walia big
ਰਿਸ਼ਤੇ ਤਿੜਕ ਰਹੇ ਹਨ। ਖੂਨ ਦੇ ਰਿਸ਼ਤਿਆਂ ਵਿਚ ਲਾਲ ਰੰਗ ਦੀ ਥਾਂ ਚਿੱਟਾ ਲਹੂ ਵਹਿੰਦਾ ਨਜ਼ਰੀ ਪੈ ਰਿਹਾ ਹੈ। ਮੁਹੱਬਤ ਦੇ ਰਿਸ਼ਤਿਆਂ ਵਿਚ ਦਰਾੜਾਂ ਆ ਰਹੀਆਂ ਹਨ। ਕੰਨੜ ਮੁਹਾਵਰਾ ਹੈ ‘ਹੱਥ ‘ਚ ਫੜਿਆ ਭਾਂਡਾ ਹੁੰਦਾ ਹੈ ਪਰ ਡਿੱਗ ਪਿਆ ਤਾਂ ਠੀਕਰੀਆਂ ਹੋ ਜਾਂਦਾ ਹੈ।’ ਸੱਚਮੁਚ ਹੀ ਅੱਜ ਪਰਿਵਾਰਕ ਰਿਸ਼ਤੇ ਠੀਕਰੀਆਂ ਹੋ ਬਿੱਖਰ ਰਹੇ ਹਨ। ਪਰਿਵਾਰਾਂ ਵਿਚੋਂ ਪ੍ਰੇਮ, ਮੁਹੱਬਤ, ਦੁਲਾਰ ਅਤੇ ਚਾਓ ਖੰਭ ਲਾ ਕੇ ਉਡ ਰਿਹੈ। ਜ਼ਿੰਦਗੀ ਵਿਚੋਂ ਸ਼ਾਂਤੀ ਗੁੰਮ ਹੋ ਗਈ, ਰੁਸ਼ਟ ਹੋ ਗਈ ਹੈ। ਅਮਨ ਅਤੇ ਚੈਨ ਨੂੰ ਦੁਨੀਆਂ ਤਰਸ ਰਹੀ ਹੈ। ਆਦਮੀ ਦਾ ਵਜੂਦ ਬਿਖਰ ਰਿਹਾ ਹੈ।
ਇਸ ਦੌਰ ਮੇਂ ਇੰਸਾ ਕਾ ਚੇਹਰਾ ਨਹੀਂ ਮਿਲਤਾ
ਮੈਂ ਕਬ ਸੇ, ਨਕਾਬੋਂ ਕੀ ਤੇਂਹ ਖੋਲ ਰਹਾ ਹੂੰ
ਸਲੀਮ ਜ਼ੁਬੇਰੀ ਠੀਕ ਹੀ ਕਹਿ ਰਿਹਾ ਹੈ ਕਿ
ਇੰਸਾਨੀਅਤ ਕੇ ਤੌਰ ਤਰੀਕੇ ਭੀ ਸੀਖਿਯੇ
ਜੀਨਾ ਅਗਰ ਹੋ ਆਪਕੋ, ਇੰਸਾਨ ਕੀ ਤਰਹ
ਇਨਸਾਨ ਦੀ ਤਰ੍ਹਾਂ ਜਿਊਣ ਲਈ ਜ਼ਿੰਦਗੀ ਦਾ ਸਲੀਕਾ ਸਿੱਖਣਾ ਪਵੇਗਾ। ਜੀਵਨ ਦੀ ਕਲਾ ਸਿੱਖਣੀ ਪਵੇਗੀ। ਪਰਿਵਾਰਾਂ ਵਿਚ ਹੋ ਰਹੀ ਰਿਸ਼ਤਿਆਂ ਦੀ ਟੁੱਟ ਭੱਜ ਦੇ ਕਾਰਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਪਵੇਗੀ। ਇਹ ਵੀ ਵੇਖਣਾ ਪਵੇਗਾ ਕਿ ਅੱਜ ਘਰ ਘਰ ਦੀ ਕਹਾਣੀ ਵਿਚ ਵਿਛੜਨ ਦੇ, ਉਦਾਸੀ ਦੇ, ਜਫ਼ਾ ਦੇ ਅਤੇ ਬ੍ਰਿਹਾ ਦੇ ਸੀਨ ਕਿਉਂ ਜ਼ਿਆਦਾ ਹਨ। ਜਦੋਂ ਅਸੀਂ ਆਪਣੇ ਕਿਰਦਾਰ ਦੇ, ਆਪਣੀ ਜ਼ਿੰਦਗੀ ਦੇ ਆਇਨੇ ਤੋਂ ਗਰਦ ਝਾੜਾਂਗੇ ਤਾਂ ਬਹੁਤ ਮਾਮੂਲੀ, ਛੋਟੇ ਅਤੇ ਤੁੱਛ ਜਿਹੇ ਕਾਰਨ ਨਜ਼ਰ ਆਉਣਗੇ। ਆਓ ਆਪਣੇ ਅਤੇ ਹੋਰ ਜਾਣ ਪਛਾਣ ਵਾਲੇ ਪਰਿਵਾਰਾਂ ‘ਤੇ ਨਜ਼ਰ ਮਾਰੀਏ ਅਤੇ ਸ਼ਾਇਦ ਹੇਠ ਲਿਖੇ ਕੁਝ ਕਾਰਨਾਂ ਦੀ ਨਿਸ਼ਾਨਦੇਹੀ ਹੋ ਜਾਵੇ।
ਮਿਲਣੀ
ਮਿਲਣੀ ਵਿਆਹ ਸਮੇਂ ਦੀ ਇਕ ਅਜਿਹੀ ਰਸਮ ਹੈ ਜਿਸ ਵਿਚ ਜਦੋਂ ਜੰਝ ਕੰਨਿਆ ਦੇ ਬੂਹੇ ‘ਤੇ ਢੁੱਕਦੀ ਹੈ ਤਾਂ ਕੰਨਿਆ ਪੱਖ ਵਾਲੇ ਉਨ੍ਹਾਂ ਦਾ ਸਵਾਗਤ ਕਰਦੇ ਹਨ। ਕੰਨਿਆ ਦਾ ਪਿਤਾ ਹਾਰ, ਕੰਬਲ ਅਤੇ ਕਈ ਹੋਰ ਤੋਹਫ਼ੇ ਲੈ ਕੇ ਆਪਣੇ ਕੁੜਮ ਨੂੰ ਗਲਵੱਕੜੀ ਪਾ ਕੇ ਮਿਲਦਾ ਹੈ। ਕੁੜਮਾਂ ਤੋਂ ਮਗਰੋਂ ਦੋ ਧਿਰਾਂ ਦੇ ਕੁਝ ਹੋਰ ਸਬੰਧੀ, ਜਿਵੇਂ ਕਿ ਕੰਨਿਆ ਦਾ ਮਾਮਾ, ਚਾਚਾ ਜਾਂ ਮਾਸੜ, ਆਦਿ, ਇੱਕ-ਦੂਜੇ ਨੂੰ ਜੱਫ਼ੀ ਵਿੱਚ ਲੈ ਕੇ ਮਿਲਦੇ ਅਤੇ ਇਕ ਦੂਸਰੇ ਗਲ ਵਿੱਚ ਹਾਰ ਪਹਿਨਾਉਂਦੇ ਹਨ। ਕੁਝ ਧੰਨ ਬਸਤਰ ਵੀ ਭੇਂਟ ਕਰਦੇ ਹਨ। ਕਈ ਵਾਰ ਇਹ ਮਿਲਣੀ ਦੀ ਰਸਮ ਤੋੜੇ ਵਿਛੋੜੇ ਦੀ ਰਸਮ ਵਿੱਚ ਬਦਲਦੀ ਵੇਖੀ ਗਈ ਹੈ।
ਮੇਰੇ ਇਕ ਕਰੀਬੀ ਰਿਸ਼ਤੇਦਾਰ ਦੀ ਮਿਲਣੀ ਵੇਲੇ ਮੁੰਡੇ ਦੇ ਤਾਏ ਦੀ ਮਿਲਣੀ ਨਹੀਂ ਕਰਵਾਈ ਗਈ। ਤਾਏ ਸਮੇਤ ਤਾਏ ਦਾ ਪਰਿਵਾਰ ਨਾਸ਼ਤੇ ਪਾਣੀ ਤੋਂ ਬਿਨਾਂ ਹੀ ਰੁੱਸ ਕੇ ਤੁਰ ਗਿਆ। ਮੇਰੇ ਆਪਣੇ ਘਰ ਵਿਚ ਅਜਿਹਾ ਹੀ ਵਾਪਰਿਆ। ਮੇਰੇ ਇਕਲੌਤੇ ਭਾਣਜੇ ਦਾ ਵਿਆਹ ਸੀ। ਜਦੋ ਮੇਰੇ ਬੇਟੇ ਦੀ ਮਿਲਣੀ ਕੁੜੀ ਦੇ ਭਰਾ ਨਾਲ ਹੋਣ ਲੱਗੀ ਤਾਂ ਮੇਰੇ ਭਣੋਈਏ ਨੇ ਜਾਣੇ ਅਣਜਾਣੇ ਰੋਕ ਦਿੱਤਾ। ਅਜੇ ਤੱਕ ਮੇਰੀ ਬੀਤੀ ਇਸ ਗੱਲ ਨੂੰ ਦਿਲ ਨਾਲ ਲਾ ਕੇ ਬੈਠੀ ਹੈ। ਲੱਖ ਸਮਝਾਉਣ ਦੇ ਬਾਵਜੂਦ ਉਹ ਇਸਨੂੰ ਆਪਣੇ ਪੁੱਤ ਦੀ ਬੇਇੱਜ਼ਤੀ ਕਰਾਰ ਦਿੰਦੀ ਹੋਈ ਇਸਨੂੰ ਵੱਡਾ ਮੁੱਦਾ ਬਣਾ ਕੇ ਭੈਣ ਭਰਾ ਦੇ ਰਿਸ਼ਤੇ ਦੀ ਪੱਕੀ ਦੀਵਾਰ ਵਿਚ ਤਰੇੜਾਂ ਪਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਆਮ ਤੌਰ ਤੇ ਮਿਲਣੀ ਸਮੇਂ ਜੋ ਵੀ ਰਿਸ਼ਤੇਦਾਰ, ਸਾਕ-ਸਬੰਧੀ ਅਤੇ ਦੋਸਤ-ਮਿੱਤਰ ਅਣਗੌਲਿਆ ਮਹਿਸੂਸ ਕਰਦਾ ਹੈ, ਤਾਂ ਸਮਝੋ ਉਹ ਰਿਸ਼ਤਾ ਖਤਮ ਹੋਣਾ ਆਰੰਭ ਹੋ ਜਾਂਦਾ ਹੈ। ਇਸ ਵਿਚ ਧੰਨ ਦੌਲਤ ਦੀ ਅਹਿਮੀਅਤ ਘੱਟ ਹੁੰਦੀ ਹੈ, ਸਮਾਜਿਕ ਤੌਰ ‘ਤੇ ਹੋਈ ਬੇਇੱਜ਼ਤੀ ਅਤੇ ਹਉਮੈ ਨੂੰ ਲੱਗੀ ਸੱਟ ਦੀ ਮਹੱਤਤਾ ਜ਼ਿਆਦਾ ਮੰਨੀ ਜਾ ਸਕਦੀ ਹੈ। ਅਜਿਹੀਆਂ ਘਟਨਾਵਾਂ ਉਥੇ ਜ਼ਿਆਦਾ ਵਾਪਰਦੀਆਂ ਹਨ, ਜਿਸ ਘਰ ਵਿਚ ਵੱਡੀ ਉਮਰ ਦੇ ਸਿਆਣੇ ਬਜ਼ੁਰਗ ਘੱਟ ਹੁੰਦੇ ਹਨ। ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਸਮਝਣ ਵਾਲੇ ਲੋਕ ਮਿਲਣੀ ਕਰਨ ਕਰਾਉਣ ਸਮੇਂ ਬਹੁਤ ਚੌਕਸ ਰਹਿੰਦੇ ਹਨ ਅਤੇ ਹਰ ਰਿਸ਼ਤੇ ਨੂੰ ਬਣਦੀ ਅਹਿਮੀਅਤ ਦਿੰਦੇ ਹਨ। ਮਿਲਣੀਆਂ ਸਮੇਂ ਚੌਕਸ ਅਤੇ ਸੁਚੇਤ ਰਹਿਣ ਵਾਲੇ ਲੋਕ ਪਰਿਵਾਰਕ ਰਿਸ਼ਤਿਆਂ ਨੂੰ ਬਣਾਈ ਰੱਖਣ ਵਿਚ ਕਾਮਯਾਬ ਹੁੰਦੇ ਹਨ।
ਮੁਬਾਰਕਾਂ
ਪਰਿਵਾਰ ਵਿਚ ਧੀ ਦਾ ਜਨਮ ਹੋਇਆ। ਦਾਦਾ ਦਾਦੀ ਅਤੇ ਨਾਨਾ ਨਾਨੀ ਬਹੁਤ ਖੁਸ਼ ਸਨ, ਮਾਂ ਪਿਓ ਤੋਂ ਵੀ ਜ਼ਿਆਦਾ। ਸੱਚ ਹੀ ਕਿਸੇ ਨੇ ਕਿਹਾ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ। ਖੁਸ਼. ਵਿਚ ਖੀਵੇ ਹੋਏ ਨਾਨੇ ਨੇ ਆਪਣੇ ਸਾਰੇ ਸਕੇ ਸਬੰਧੀਆਂ ਨੂੰ ਖੁਸ਼ੀ ਦੀ ਖਬਰ ਸੁਣਾਈ ਅਤੇ ਵਧਾਈਆਂ ਲਈਆਂ। ਆਪਣੀ ਪਤਨੀ ਦੇ ਰੋਕਣ ਦੇ ਬਾਵਜੂਦ ਆਪਣੇ ਸਾਲੇ ਨੂੰ ਫੋਨ ਕਰ ਦਿੱਤਾ ਪਰ ਮਾਯੂਸੀ ਪੱਲੇ ਪਈ, ਅੱਗਿਉਂ ਹੁੰਗਾਰਾ ਇੰਨਾ ਮੱਠਾ ਸੀ ਕਿ ‘ਨਵੇਂ ਜੀਅ ਦੀ ਆਮਦ ‘ਤੇ ਵਧਾਈ ਵੀ ਨਹੀਂ ਦਿੱਤੀ।’ ਦੋਹਾਂ ਪਰਿਵਾਰਾਂ ਵਿਚ ਰੋਸਾ ਤਾਂ ਪਹਿਲਾਂ ਵੀ ਸੀ ਪਰ ਹੁਣ ਇਹ ਜ਼ਿੰਦਗੀ ਭਰ ਲਈ ਇਕ ਹੋਰ ਮੁੱਦਾ ਬਣ ਗਿਆ। ਸਿਰਫ ਇਕ ਸ਼ਬਦ ਨਾ ਬੋਲਣ ਕਾਰਨ ਦਰਾਰ ਇੰਨੀ ਵੱਧ ਗਈ ਕਿ ਰਿਸ਼ਤਿਆਂ ਨੂੰ ਮੁੜ ਲੀਹ ‘ਤੇ ਲਿਆਉਣਾ ਮੁਸ਼ਕਿਲ ਹੋ ਗਿਆ। ਇਹ ਗੱਲ ਸਿਰਫ ਪਰਿਵਾਰਾਂ ‘ਤੇ ਹੀ ਨਹੀਂ ਸਗੋਂ ਦੋਸਤੀ ਦੇ ਰਿਸ਼ਤਿਆਂ ਵਿਚ ਵੀ ਕਾਫੀ ਅਹਿਮੀਅਤ ਰੱਖਦੀ ਹੈ। ਮੇਰੇ ਇਕ ਮਿੱਤਰ ਨੂੰ ਸ਼੍ਰੋਮਣੀ ਸਾਹਿਤਕਾਰ ਐਵਾਰਡ ਨਾਲ ਸਨਮਾਨਿਆ ਗਿਆ। ਮੈਂਸ਼ਹਿਰ ਤੋਂ ਬਾਹਰ ਸੀ ਪਰ ਫੇਸਬੁਕ ਉਪਰ ਮੁਬਾਰਕਬਾਦ ਦਾ ਸੁਨੇਹਾ ਲਿਖ ਦਿੱਤਾ। ਉਸ ਵੱਲੋਂ ਧੰਨਵਾਦ ਦਾ ਜਵਾਬ ਵੀ ਮਿਲ ਗਿਆ। ਮੇਰੇ ਮਿੱਤਰ ਕੁਝ ਦਿਨਾਂ ਬਾਅਦ ਮੈਨੂੰ ਮਿਲੇ ਪਰ ਸਿੱਧੇ ਮੂੰਹ ਗੱਲ ਹੀ ਨਹੀਂ ਕੀਤੀ। ਵਾਰ ਵਾਰ ਪੁੱਛਣ ‘ਤੇ ਦੱਸਿਆ ਕਿ ਘਰ ਮੁਬਾਰਕਬਾਦ ਦੇਣ ਕਿਉਂ ਨਹੀਂ ਆਏ। ਜਨਮ ਦਿਨ, ਕੋਈ ਸਫਲਤਾ, ਨੌਕਰੀ ਵਿਚ ਤਰੱਕੀ, ਪੜ੍ਹਾਈ ਵਿਚ ਚੰਗੇ ਨਤੀਜੇ ਇੱਥੋਂ ਤੱਕ ਘਰ ਵਿਚ ਨਵੀਂ ਖਰੀਦੀ ਕਾਰ ਦੀ ਵੀ ਜੇ ਵਧਾਈ ਨਹੀਂ ਦਿੱਤੀ ਜਾਂਦੀ ਤਾਂ ਰਿਸ਼ਤਿਆਂ ਵਿਚ ਤ੍ਰੇੜ ਆ ਜਾਂਦੀ ਹੈ। ਅੱਜ ਦੇ ਯੁੱਗ ਵਿਚ ਕਾਮਯਾਬ ਵਿਅਕਤੀ ਵਧਾਈ ਦੇਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦਾ।
ਅਫਸੋਸ
ਮੇਰੇ ਸਹੁਰਾ ਸਾਹਿਬ 93 ਵਰ੍ਹਿਆਂ ਦੇ ਇਸ ਦੁਨੀਆਂ ਤੋਂ ਰੁਖਸਤ ਹੋਏ। ਉਹਨਾਂ ਆਪਣਾ ਅਖੀਰਲਾ ਸਾਹ ਕਲਕੱਤੇ ਲਿਆ। ਮੇਰੀ ਪਤਨੀ ਜਦੋਂ ਕਲਕੱਤੇ ਤੋਂ ਵਾਪਸ ਆਈ ਤਾਂ ਸਾਰੇ ਸਕੇ ਸਬੰਧੀ ਅਫਸੋਸ ਕਰਨ ਲਈ ਆਏ ਪਰ ਮੇਰੇ ਭਰਾ ਭਰਜਾਈ ਨਹੀਂ ਆਏ ਅਤੇ ਨਾ ਹੀ ਉਨ੍ਹਾਂ ਫੋਨ ‘ਤੇ ਅਫਸੋਸ ਕੀਤਾ। ਇਸ ਗੱਲ ਦਾ ਉਸਨੂੰ ਬਹੁਤ ਰੋਸ ਹੋਇਆ, ਹਾਲਾਂਕਿ ਮੈਂ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੋਹਾਂ ਨੇ ਮੇਰੇ ਕੋਲ ਅਫਸੋਸ ਕੀਤਾ ਸੀ। ਮੈਂ ਇਹ ਵੀ ਕਿਹਾ ਕਿ ਬਜ਼ੁਰਗ ਆਪਣੀ ਪੂਰੀ ਉਮਰ ਭੋਗ ਕੇ ਗਏ ਹਨ ਹੁਣ ਇਸਨੂੰ ਮੁੱਦਾ ਨਾ ਬਣਾਓ। ”ਮਾਪੇ ਤਾਂ ਮਾਪੇ ਹੁੰਦੇ ਹਨ। ਜਿੰਨੀ ਮਰਜ਼. ਉਮਰ ਦੇ ਹੋ ਕੇ ਜਾਣ।” ਉਸਦਾ ਤਰਕ ਸੀ। ਇਸ ਗੱਲ ਕਾਰਨ ਦਰਾਣੀ ਜਠਾਣੀ ਵਿਚ ਦੂਰੀਆਂ ਵੱਧ ਗਈਆਂ। ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਉਦਾਹਰਣਾਂ ਸਾਡੇ ਸਮਾਜ ਵਿਚੋਂ ਮਿਲ ਜਾਂਦੀਆਂ ਹਨ। ਸਿਆਣੇ ਕਹਿੰਦੇ ਹਨ ਖੁਸ਼ੀ ਮੌਕੇ ਜੇ ਨਾ ਵੀ ਜਾ ਹੋਵੇ ਤਾਂ ਸਰ ਜਾਂਦੈ ਪਰ ਗਮੀ ਵਿਚ ਸ਼ਰੀਕ ਹੋਣਾ ਬਹੁਤ ਜ਼ਰੂਰੀ ਹੁੰਦੈ। ਗੱਲ ਹੈ ਵੀ ਠੀਕ, ਰਿਸ਼ਤਿਆਂ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੁੰਦਾ ਹੈ ਕਿ ਕੋਈ ਵੀ ਦੁੱਖ ਦੇ ਵਕਤ ਆਪਣੀ ਸ਼ਮੂਲੀਅਤ ਅਤੇ ਹਾਜ਼ਰੀ ਯਕੀਨੀ ਬਣਾਈ ਜਾਵੇ।
ਸ਼ਗਨ
ਮੈਂ ਇਕ ਵਿਆਹ ਦੇ ਸਮਾਗਮ ਵਿਚ ਸ਼ਾਮਲ ਹੋਇਆ। ਮੇਜ਼ਬਾਨ ਦੇ ਚਾਚੇ ਨੂੰ ਛੱਡ ਕੇ ਬਾਕੀ ਸਾਰੇ ਰਿਸ਼ਤੇਦਾਰ ਹਾਜ਼ਰ ਸਨ। ਮੈਂ ਮੇਜਬਾਨ ਨੂੰ ਪੁੱਛ ਬੈਠਾ ਕਿ ਤੁਹਾਡੇ ਚਾਚਾ ਜੀ ਨੀ ਨਜ਼ਰ ਆਉਂਦੇ:
”ਉਨ੍ਹਾਂ ਨੂੰ ਤਾਂ ਸੱਦਿਆ ਹੀ ਨਹੀਂ” ਉਸਦਾ ਜਵਾਬ ਸੀ।
”ਕਿਉਂ! ਜਦੋਂ ਹੋਰ ਸਾਰੇ ਚਾਚੇ ਤਾਏ ਬੁਲਾਏ ਨੇ ਇਨ੍ਹਾਂ ਨੂੰ ਕਿਉਂ ਨਹੀਂ ਬੁਲਾਇਆ।” ਮੈਂ ਫਿਰ ਪੁੱਛਆ।
”ਜਦੋਂ ਆਹ ਵਿਆਹ ਵਾਲਾ ਮੁੰਡਾ ਨੀਟੂ ਜੰਮਿਆ ਸੀ ਤਾਂ ਚਾਚਾ ਬਾਪੂ ਨਾਲ ਮਿਲਣ ਆਇਆ ਸੀ। ਇਸ ਤੋਂ ਪੰਜ ਰੁਪਏ ਸ਼ਗਨ ਦੇ ਵੀ ਨਹੀਂ ਸਰੇ। ਸੁੱਖੀ ਸਾਂਦੀ ਇੰਨੇ ਵਰ੍ਹੇ ਬਾਅਦ ਮੁੰਡਾ ਹੋਇਆ ਸੀ। ਇਹਦੇ ਸ਼ਗਨ ਨਾਲ ਅਸੀਂ ਅਮੀਰ ਨਹੀਂ ਹੋ ਜਾਣਾ ਸੀ ਪਰ ਜੋ ਇਸਨੇ ਬਦਸ਼ਗਨੀ ਕੀਤੀ ਉਸਨੂੰ ਕਦੇ ਵੀ ਮੁਆਫ ਨਹੀਂ ਕੀਤਾ ਜਾ ਸਕਿਆ।” ਇਹ ਜਵਾਬ ਸੁਣ ਕੇ ਮੈਨੂੰ ਲੱਗਾ ਕਿ ਪੰਜ ਸੱਤ ਰੁਪਿਆਂ ਨੇ ਇੰਨੇ ਨੇੜੇ ਦੇ ਰਿਸ਼ਤੇ ਨੂੰ ਖਾ ਲਿਆ।
ਸ਼ਗਨ ਨੂੰ ਸਿਰਫ ਰੁਪਏ ਪੈਸੇ ਨਾਲ ਹੀ ਨਹੀਂ ਮਾਪਿਆ ਜਾ ਸਕਦਾ ਸਗੋਂ ਇਹ ਤਾਂ ਕਿਸੇ ਆਪਣੇ ਦੀ ਖੁਸ਼ੀ ਵਿਚ ਖੁਸ਼ੀ ਖੁਸ਼ੀ ਸ਼ਾਮਲ ਹੋਣ ਦਾ ਸੰਕੇਤ ਹੈ। ਸ਼ਗਨਾਂ ਨੂੰ ਪੈਸੇ ਨਾਲ ਤੋਲਣ ਵਾਲੇ ਲੋਕਾਂ ਨੂੰ ਕਦਾਚਿਤ ਵੀ ਠੀਕ ਨਹੀਂ ਮੰਨਿਆ ਜਾ ਸਕਦਾ ਪਰ ਆਪਣੀ ਵਿੱਤ ਮੁਤਾਬਕ ਵੀ ਸ਼ਗਨ ਦੇਣ ਤੋਂ ਕਤਰਾਉਣ ਵਾਲੇ ਲੋਕ ਠੀਕ ਨਹੀਂ ਹੁੰਦੇ। ਰਿਸ਼ਤਿਆਂ ੂੰ ਸਾਫ ਸੁਥਰਾ ਅਤੇ ਪੱਧਰ ਰੱਖਣ ਲਈ ਸ਼ਗਨ ਦੇਣ ਦੀ ਅਹਿਮੀਅਤ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ। ਵਿਆਹ ਸ਼ਾਦੀਆਂ ਸਮੇਂ ਸ਼ਗਨ ਕਾਰਨ ਅਨੇਕਾਂ ਵਾਰ ਰਿਸ਼ਤਿਆਂ ਵਿਚ ਤ੍ਰੇੜਾਂ ਆ ਜਾਂਦੀਆਂ ਹਨ। ਖਾਸ ਕਰਕੇ ਉਸ ਵੇਲੇ ਜਦੋਂ ਨਾਨਕਿਆਂ ਅਤੇ ਦਾਦਕਿਆਂ ਵਿਚ ਨਿਰਪੱਖਤਾ ਨਹੀਂ ਕਾਇਮ ਰੱਖੀ ਜਾਂਦੀ। ਮੰਗਣੇ ਸਮੇਂ ਮਾਮੇ ਨੂੰ ਮੁੰਦਰੀ ਪਵਾ ਦਿੱਤੀ, ਚਾਚੇ ਨੂੰ ਨਹੀਂ। ਅਜਿਹੇ ਕਾਰਨਾਂ ਕਰਕੇ ਵਿਆਹ ਵਿਚ ਫੁੱਫੜ ਦਾ ਰੁੱਸਣਾ ਤਾਂ ਆਮ ਮੰਨਿਆ ਜਾਂਦਾ ਹੈ।
ਉਪਰ ਤਾਂ ਕੁਝ ਉਦਾਹਰਣਾਂ ਦਿੱਤੀਆਂ ਹਨ ਪਰ ਰਿਸ਼ਤਿਆਂ ਦੀ ਟੁੱਟ ਭੱਜ ਦੇ ਅਨੇਕਾਂ ਕਾਰਨ ਹੋ ਸਕਦੇ ਹਨ। ਹਰ ਬੰਦੇ ਕੋਲ ਆਪਣੇ ਹੱਕ ਵਿੱਚ ਅਨੇਕਾਂ ਤਰਕ ਹੋ ਸਕਦੇ ਹਨ। ਜਿਵੇਂ ਅੰਨ੍ਹੇ ਨੂੰ ਨਜ਼ਰ ਨਹੀਂ ਆਉਂਦਾ ਤੇ ਹੰਕਾਰੀ ਦੇਖਣਾ ਨਹੀਂ ਚਾਹੁੰਦੇ, ਉਵੇਂ ਸਾਡੇ ਵਿੱਚੋਂ ਵੀ ਅਨੇਕਾਂ ਅਜਿਹੇ ਲੋਕ ਹਨ ਜੋ ਹਉਮੈ ਦੇ ਸ਼ਿਕਾਰ ਹੋ ਜਾਂਦੇ ਹਨ। ਉਹ ਭੁੱਲ ਜਾਂਦੇ ਹਨ ਕਿ ਕਬਰਾਂ ਅਜਿਹੇ ਆਦਮੀਆਂ ਨਾਲ ਭਰੀਆਂ ਪਈਆਂ ਹਨ ਜਿਹੜੇ ਸੋਚਦੇ ਸਨ ਕਿ ਇਹ ਸੰਸਾਰ ਉਹਨਾਂ ਬਗ਼ੈਰ ਚੱਲ ਹੀ ਨਹੀਂ ਸਕਦਾ। ਇਸ ਕਾਰਨ ਹੀ ਤਾਂ ਗੁਰੂ ਅੰਗਦ ਦੇਵ ਜੀ ਨੇ ਹਉਮੈ ਨੂੰ ਦੀਰਘ ਰੋਗ ਕਿਹਾ ਹੈ।ਇਕ ਗੱਲ ਤਾਂ ਸਪਸ਼ਟ ਹੈ ਕਿ ਪਰਿਵਾਰਾਂ ਵਿਚ ਰੋਸਿਆਂ, ਲੜਾਈਆਂ ਅਤੇ ਨਰਾਜ਼ਗੀਆਂ ਦਾ ਬਹਾਨਾ ਵਧਾਈ ਨਾ ਦੇਣਾ, ਸ਼ਗਨ ਨਾ ਦੇਣਾ ਜਾਂ ਅਫਸੋਸ ਨਾ ਕਰਨਾ ਹੋਵੇ ਪਰ ਇਸ ਸਭ ਕਾਸੇ ਦੇ ਪਿੱਛੇ ਕਿਤੇ ਨਾ ਕਿਤੇ ਹਉਮੈ ਅਤੇ ਹੰਕਾਰ ਦੀ ਪਰਤ ਪਈ ਹੁੰਦੀ ਹੈ। ਪਰਿਵਾਰਾਂ ਵਿਚ ਲੱਗਿਆ ਇਹ ਰੋਗ ਸਿਊਂਕ ਦੀ ਮਾਫਕ ਹੈ ਜੋ ਹੌਲੀ ਹੌਲੀ ਰਿਸ਼ਤਿਆਂ ਨੂੰ ਖਾ ਜਾਂਦੀ ਹੈ। ਘਰ ਘਰ ਇਹੋ ਅੱਗ ਹੈ ਅਤੇ ਇਸ ਅੱਗ ਦਾ ਸੇਕ ਮਾਨਸਿਕ ਪ੍ਰੇਸ਼ਾਨੀਆਂ ਪੈਦਾ ਕਰ ਰਿਹਾ ਹੈ। ਨਤੀਜੇ ਵਜੋਂ ਸਹਿਣਸ਼ੀਲਤਾ ਅਤੇ ਜ਼ਬਤ ਖਤਮ ਹੋ ਰਿਹਾ ਹੈ। ਇਸ ਰੋਗ ਤੋਂ ਬਚਣ ਲਈ ਸਵੈ ਪੜਚੋਲ ਕਰਦੇ ਰਹਿਣਾ ਜ਼ਰੂਰੀ ਹੈ। ਆਪਣੀ ਸ਼ਖਸੀਅਤ ਵਿਚ ਨਿਮਰਤਾ, ਮਿਠਾਸ, ਸਹਿਜ, ਸਹਿਣਸ਼ੀਲਤਾ ਅਤੇ ਇਮਾਨਦਾਰੀ ਦੇ ਗੁਣ ਭਰਦੇ ਰਹਿਣਾ ਚਾਹੀਦਾ ਹੈ। ਮੈਂ ਤਾਂ ਇਹੀ ਕਹਾਂਗਾ:
ਆਪਨਾ ਕਿਰਦਾਰ ਆਈਨਾ ਕਰ ਲੋ

LEAVE A REPLY