lakh_im
ਰੂਸ ਨੇ ਸੀਰੀਆ ਵਿੱਚ ਕਈ ਮਿਲੀਅਨ ਡੌਲਰ ਦੇ ਹਥਿਆਰ ਝੌਂਕੇ, ਅਤੇ ਹੁਣ ਉਹ ਉੱਥੇ ਆਪਣੇ ਬੇਸ ਪੱਕੇ ਕਰਨ ਲਈ ਰੂਸੀ ਫ਼ੌਜਾਂ ਵੀ ਭੇਜ ਰਿਹਾ ਹੈ। ਹਾਲ ਹੀ ਵਿੱਚ, ਰੂਸ ਨੇ ਕੈਪਸੀਅਨ ਸੀਅ ਤੋਂ ਸੀਰੀਆ ਵਿੱਚ ਆਪਣੇ ਨਿਸ਼ਾਨਿਆਂ ‘ਤੇ 27 ਕਰੂਜ਼ ਮਿਜ਼ਾਈਲਾਂ ਵੀ ਦਾਗੀਆਂ। ਇਰਾਨ ਵੀ ਸੀਰੀਆ ਵਿੱਚ ਨਵੀਆਂ ਫ਼ੌਜੀ ਟੁਕੜੀਆਂ ਧੱਕ ਰਿਹਾ ਹੈ। ਉਸ ਨੇ ਲੇਬਨਾਨ ਦੇ ਹੇਜ਼ਬੋਲਾਹ ਅਤਿਵਾਦੀ ਗੁੱਟ ਨੂੰ ਢੇਰਾਂ ਡੌਲਰ ਦਿੱਤੇ ਹਨ ਤਾਂ ਕਿ ਉਹ ਆਪਣੇ ਜੰਗਜੂ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਾਦ ਦੀ ਹਮਾਇਤ ਲਈ ਭੇਜ ਸਕੇ। ਅਲ-ਅਸਾਦ ਨੇ ਭੋਲੇਭਾਲੇ ਸੀਰੀਅਨ ਸੁੰਨੀ ਮੁਸਲਮਾਨਾਂ ‘ਤੇ ਨਸਲਕੁਸ਼ ਹਮਲੇ ਕੀਤੇ, ਲੱਖਾਂ ਨੂੰ ਮਾਰ ਮੁਕਾਇਆ ਅਤੇ ਕਈ ਲੱਖਾਂ ਨੂੰ ਘਰੋਂ ਬੇਘਰ ਕੀਤਾ ਜਿਸ ਨੇ ਵਿਸ਼ਵ ਭਰ ਤੋਂ ਜਿਹਾਦੀਆਂ ਨੂੰ ਅਲ-ਅਸਾਦ, ਰੂਸ, ਹੇਜ਼ਬੋਲਾਹ ਅਤੇ ਇਰਾਨ ਖ਼ਿਲਾਫ਼ ਸੀਰੀਆ ਵਿੱਚ ਆ ਕੇ ਲੜਨ ਲਈ ਪ੍ਰੇਰਿਤ ਕੀਤਾ। ਆਪਣੇ ਇਸੇ ਪੰਧ ‘ਤੇ ਹੀ ਕਿਤੇ ਇਨ੍ਹਾਂ ਜਿਹਾਦੀਆਂ ਨੇ ਤਥਾਕਥਿਤ ਇਸਲਾਮਿਕ ਸਟੇਟ ਸਥਾਪਿਤ ਕਰ ਲਈ ਜਿਸ ਨੂੰ ਅੱਜ ਸੰਸਾਰ ਇਸਲਾਮਿਕ ਸਟੇਟ ਜਾਂ ਆਈ.ਐੱਸ.ਆਈ.ਐੱਲ. ਨਾਮਾਂ ਨਾਲ ਜਾਣਦਾ ਹੈ। ਅਤੇ ਹੁਣ ਲੰਘੇ ਹਫ਼ਤੇ ਰੂਸ ਦੇ ਵਿਦੇਸ਼ ਮੰਤਰੀ ਸੈਰਗਈ ਲਾਵਰੋਵ ਨੇ ਇਹ ਐਲਾਨ ਕਰ ਦਿੱਤਾ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੀਰੀਆ ਵਿੱਚ 50 ਅਮਰੀਕੀ ਸਪੈਸ਼ਲ ਫ਼ੋਰਸਿਜ਼ ਦੇ ਮਾਹਿਰ ਜਵਾਨ ਭੇਜ ਕੇ ਸੀਰੀਆ ਵਿੱਚ ਇੱਕ ਤਰ੍ਹਾਂ ਦੀ ‘ਪਰੌਕਸੀ ਜੰਗ’ ਸ਼ੁਰੂ ਕਰ ਦਿੱਤੀ ਹੈ, ਭਾਵ ਅਮਰੀਕਾ ਆਪਣੇ ਇਨ੍ਹਾਂ ਫ਼ੌਜੀਆਂ ਦੀ ਆੜ੍ਹ ਵਿੱਚ ਹੁਣ ਸੀਰੀਅਨ ਜੰਗ ਵਿੱਚ ਸ਼ਾਮਿਲ ਹੋ ਚੁੱਕਾ ਹੈ।
ਰੂਸ ਦੀ ਕਹਾਣੀ ਵੀ ਸਮਝ ਨਹੀਂ ਆਉਂਦੀ। ਪਹਿਲੀ ਤਾਂ ਗੱਲ ਇਹ ਹੈ ਕਿ ਇਰਾਨ, ਰੂਸ, ਅਲ-ਅਸਾਦ ਅਤੇ ਹੇਜ਼ਬੋਲਾਹ ਦੀ ਹੀ ਤਾਂ ਇਹ ਸਾਰੀ ਦੀ ਸਾਰੀ ਮਿਡਲ ਈਸਟ ਦੀ ਕੜ੍ਹੀ ਘੋਲੀ ਹੋਈ ਹੈ ਅਤੇ ਇਨ੍ਹਾਂ ਦੀ ਹੀ ਵਜਾਹ ਤੋਂ ਅੱਜ ਸੀਰੀਆ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਵਿਦੇਸ਼ੀ ਜਿਹਾਦੀ ਇੱਕ ਦੂਜੇ ਦੇ ਖ਼ਿਲਾਫ਼ ਲੜ ਰਹੇ ਹਨ, ਜਿੱਥੇ ਅਲ-ਅਸਾਦ ਨੂੰ ਖ਼ਾਸ ਤੌਰ ‘ਤੇ ਭਾਰੀ ਮਾਤਰਾ ਵਿੱਚ ਵਿਦੇਸ਼ੀ ਮਾਰੂ ਹਥਿਆਰਾਂ ਦੀ ਹਮਾਇਤ ਹਾਸਿਲ ਹੈ। ਪਰ ਤਰਕ ਵਿਹੂਣੀ ਟਿੱਪਣੀ ਤਾਂ ਜ਼ਰਾ ਦੇਖੋ, ਇਹ ਹਜ਼ਾਰਾਂ ਵਿਦੇਸ਼ੀ ਜੰਗਜੂ, ਭਾੜੇ ਦੇ ਫ਼ੌਜੀ, ਜਿਹਾਦੀ ਅਤੇ ਅਤਿਵਾਦੀ ਮਿਲ ਕੇ ਵੀ ਕਿਸੇ ‘ਪ੍ਰੌਕਸੀ ਵਾਰ’ ਨੂੰ ਜਨਮ ਨਹੀਂ ਦਿੰਦੇ, ਪਰ 50 ਅਮਰੀਕੀ ਫ਼ੌਜੀ ਦਿੰਦੇ ਹਨ। ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਦੇ ਮੂੰਹੋਂ ਨਿਕਲੇ ਕਿਸੇ ਵੀ ਗਾਰਬੇਜ ‘ਤੇ ਵਿਸ਼ਵਾਸ ਕਰਨ ਦੀ ਕੋਈ ਲੋੜ ਨਹੀਂ ਜਾਂ ਅਲ-ਅਸਾਦ ਦੇ ਮੂੰਹੋਂ ਜਾਂ ਵਲਾਦੀਮੀਰ ਪੂਤਿਨ ਦੇ ਵੀ ਮੂੰਹੋਂ … ਪਰ ਮੈਂ ਬੀ.ਬੀ.ਸੀ., ਅਲ-ਜਜ਼ੀਰਾ, ਫ਼ੌਕਸ ਨੈੱਟਵਰਕ, ਸੀ.ਐੱਨ.ਐੱਨ., ਅਤੇ ਦੂਜੇ ਹੋਰ ਨਿਊਜ਼ ਮੀਡੀਆ ਚੈਨਲਾਂ ਨੂੰ ਅਕਸਰ ਹੀ ਸੁਣਦਾ ਰਹਿੰਦਾ ਹਾਂ ਅਤੇ ਉਨ੍ਹਾਂ ਦੇ ਨਿਊਜ਼ ਐਂਕਰਾਂ ਦੇ ਮੂੰਹੋਂ ਕਿਰਦੀ ਬਕਵਾਸ ਦੇਖ ਕੇ ਵੀ ਮੈਥੋਂ ਹੈਰਾਨ ਹੋਏ ਬਿਨਾ ਰਹਿ ਨਹੀਂ ਹੁੰਦਾ। ਮੈਨੂੰ ਸਮਝ ਨਹੀਂ ਆਉਂਦੀ ਕਿ ਇਨ੍ਹਾਂ ਮੂਰਖ ਨਿਊਜ਼ ਐਂਕਰਾਂ ਨੂੰ ਦੇਖ ਕੇ ਤੁਹਾਨੂੰ ਕੈਅ ਆਉਣੀ ਚਾਹੀਦੀ ਹੈ ਜਾਂ ਫ਼ਿਰ ਅਮਰੀਕਾ ਦੇ ਸੈਕਟਰੀ ਔਫ਼ ਸਟੇਟ ਜੌਹਨ ਕੈਰੀ ਨੂੰ ਲਾਵਰੋਵ ਤੇ ਪੂਤਿਨ ਦੇ ਤਲਵੇ ਚੱਟਦਿਆਂ ਦੇਖ ਕੇ, ਜੋ ਕਿ ਪਿਛਲੀਆਂ ਕਈ ਵਾਰੀਆਂ ਤੋਂ ਹੋ ਰਿਹਾ ਹੈ … ਪਹਿਲਾਂ ਯੂਕਰੇਨ ਦੇ ਮਾਮਲੇ ਵਿੱਚ ਹੋਇਆ, ਫ਼ਿਰ ਇਰਾਨ ਦੀ ਨਿਊਕਲੀਅਰ ਡੀਲ ਨੂੰ ਲੈ ਕੇ ਹੋਇਆ ਅਤੇ ਸੀਰੀਆ ਵਿੱਚ ਤਾਂ ਜੋ ਕੁਝ ਹੋਇਆ ਉਹ ਸਾਨੂੰ ਸਭ ਨੂੰ ਪਤਾ ਹੀ ਹੈ!
ਸੀਰੀਆ ਮਾਮਲੇ ਦਾ ‘ਸਿਆਸੀ ਹੱਲ’ ਖੋਜਣ ਲਈ ਇੱਕ ਸਿਖਰ ਸੰਮੇਲਨ ਵੀ ਬੀਤੇ ਦਿਨੀਂ ਵਿਆਨਾ ਵਿੱਚ ਹੋ ਕੇ ਹੱਟਿਆ ਹੈ। ਇਹ ਪਹਿਲੀ ਵਾਰ ਹੈ ਕਿ ਸੀਰੀਆ ‘ਤੇ ਹੋ ਰਹੀ ਕਿਸੇ ਕੌਨਫ਼ਰੈਂਸ ਵਿੱਚ ਇਰਾਨ ਨੇ ਵੀ ਸ਼ਮੂਲੀਅਤ ਕੀਤੀ ਹੈ। ਦੋ ਹਫ਼ਤਿਆਂ ਬਾਅਦ ਮੁੜ ਮਿਲਣ ਦਾ ਵਾਅਦਾ ਕਰਦੇ ਹੋਏ ਇਰਾਨ ਅਤੇ ਸਾਊਦੀ ਅਰਬ ਦਰਮਿਆਨ ਥੋੜ੍ਹੀ ਜਿਹੀ ਤਕਰਾਰ ਵੀ ਹੋ ਗਈ ਸੀ ਅਤੇ ਅਗਲੀ ਮੀਟਿੰਗ ਵਿੱਚ ਇਰਾਨ ਦੀ ਸ਼ਮੂਲੀਅਤ ਸ਼ੱਕੀ ਮੰਨੀ ਜਾ ਰਹੀ ਹੈ। ਅੱਜ ਜਦੋਂ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਸੀਰੀਅਨ ਰੈਫ਼ਿਊਜੀ ਹਰ ਰੋਜ਼ ਯੌਰਪ ਪਹੁੰਚ ਰਹੇ ਹਨ ਅਤੇ ਸੈਂਕੜੇ ਹੀ ਆਈਸਿਲ (ਆਈ.ਐੱਸ.ਆਈ.ਐੱਲ) ਖਾੜਕੂ ਰੂਸ ਵਿੱਚ ਜਾ ਕੇ ਪੂਤਿਨ ਨਾਲ ਲੜਨ ਲਈ ਕਮਰਕੱਸੇ ਕਰ ਰਹੇ ਹਨ, ਸੀਰੀਆ ਸੰਕਟ ਨਾਲ ਦੂਰੋਂ ਨੇੜਿਓਂ ਵੀ ਵਾਸਤਾ ਰੱਖਣ ਵਾਲੀ ਹਰ ਧਿਰ ਲਈ ਇਸ ਮਸਲੇ ਦਾ ‘ਸਿਆਸੀ ਹੱਲ’ ਲੱਭਣਾ ਬਹੁਤ ਜ਼ਰੂਰੀ ਹੋ ਚੁੱਕਾ ਹੈ। ਪਰ ਇਸ ਹਫ਼ਤੇ ਦਾ ਇਹ ਐਲਾਨ ਕਿ ਇਰਾਨ ਹੁਣ ਆਪਣੀ ਪੂਰੀ ਸ਼ਕਤੀ ਨਾਲ ਸੀਰੀਅਨ ਜੰਗ ਵਿੱਚ ਕੁੱਦ ਜਾਵੇਗਾ ਅਤੇ ਸੀਰੀਆ ਦੀ ਬਸ਼ਰ ਅਲ-ਅਸਾਦ ਦੀ ਹਕੂਮਤ ਨੂੰ ਹਮਾਇਤ ਦੇਵੇਗਾ, ਸਾਨੂੰ ਕਿਸੇ ਕਿਸਮ ਦੇ ਵੀ ਸੰਭਾਵੀ ‘ਸਿਆਸੀ ਹੱਲ’ ਤੋਂ ਕੋਹਾਂ ਦੂਰ ਲੈ ਜਾਂਦਾ ਹੈ। ਇਸ ਦੇ ਉਲਟ, ਸਾਊਦੀ ਅਰਬ ਅਤੇ ਖਾੜੀ ਦੇ ਦੂਸਰੇ ਮੁਲਕ ਕਦੇ ਵੀ ਉਸ ਸਥਿਤੀ ਨੂੰ ਸਵੀਕਾਰ ਨਹੀਂ ਕਰਨਗੇ ਜਿਹੜੀ ਅੱਜ ਉਭਰ ਕੇ ਸਾਡੇ ਸਾਹਮਣੇ ਆ ਰਹੀ ਹੈ। ਰੂਸ ਅਤੇ ਇਰਾਨ ਦੇ ਸੀਰੀਆ ਵਿੱਚ ਐਕਸ਼ਨ ਜਾਂ ਉੱਥੇ ਉਨ੍ਹਾਂ ਦੀ ਫ਼ੌਜੀ ਮੁਦਾਖ਼ਲਤ, ਅਣਮਿੱਥੇ ਸਮੇਂ ਲਈ ਇੱਕ ਟਾਈਮ ਬੰਬ ਸੈੱਟ ਕਰਨ ਦੇ ਬਰਾਬਰ ਹੈ ਜਿਹੜਾ ਆਉਣ ਵਾਲੇ ਸਮੇਂ ਵਿੱਚ ਉਸ ਖੇਤਰ ਵਿੱਚ ਸ਼ੀਆ-ਸੁੰਨੀ ਮੁਸਲਮਾਨਾਂ ਦਰਮਿਆਨ ਜੰਗ ਲਈ ਰਾਹ ਹਮਵਾਰ ਕਰੇਗਾ।
ਸੀਰੀਆ ਦਾ ਗ੍ਰਹਿਯੁੱਧ
ਸੰਨ 2011 ਵਿੱਚ ਜਦੋਂ ਸੀਰੀਆ ਦਾ ਗ੍ਰਹਿਯੁੱਧ ਸ਼ੁਰੂ ਹੋਇਆ ਸੀ ਤਾਂ ਸਾਰੀ ਦੁਨੀਆਂ ਨੂੰ ਇਹ ਜਾਪਦਾ ਸੀ ਕਿ ਇਹ ਜੰਗ ਵੱਧ ਤੋਂ ਵੱਧ ਇੱਕ ਦੋ ਸਾਲਾਂ ਵਿੱਚ ਖ਼ਤਮ ਹੋ ਜਾਵੇਗੀ। ਸੀਰੀਆ ਵਿੱਚ ਆਖ਼ਰੀ ਪੁਸ਼ਤੈਨੀ ਨਸਲੀ ਜੰਗ, 1982 ਵਿੱਚ ਹਾਮਾ ਸ਼ਹਿਰ ਦੇ ਕਤਲੇਆਮ ਤੋਂ ਬਾਅਦ ਆਪਣੇ ਪੂਰੇ ਜੋਬਨ ‘ਤੇ ਪਹੁੰਚ ਚੁੱਕੀ ਸੀ। ਉਸ ਵਕਤ ਸੀਰੀਆ ਉੱਪਰ ਅਸਾਦ ਦੇ ਪਿਤਾ ਹਾਫ਼ੇਜ਼ ਅਸਾਦ ਦੀ ਹਕੂਮਤ ਸੀ ਅਤੇ ਹਾਮਾ ਸ਼ਹਿਰ ਵਿੱਚ ਉਸ ਖ਼ਿਲਾਫ਼ 4 ਲੱਖ ਦੇ ਕਰੀਬ ਸੁੰਨੀ ਸ਼ਹਿਰੀਆਂ ਨੇ ਬਗ਼ਾਵਤ ਕਰ ਦਿੱਤੀ ਸੀ। ਫ਼ਰਵਰੀ 1982 ਵਿੱਚ, ਅਸਾਦ ਸੀਨੀਅਰ ਨੇ ਹਾਮਾ ਸ਼ਹਿਰ ਨੂੰ ਮਲਬੇ ਦੇ ਇੱਕ ਢੇਰ ਵਿੱਚ ਤਬਦੀਲ ਕਰ ਦਿੱਤਾ, 40 ਹਜ਼ਾਰ ਤੋਂ ਵੱਧ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਅਤੇ ਇੱਕ ਲੱਖ ਤੋਂ ਵੱਧ ਲੋਕ ਸ਼ਹਿਰੋਂ ਬੇਦਖ਼ਲ ਕਰ ਦਿੱਤੇ ਗਏ। ਉਸ ਕਤਲੇਆਮ ਤੋਂ ਬਾਅਦ ਤੋਂ ਹੀ ਸੀਰੀਆ ਦਾ ਉਹ ਹਾਮਾ ਸ਼ਹਿਰ ਮਿਡਲ ਈਸਟ ਦੀ ਕਿਸਮਤ ਨਿਰਧਾਰਿਤ ਕਰਨ ਵਾਲਾ ਇੱਕ ਮਹੱਤਵਪੂਰਨ ਮੁਹਾਜ਼ ਬਣ ਗਿਆ। ਆਧੁਨਿਕ ਮਿਡਲ ਈਸਟ ਦੀ ਕਿਸੇ ਵੀ ਹੋਰ ਅਰਬ ਹਕੂਮਤ ਨੇ ਇਸ ਤੋਂ ਪਹਿਲਾਂ ਆਪਣੇ ਹੀ ਬੰਦਿਆਂ ਦੀ ਅਜਿਹੀ ਕਤਲੋਗ਼ਾਰਤ ਕਦੇ ਨਹੀਂ ਸੀ ਕੀਤੀ – ਇੱਕ ਅਜਿਹਾ ਡਰਾਉਣਾ ਪਰਛਾਵਾਂ ਜਿਹੜਾ ਅਸਾਦ ਸਰਕਾਰ ਨੂੰ ਅੱਜ ਵੀ ਭੈਅਭੀਤ ਕਰ ਜਾਂਦਾ ਹੈ। ਉਸੇ ਸਾਲ, ਇਸ ਦੇ ਨਾਲ ਰਲ਼ਦਾ ਮਿਲਦਾ ਇੱਕ ਹੋਰ ਮਾਮਲਾ ਵੀ ਭੜਕ ਉਠਿਆ, ਲੇਬਨਾਨ ਦਾ ਗ੍ਰਹਿਯੁੱਧ ਵੀ ਉਸ ਵਕਤ ਆਪਣੇ ਪੂਰੇ ਜਲੌਅ ‘ਤੇ ਪਹੁੰਚ ਗਿਆ ਜਦੋਂ ਸਤੰਬਰ 1982 ਵਿੱਚ ਸਬਰਾ ਤੇ ਸ਼ਾਤੀਲਾ ਸ਼ਹਿਰਾਂ ਵਿੱਚ ਖ਼ੂਨੀ ਘੱਲੂਘਾਰੇ ਵਾਪਰੇ। ਅਤੇ ਇਹ ਉਹ ਵੇਲਾ ਸੀ ਜਦੋਂ ਦੂਸਰੇ ਪਾਸੇ ਇਰਾਨ-ਇਰਾਕ ਜੰਗ ਜਾਰੀ ਸੀ, ਅਤੇ ਇਰਾਨ ਦੀ 1979 ਦੀ ਮਹਾਨ, ਖ਼ੂਨੀ, ਇਸਲਾਮਿਕ ਕ੍ਰਾਂਤੀ ਨੂੰ ਵਾਪਰਿਆਂ ਹਾਲੇ ਤਿੰਨ ਕੁ ਸਾਲ ਹੀ ਬੀਤੇ ਸਨ। ਉਸ ਵਕਤ, ਬਹੁਤਾ ਮਿਡਲ ਈਸਟ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ, ਅੱਜ ਤੋਂ 60 ਸਾਲ ਪਹਿਲਾਂ ਨੇਸਤੋਨਾਬੂਦ ਹੋਈ ਔਟੋਮਾਨ ਸਲਤਨਤ ਦੀ ਜੰਗ ਮੁੜ ਲੜਨ ਵਿੱਚ ਰੁੱਝਿਆ ਹੋਇਆ ਸੀ।
ਹਾਲੇ ਵੀ ਬਹੁਤ ਸਾਰੇ ਅਜਿਹੇ ਲੋਕ ਜਿਊਂਦੇ ਹਨ ਜਿਨ੍ਹਾਂ ਨੇ 1982 ਦਾ ਉਹ ਖ਼ੂਨੀ ਵਕਤ ਹੱਡੀਂ ਹੰਢਾਇਆ ਅਤੇ ਅੱਖੀਂ ਤੱਕਿਐ। ਉਹ ਮੁੜ ਉਸ ਨੂੰ ਦੋਹਰਾਇਆ ਜਾਂਦਾ ਨਹੀਂ ਦੇਖਣਾ ਚਾਹੁੰਦੇ। ਇਸੇ ਕਾਰਨ ਹਾਲੇ ਤਕ ਸੀਰੀਆ ਹਕੂਮਤ ਦੇ ਵਿਰੁੱਧ 1982 ਵਰਗੀ ਕੋਈ ਵੀ ਜਨਤਕ ਬਗ਼ਾਵਤ ਨਹੀਂ ਭੜਕੀ, ਅਤੇ ਬਸ਼ਰ ਅਲ-ਅਸਾਦ ਦੇ ਸ਼ੀਆ/ਐਲਾਵਾਈਟ ਫ਼ੌਜੀ ਸੀਰੀਆ ਵਿੱਚ ਇੱਕ ਬਹੁਤ ਹੀ ਅਣਮਨੀ ਜਿਹੀ ਜੰਗ ਲੜ ਰਹੇ ਹਨ। ਕਈ ਸੈਨਿਕ ਤਾਂ ਅਸਾਦ ਦੀ ਫ਼ੌਜ ਤੋਂ ਹੀ ਬੇਮੁੱਖ ਹੋ ਕੇ ਬਾਗ਼ੀ ਹੋ ਚੁੱਕੇ ਹਨ, ਪਰ ਇਸ ਸਭ ਦੇ ਬਾਵਜੂਦ ਸੀਰੀਆ ਦੀ ਜੰਗ ਸ਼ਾਂਤ ਨਹੀਂ ਹੋਈ, ਵਿਵਾਦ ਨਹੀਂ ਮੁੱਕਿਆ। ਨਾ ਪੂਰੇ 2011 ਵਿੱਚ ਅਤੇ ਨਾ ਹੀ 2012 ਵਿੱਚ, ਪਰ ਹੇਜ਼ਬੋਲਾਹ ਅਤੇ ਇਰਾਨ ਨੇ ਅਸਾਦ ਦੀ ਹਕੂਮਤ ਦੀ ਹਮਾਇਤ ਵਿੱਚ ਜੰਗਜੂ ਜਾਂ ਭਾੜੇ ਦੇ ਸੈਨਿਕ ਭੇਜਣੇ ਜਾਰੀ ਰੱਖੇ। ਫ਼ਿਰ ਵਿਦੇਸ਼ੀ ਜਿਹਾਦੀ ਵੀ ਅਸਾਦ ਖ਼ਿਲਾਫ਼ ਲੜਨ ਲਈ ਆਇਸਿਲ ਦੀ ਨਫ਼ਰੀ ਵਧਾਉਂਦੇ ਰਹੇ ਜੋ ਇੱਕ ਅੰਦਾਜ਼ੇ ਮੁਤਾਬਿਕ ਅੱਜ 40-50 ਹਜ਼ਾਰ ਤਕ ਪਹੁੰਚ ਚੁੱਕੀ ਹੋ ਸਕਦੀ ਹੈ। ਇਸ ਸਾਲ ਦੇ ਸ਼ੁਰੂ ਵਿੱਚ, ਇੰਝ ਜਾਪਦਾ ਸੀ ਕਿ ਅਸਾਦ ਦੀ ਫ਼ੌਜ ਲਗਭਗ ਖ਼ਤਮ ਹੋਣ ਕੰਢੇ ਹੈ, ਅਤੇ ਜੁਲਾਈ 2015 ਵਿੱਚ, ਹਤਾਸ਼ ਬਸ਼ਰ ਅਲ-ਅਸਾਦ ਨੇ ਆਪਣੇ ਖੇਰੂੰ ਖੇਰੂੰ ਹੁੰਦੇ ਰਾਸ਼ਟਰ ਦੇ ਨਾਮ ਇੱਕ ਸੰਦੇਸ਼ ਜਾਰੀ ਕਰ ਕੇ ਇਹ ਮੰਨਿਆ ਸੀ ਕਿ ਉਹ ਜੰਗ ਹਾਰ ਰਿਹੈ। ਫ਼ਿਰ ਇਹ ਵੀ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਸਾਲ ਵਿੱਚ ਤਾਂ ਜ਼ਰੂਰ ਹੀ ਅਸਾਦ ਦੀ ਹਾਰ ਦੇ ਨਾਲ ਸੀਰੀਆ ਜੰਗ ਦਾ ਅੰਤ ਹੋ ਜਾਵੇਗਾ। ਪਰ ਹੁਣ, ਰੂਸ ਅਤੇ ਇਰਾਨ ਨੇ ਆਪਣੇ ਹਜ਼ਾਰਾਂ ਫ਼ੌਜੀ ਅਸਾਦ ਦੀ ਹਮਾਇਤ ਵਿੱਚ ਭੇਜ ਕੇ ਉਸ ਨੂੰ ਅਤਿ ਲੋੜੀਂਦੀ ਔਕਸੀਜਨ ਉਪਲੱਬਧ ਕਰਾ ਦਿੱਤੀ ਹੈ।
ਸਾਨੂੰ ਅੱਜਕੱਲ੍ਹ ਵਿਸ਼ਵ ਭਰ ਵਿੱਚ ਚੱਲਦੇ ਗ੍ਰਹਿਯੁਧਾਂ ਬਾਰੇ ਬਹੁਤ ਕੁਝ ਸੁਣਨ ਨੂੰ ਮਿਲ ਰਿਹਾ ਹੈ, ਸੋ ਇਹ ਵੇਲਾ ਇਨ੍ਹਾਂ ਕਾਲਮਾਂ ਵਿੱਚ ਯੁੱਧ ਸਬੰਧੀ ਗੱਲਬਾਤ ਕਰਨ ਲਈ ਬਿਲਕੁਲ ਢੁਕਵਾਂ ਕਿਹਾ ਜਾ ਸਕਦਾ ਹੈ। ਮੁੱਢ ਕਦੀਮ ਤੋਂ, ਜਦੋਂ ਤੋਂ ਸਾਡੇ ਦਿਮਾਗੀ ਵਿਕਾਸ ਨੇ ਸਾਨੂੰ ਬਾਕੀ ਦੇ ਜਾਨਵਰਾਂ ਤੋਂ ਇੱਕ ਵੱਖਰੀ, ਤਥਾਕਥਿਤ ਸਮਝਦਾਰਾਂ ਦੀ, ਸ਼੍ਰੇਣੀ ਵਿੱਚ ਲਿਆ ਖਲ੍ਹਾਰਿਆ ਹੈ; ਮਨੁੱਖੀ ਸੁਭਾਅ ਦਾ ਆਲਮ ਇਹ ਰਿਹਾ ਹੈ ਕਿ ਜਦੋਂ ਵੀ ਕਿਸੇ ਇੱਕ ਖਿੱਤੇ ਵਿੱਚ ਦਹਾਕਿਆਂ ਤੋਂ ਇਕੱਠੀਆਂ ਰਹਿੰਦੀਆਂ ਨਸਲਾਂ ਦਰਮਿਆਨ ਵਿਵਾਦ ਛਿੜਦੇ ਹਨ ਤਾਂ ਉਹ ਆਪਣੇ ਕਲਾਇਮੈਕਸ ‘ਤੇ ਪਹੁੰਚਣ ਤਕ ਚਲਦੇ ਰਹਿੰਦੇ ਹਨ; ਫ਼ਿਰ ਕੁਝ ਦਹਾਕਿਆਂ ਦੀ ਸ਼ਾਂਤੀ ਵਰਤਦੀ ਹੈ ਜਿਸ ਦੌਰਾਨ ਉਹ ਦੋਹੇਂ ਨਸਲਾਂ ਆਪਣੇ ਕੀਤੇ ‘ਤੇ ਪਛਤਾਉਂਦੀਆਂ ਹਨ; ਅੱਗੇ ਤੋਂ ਅਜਿਹੀ ਕਤਲੋਗ਼ਾਰਤ ਦਾ ਹਿੱਸਾ ਨਾ ਬਣਨ ਦਾ ਨਿਸ਼ਚਾ ਕਰ ਕੇ ਕਈ ਤਰ੍ਹਾਂ ਦੇ ਸਮਝੌਤੇ ਕਰਦੀਆਂ ਹਨ, ਪਰ ਜਦੋਂ ਜੰਗਾਂ ਦਾ ਸੰਤਾਪ ਹੰਢਾ ਚੁੱਕੀਆਂ ਪੀੜ੍ਹੀਆਂ ਸਮਝੌਤੇ ਕਰ ਕੇ ਮਰ ਖੱਪ ਜਾਂਦੀਆਂ ਹਨ ਤਾਂ ਉਨ੍ਹਾਂ ਦੀਆਂ ਹੀ ਨਵੀਆਂ ਨਸਲਾਂ ਪੁਰਾਣੇ ਵਿਵਾਦਾਂ ਨੂੰ ਮੁੜ ਉਭਾਰਣਾ ਸ਼ੁਰੂ ਕਰ ਦਿੰਦੀਆਂ ਹਨ … ਫ਼ਿਰ ਉਨ੍ਹਾਂ ਵਿਵਾਦਾਂ ਦੇ ਅਗਲੀ ਵਾਰ ਚਰਮਸੀਮਾ ਜਾਂ ਕਲਾਇਮੈਕਸ ‘ਤੇ ਪਹੁੰਚਣ ਤਕ ਇਹ ਜੰਗਾਂ ਦਾ ਸਿਲਸਿਲਾ ਅਤੀਤ ਵਾਂਗ ਹੀ ਜਾਰੀ ਰਹਿੰਦਾ ਹੈ।
ਇਨ੍ਹਾਂ ਪੁਸ਼ਤੈਨੀ ਨਸਲੀ ਲੜਾਈਆਂ ਵਿੱਚ, ਇੱਕ ਬਾਹਰੀ ਸ਼ਕਤੀ ਨਾਲ ਜੰਗ ਉਸ ਗ੍ਰਹਿਯੁੱਧ ਨਾਲੋਂ ਫ਼ਰਕ ਹੁੰਦੀ ਹੈ ਜਿਹੜਾ ਦੋ ਨਸਲੀ ਗੁੱਟ ਜਾਂ ਧਾਰਮਿਕ ਫ਼ਿਰਕੇ ਆਪਸ ਵਿੱਚ ਲੜਦੇ ਹਨ। ਜੇਕਰ ਦੋ ਨਸਲੀ ਗੁੱਟ ਦਹਾਕਿਆਂ ਤੋਂ ਆਪਸ ਵਿੱਚ ਸ਼ਾਂਤੀ ਅਤੇ ਪਰਸਪਰ ਪ੍ਰੇਮ ਨਾਲ ਰਹਿੰਦੇ ਰਹੇ ਹੋਣ, ਉਨ੍ਹਾਂ ਦੇ ਆਪੋ ਵਿੱਚ ਅੰਤਰਜਾਤੀ ਵਿਆਹ ਹੋਏ ਹੋਣ ਜਾਂ ਕਹਿ ਲਓ ਕਿ ਉਨ੍ਹਾਂ ਦਰਮਿਆਨ ਰੋਟੀ ਬੇਟੀ ਦੀ ਸਾਂਝ ਰਹੀ ਹੋਵੇ, ਅਤੇ ਫ਼ਿਰ ਉਨ੍ਹਾਂ ਦਰਮਿਆਨ ਆਪਸ ਵਿੱਚ ਇੱਕ ਅਜਿਹਾ ਗ੍ਰਹਿਯੁੱਧ ਭੜਕ ਪਵੇ ਜਿਸ ਵਿੱਚ ਉਨ੍ਹਾਂ ਵਿੱਚੋਂ ਇੱਕ ਨਸਲੀ ਗੁੱਟ ਦੂਜੀ ਨਸਲ ਦੇ ਆਪਣੇ ਗਵਾਂਢੀਆਂ ‘ਤੇ ਤਸ਼ੱਦਦ ਕਰੇ, ਉਨ੍ਹਾਂ ਦੇ ਪਰਿਵਾਰਾਂ ਦਾ ਕਤਲੇਆਮ ਕਰੇ ਜਾਂ ਉਨ੍ਹਾਂ ਦਾ ਘਾਣ ਕਰੇ ਤਾਂ ਨਤੀਜਾ ਉਸ ਜੰਗ ਨਾਲੋਂ ਕਿਤੇ ਵੱਖਰਾ ਹੋਵੇਗਾ ਜਿਸ ਵਿੱਚ ਇਹ ਸਾਰਾ ਤਸ਼ੱਦਦ ਤੇ ਕਤਲੇਆਮ ਕਿਸੇ ਬਾਹਰਲੇ ਗਰੁੱਪ ਵਲੋਂ ਕੀਤਾ ਗਿਆ ਹੋਵੇ। ਦੋਹਾਂ ਤਰ੍ਹਾਂ ਦੀਆਂ ਜੰਗਾਂ ਦੀ ਸੂਰਤ ਵਿੱਚ, ਜੰਗ ਦਾ ਸੰਤਾਪ ਹੰਢਾ ਚੁੱਕਿਆ ਮੁਲਕ ਸਿਹਤਯਾਬ ਹੋਣ ਲਈ ਪਹਿਲਾਂ ਤਾਂ ਇੱਕ ‘ਰਿਕਵਰੀ ਯੁੱਗ’ ਵਿੱਚੋਂ ਲੰਘੇਗਾ ਜਿਸ ਦੌਰਾਨ ਉਹ ਕੁਝ ਨਿਯਮ ਨਿਰਧਾਰਿਤ ਕਰੇਗਾ ਤਾਂ ਕਿ ਅਜਿਹੀਆਂ ਜੰਗਾਂ ਮੁੜ ਕਦੇ ਨਾ ਉਤਪੰਨ ਹੋ ਸਕਣ। ਪਰ ਉੱਪਰ ਬਿਆਨ ਕੀਤੀਆਂ ਦੋਹਾਂ ਜੰਗੀ ਸੂਰਤਾਂ ਵਿੱਚੋਂ ਇੱਕ ਕੇਸ ਵਿੱਚ ਜੰਗ ਵਿੱਚ ਸ਼ਾਮਿਲ ਮੁਲਕ ‘ਜਾਗਰਤੀ ਯੁੱਗ’ ਵਿੱਚੋਂ ਦੀ ਗ਼ੁਜ਼ਰੇਗਾ ਅਤੇ ਉਸ ਵਿੱਚੋਂ ਇੱਕਜੁਟ ਹੋ ਕੇ ਬਾਹਰ ਨਿਕਲੇਗਾ। ਬੱਸ ਉਨ੍ਹਾਂ ਪੀੜ੍ਹੀਆਂ ਦੇ ਕੁਝ ਕੁ ਪੁਸ਼ਤੈਨੀ ਸਿਆਸੀ ਵਖਰੇਵੇਂ ਹੀ ਕਾਇਮ ਰਹਿਣਗੇ। ਇਸ ਦੇ ਉਲਟ, ਜਿੱਥੇ ਧਾੜਵੀ ਕੋਈ ਵਿਦੇਸ਼ੀ ਗਰੁੱਪ ਹੋਵੇ, ਨਸਲੀ ਜੰਗ ਵਿੱਚ ਸ਼ਾਮਿਲ ਮੁਲਕ ਬਾਅਦ ਵਿੱਚ ਵੀ ਉਨ੍ਹਾਂ ਹੀ ਨਸਲੀ ਲੀਹਾਂ ‘ਤੇ ਪਾਟੇ ਰਹਿੰਦੇ ਹਨ।
ਪੁਸ਼ਤੈਨੀ ਨਸਲੀ ਜੰਗਾਂ ਦੇ ਕਲਾਇਮੈਕਸ ਤੋਂ ਬਾਅਦ ਦਾ ਵਕਤ ‘ਰਿਕਵਰੀ ਐਰਾ’ ਜਾਂ ਸਿਹਤਯਾਬ ਹੋਣ ਦਾ ਯੁੱਗ ਕਹਾਉਂਦਾ ਹੈ। ਇੱਕ ਤਾਂ, ਇਸ ਯੁੱਗ ਵਿੱਚ, ਇਹ ਰਾਹ ਅਪਨਾਇਆ ਜਾ ਸਕਦਾ ਹੈ ਕਿ ਵਕਤ ਦੇ ਇੱਕ ਨਸਲੀ ਗੁੱਟ ਦਾ ਲੀਡਰ ਇਹ ਫ਼ੈਸਲਾ ਕਰੇ ਕਿ ਇੱਕ ਨਵਾਂ ਗ੍ਰਹਿਯੁੱਧ ਸ਼ੁਰੂ ਹੋਣ ਤੋਂ ਰੋਕਣ ਦਾ ਉਸ ਕੋਲ ਇੱਕੋ ਇੱਕ ਤਰੀਕਾ ਇਹੋ ਹੈ ਕਿ ਉਹ ਸੱਤਾ ਵਿੱਚ ਬਣਿਆ ਰਹੇ ਅਤੇ ਦੂਸਰੀ ਨਸਲ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਨੂੰ ਪੂਰੀ ਤਾਕਤ ਨਾਲ ਕੁਚਲੇ … ਬੇਸ਼ੱਕ ਇਸ ਲਈ ਉਸ ਨੂੰ ਦੂਸਰੀ ਨਸਲ ਦਾ ਕਤਲੇਆਮ ਹੀ ਕਿਉਂ ਨਾ ਕਰਨਾ ਪਵੇ। … ਤੇ ਇਹ ਸਭ ਕੁਝ ਹੋਵੇ ਵੀ ਸ਼ਾਂਤੀ ਕਾਇਮ ਰੱਖਣ ਦੇ ਨਾਮ ਹੇਠ। ਪਿਆਰੇ ਪਾਠਕੋ, ਮੈਨੂੰ ਆਸ ਅਤੇ ਉਮੀਦ ਹੈ ਕਿ ਤੁਸੀਂ ਮੇਰੇ ਆਖ਼ਰੀ ਕੁਝ ਕੁ ਫ਼ਿਕਰਿਆਂ ਵਿੱਚ ਛੁਪਿਆ ਤਨਜ਼ ਸਿਆਣ ਗਏ ਹੋਵੋਗੇ। ਉਦਾਹਰਣ ਵਜੋਂ, ਇੱਕ ਅਫ਼ਰੀਕੀ ਮੁਲਕ ਬੁਰੂੰਦੀ ਦਾ ਹੂਤੂ ਕਬੀਲੇ ਨਾਲ ਸਬੰਧ ਰੱਖਣ ਵਾਲਾ ਰਾਸ਼ਟਰਪਤੀ ਪੀਐਰ ਉਨਕੁਰੁਨਜ਼ੀਜ਼ਾ ਆਪਣੇ ਖ਼ਿਲਾਫ਼ ਤੁਤਸੀ ਕਬੀਲੇ ਦੇ ਹੋ ਰਹੇ ਮੁਜ਼ਾਹਰਿਆਂ ਨੂੰ ਕੁਚਲਣ ਲਈ ਇਸ ਸਾਲ ਦੇ ਸ਼ੁਰੂ ਤੋਂ ਉੱਪਰ ਬਿਆਨ ਕੀਤੀ ਹਿੰਸਾ ਦੀ ਵਰਤੋਂ ਹੀ ਕਰਦਾ ਆ ਰਿਹਾ ਹੈ ਅਤੇ ਦਲੀਲ ਇਹ ਦੇ ਰਿਹੈ ਕਿ ਉਹ ਨਹੀਂ ਚਾਹੁੰਦਾ ਕਿ ਰਵਾਂਡਾ-ਬੁਰੂੰਡੀ ਦੇ ਹੁਤੂ ਅਤੇ ਤੁਤਸੀ ਕਬੀਲਿਆਂ ਦੇ ਦਰਮਿਆਨ ਦੀ 1994 ਵਾਲੀ ਪੁਸ਼ਤੈਨੀ ਨਸਲਕੁਸ਼ੀ ਦੀ ਜੰਗ ਮੁੜ ਦੋਹਰਾਈ ਜਾਵੇ।
ਇੱਕ ਹੋਰ ਉਦਾਹਰਣ ਹੈ ਜ਼ਿੰਬਾਬਵੇ ਦੇ ਰਾਸ਼ਟਰਪਤੀ ਰੌਬਰਟ ਮੁਗਾਬੇ ਦੀ ਜਿਹੜੀ ਕਿ ਉੱਪਰ ਬਿਆਨ ਕੀਤੀ ਮਿਸਾਲ ਤੋਂ ਵੀ ਵੱਧ ਭੈੜੀ ਕਹੀ ਜਾ ਸਕਦੀ ਹੈ। ਉਸ ਵਲੋਂ ਆਪਣੇ ਮੁਲਕ ਵਿੱਚ 1984 ਵਿੱਚ ਸ਼ਾਂਤੀ ਸਥਾਪਿਤ ਕਰਨ ਦੀ ਇੱਕ ਨਿਵੇਕਲੀ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਦਾ ਨਾਮ ‘ਔਪਰੇਸ਼ਨ ਗੁਕੁਰਾਹੁਡੀ’ ਧਰਿਆ ਗਿਆ, ਭਾਵ ਉਹ ਬਾਰਿਸ਼ ਜਿਹੜੀ ਬਸੰਤ-ਬਹਾਰ ਦੀ ਆਮਦ ਤੋਂ ਠੀਕ ਪਹਿਲਾਂ ਖਿਲਰਿਆ ਹੋਇਆ ਸਾਰਾ ਘਾਸਫ਼ੂਸ ਤੇ ਕੂੜਾ ਆਪਣੇ ਨਾਲ ਰੋੜ੍ਹ ਲੈ ਜਾਂਦੀ ਹੈ। ਆਪਣੀ ਉਸ ਮੁਹਿੰਮ ਦੌਰਾਨ, ਜਿਸ ਨੂੰ ਉਸ ਦੀ ਨੌਰਥ ਕੋਰੀਆ ਤੋਂ ਸਿਖਿਅਤ ਪੰਜਵੀਂ ਬ੍ਰਿਗੇਡ ਨੇ ਨੇਪਰੇ ਚਾੜ੍ਹਿਆ ਸੀ, ਮੁਗਾਬੇ ਨੇ ਹਜ਼ਾਰਾਂ ਲੱਖਾਂ ਲੋਕਾਂ ‘ਤੇ ਤਸ਼ੱਦਦ ਕਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਨ੍ਹਾਂ ਵਿੱਚੋਂ ਬਹੁਤੇ ਅੰਡਬੀਲੀ ਕਬੀਲੇ ਨਾਲ ਸਬੰਧ ਰੱਖਦੇ ਸਨ। ਬਾਅਦ ਵਿੱਚ, ਮੁਗਾਬੇ ਨੇ ਜ਼ਿੰਬਾਬਵੇ ਦੀ ਆਰਥਿਕਤਾ, ਇਕੱਲਿਆਂ ਹੀ, ਉਸ ਵੇਲੇ ਬਿਲਕੁਲ ਤਬਾਹ ਕਰ ਮਾਰੀ ਜਦੋਂ ਉਸ ਨੇ ਜ਼ਿੰਬਾਬਵੇ ਦੇ ਸਾਰੇ ਗੋਰੇ ਕਿਸਾਨਾਂ ਨੂੰ ਉਨ੍ਹਾਂ ਦੇ ਫ਼ਾਰਮਾਂ ਤੋਂ ਬੇਦਖ਼ਲ ਕਰ ਦਿੱਤਾ। ਨਤੀਜਾ ਨਿਕਲਿਆ ਵਿਸ਼ਵ ਇਤਿਹਾਸ ਦੀ ਸਭ ਤੋਂ ਬੇਲਗ਼ਾਮ ਮਹਿੰਗਾਈ ਵਿੱਚ। ਇਹੋ ਕੁਝ ਬਸ਼ਰ ਅਲ-ਅਸਾਦ ਸੀਰੀਆ ਵਿੱਚ ਕਰ ਰਿਹਾ ਹੈ। 1982 ਵਰਗੀ ਸੁੰਨੀ ਬਗ਼ਾਵਤ ਦੇ ਮੁੜ ਭੜਕਣ ਦੇ ਡਰੋਂ ਅਸਾਦ ਸੀਰੀਆ ਵਿੱਚ ਇੱਕ ਅਜਿਹੀ ‘ਸ਼ਾਂਤੀ ਮੁਹਿੰਮ’ ਚਲਾ ਰਿਹਾ ਹੈ ਜਿਸ ਵਿੱਚ ਉਹ ਹੁਣ ਤਕ ਲੱਖਾਂ ਸੁੰਨੀਆਂ ਨੂੰ ਕਤਲ ਅਤੇ ਹੋਰ ਕਈ ਲੱਖਾਂ ਨੂੰ ਬੇਘਰ ਕਰ ਚੁੱਕਾ ਹੈ। ਜਿਵੇਂ ਮੈਂ ਇਸ ਲੇਖ ਵਿੱਚ ਪਹਿਲਾਂ ਵੀ ਅਰਜ਼ ਕਰ ਚੁੱਕਾ ਹਾਂ ਕਿ ਮੇਰਾ ਅੰਦਾਜ਼ਾ ਸੀ ਕਿ ਸੀਰੀਆ ਦੀ ਜੰਗ 2011 ਜਾਂ ਹੱਦ 2012 ਤਕ ਮੁੱਕ ਜਾਵੇਗੀ, ਪਰ ਇਹ ਤਾਂ ਹੁਣ ਇੱਕ ‘ਪ੍ਰੌਕਸੀ ਵਾਰ’ ਵਿੱਚ ਤਬਦੀਲ ਹੋ ਚੁੱਕੀ ਹੈ, ਅਤੇ ਇਹ ਸਮੁੱਚੇ ਮਿਡਲ ਈਸਟ ਤੇ ਵਿਸ਼ਵ ਲਈ ਇੱਕ ਬਹੁਤ ਵੱਡਾ ਖ਼ਤਰਾ ਬਣ ਗਈ ਹੈ।
ਪਰ ਉੱਪਰ ਦਿੱਤੀਆਂ ਤਿੰਨੋਂ ਮਿਸਾਲਾਂ ਵਿੱਚੋਂ ਕੋਈ ਵੀ ਉਦਾਹਰਣ ਇੱਕ ਖ਼ਾਲਸ ਗ੍ਰਹਿਯੁੱਧ ਨਹੀਂ ਕਹੀ ਜਾ ਸਕਦੀ। ਗ੍ਰਹਿਯੁੱਧ ਲੋਕਾਂ ਵਲੋਂ ਸ਼ੁਰੂ ਕੀਤੇ ਜਾਂਦੇ ਹਨ ਨਾ ਕਿ ਸਿਆਸਦਾਨਾਂ ਵਲੋਂ। ਸੋ, ਮਿਸਾਲ ਦੇ ਤੌਰ ‘ਤੇ, ਇਸ ਵਕਤ ਸੰਨ 2015 ਵਿੱਚ ਸੈਂਟਰਲ ਅਫ਼ਰੀਕਨ ਰਿਪਬਲਿਕ (ਸੀ.ਏ.ਆਰ. ਜਾਂ ਕਾਰ) ਵਿੱਚ ਇੱਕ ਗੰਭੀਰ ਗ੍ਰਹਿਯੁੱਧ ਪਨਪ ਰਿਹਾ ਹੈ। ਇਹ ਯੁੱਧ ਮੁਸਲਮਾਨਾਂ ਦੇ ਸਾਬਕਾ ਸੈਲਕਾ ਜੰਗਜੂਆਂ ਅਤੇ ਇਸਾਈ ਧਰਮ ਨਾਲ ਸਬੰਧ ਰੱਖਣ ਵਾਲੇ ਐਂਟੀ-ਬਲਾਕਾ ਖਾੜਕੂਆਂ ਦਰਮਿਆਨ ਹੋ ਰਿਹੈ। ਪਹਿਲੀਆਂ ਉਦਾਹਰਣਾਂ ਦੇ ਉਲਟ, ਕਾਰ ਇਸ ਵਕਤ ਆਪਣੀ ਪੁਸ਼ਤੈਨੀ ਨਸਲੀ ਜੰਗ ਨੂੰ ਮੁੜ ਦੋਹਰਾਉਣ ਲਈ ਪੂਰੀ ਤਰ੍ਹਾਂ ਤਿਆਰ ਜਾਪਦਾ ਹੈ। ਕਾਰ ਦੀ ਆਖ਼ਰੀ ਪੁਸ਼ਤੈਨੀ ਜੰਗ 1928 ਤੋਂ 1931 ਦਰਮਿਆਨ ਕੋਂਗੋ ਵਾਰਾ ਰੀਬੈਲੀਅਨ (ਕਹੀ-ਖੁਰਪੇ ਦੇ ਹੈਂਡਲ ਦੀ ਜੰਗ) ਦੇ ਨਾਮ ਨਾਲ ਮਸ਼ਹੂਰ (ਜਾਂ ਬਦਨਾਮ) ਹੋਈ ਸੀ। ਉਸ ਵਕਤ ਕਾਰ ਦੇ ਨਾਮ ਹੇਠ ਇਕੱਠੇ ਹੋਏ ਅਫ਼ਰੀਕੀ ਮੁਲਕ ਫ੍ਰਾਂਸ ਦੀਆਂ ਬਸਤੀਆਂ ਸਨ। ਕਹੀ-ਖੁਰਪੀ ਦਾ ਹੈਂਡਲ ਨਾਮ ਇਸ ਕਾਰਨ ਪਿਆ ਕਿਉਂਕਿ ਉਸ ਵੇਲੇ ਦੇ ਇਨ੍ਹਾਂ ਅਫ਼ਰੀਕੀ ਕਬੀਲਿਆਂ ਦੇ ਲੀਡਰ ਦੇ ਤੌਰ ‘ਤੇ ਉਭਰੇ ਇੱਕ ਮਸੀਹਾ ਨੇ ਫ੍ਰਾਂਸੀਸੀ ਬਸਤੀਵਾਦ ਦਾ ਗ਼ੈਰਹਿੰਸਕ ਵਿਰੋਧ ਕਰਨ ਲਈ ਆਪਣੇ ਪੈਰੋਕਾਰਾਂ ਨੂੰ ਇੱਕ ਰਸਮੀ ਅਫ਼ਰੀਕੀ ਦਵਾਈ ਵਰਤਣ ਦੀ ਹਿਦਾਇਤ ਕੀਤੀ। ਇਸ ਦਵਾਈ ਦਾ ਚਿੰਨ੍ਹ ਬਣਾਇਆ ਗਿਆ ਸੀ ਇੱਕ ਪਤਲੀ ਜਿਹੀ ਕੁੰਡੀ ਵਾਲੀ ਸੋਟੀ ਨੂੰ ਜੋ ਕਿ ਦੇਖਣ ਨੂੰ ਇੱਕ ਛੋਟੀ ਜਿਹੀ ਕਹੀ ਜਾਂ ਇੱਕ ਖੁਰਪੇ ਵਰਗੀ ਹੀ ਲਗਦੀ ਸੀ। 1931 ਦੀ ਉਸ ਕੌਂਗੋ-ਵਾਰਾ ਜੰਗ ਨੂੰ ਵਾਪਰਿਆਂ ਹੁਣ ਬਹੁਤ ਲੰਬਾ ਅਰਸਾ ਬੀਤ ਚੁੱਕਾ ਹੈ, ਅਤੇ ਹੁਣ ਇੱਕ ਵਾਰ ਫ਼ਿਰ ਇਹ ਸੈਂਟਰਲ ਅਫ਼ਰੀਕਨ ਰਿਪਬਲਿਕ, ਕਾਰ, ਆਪਣੇ ਪੁਰਾਣੇ ਨਸਲੀ ਵਿਵਾਦ ਵਿੱਚ ਖੁੱਭਣ ਲਈ ਤਿਆਰ ਖੜ੍ਹਾ ਲਗਦਾ ਹੈ। ਇਹ ਜੰਗ ਇੱਕ ਵਾਰ ਫ਼ਿਰ ਆਪਣੇ ਪੂਰੇ ਕਲਾਇਮੈਕਸ ‘ਤੇ ਅੱਪੜ ਕੇ ਹੀ ਸਾਹ ਲਵੇਗੀ। ਇਸੇ ਕਾਰਨ ਕਾਰ, ਯਾਨੀ ਕਿ ਸੈਂਟਰਲ ਅਫ਼ਰੀਕਨ ਰਿਪਬਲਿਕ, ਦੀ ਜੰਗ ਮੇਰੀ ਨਜ਼ਰ ਵਿੱਚ ਇੱਕ ਜਾਇਜ਼ ਨਸਲੀ ਗ੍ਰਹਿਯੁੱਧ ਹੈ ਅਤੇ ਇਹ ਬਹੁਤੀ ਜਲਦੀ ਖ਼ਤਮ ਨਹੀਂ ਹੋਣ ਵਾਲਾ … ਲੰਬਾ ਚੱਲੇਗਾ। ਦਰਅਸਲ, ਜਦੋਂ ਤਕ ਇਹ ਸੀਰੀਆ ਦੇ ਹਾਮਾ ਅਤੇ ਲੇਬਨਾਨ ਦੇ ਸਾਬਰਾ ਤੇ ਸ਼ਾਤੀਲਾ ਸ਼ਹਿਰਾਂ ਵਰਗੇ ਖ਼ੂੰਖ਼ਾਰ ਅੰਜਾਮ ਤਕ ਨਹੀਂ ਪਹੁੰਚਦਾ, ਇਹ ਖ਼ਤਮ ਹੋ ਹੀ ਨਹੀਂ ਸਕਦਾ।
ਫ਼ਿਲਿਸਤੀਨੀਆਂ ਤੇ ਇਜ਼ਰਾਇਲੀਆਂ ਦਰਮਿਆਨ ਜੰਗ
ਮੈਂ ਇੱਥੇ ਇੱਕ ਹੋਰ ਯੁੱਧ ਦੀ ਉਦਾਹਰਣ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ – ਇੱਕ ਗ੍ਰਹਿਯੁੱਧ ਦੀ ਨਹੀਂ ਸਗੋਂ ਉਸ ਨਾਲ ਮਿਲਦੀ ਜੁਲਦੀ ਇੱਕ ਹੋਰ ਸ਼ੈਅ ਦੀ ਜਿਸ ਵਿੱਚ ਸ਼ਾਮਿਲ ਮਸਲੇ ਕਿਸੇ ਗ੍ਰਹਿਯੁੱਧ ਨੂੰ ਹਵਾ ਦੇਣ ਵਾਲੇ ਮਸਲੇ ਹੀ ਕਹੇ ਜਾ ਸਕਦੇ ਹਨ। ਪਿੱਛਲੇ ਕੁਝ ਸਾਲਾਂ ਵਿੱਚ, ਫ਼ਿਲਿਸਤੀਨੀਆਂ ਅਤੇ ਇਜ਼ਰਾਈਲੀਆਂ ਦਰਮਿਆਨ ਗ਼ਾਜ਼ਾ ਵਿੱਚ ਤਿੰਨ ਘੱਟ-ਸੰਜੀਦਾ ਜੰਗਾਂ ਹੋਈਆਂ। ਹਰ ਵਾਰ, ਇਜ਼ਰਾਈਲੀਆਂ ਨੇ ਹਮਾਸ ਦਾ ਢਾਂਚਾ ਢਾਹ ਕੇ ਜੰਗ ਦਾ ਖ਼ਾਤਮਾ ਕਰ ਦਿੱਤਾ। ਜੰਗ ਹਰ ਵਾਰ ਓਦੋਂ ਮੁੜ ਸ਼ੁਰੂ ਹੋ ਜਾਂਦੀ ਜਦੋਂ ਹਮਾਸ ਆਪਣਾ ਢਾਂਚਾ ਮੁੜ ਸੰਗਠਿਤ ਕਰ ਕੇ ਵਾਪਿਸ ਪਰਤਦਾ। ਪਰ ਜਿਹੜਾ ਨੁਕਤਾ ਮੈਂ ਤੁਹਾਨੂੰ ਇੱਥੇ ਸਮਝਾਉਣ ਦਾ ਯਤਨ ਕਰ ਰਿਹਾਂ ਉਹ ਇਹ ਹੈ ਕਿ ਇਹ ਤਿੰਨੋ ਗ਼ੈਰ ਜਾਂ ਘੱਟ-ਸੰਜੀਦਾ ਜੰਗਾਂ ਸਿਆਸਤਦਾਨਾਂ ਦੁਆਰਾ ਨਿਰਦੇਸ਼ਿਤ ਕੀਤੀਆਂ ਗਈਆਂ ਸਨ। ਫ਼ਿਲਿਸਤੀਨੀਆਂ ਨੇ ਸਿਰਫ਼ ਓਦੋਂ ਓਦੋਂ ਹੀ ਹਮਲੇ ਕਰਨੇ ਸ਼ੁਰੂ ਜਾਂ ਬੰਦ ਕੀਤੇ ਜਦੋਂ ਜਦੋਂ ਉਨ੍ਹਾਂ ਦੇ ਲੀਡਰਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੇ ਹੁਕਮ ਦਿੱਤੇ, ਪਰ ਅੱਜ ਮਿਡਲ ਈਸਟ ਵਿੱਚ ਇੱਕ ਬਹੁਤ ਵੱਡੀ, ਬੁਨਿਆਦੀ ਅਤੇ ਇਤਿਹਾਸਕ ਤਬਦੀਲੀ ਉਭਰ ਕੇ ਸਾਹਮਣੇ ਆ ਰਹੀ ਹੈ।
ਇਸ ਨਵੀਂ ਉਭਰਦੀ ਸਥਿਤੀ ਵਿੱਚ, ਅੱਜ ਦੇ ਨੌਜਵਾਨ ਆਪਣੇ ਸਮਾਂ ਵਿਹਾ ਚੁੱਕੇ ਪੁਰਾਣੇ ਲੀਡਰਾਂ ਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ। ਸੀ.ਆਈ.ਏ. ਵਰਲਡ ਫ਼ੈਕਟ ਬੁਕ ਅਨੁਸਾਰ, ਗ਼ਾਜ਼ਾ ਦੀ ਜਨਸੰਖਿਆ ਦਾ 20 ਪ੍ਰਤੀਸ਼ਤ ਹਿੱਸਾ 15-24 ਸਾਲ ਦੀ ਉਮਰ ਵਰਗ ਦੇ ਨੌਜਵਾਨ ਮੁੰਡਿਆਂ ਦਾ ਹੈ, ਅਤੇ ਇੰਝ ਹੀ ਵੈਸਟ ਬੈਂਕ ਦਾ 21 ਪ੍ਰਤੀਸ਼ਤ ਇਸੇ ਉਮਰ ਵਰਗ ਵਿੱਚੋਂ ਹੈ। ਦੂਸਰੇ ਸ਼ਬਦਾਂ ਵਿੱਚ ਇਸ ਦਾ ਅਰਥ ਇਹ ਹੋਇਆ ਕਿ ਜਿਨ੍ਹਾਂ ਦੋ ਇਲਾਕਿਆਂ ਦਾ ਮੈਂ ਉੱਪਰ ਜ਼ਿਕਰ ਕੀਤਾ ਹੈ ਉਨ੍ਹਾਂ ਵਿੱਚੋਂ ਦੋ ਦੋ ਲੱਖ ਨੌਜਵਾਨ ਮਰਦ, ਭਾਵ ਕੁੱਲ 4 ਲੱਖ ਮੁੰਡੇ, ਇਸੇ ਉਮਰ ਰੇਂਜ ਵਿੱਚ ਆਉਂਦੇ ਹਨ। ਇਸੇ ਤਰ੍ਹਾਂ, ਇਜ਼ਰਾਈਲੀ ਸਾਈਡ ਤੋਂ 6 ਲੱਖ ਯਹੂਦੀ ਮੁੰਡੇ ਇਸ ਉਮਰ ਵਰਗ ਵਿੱਚ ਪੈਂਦੇ ਹਨ। ਕੁਝ ਅਪੁਸ਼ਟ ਰਿਪੋਰਟਾਂ ਅਨੁਸਾਰ, ਨੌਜਵਾਨ ਇਜ਼ਰਾਈਲੀ ਵੀ ਅੱਜ ਆਪਣੀ ਲੀਡਰਸ਼ਿਪ ਤੋਂ ਬਦਜ਼ਨ ਹੋ ਚੁੱਕੇ ਹਨ। ਹੋ ਸਕਦਾ ਹੈ ਕਿ ਨੌਜਵਾਨ ਫ਼ਿਲਿਸਤੀਨੀਆਂ ਵਾਂਗ ਹੀ ਉਹ ਵੀ ਮਾਮਲਾ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੇ ਹੋਣ। ਸੋ ਅਜਿਹੇ ਮਾਹੌਲ ਵਿੱਚ, ਅੱਗੇ ਜਾ ਕੇ ਕੀ ਕੁਝ ਹੋ ਸਕਦਾ ਹੈ ਇਸ ਦੀਆਂ ਸੰਭਾਵਨਾਵਾਂ ਅਸੀਮਿਤ ਹਨ। ਪਿੱਛਲੀਆਂ ਤਿੰਨੋਂ ਗ਼ਾਜ਼ਾ ਜੰਗਾਂ ਘੱਟ ਸੰਜੀਦਾ ਸਨ, ਚਲੋ ਜੇ ਘੱਟ ਸੰਜੀਦਾ ਨਾ ਵੀ ਕਹੀਏ ਤਾਂ ਵੀ ਅਸੀਂ ਉਨ੍ਹਾਂ ਨੂੰ ਘੱਟ ਸੰਕਟਗ੍ਰਸਤ ਤਾਂ ਕਹਿ ਹੀ ਸਕਦੇ ਹਾਂ, ਪਰ ਇਜ਼ਰਾਈਲੀਆਂ-ਫ਼ਿਲਿਸਤੀਨੀਆਂ ਦਰਮਿਆਨ ਹੋਣ ਵਾਲੀ ਅਗਲੀ ਜੰਗ ਨਸਲਕੁਸ਼ੀ ਦੇ ਇਰਾਦਿਆਂ ਨਾਲ ਲਬਰੇਜ਼ ਇੱਕ ਨਸਲੀ ਜੰਗ ਵੀ ਸਾਬਿਤ ਹੋ ਸਕਦੀ ਹੈ।
ਨਸਲਕੁਸ਼ੀ ਦੀਆਂ ਜੰਗਾਂ ਕਿਵੇਂ ਸ਼ੁਰੂ ਹੁੰਦੀਆਂ ਹਨ? ਜ਼ਰਾ ਸੋਚੋ ਕਿ ਜੇ ਗ਼ਾਜ਼ਾ ਪੱਟੀ ‘ਤੇ ਵੱਸਦੇ 2 ਲੱਖ ਨੌਜਵਾਨ ਮਰਦ ਫ਼ਿਲਿਸਤੀਨੀ ਆਪਣੇ ਘਰਾਂ ਵਿੱਚੋਂ ਦੀ ਸੁਰੰਗਾਂ ਕੱਢ ਕੇ ਇਜ਼ਰਾਈਲ ਵਿੱਚ ਦਾਖ਼ਲ ਹੋ ਜਾਣ ਅਤੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਇਜ਼ਰਾਈਲੀ ਯਹੂਦੀਆਂ ਨੂੰ ਮਾਰਨਾ ਸ਼ੁਰੂ ਕਰ ਦੇਣ ਤਾਂ ਕੀ ਹੋਵੇ? ਅਤੇ ਜੇ ਉਨ੍ਹਾਂ ਨਾਲ ਵੈਸਟ ਬੈਂਕ ਦੇ 2 ਲੱਖ ਫ਼ਿਲਿਸਤੀਨੀ ਨੌਜਵਾਨ ਮੁੰਡੇ ਵੀ ਆ ਰਲ਼ਣ ਜਿਹੜੇ ਪਹਿਲਾਂ ਤਾਂ ਵੈਸਟ ਬੈਂਕ ਵਿੱਚ ਜਬਰਨ ਸਥਾਪਿਤ ਕੀਤੀਆਂ ਗਈਆਂ ਯਹੂਦੀ ਬਸਤੀਆਂ ਤੋਂ ਯਹੂਦੀਆਂ ਨੂੰ ਮਾਰਨਾ ਸ਼ੁਰੂ ਕਰਨ ਅਤੇ ਬਾਅਦ ਵਿੱਚ ਯਰੂਸ਼ਲਮ ਵੱਲ ਆਪਣਾ ਰੁੱਖ਼ ਕਰ ਲੈਣ ਤਾਂ ਫ਼ਿਰ ਸਥਿਤੀ ਕਿੰਨੀ ਸੰਗੀਨ ਹੋ ਜਾਵੇਗੀ? ਉਸ ਵਕਤ ਇਜ਼ਰਾਈਲੀ ਟੈਂਕ ਤੇ ਬੰਬਾਰ ਬਹੁਤੇ ਕੰਮ ਨਹੀਂ ਆਉਣ ਵਾਲੇ। ਤੁਸੀਂ ਸਾਰੇ ਯਰੂਸ਼ਲਮ ਨੂੰ ਬੰਬਾਂ ਨਾਲ ਨਹੀਂ ਉਡਾ ਸਕਦੇ, ਅਤੇ ਨਾ ਹੀ ਤੁਸੀਂ ਫ਼ਿਲਿਸਤੀਨੀਆਂ ਨੂੰ ਮਾਰ ਮੁਕਾਉਣ ਲਈ ਇਜ਼ਰਾਈਲੀ ਪਿੰਡਾਂ ਤੇ ਬਸਤੀਆਂ ‘ਤੇ ਅੰਨੇਵਾਹ ਬੰਬ ਹੀ ਸੁੱਟ ਸਕਦੇ ਹੋ।
ਇਹੋ ਅੰਤਰ ਹੈ ਅੱਡੋ ਅੱਡ ਜੰਗਾਂ ਜਾਂ ਗ੍ਰਹਿਯੁੱਧਾਂ ਦਰਮਿਆਨ। ਪੁਸ਼ਤੈਨੀ ਨਸਲੀ ਜੰਗਾਂ ਇਹੋ ਜਿਹੀਆਂ ਹੀ ਹੁੰਦੀਆਂ ਹਨ। ਇਨ੍ਹਾਂ ਵਿੱਚ ਸਾਨੂੰ ਦੋ ਧਿਰਾਂ ਦੇ ਟੈਂਕ ਆਹਮਣਿਓਂ ਸਾਹਮਣਿਓਂ ਇੱਕ ਦੂਜੇ ‘ਤੇ ਬੰਬ ਸਟੁਦੇ ਹੋਏ ਦਿਖਾਈ ਨਹੀਂ ਦਿੰਦੇ। ਇਨ੍ਹਾਂ ਵਿੱਚ ਤਲਵਾਰਾਂ, ਸੋਟਿਆਂ ਤੇ ਛੁਰਿਆਂ ਨਾਲ ਲੈਸ ਆਮ ਲੋਕ ਘਰਾਂ, ਗਲੀਆਂ ਤੇ ਮੁਹੱਲਿਆਂ ਵਿੱਚ ਇੱਕ ਦੂਜੇ ਨਾਲ ਹੱਥੋਪਾਈ ਹੁੰਦੇ ਹਨ। ਪਿੱਛਲੇ ਸਾਲ ਸੈਂਟਰਲ ਅਫ਼ਰੀਕਨ ਰਿਪਬਲਿਕ ਵਿੱਚ ਇਹੋ ਕੁਝ ਹੀ ਵਾਪਰਿਆ ਸੀ, ਰਵਾਂਡਾ ਵਿੱਚ 1994 ਵਿੱਚ ਇਹੀ ਹੋਇਆ ਸੀ, ਬੌਜ਼ਨੀਆ ਵਿੱਚ 1994 ਵਿੱਚ ਅਤੇ 1947 ਦੇ ਫ਼ਿਲਿਸਤੀਨ ਵਿੱਚ ਵੀ ਅਜਿਹੀਆਂ ਹੀ ਨਸਲੀ ਜੰਗਾਂ ਭੜਕੀਆਂ ਅਤੇ ਆਪਣੇ ਖ਼ੂਨੀ ਅੰਜਾਮ ਤਕ ਪਹੁੰਚੀਆਂ ਸਨ। ਪਰ ਇੱਥੇ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਇਹ ਖ਼ੂਨੀ ਹੋਲੀ ਕੇਵਲ ਇਜ਼ਰਾਈਲ ਅਤੇ ਫ਼ਿਲਿਸਤੀਨੀ ਖੇਤਰਾਂ ਤਕ ਹੀ ਸਿਮਿਤ ਰਹੇਗੀ। ਜਨਾਬ, ਇਸ ਖ਼ੂਨਖ਼ਰਾਬੇ ਵਿੱਚ ਫ਼ਿਲਿਸਤੀਨੀਆਂ ਦਾ ਸਾਥ ਦੇਣਗੇ ਹਜ਼ਾਰਾਂ, ਨਹੀਂ ਸੱਚ ਲੱਖਾਂ, ਜੌਰਡੇਨੀਅਨ, ਲੇਬਨਾਨੀ ਅਤੇ ਈਜਿਪਸ਼ੀਅਨ। ਨੌਜਵਾਨ ਫ਼ਿਲਿਸਤੀਨੀਆਂ ਦੇ ਵਿਹਾਰ ਅਤੇ ਰਵੱਈਏ ਵਿੱਚ ਰਿਪੋਰਟ ਕੀਤੀਆਂ ਜਾ ਰਹੀਆਂ ਨਵੀਆਂ ਤਬਦੀਲੀਆਂ ਇਸੇ ਗੱਲ ਦਾ ਠੋਸ ਸੰਕੇਤ ਹਨ ਕਿ ਇਸ ਕਿਸਮ ਦੀ ਕੋਈ ਪੁਰਾਣੀ ਪੁਸ਼ਤੈਨੀ ਜੰਗ ਸਾਨੂੰ ਬਹੁਤ ਜਲਦ ਆਪਣੇ ਆਲੇ ਦੁਆਲੇ ਦੇਖਣ ਨੂੰ ਮਿਲਣ ਵਾਲੀ ਹੈ!

LEAVE A REPLY