ਸਾਹਿਤ ਦਾ ਨਹਿਰੂ-ਨਜ਼ਰੀਆ: ਇੱਕ ਮਿਹਣਾ, ਇੱਕ ਦੋਸ਼!

gurbachan
ਗੁਰਬਚਨ ਸਿੰਘ ਭੁੱਲਰ
ਕੇਂਦਰ ਦੀ ਭਾਜਪਾ ਸਰਕਾਰ ਨੇ ਆਪਣੀ ਰਾਹ-ਦਿਖਾਵੀ ਆਰ.ਐੱਸ.ਐੱਸ. ਦੀ ਹਦਾਇਤ ਅਨੁਸਾਰ ਸਮਾਜਕ ਜੀਵਨ ਦੇ ਲਗਭਗ ਸਭ ਖੇਤਰਾਂ ਵਿੱਚ ਮਤਭੇਦਾਂ ਨੂੰ ਮਨਭੇਦ ਬਣਾਉਂਦਿਆਂ ਯੁੱਧ ਛੇੜ ਦਿੱਤਾ ਹੈ। ਰਾਜਨੀਤਕ ਵਿਚਾਰਧਾਰਾਵਾਂ ਦੇ ਫ਼ਰਕ ਨੂੰ ਦੁਸ਼ਮਣੀ ਦਾ ਰੂਪ ਦਿੰਦਿਆਂ ਭਾਰਤ ਨੂੰ ਆਪਣੇ ਵਿਰੋਧੀਆਂ ਤੋਂ ਮੁਕਤ ਕਰਨ ਦਾ ਬਿਗਲ ਬਜਾ ਦਿੱਤਾ ਗਿਆ। ਛੇਤੀ ਹੀ ਇਸ ਯੁੱਧ ਦੇ ਕਲਾਵੇ ਵਿੱਚ ਇੱਕ ਇੱਕ ਕਰ ਕੇ ਧਰਮ, ਜ਼ਾਤਪਾਤ, ਇਲਾਕਾਵਾਦ, ਆਦਿ ਸਭ ਕੁਝ ਸ਼ਾਮਲ ਹੁੰਦਾ ਗਿਆ। ਆਖ਼ਰ ਇਹ ਨਫ਼ਰਤੀ ਅੱਗ ਸਾਹਿਤ ਤੇ ਸਭਿਆਚਾਰ ਦੇ ਵਿਹੜੇ ਵੀ ਪਹੁੰਚ ਗਈ। ਦੇਸ਼ ਵਿੱਚ ਲਗਾਤਾਰ ਸੰਘਣੇ ਹੁੰਦੇ ਜਾਂਦੇ ਅਸਹਿਣਸ਼ੀਲਤਾ ਦੇ ਮਾਹੌਲ ਵਿੱਚ ਬੁੱਧੀਮਾਨਾਂ ਤੇ ਲੇਖਕਾਂ ਨੂੰ ਦਿੱਤੀਆਂ ਜਾਂਦੀਆਂ ਧਮਕੀਆਂ ਬੇਕਿਰਕ ਕਤਲ ਬਣਨ ਲੱਗ ਪਈਆਂ।
ਕਲਬੁਰਗੀ ਨੂੰ ਜਿਸ ਢੰਗ ਨਾਲ ਕਤਲ ਕੀਤਾ ਗਿਆ, ਉਹ ਪੁਰਾਤਨ ਭਾਰਤੀ ਸੰਸਕ੍ਰਿਤੀ ਦੇ ਸਵੈਥਾਪੇ ਰਖਵਾਲਿਆਂ ਦੇ ਨੀਵੇਂ ਮਿਆਰ ਤੋਂ ਵੀ ਨੀਵਾਂ ਤੇ ਅਣਮਨੁੱਖੀ ਸੀ। ਦੋ ਨੌਜਵਾਨ ਮੋਟਰਸਾਈਕਲ ਬਾਹਰ ਖੜ੍ਹਾ ਕਰ ਕੇ ਘੰਟੀ ਵਜਾਉਂਦੇ ਹਨ ਅਤੇ ਕੁੰਡੀ ਖੋਲ੍ਹਣ ਆਈ ਲੇਖਕ ਦੀ ਬਜ਼ੁਰਗ ਜੀਵਨ-ਸਾਥਣ ਨੂੰ ਵਿਦਿਆਰਥੀਆਂ ਵਜੋਂ ਪੇਸ਼ ਆ ਕੇ ਪ੍ਰੋਫ਼ੈਸਰ ਸਾਹਿਬ ਨੂੰ ਮਿਲਣ ਦੀ ਇੱਛਾ ਦਸਦੇ ਹਨ। ਉਹਨਾਂ ਨੂੰ ਬਿਠਾ ਕੇ ਤੇ ਪਤੀ ਨੂੰ ਆਵਾਜ਼ ਦੇ ਕੇ ਉਹ ਮਮਤਾ ਦੀ ਮੂਰਤ ਉਹਨਾਂ ਵਾਸਤੇ ਚਾਹ-ਪਾਣੀ ਲੈਣ ਚਲੀ ਜਾਂਦੀ ਹੈ। ਉਹਨੇ ਅਜੇ ਦੇਗਚੀ ਵੀ ਗੈਸ ਉੱਤੇ ਰੱਖੀ ਨਹੀਂ ਹੁੰਦੀ ਕਿ ਕਾਤਲ ਸਮਾਜ ਲਈ ਫ਼ਿਕਰਮੰਦ ਕਲਬੁਰਗੀ ਨੂੰ ਉਹਦੇ ਅੰਧਵਿਸ਼ਵਾਸ-ਵਿਰੋਧ ਦੀ ਸਜ਼ਾ ਵਜੋਂ ਗੋਲ਼ੀਆਂ ਮਾਰ ਕੇ ਭੱਜ ਚੁੱਕੇ ਹੁੰਦੇ ਹਨ। ਅਜੇ ਕਲਬੁਰਗੀ ਦੀ ਚਿਤਾ ਵੀ ਮੱਚੀ ਨਹੀਂ ਹੁੰਦੀ ਕਿ ਤਰਕਸ਼ੀਲ ਲੇਖਕ ਭਗਵਾਨ ਨੂੰ ਫ਼ੋਨ ਆਉਣ ਲਗਦੇ ਹਨ, ”ਆਪਣਾ ਨਾਂ ਭਗਵਾਨ ਦੀ ਥਾਂ ਸ਼ੈਤਾਨ ਰੱਖ ਲੈ ਤੇ ਤਿਆਰ ਹੋ ਜਾ, ਹੁਣ ਤੇਰੀ ਵਾਰੀ ਹੈ।”
ਤਮਿਲ ਲੇਖਕ ਪ੍ਰੋਫ਼ੈਸਰ ਪੇਰੂਮਲ ਮੁਰੂਗਨ ਨੂੰ ਉਹਦੇ ਨਾਵਲ ‘ਇਕ ਟੋਟਾ ਨਾਰੀ’ ਕਾਰਨ ਲਗਾਤਾਰ ਧਮਕੀਆਂ ਤੇ ਵਿਖਾਵਿਆਂ ਨਾਲ ਇਸ ਹੱਦ ਤਕ ਜਿੱਚ ਤੇ ਠਿੱਠ ਕੀਤਾ ਗਿਆ ਕਿ ਉਹਨੇ ਲੇਖਕ ਵਜੋਂ ਆਪਣੀ ਮੌਤ ਦਾ ਐਲਾਨ ਕਰ ਦਿੱਤਾ। ਉਹਨੇ ਕਿਹਾ ਕਿ ਉਹ ਹੁਣ ਤੋਂ ਕਲਮ ਸੰਤੋਖ ਕੇ ਇੱਕ ਸਾਧਾਰਨ ਅਲੇਖਕ ਵਿਅਕਤੀ ਵਜੋਂ ਜ਼ਿੰਦਗੀ ਬਤੀਤ ਕਰੇਗਾ। ਇਸ ਤੋਂ ਵੀ ਵਚਿੱਤਰ ਮਾਮਲਾ ਬਹੁਭਾਸ਼ਾਈ ਗਿਆਨਵਾਨ ਐੱਮ.ਐੱਮ. ਬਸ਼ੀਰ ਦਾ ਹੈ। ਬਹੁਤ ਵੱਡੀ ਗਿਣਤੀ ਵਿੱਚ ਛਪਦੇ ਅਖ਼ਬਾਰ ‘ਮਾਤਰਭੂਮੀ’ ਨੇ ਦੱਖਣ ਵਿੱਚ ਮਨਾਏ ਜਾਂਦੇ ਰਾਮ-ਮਹੀਨੇ ਦੇ ਸੰਬੰਧ ਵਿੱਚ ਉਹਨੂੰ ਇੱਕ ਲੇਖ-ਲੜੀ ਲਿਖਣ ਲਈ ਕਿਹਾ। ਉਹਨੇ ਬਾਲਮੀਕੀ ਰਾਮਾਇਣ ਉੱਤੇ ਆਧਾਰਿਤ ਛੇ ਲੇਖ ਲਿਖਣੇ ਪਰਵਾਨ ਕਰ ਲਏ। ਪਹਿਲੇ ਲੇਖ ਤੋਂ ਹੀ ਲੇਖਕ ਤੇ ਅਖ਼ਬਾਰ, ਦੋਵਾਂ ਨੂੰ ਧਮਕੀਆਂ ਮਿਲਣ ਲੱਗੀਆਂ। ਧਮਕੀਆਂ ਵਿਚਕਾਰ ਹੀ ਕੁਝ ਲੇਖ ਛਾਪ ਦਿੱਤੇ ਗਏ ਤਾਂ ਦੋਵਾਂ ਉੱਤੇ ਸਿੱਧੇ ਹਮਲੇ ਦਾ ਐਲਾਨ ਕਰ ਦਿੱਤਾ ਗਿਆ। ਲੇਖ-ਲੜੀ ਵਿਚਾਲੇ ਟੁੱਟ ਗਈ। ਇਸ ਘਟਨਾ ਦਾ ਦੇਖਣ ਤੇ ਵਿਚਾਰਨ ਵਾਲਾ ਨੁਕਤਾ ਇਹ ਹੈ ਕਿ ਬਸ਼ੀਰ ਸਾਹਿਬ ਉੱਤੇ ਇਹ ਇਲਜ਼ਾਮ ਨਹੀਂ ਲਾਇਆ ਗਿਆ ਕਿ ਤੂੰ ਬਾਲਮੀਕ ਦੇ ਅਰਥਾਂ ਦੇ ਅਨਰਥ ਕਰ ਰਿਹਾ ਹੈਂ ਤੇ ਤੇਰੀ ਵਿਆਖਿਆ ਗ਼ਲਤ ਹੈ, ਕਿਹਾ ਇਹ ਗਿਆ ਕਿ ਤੇਰਾ ਮੁਸਲਮਾਨ ਦਾ ਸਾਡੇ ਰਾਮ ਨਾਲ ਕੀ ਸੰਬੰਧ!
ਇੱਕ ਇੱਕ ਕਰ ਕੇ ਲੜੀਵਾਰ ਵਾਪਰੀਆਂ ਇਹਨਾਂ ਮਨਹੂਸ ਘਟਨਾਵਾਂ ਤੋਂ ਦੁਖੀ ਤੇ ਪਰੇਸ਼ਾਨ ਭਾਰਤ ਭਰ ਦੇ ਲੇਖਕਾਂ ਨੂੰ ਆਸ ਸੀ ਕਿ ਇਸ ਸਭ ਕੁਝ ਨੂੰ ਦੇਖਦਿਆਂ ਸਾਹਿਤ ਅਕਾਦਮੀ ਇੱਕ ਸਭਾ ਬੁਲਾ ਕੇ ਮਰਨ ਵਾਲਿਆਂ ਦੇ ਸੋਗ ਦਾ ਤੇ ਧਮਕਾਏ ਜਾਣ ਵਾਲਿਆਂ ਨਾਲ ਇਕਮੁੱਠਤਾ ਦਾ ਮਤਾ ਵੀ ਪਾਸ ਕਰੇਗੀ ਅਤੇ ਲੇਖਕਾਂ ਦਾ ਰੰਜ ਸਰਕਾਰ ਤਕ ਪਹੁੰਚਦਾ ਵੀ ਕਰੇਗੀ। ਪਰ ਅਕਾਦਮੀ ਨੇ ਇਸ ਸੰਬੰਧ ਵਿੱਚ ਮੋਦੀਵਾਦੀ ਚੁੱਪ ਵੱਟੀ ਰੱਖੀ। ਇਸ ਚੁੱਪ ਤੋਂ ਹੈਰਾਨ-ਪਰੇਸ਼ਾਨ ਲੇਖਕਾਂ ਨੇ ਇੱਕ ਇੱਕ ਕਰ ਕੇ ਆਪਣੇ ਪੁਰਸਕਾਰ ਸਾਹਿਤ ਅਕਾਦਮੀ ਨੂੰ ਮੋੜਨੇ ਸ਼ੁਰੂ ਕਰ ਦਿੱਤੇ।
ਸਰਕਾਰ ਦਾ ਜੇ ਇਸ ਮਾਮਲੇ ਵਿੱਚ ਦਖ਼ਲ ਦੇਣਾ ਬਣਦਾ ਸੀ, ਉਹ ਵਿਚਾਰ-ਚਰਚਾ ਦੇ ਰੂਪ ਵਿੱਚ ਸੀ। ਸਾਹਿਤ ਅਕਾਦਮੀ ਨੂੰ ਕਿਹਾ ਜਾਂਦਾ ਕਿ ਸਰਕਾਰ ਸਾਹਿਤਕਾਰਾਂ, ਜੋ ਕਿ ਕਿਸੇ ਵੀ ਸਮਾਜ ਦਾ ਸਭ ਤੋਂ ਜਾਗਰਿਤ ਤਬਕਾ ਹੁੰਦੇ ਹਨ, ਦੀ ਪਰੇਸ਼ਾਨੀ ਨਾਲ ਪਰੇਸ਼ਾਨ ਹੈ, ਇਸ ਕਰ ਕੇ ਉਹਨਾਂ ਦੇ ਕੁਝ ਨੁਮਾਇੰਦਿਆਂ ਨਾਲ ‘ਚਾਏ ਪੇ ਚਰਚਾ’ ਕਰਨਾ ਚਾਹੁੰਦੀ ਹੈ। ਇਹਦੀ ਥਾਂ ਸਭਿਆਚਾਰ ਮੰਤਰੀ ਮਹੇਸ਼ ਸ਼ਰਮਾ ਜੀ ਨੇ, ਜੋ ਹਜ਼ਾਰਾਂ ਸਾਲ ਪੁਰਾਣੀ ਭਾਰਤੀ ਸੰਸਕ੍ਰਿਤੀ ਦੇ ਸਾਕਾਰ ਰੂਪ, ਰਖਵਾਲੇ ਤੇ ਰਥਵਾਨ ਹਨ, ਲੇਖਕਾਂ ਦੀ ਪਰੇਸ਼ਾਨੀ ਦਾ ਸਰਕਾਰ ਵਲੋਂ ਇਹ ਸਰਲ-ਸਾਧਾਰਨ ਹੱਲ ਪੇਸ਼ ਕਰ ਦਿੱਤਾ ਕਿ ਜੇ ਲੇਖਕ ਘੁਟਣ ਮਹਿਸੂਸ ਕਰਦੇ ਹਨ ਤਾਂ ਉਹ ਲਿਖਣਾ ਬੰਦ ਕਰ ਦੇਣ! ਇਸ ਪਿੱਛੋਂ ਸਾਹਿਤ ਤੇ ਸਭਿਆਚਾਰ ਨਾਲ ਕੋਈ ਸਿੱਧਾ ਸੰਬੰਧ ਨਾ ਹੋਣ ਦੇ ਬਾਵਜੂਦ ਇੱਕ ਇੱਕ ਕਰ ਕੇ ਮੰਤਰੀ, ਦੁਰਵਚਨੀ ਬਿਆਨ ਦੇਣ ਲੱਗੇ। ਇਹਨਾਂ ਵਿੱਚੋਂ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਸਭ ਤੋਂ ਵੱਧ ਮਿਹਨਤ ਤੇ ਲਗਨ ਨਾਲ ਇੱਕ ਬਲਾਗੀ ਲੇਖ ਲਿਖਿਆ ਜਿਸ ਵਿੱਚ ਆਪਣੀ ਕਾਨੂੰਨਦਾਨਾਂ ਵਾਲੀ ਤੀਖਣ ਬੁੱਧੀ ਦਾ ਪੂਰਾ ਜਲੌਅ ਦਿਖਾਉਂਦਿਆਂ ਉਹਨੇ ਲੇਖਕਾਂ ਨੂੰ ਚੁਣ ਚੁਣ ਕੇ ਮਿਹਣੇ ਮਾਰੇ, ਦੋਸ਼ ਦੱਸੇ ਤੇ ਨਿਰਾਦਰੀ ਭਰੇ ਬੋਲ-ਕੁਬੋਲ ਲਿਖੇ।
ਪੁਰਸਕਾਰ-ਪਰਤਾਊ ਲੇਖਕਾਂ ਨੂੰ ਛੁਟਿਆਉਣ ਲਈ ਜੇਤਲੀ ਜੀ ਨੇ ਇੱਕ ਮਿਹਣਾ ਇਹ ਮਾਰਿਆ ਤੇ ਦੋਸ਼ ਇਹ ਲਾਇਆ ਕਿ ਉਹਨਾਂ ਦਾ ਪ੍ਰੇਰਨਾ-ਸਰੋਤ ਨਹਿਰੂ-ਨਜ਼ਰੀਆ ਹੈ। ਇਸ ਕਰ ਕੇ ਜ਼ਰੂਰੀ ਹੋ ਜਾਂਦਾ ਹੈ ਕਿ ਸਾਹਿਤ ਬਾਰੇ ਨਹਿਰੂ ਦਾ ਨਜ਼ਰੀਆ ਦੇਖ ਲਿਆ ਜਾਵੇ। ਜ਼ਾਹਿਰ ਹੈ, ਅਜਿਹੇ ਲੇਖ ਵਿੱਚ ਡੂੰਘੀ ਤੇ ਸਰਬੰਗੀ ਨਿਰਖ-ਪਰਖ ਸੰਭਵ ਨਹੀਂ। ਇਥੇ ਸਾਹਿਤ ਨਾਲ ਨਹਿਰੂ ਦੇ ਵਾਹ ਦੀਆਂ ਕੁਝ ਸਾਧਾਰਨ ਮਿਸਾਲਾਂ ਵਧੀਕ ਠੀਕ ਰਹਿਣਗੀਆਂ।
ਨਹਿਰੂ ਦੀ ਕੀਰਤੀ ਨੂੰ ਧੁੰਦਲੀ ਕਰਨ ਵਾਸਤੇ ਨਿੰਦਕ ਪਰਿਵਚਨਾਂ ਤੋਂ ਲੈ ਕੇ ਨਹਿਰੂ ਮਿਊਜ਼ੀਅਮ ਦਾ ਸਰੂਪ ਬੇਪਛਾਣ ਕਰਨ ਤਕ ਪੁੱਜੀ ਭਾਜਪਾਈ ਮੁਹਿੰਮ ਕੋਈ ਵੀ ਮੋਰਚਾ ਖੋਲ੍ਹਦੀ ਰਹੇ, ਨਹਿਰੂ ਦੀ ਰਾਜਨੀਤੀ ਨਾਲ ਵਿਰੋਧ ਰਖਦਿਆਂ ਵੀ ਕੋਈ ਹੋਸ਼ਮੰਦ ਵਿਅਕਤੀ ਉਹਦੇ ਸਾਹਿਤਕ-ਸਭਿਆਚਾਰਕ ਮਹਾਂਮਾਨਵੀ ਕੱਦ ਤੋਂ ਇਨਕਾਰ ਨਹੀਂ ਕਰ ਸਕਦਾ। ਇਹ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਹੀ ਸੀ ਜਿਸ ਨੇ ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਸਾਹਿਤ, ਸੰਗੀਤ-ਨਾਟ ਤੇ ਲਲਿਤ ਕਲਾ, ਤਿੰਨਾਂ ਖ਼ੁਦਮੁਖ਼ਤਿਆਰ ਅਕਾਦਮੀਆਂ ਦੀ ਕਲਪਨਾ ਤੇ ਸਥਾਪਨਾ ਕੀਤੀ। ਜਦੋਂ ਉਹਨੂੰ ਹੀ, ਪ੍ਰਧਾਨ ਮੰਤਰੀ ਦੀ ਹੈਸੀਅਤ ਵਿੱਚ ਨਹੀਂ ਸਗੋਂ ਪ੍ਰਤਿਭਾਸ਼ਾਲੀ ਲੇਖਕ ਹੋਣ ਸਦਕਾ, ਸਾਹਿਤ ਅਕਾਦਮੀ ਦਾ ਪ੍ਰਧਾਨ ਚੁਣ ਲਿਆ ਗਿਆ ਤਾਂ ਸਾਹਿਤ ਨੂੰ ਸਰਕਾਰੀ ਦਖ਼ਲ ਤੋਂ ਮੁਕਤ ਰੱਖਣ ਦੀ ਲਾਜ਼ਮੀਅਤ ਉੱਤੇ ਜ਼ੋਰ ਦਿੰਦਿਆਂ ਉਹਨੇ 1955 ਵਿੱਚ ਹੀ ਸਪੱਸ਼ਟ ਕਰ ਦਿੱਤਾ ਸੀ, ”ਸਾਹਿਤ ਅਕਾਦਮੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਬਿਲਕੁਲ ਸਾਫ਼ ਸਾਫ਼ ਦੱਸਣਾ ਚਾਹੁੰਦਾ ਹਾਂ ਮੈਂ ਨਹੀਂ ਚਾਹਾਂਗਾ ਕਿ ਪ੍ਰਧਾਨ ਮੰਤਰੀ ਮੇਰੇ ਕੰਮਕਾਜ ਵਿੱਚ ਕੋਈ ਦਖ਼ਲ ਦੇਵੇ!”
ਨਹਿਰੂ ਦੀ ਸਾਹਿਤਕ-ਸਭਿਆਚਾਰਕ ਸੂਝ ਤੇ ਕਲਮੀ ਸਮਰੱਥਾ ਦੇ ਦਰਸ਼ਨ ਕਰਨ ਲਈ ‘ਡਿਸਕਵਰੀ ਔਫ਼ ਇੰਡੀਆ’ ਦਾ ਪਾਠ ਹੀ ਕਾਫ਼ੀ ਹੈ। ਅਹਿਮਦਨਗਰ ਦੇ ਕਿਲੇ ਵਿੱਚ 1942-46 ਦੀ ਕੈਦ ਸਮੇਂ ਲਿਖੀ ਗਈ ਇਸ ਵਡ-ਆਕਾਰੀ ਪੁਸਤਕ ਨੇ ਛਪਦਿਆਂ ਹੀ ਕਲਾਸਿਕ ਦੀ ਹੈਸੀਅਤ ਅਤੇ ਦੁਨੀਆ ਭਰ ਦੇ ਗਿਆਨਵਾਨਾਂ ਵਿੱਚ ਭਾਰਤੀ ਵਿਰਸੇ ਦੀ ਇੱਕ ਅਹਿਮ ਦਸਤਾਵੇਜ਼ ਵਜੋਂ ਮਾਨਤਾ ਹਾਸਲ ਕਰ ਲਈ। ਸਿੰਧ ਘਾਟੀ ਦੀ ਸਭਿਅਤਾ ਤੋਂ ਲੈ ਕੇ ਅੰਗਰੇਜ਼ ਰਾਜ ਤਕ ਦੇ ਸਮੇਂ ਉੱਤੇ ਝਾਤ ਪਾਉਂਦਿਆਂ ਭਾਰਤ ਦੇ ਅਮੀਰ ਇਤਿਹਾਸ, ਸਭਿਆਚਾਰ ਤੇ ਫ਼ਲਸਫ਼ੇ ਨੂੰ ਜਿਸ ਕਮਾਲ ਨਾਲ ਉਜਾਗਰ ਕੀਤਾ ਗਿਆ ਹੈ, ਉਹ ਆਪਣੀ ਮਿਸਾਲ ਆਪ ਹੈ। 1946 ਵਿੱਚ ਪਹਿਲੀ ਵਾਰ ਛਪੀ ਇਸ ਪੁਸਤਕ ਦੀ ਦੇਸ-ਕਾਲ ਦੀਆਂ ਹੱਦਾਂ ਪਾਰ ਕਰਨ ਵਾਲੀ ਸਮਰੱਥਾ ਦਾ ਹੀ ਸਬੂਤ ਹੈ ਕਿ ਇਹ ਅੱਜ ਵੀ ਓਨੀ ਹੀ ਸੱਜਰੀ ਹੈ।
ਸਾਹਿਤ ਵੱਲ ਨਹਿਰੂ-ਨਜ਼ਰੀਏ ਦਾ ਦੂਜਾ ਪੱਖ ਦੂਜਿਆਂ ਦੇ ਰਚੇ ਸਾਹਿਤ ਨੂੰ ਮਾਣਨਾ ਤੇ ਸਮਝਣਾ ਭਾਵ ਇੱਕ ਰਸੀਆ ਪਾਠਕ ਹੋਣਾ ਹੈ। ਇੱਕ ਵਾਰ ਉਹ ਪ੍ਰਧਾਨ ਮੰਤਰੀ ਵਜੋਂ ਇੰਗਲੈਂਡ ਵਿੱਚ ਸੀ। ਖ਼ੁਸ਼ਵੰਤ ਸਿੰਘ ਉਥੇ ਭਾਰਤੀ ਦੂਤਾਵਾਸ ਵਿੱਚ ਕੰਮ ਕਰਦਾ ਸੀ। ਕੁਝ ਵਿਹਲ ਮਿਲੀ ਤਾਂ ਨਹਿਰੂ ਨੇ ਕਿਹਾ, ਚੱਲੋ, ਕਿਸੇ ਕਿਤਾਬਾਂ ਦੀ ਦੁਕਾਨ ਉੱਤੇ ਲੈ ਕੇ ਚੱਲੋ। ਉਥੋਂ ਉਹਨੇ ਨਵੀਆਂ ਕਿਤਾਬਾਂ ਦਾ ਗੱਠੜ ਖ਼ਰੀਦ ਲਿਆਂਦਾ। ਕੁਝ ਸਮਾਂ ਪਹਿਲਾਂ ਇੱਕ ਪ੍ਰਮੁੱਖ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਮੁੰਬਈ ਦੇ ਇੱਕ ਬੁਕ-ਸਟੋਰ ਦੇ ਬਜ਼ੁਰਗ ਮਾਲਕ ਨੇ ਆਪਣੇ ਜਵਾਨੀ ਦੇ ਦਿਨਾਂ ਦੀ ਇੱਕ ਯਾਦ ਸਾਂਝੀ ਕੀਤੀ। ਇੱਕ ਦਿਨ ਇੱਕ ਕਾਰ ਦੁਕਾਨ ਦੇ ਅੱਗੇ ਆ ਕੇ ਰੁਕੀ ਤੇ ਉਸ ਵਿਚੋਂ ਇੱਕ ਆਦਮੀ ਉਤਰ ਕੇ ਦੁਕਾਨ ਵੱਲ ਤੁਰ ਪਿਆ। ਦੇਖਿਆ ਤਾਂ ਉਹ ਪ੍ਰਧਾਨ ਮੰਤਰੀ ਨਹਿਰੂ ਸੀ। ਉਹਨਾਂ ਭਲੇ ਵੇਲ਼ਿਆਂ ਵਿੱਚ ਨੇਤਾਵਾਂ ਦੇ ਚਾਰ-ਚੁਫ਼ੇਰੇ ਦਰਜਨਾਂ ਸਿਆਹਪੋਸ਼ ਤੋਪਚੀ ਨਹੀਂ ਸਨ ਹੁੰਦੇ ਤੇ ਨਾ ਹੀ ਲਾਲਬੱਤੀਆਂ ਵਾਲੀ ਕੋਈ ਕਾਰ ਪਾਂ-ਪਾਂ ਕਰਦੀ ਆਉਂਦੀ ਸੀ। ਉਹ ਆਮ ਗਾਹਕ ਵਾਂਗ ਸਹਿਜ ਨਾਲ ਦੁਕਾਨ ਦੇ ਅੰਦਰ ਆਇਆ ਤੇ ਬੋਲਿਆ, ਆਪਣੀਆਂ ਨਵੀਆਂ ਛਾਪੀਆਂ ਪੁਸਤਕਾਂ ਤਾਂ ਦਿਖਾਓ।
ਸਾਹਿਤ ਵੱਲ ਨਹਿਰੂ-ਨਜ਼ਰੀਏ ਦਾ ਇੱਕ ਹੋਰ ਪੱਖ ਲੇਖਕਾਂ ਦਾ ਸਤਿਕਾਰ ਹੈ। ਦਸਦੇ ਹਨ, ਸਾਹਿਤ ਅਕਾਦਮੀ ਦੇ ਰਿਕਾਰਡ ਵਿੱਚ ਅਨੇਕ ਅਜਿਹੇ ਪੱਤਰ ਜਾਂ ਉਹਨਾਂ ਦੇ ਉਤਾਰੇ ਪਏ ਹਨ ਜਿਨ੍ਹਾਂ ਵਿੱਚ ਨਹਿਰੂ ਨੇ ਵੱਖ ਵੱਖ ਕੁਰਸੀਧਾਰੀਆਂ ਨੂੰ ਲੇਖਕਾਂ ਦੇ ਮਾਣ-ਆਦਰ ਉੱਤੇ ਜ਼ੋਰ ਦੇਣ ਦੀ ਹਿਦਾਇਤ ਕੀਤੀ ਹੋਈ ਹੈ। ਆਪਣੇ ਸਮੇਂ ਦੇ ਅਨੇਕ ਲੇਖਕਾਂ ਨਾਲ ਉਹਦੇ ਨਿੱਜੀ ਦੋਸਤਾਨਾ ਸੰਬੰਧ ਸਨ। ਉਹ ਨਹਿਰੂ ਦੇ ਨਿਵਾਸ ਵਿੱਚ ਉਸੇ ਤਰ੍ਹਾਂ ਆਉਂਦੇ-ਜਾਂਦੇ ਸਨ ਜਿਵੇਂ ਕੋਈ ਦੋਸਤ ਦੇ ਘਰ ਆਉਂਦਾ-ਜਾਂਦਾ ਹੈ। ਨਹਿਰੂ ਦੇ ਅਨੇਕ ਕਿੱਸੇ ਸੁਣਨ ਨੂੰ ਮਿਲਦੇ ਹਨ ਜਦੋਂ ਉਹ ਪ੍ਰਧਾਨ ਮੰਤਰੀ ਵਜੋਂ ਕਿਸੇ ਨਗਰ ਗਿਆ ਅਤੇ ਉਥੇ ਰਹਿੰਦੇ ਕਿਸੇ ਲੇਖਕ ਨੂੰ ਬੁਲਾ ਕੇ ਮਿਲਣ ਦੀ ਥਾਂ ਆਪ ਉਹਦੇ ਘਰ ਜਾ ਪਹੁੰਚਿਆ।
ਇੱਕ ਘਟਨਾ ਚੇਤੇ ਵਿੱਚ ਉਭਰਦੀ ਹੈ। ਇਲਾਹਾਵਾਦ ਦੇ ਇੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਹਿਰੂ ਅਤੇ ਮਹਾਂਕਵੀ ਸੂਰਯਕਾਂਤ ਤ੍ਰਿਪਾਠੀ ਨਿਰਾਲਾ ਮੰਚ ਉੱਤੇ ਬਿਰਾਜਮਾਨ ਸਨ। ਜਦੋਂ ਨਹਿਰੂ ਬੋਲਣ ਲੱਗਿਆ, ਉਹਨੇ ਕਿਹਾ, ”ਮੈਂ ਪਹਿਲਾਂ ਤੁਹਾਨੂੰ ਇੱਕ ਚੀਨੀ ਕਥਾ ਸੁਣਾਉਣਾ ਚਾਹਾਂਗਾ।” ਕਥਾ ਇਹ ਸੀ ਕਿ ਇੱਕ ਚੀਨੀ ਸਮਰਾਟ ਦੇ ਦੋ ਪੁੱਤਰ ਸਨ, ਇੱਕ ਸਾਧਾਰਨ ਬੁੱਧੀ ਵਾਲਾ ਤੇ ਦੂਜਾ ਗਿਆਨੀ ਪੁਰਖ। ਜਦੋਂ ਬਜ਼ੁਰਗ ਹੋਇਆ ਸਮਰਾਟ ਦੋਵਾਂ ਪੁੱਤਰਾਂ ਨੂੰ ਕੋਲ ਬਿਠਾ ਕੇ ਆਪਣੀ ਵਿਰਾਸਤ ਵੰਡਣ ਲਗਿਆ, ਉਹਨੇ ਸਾਧਾਰਨ-ਬੁੱਧ ਨੂੰ ਕਿਹਾ, ”ਤੂੰ ਰਾਜਭਾਗ ਚਲਾਉਣ ਦੇ ਯੋਗ ਹੈਂ, ਤੈਨੂੰ ਮੈਂ ਆਪਣੀ ਗੱਦੀ ਦਿੰਦਾ ਹਾਂ।” ਫ਼ੇਰ ਉਹਨੇ ਗਿਆਨਵਾਨ ਪੁੱਤਰ ਨੂੰ ਕਿਹਾ, ”ਤੂੰ ਮਨੁੱਖਜਾਤੀ ਤੇ ਸਮਾਜ ਦੇ ਭਲੇ ਲਈ ਵੱਡੇ ਕਾਰਜ ਕਰਨੇ ਹਨ, ਮੈਂ ਤੈਨੂੰ ਕਵੀ ਹੋਣ ਦਾ ਵਰ ਤੇ ਅਸ਼ੀਰਵਾਦ ਦਿੰਦਾ ਹਾਂ!” ਕਥਾ ਸੁਣਾ ਕੇ ਨਹਿਰੁ ਨੇ ਆਪਣੇ ਗਲ਼ ਦਾ ਹਾਰ ਲਾਹ ਕੇ ਨਿਰਾਲਾ ਜੀ ਦੇ ਗਲ਼ ਵਿੱਚ ਪਾ ਦਿੱਤਾ! ਆਪਣੇ ਆਪ ਨੂੰ ਸਾਧਾਰਨ-ਬੁੱਧ ਤੇ ਕਵੀ ਨੂੰ ਸ੍ਰੇਸ਼ਟ-ਬੁੱਧ ਕੋਈ ਨਹਿਰੂ ਹੀ ਆਖ ਸਕਦਾ ਸੀ!
ਆਪਣੇ ਸਮਾਜ, ਇਤਿਹਾਸ, ਸਭਿਆਚਾਰ ਦੀ ਭਰਪੂਰ ਜਾਣਕਾਰੀ, ਸਮਰੱਥ ਕਲਮ, ਦੂਜਿਆਂ ਦੇ ਰਚੇ ਸਾਹਿਤ ਨਾਲ ਲਗਾਤਾਰ ਪਾਠਕੀ ਸੰਪਰਕ ਅਤੇ ਕੁਰਸੀ ਨਾਲੋਂ ਕਲਮ ਨੂੰ ਉੱਚਾ ਦਰਜਾ ਦਿੰਦਿਆਂ ਕਲਮਾਂ ਵਾਲਿਆਂ ਦਾ ਆਦਰ-ਮਾਣ, ਇਹ ਹੈ ਸਾਹਿਤ ਵੱਲ ਨਹਿਰੂ-ਨਜ਼ਰੀਆ। ਜੇ ਇਹ ਨਜ਼ਰੀਆ ਮਿਹਣੇ ਤੇ ਦੋਸ਼ ਦਾ ਅਧਿਕਾਰੀ ਹੈ ਤਾਂ ਸਾਨੂੰ ਮਿਹਣਾ ਵੀ ਪਰਵਾਨ ਹੈ ਤੇ ਅਸੀਂ ਆਪਣੇ ਦੋਸ਼ ਦਾ ਵੀ ਇਕਬਾਲ ਕਰਦੇ ਹਾਂ!
(011-42502364)

LEAVE A REPLY