਿਆ ਹੋਵੇ ਤੇ ਆਪਣੇ ਦਾਨਵ ਪਤੀ ਦੇ ਹੱਥਾਂ ‘ਚੋਂ ਛੁੱਟਣਾ ਚਾਹੁੰਦੀ ਹੋਵੇ।
ਛਦਾਮ ਨੇ ਵਿਸ਼ਵਾਸ ਦਿਵਾਇਆ, ”ਤੇਰੇ ਵਾਸਤੇ ਡਰ ਦੀ ਕੋਈ ਗੱਲ ਨਹੀਂ।” ਇੰਨਾ ਕਹਿ ਕੇ ਉਹ ਚੰਦਰੀ ਨੂੰ ਸਮਝਾਉਣ ਲੱਗ ਪਿਆ ਕਿ ਪੁਲਿਸ ਵਾਲਿਆਂ ਸਾਹਮਣੇ ਕੀ-ਕੀ ਕਹਿਣਾ ਹੈ। ਇਹ ਸਭ ਰਾਮਲੋਚਨ ਦੀ ਸਮਝ ਸੀ।
ਪੁਲਿਸ ਨੇ ਚੰਦਰੀ ਨੂੰ ਪੁੱਛਿਆ ਤਾਂ ਉਸ ਕਿਹਾ, ”ਹਾਂ, ਮੈਂ ਖ਼ੂਨ ਕੀਤਾ ਹੈ।”
”ਖ਼ੂਨ ਕਿਉਂ ਕੀਤਾ?”
”ਉਹ ਮੈਨੂੰ ਚੰਗੀ ਨਹੀਂ ਲੱਗਦੀ ਸੀ।”
”ਕੋਈ ਝਗੜਾ ਹੋਇਆ ਸੀ?”
”ਨਹੀਂ।”
”ਉਸ ਨੇ ਤੇਰੇ ਉੱਤੇ ਕੋਈ ਜ਼ੁਲਮ ਕੀਤਾ ਸੀ?”
”ਨਹੀਂ।”
ਇਸ ਤਰ੍ਹਾਂ ਦੇ ਜਵਾਬ ਸੁਣ ਕੇ ਸਾਰੇ ਹੈਰਾਨ ਰਹਿ ਗਏ। ਛਦਾਮ ਤਾਂ ਬਿਲਕੁਲ ਬੇਚੈਨ ਹੋ ਗਿਆ। ਉਸ ਨੇ ਕਿਹਾ, ”ਇਹ ਸਹੀ ਗੱਲ ਨਹੀਂ ਦੱਸ ਰਹੀ, ਭਾਬੀ ਨੇ ਪਹਿਲਾਂ”
ਥਾਣੇਦਾਰ ਨੇ ਉਸ ਨੂੰ ਝਿੜਕ ਕੇ ਰੋਕ ਦਿੱਤਾ।
ਇਸ ਤਰ੍ਹਾਂ ਦੀ ਦਲੇਰ ਔਰਤ ਨਹੀਂ ਮਿਲਦੀ। ਪੂਰੀ ਦ੍ਰਿੜ੍ਹਤਾ ਨਾਲ ਉਹ ਫ਼ਾਂਸੀ ਦੇ ਤਖ਼ਤੇ ‘ਤੇ ਚੜ੍ਹਨ ਨੂੰ ਤਿਆਰ ਸੀ। ਇਹ ਕੇਹੀ ਜ਼ਿੱਦ ਸੀ। ਡਿਪਟੀ ਮੈਜਿਸਟਰੇਟ ਸਾਹਮਣੇ ਵੀ ਚੰਦਰੀ ਨੇ ਆਪਣਾ ਦੋਸ਼ ਕਬੂਲ ਕਰ ਲਿਆ।
ਪਰ ਉਸ ਦਿਨ ਗਵਾਹਾਂ ਦੇ ਕਟਹਿਰੇ ਵਿੱਚ ਆਉਂਦਿਆਂ ਹੀ ਛਦਾਮ ਫ਼ੁੱਟ ਪਿਆ ਤੇ ਰੋਂਦਿਆਂ ਬੋਲਿਆ, ”ਦੁਹਾਈ ਹੋਵੇ ਸਰਕਾਰ! ਮੇਰੀ ਘਰਵਾਲੀ ਦੀ ਕੋਈ ਗ਼ਲਤੀ ਨਹੀਂ।” ਡਿਪਟੀ ਸਾਹਿਬ ਨੇ ਉਹਦੀਆਂ ਗੱਲਾਂ ਦਾ ਯਕੀਨ ਨਹੀਂ ਕੀਤਾ ਕਿਉਂਕਿ ਮੌਕੇ ਦੇ ਗਵਾਹ ਰਾਮਲੋਚਨ ਨੇ ਕਿਹਾ, ”ਕਤਲ ਦੇ ਤੁਰੰਤ ਬਾਅਦ ਮੈਂ ਉੱਥੇ ਪਹੁੰਚਿਆ ਸੀ। ਗਵਾਹ ਛਦਾਮ ਨੇ ਮੇਰੇ ਸਾਹਮਣੇ ਸਭ ਕੁਝ ਮੰਨ ਕੇ, ਮੇਰੇ ਪੈਰ ਫ਼ੜ ਕੇ ਕਿਹਾ ਸੀ: ‘ਮਾਰ੍ਹਾਜ, ਹੁਣ ਆਪਣੀ ਤੀਵੀਂ ਨੂੰ ਬਚਾਉਣ ਲਈ ਕੀ ਕਰਾਂ?’ ਮੈਂ ਚੰਗਾ-ਮੰਦਾ ਕੁਝ ਨਹੀਂ ਕਿਹਾ। ਗਵਾਹ ਨੇ ਮੈਨੂੰ ਕਿਹਾ ਸੀ, ਜੇ ਮੈਂ ਕਹਾਂ ਕਿ ਮੇਰੇ ਵੱਡੇ ਭਾਈ ਦੇ ਖਾਣਾ ਮੰਗਣ ‘ਤੇ ਜਦ ਨਾ ਮਿਲਿਆ ਤਾਂ ਉਸ ਨੇ ਗੁੱਸੇ ਵਿੱਚ ਪਾਗਲ ਹੁੰਦਿਆਂ ਪਤਨੀ ਨੂੰ ਮਾਰ ਦਿੱਤਾ ਤਾਂ ਕੀ ਉਹ ਬਚ ਜਾਏਗੀ? ਮੈਂ ਕਿਹਾ: ਖ਼ਬਰਦਾਰ! ਅਦਾਲਤ ਵਿੱਚ ਇੱਕ ਵੀ ਸ਼ਬਦ ਝੂਠ ਨ੍ਹੀਂ ਬੋਲਣਾ।”
ਡਿਪਟੀ ਮੈਜਿਸਟਰੇਟ ਨੇ ਮਾਮਲਾ ਸੈਸ਼ਨ ਦੇ ਸਪੁਰਦ ਕਰ ਦਿੱਤਾ।
ਚੰਦਰੀ ਨੇ ਜੱਜ ਸਾਹਮਣੇ ਕਿਹਾ, ”ਸਾਹਿਬ, ਇੱਕ ਹੀ ਗੱਲ ਵਾਰ-ਵਾਰ ਹੋਰ ਕਿੰਨੀ ਵਾਰ ਕਹਾਂ?” ਜੱਜ ਸਾਹਿਬ ਨੇ ਕਿਹਾ, ”ਜਿਹੜਾ ਜੁਰਮ ਤੂੰ ਕਬੂਲ ਕਰ ਰਹੀ ਹੈਂ, ਉਸ ਦੀ ਸਜ਼ਾ ਕੀ ਹੈ, ਜਾਣਦੀ ਹੈਂ?”
ਚੰਦਰੀ ਨੇ ਕਿਹਾ, ”ਨਹੀਂ।”
ਸਾਹਿਬ ਬੋਲੇ, ”ਉਸ ਦੀ ਸਜ਼ਾ ਫ਼ਾਂਸੀ ਹੈ।”
ਚੰਦਰੀ ਬੋਲੀ, ”ਹਜ਼ੂਰ, ਮੈਂ ਤੁਹਾਡੇ ਪੈਰੀਂ ਪੈਂਦੀ ਆਂ, ਮੈਨੂੰ ?ੁਹੀ ਦੇ ਦਿਓ, ਤੁਸੀਂ ਆਪਣਾ ਜਿਵੇਂ ਮਰਜ਼ੀ ਕਰੋ। ਮੈਂ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ।”
ਜਦ ਛਦਾਮ ਨੂੰ ਪੇਸ਼ ਕੀਤਾ ਗਿਆ ਤਾਂ ਚੰਦਰੀ ਨੇ ਮੂੰਹ ਫ਼ੇਰ ਲਿਆ। ਜੱਜ ਨੇ ਕਿਹਾ, ”ਇਹ ਤੇਰਾ ਕੀ ਲੱਗਦਾ ਹੈ?”
ਦੋਵੇਂ ਹੱਥਾਂ ਨਾਲ ਆਪਣਾ ਮੂੰਹ ਢਕਦੀ ਹੋਈ ਬੋਲੀ, ”ਘਰਵਾਲਾ ਲੱਗਦਾ ਹੈ।”
”ਇਹ ਤੈਨੂੰ ਪਿਆਰ ਨਹੀਂ ਕਰਦਾ?”
”ਬੜਾ ਪਿਆਰ ਕਰਦਾ ਹੈ।”
”ਤੂੰ ਏਸ ਨੂੰ ਪਿਆਰ ਨਹੀਂ ਕਰਦੀ?”
”ਬਹੁਤ ਕਰਦੀ ਹਾਂ।”
ਆਪਣੀ ਵਾਰੀ ਆਉਣ ‘ਤੇ ਛਦਾਮ ਨੇ ਕਿਹਾ, ”ਕਤਲ ਮੈਂ ਕੀਤਾ ਹੈ।”
”ਕਿਉਂ?”
”ਚੌਲ ਮੰਗੇ ਸੀ, ਭਾਬੀ ਨੇ ਦਿੱਤੇ ਨਹੀਂ।”
ਗਵਾਹੀ ਦੇਣ ਆਉਂਦਾ ਹੋਇਆ ਦੁਖੀ ਰਾਮ ਬੇਸੁਰਤ ਹੋ ਕੇ ਡਿੱਗਿਆ। ਹੋਸ਼ ਆਉਂਦਿਆਂ ਹੀ ਉਸ ਨੇ ਕਿਹਾ, ”ਹਜ਼ੂਰ, ਕਤਲ ਮੈਂ ਕੀਤਾ ਹੈ।”
”ਕਿਉਂ ਕੀਤਾ?”
”ਚੌਲ ਮੰਗੇ ਸੀ, ਉਸ ਨੇ ਦਿੱਤੇ ਨਹੀਂ।”
ਬਹਿਸ ਅਤੇ ਗਵਾਹੀਆਂ ਸੁਣ ਕੇ ਜੱਜ ਨੂੰ ਇਹ ਗੱਲ ਸਾਫ਼-ਸਾਫ਼ ਸਮਝ ਆ ਗਈ ਕਿ ਘਰ ਦੀ ਔਰਤ ਨੂੰ ਫ਼ਾਂਸੀ ਤੇ ਬੇਇੱਜ਼ਤੀ ਤੋਂ ਬਚਾਉਣ ਲਈ ਦੋਵੇਂ ਭਾਈ ਜੁਰਮ ਕਬੂਲ ਕਰ ਰਹੇ ਹਨ। ਪਰ ਚੰਦਰੀ ਪੁਲਿਸ ਤੋਂ ਲੈ ਕੇ ਸੈਸ਼ਨ ਅਦਾਲਤ ਤਕ ਇੱਕ ਹੀ ਰਟ ਲਾਉਂਦੀ ਰਹੀ, ਉਸ ਦੀ ਗੱਲਬਾਤ ਵਿੱਚ ਰੱਤੀ ਭਰ ਵੀ ਫ਼ਰਕ ਨਹੀਂ ਆਇਆ।
ਜਿਸ ਦਿਨ ਛੋਟੀ ਜਿਹੀ ਉਮਰ ਵਿੱਚ ਇੱਕ ਕਾਲੀ-ਕਲੂਟੀ ਕੁੜੀ ਆਪਣਾ ਗੋਲ-ਮਟੋਲ ਮੁਖੜਾ ਲਈ, ਆਪਣੀ ਖੇਡਣ ਵਾਲੀ ਗੁੱਡੀ ਨੂੰ ਪਰ੍ਹਾਂ ਸੁੱਟ ਆਪਣੇ ਬਾਪ ਦੇ ਘਰ ਤੋਂ ਸਹੁਰੇ ਘਰ ਆਈ ਸੀ, ਉਸ ਦਿਨ, ਰਾਤ ਦੇ ਵਿਆਹ ਦੇ ਸ਼ੁਭ ਮਹੂਰਤ ਦੇ ਵਕਤ ਅੱਜ ਦੀ ਇਸ ਗੱਲ ਦੀ ਕਲਪਨਾ ਕੌਣ ਕਰ ਸਕਦਾ ਸੀ।
ਉਸ ਦਾ ਬਾਪ ਆਖ਼ਰੀ ਸਮੇਂ ਇਹ ਕਹਿ ਕੇ ਨਿਸ਼ਚਿੰਤ ਹੋ ਗਿਆ ਸੀ, ”ਚਲੋ, ਆਪਣੀ ਧੀ ਤਾਂ ਟਿਕਾਣੇ ਲੱਗ ਗਈ।”
ਫ਼ਾਂਸੀ ਤੋਂ ਪਹਿਲਾਂ ਦਿਆਲੂ ਸਿਵਲ ਸਰਜਨ ਨੇ ਚੰਦਰੀ ਨੂੰ ਪੁੱਛਿਆ, ”ਕਿਸੇ ਨੂੰ ਮਿਲਣਾ ਚਾਹੁੰਦੀ ਐਂ?”
ਚੰਦਰੀ ਨੇ ਕਿਹਾ, ”ਇੱਕ ਵਾਰ ਆਪਣੀ ਮਾਂ ਨੂੰ ਮਿਲਣਾ ਚਾਹੁੰਦੀ ਹਾਂ।”
ਡਾਕਟਰ ਨੇ ਕਿਹਾ, ”ਤੇਰਾ ਘਰਵਾਲਾ ਤੈਨੂੰ ਦੇਖਣਾ ਚਾਹੁੰਦਾ ਹੈ, ਕੀ ਉਸ ਨੂੰ ਬੁਲਵਾਵਾਂ।”
ਚੰਦਰੀ ਨੇ ਕਿਹਾ, ”ਮਰਨ ਦਿਓ ਉਹਨੂੰ”
***
– ਰਾਬਿੰਦਰਨਾਥ ਟੈਗੋਰ

LEAVE A REPLY