ਪਿੰਡ ਦੀ ਸੱਥ ਵਿੱਚੋਂ (ਕਿਸ਼ਤ-166)

main news
ਸੱਥ ਵਿੱਚ ਤਾਸ਼ ਖੇਡਣ ਵਾਲਿਆਂ ‘ਚ ਪਏ ਰੌਲੇ ਨੂੰ ਸੁਣ ਕੇ ਸੱਥ ‘ਚ ਬੈਠੇ ਸਾਰਿਆਂ ਦਾ ਧਿਆਨ ਉਨ੍ਹਾਂ ਵੱਲ ਇਉਂ ਲੱਗਿਆ ਹੋਇਆ ਸੀ ਜਿਵੇਂ ਲੋਕ ਮੇਲੇ ‘ਚ ਲੱਗੀ ਸਰਕਸ ਦੀ ਉਤਲੇ ਗੇੜ ਵਾਲੀ ਚੰਡੋਲ ਝੂਟਦੀਆਂ ਚੀਕਾਂ ਮਾਰਦੀਆਂ ਦੋ ਬੁੜ੍ਹੀਆਂ ਵੱਲ ਵੇਖੀ ਜਾਂਦੇ ਹੋਣ। ਝਿੱਫ਼ਾਂ ਦੇ ਕਰਤਾਰੇ ਕਾ ਫ਼ੈਣੀ ਤਾਸ਼ ਖੇਡਣ ਵਾਲਿਆਂ ਦੀ ਢਾਣੀ ਦੇ ਵਿਚਾਲੇ ਤਾਸ਼ ਹੱਥ ‘ਚ ਫ਼ੜੀ ਬੈਠਾ ਇਉਂ ਲੱਗਦਾ ਸੀ ਜਿਵੇਂ ਕਾਵਾਂ ਨੇ ਉੱਲੂ ਘੇਰਿਆ ਹੁੰਦਾ। ਏਨੇ ਚਿਰ ਨੂੰ ਜਿਉਂ ਹੀ ਨਾਥਾ ਅਮਲੀ ਸੱਥ ‘ਚ ਆਇਆ ਫ਼ੈਣੀ ਨੂੰ ਤਾਸ਼ ਵਾਲਿਆਂ ਦੀ ਟੋਲੀ ਦੇ ਵਿਚਾਲੇ ਬੈਠੇ ਨੂੰ ਵੇਖ ਕੇ ਕਹਿੰਦਾ, ”ਤੂੰ ਕਿਮੇਂ ਅੱਜ ਇਨ੍ਹਾਂ ਦੇ ਵਚਾਲੇ ਇਉਂ ਵੜਿਆ ਬੈਠੈਂ ਓਏ ਜਿਮੇਂ ਪੱਠਿਆਂ ਆਲੇ ਟੋਕਰੇ ‘ਚ ਮੱਝ ਦਾ ਫ਼ੋਸ ਪਿਆ ਹੁੰਦਾ। ਤਾਸ਼ ਖੇਡਣ ਪਿੱਛੇ ਤਾਂ ਨ੍ਹੀ ਕਿਤੇ ਰੌਲ਼ਾ ਪੈ ਗਿਆ?”
ਸੀਤਾ ਮਰਾਸੀ ਕਹਿੰਦਾ, ”ਰੌਲੇ ਅਰਗਾ ਰੌਲਾ! ਇਹ ਫ਼ੈਣੀ ਤਾਸ਼ ਖੇਡਦੇ ਤੋਂ ਕਿਤੇ ਪੱਤਾ ਪੁੱਤਾ ਕੋਈ ਗ਼ਲਤ ਫ਼ਲਤ ਸਿੱਟਿਆ ਗਿਆ, ਉਹਦੇ ਪਿੱਛੇ ਇਨ੍ਹਾਂ ‘ਚ ਬੂ-ਬੂ ਹੋ ਗੀ। ਛੁਰਲ੍ਹੀ ਛੱਡਾਂ ਦਾ ਭਾਨੀ ਕਿਤੇ ਫ਼ੈਣੀ ਤੋਂ ਪੱਤੇ ਖੋਹ ਕੇ ਕਹਿੰਦਾ, ‘ਉਰ੍ਹਾਂ ਫ਼ੜਾ ਓਏ ਪੱਤੇ, ਖੇਡਣਾ ਨ੍ਹੀ ਆਉਂਦਾ ਵਾਸਤਾ ਨ੍ਹੀ, ਤਾਸ਼ ਇਉਂ ਚੱਕ ਲੈਂਦੇ ਐ ਜਿਮੇਂ ਭਾਗੀ ਕਿਆਂ ਆਲੇ ਵਜੀਰੀ ਜੁਆਰੀਏ ਦੇ ਚੇਲੇ ਹੁੰਦੇ ਐ’। ਏਸ ਗੱਲ ਪਿੱਛੇ ਫ਼ੈਣੀ ਭਾਨੀ ਤੋਂ ਤਾਸ਼ ਖੋਹ ਕੇ ਹੁਣ ਇਨ੍ਹਾਂ ਦੇ ਵਚਾਲੇ ਇਉਂ ਬਹਿ ਗਿਆ ਜਿਮੇਂ ਪਕਾਹ ਦੇ ਟੀਂਡਿਆਂ ‘ਚ ਕਤੂਰਾ ਬੈਠਾ ਹੁੰਦਾ। ਕਹਿੰਦਾ ‘ਨਾ ਖੇਡਾਂ ਨਾ ਹੁਣ ਖੇਡਣ ਦੇਮਾਂ’ ਆਹ ਗੱਲ ਐ। ਅਸੀਂ ਤਾਂ ਸਾਰਿਆਂ ਨੇ ਜੋਰ ਲਾ ਲਿਆ ਬਈ ਖੇਡ ਲੈਣ ਦੇ ਇਨ੍ਹਾਂ ਨੂੰ। ਹੁਣ ਤੂੰ ਵੀ ਆਵਦੀ ਛੁਰਲ੍ਹੀ ਛੱਡ ਕੇ ਵੇਖ ਲਾ ਬਈ ਕਿਮੇਂ ਹੋਣੀ ਚਾਹੀਦੀ ਐ?”
ਨਾਥਾ ਅਮਲੀ ਗੱਲ ਸੁਣ ਕੇ ਫ਼ੈਣੀ ਨੂੰ ਕਹਿੰਦਾ, ”ਹੁਣ ਆਥਣ ਤਕ ਨਾ ਉੱਠੀਂ ਫ਼ੈਣਾ ਸਿਆਂ। ਲੰਗਰ ਪਾਣੀ ਵੀ ਐਥੇ ਈ ਮੰਗਾ ਲੀਂ। ਨਾਲੇ ਤੂੰ ਕਿਹੜਾ ਡੰਗਰਾਂ ਨੂੰ ਸੰਨ੍ਹੀ ਕਰਨੀ ਐ ਘਰੇ ਜਾ ਕੇ। ਅੱਬਲ ਤਾਂ ਲੰਗਰ ਪਾਣੀ ਤੇਰਾ ਮੈਂ ਲਿਆ ਦੂੰ।”
ਬਾਬਾ ਚੰਨਣ ਸਿਉਂ ਅਮਲੀ ਨੂੰ ਕਹਿੰਦਾ, ”ਆਵਦੇ ਘਰੋਂ ਲਿਆ ਕੇ ਦੇਮੇਂ ਗਾ ਕੁ ਫ਼ੈਣੀ ਕੇ ਘਰੋਂ?”
ਸੀਤਾ ਮਰਾਸੀ ਕਹਿੰਦਾ, ”ਫ਼ੈਣੀ ਕਿਉਂ ਈ ਲਿਆ ਕੇ ਦੇਊ, ਨਾਲੇ ਦੋ ਪ੍ਰਸ਼ਾਦੇ ਅਮਲੀ ਆਪ ਛਕਿਆਊ।”
ਮਰਾਸੀ ਦੀ ਗੱਲ ਸੁਣ ਕੇ ਅਮਲੀ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। ਮਰਾਸੀ ਵੱਲ ਦਿਮਾਗ਼ ‘ਚ ਪਏ ਫ਼ਰੜ ਵਾਂਗੂੰ ਝਾਕ ਕੇ ਕਹਿੰਦਾ, ”ਮੈਂ ਮਰਾਸੀਂ ਆਂ ਓਏ। ਸਾਲਿਆ ਕੱਟੇ ਨਾਸਿਆ ਜਿਆ, ਕਦੇ ਚੱਜ ਦੀ ਗੱਲ ਵੀ ਕਰ ਲਿਆ ਕਰ ਕੋਈ। ਇਹ ਤਾਂ ਸੋਨੂੰ ਈਂ ਆਦਤ ਐ ਮੰਗ ਕੇ ਖਾਣ ਦੀ। ਸਾਰਾ ਟੱਬਰ ਖਾਣ ਪੀਣ ਦਾ ਮਾਰਾ ਤੜਕੇ ਈ ਘਰੋਂ ਨਿਕਲ ਕੇ ਲੋਕਾਂ ਦੇ ਘਰਾਂ ‘ਚ ਇਉਂ ਵੜਦਾ ਫ਼ਿਰੂ ਜਿਮੇਂ ਸਾਨ੍ਹ ਤੋਂ ਡਰਦਾ ਸਾਨ੍ਹ ਭੱਜਿਆ ਫ਼ਿਰਦਾ ਕਦੇ ਕਿਸੇ ਦੇ ਘਰੇ ਵੜ ਜਾਂਦਾ ਕਦੇ ਕਿਸੇ ਦੇ। ਲੋਕ ਲਾਲਾ ਲਾਲਾ ਕਰ ਕੇ ਘਰੋਂ ਮੋੜ ਦਿੰਦੇ ਐ। ਓਮੇਂ ਸੋਡੇ ਨਾਲ ਹੁੰਦੀ ਐ। ਆਹ ਪਿੱਛੇ ਜੇ ਕੇਰਾਂ ਜਦੋਂ ਇਨ੍ਹਾਂ ਦੀ ਬੁੜ੍ਹੀ ਇੱਕ ਦਿਨ ਘੁੱਲੇ ਸਰਪੈਂਚ ਕੇ ਘਰੇ ਗਈ ਤਾਂ ਜਾ ਕੇ ਸਰਪੈਂਚਣੀ ਨੂੰ ਕਹਿੰਦੀ ‘ਅੱਜ ਤਾਂ ਮਿੱਠੇ ਦੀ ਵਾਸ਼ਣਾ ਆਉਂਦੀ ਐ ਪ੍ਰਭਾ ਸੋਡੇ ਘਰੋਂ, ਮੱਸਿਆ ਪੁੰਨਿਆਂ ਦਾ ਦਿਹਾੜਾ ਅੱਜ ਕੋਈ ਕੁ ਕੋਈ ਪ੍ਰਾਹੁਣਾ ਧ੍ਰਾਹੁਣਾ ਆਇਆ ਵਿਆ’?”
ਬੁੱਘਰ ਦਖਾਣ ਕਹਿੰਦਾ, ”ਸਰਪੈਂਚ ਦੀ ਮਾਂ ਨੇ ਮਰਾਸਣ ਨੂੰ ਚੜ੍ਹਾਇਆ ਨ੍ਹੀ ਫ਼ਿਰ ਕੀੜਿਆਂ ਆਲੇ ਜੰਡ ‘ਤੇ?”
ਅਮਲੀ ਹੱਸ ਕੇ ਕਹਿੰਦਾ, ”ਜੰਡ ਛੱਡ ਬੁੜ੍ਹੀ ਨੇ ਮਰਾਸਣ ਲਾ ‘ਤੀ ਬਰਫ਼ ‘ਚ। ਜਦੋਂ ਮਰਾਸਣ ਜਾ ਕੇ ਸਰਪੈਂਚਣੀ ਕੋਲੇ ਬੈਠੀ ਤਾਂ ਸਰਪੈਂਚ ਦੀ ਮਾਂ ਨੇ ਮਰਾਸਣ ਨੂੰ ਕੋਲੇ ਆ ਕੇ ਪੁੱਛਿਆ ‘ਸ਼ਜਾਦੀਏ ਕੀ ਆਖਿਆ ਸੀ ਤੂੰ’? ਅਕੇ ਮਰਾਸਣ ਕਹਿੰਦੀ ‘ਮੈਂ ਤਾਂ ਕਿਹਾ ਸੀ ਅੱਜ ਤਾਂ ਮਿੱਠੇ ਦੀ ਸਗੰਧੀ ਆਉਂਦੀ ਐ ਸੋਡੇ ਚੁੱਲ੍ਹੇ ਤੋਂ’। ਸਰਪੈਂਚ ਦੀ ਮਾਂ ਬਾਬਾ ਵੇਖ ਲਾ ਗੱਲ ਚੱਕਣ ਨੂੰ ਵੀਹਾਂ ਅਰਗੀ ਐ। ਮਰਾਸਣ ਦਾ ਮੋਢਾ ਝੰਜੋਲ ਕੇ ਕਹਿੰਦੀ ‘ਨੀ ਸੁਣ ਨ੍ਹੀ ਵੱਡੀਏ ਮਜਾਜਣੇ, ਸਾਡੇ ਚੁੱਲ੍ਹੇ ‘ਤੇ ਮਰਾਸੀ ਦਾ ਕੀ ਕੰਮ। ਇਨ੍ਹਾਂ ਦਾ ਬਾਪੂ ਜੀ ਤਾਂ ਸਾਡੇ ਆਵਦੇ ਜੁਆਕਾਂ ਨੂੰ ਨ੍ਹੀ ਚੁੱਲ੍ਹੇ ਦੇ ਨੇੜੇ ਹੋਣ ਦਿੰਦਾ, ਬਗਾਨੇ ਬੰਦੇ ਦਾ ਕੀ ਕੰਮ ਸਾਡੇ ਚੌਂਤਰੇ ‘ਤੇ। ਏਥੇ ਹੈਨ੍ਹੀ ਮਿੱਠਾ ਮੁੱਠਾ। ਤੂੰ ਆਵਦਾ ਕਿਤੇ ਹੋਰ ਭਾਲ ਆਵਦੇ ਪਤੰਦਰ ਨੂੰ’। ਜਦੋਂ ਮਰਾਸਣ ਨੇ ਬਾਬਾ ਸਰਪੈਂਚ ਦੀ ਮਾਂ ਨੂੰ ਹਰਖੀ ਵੇਖਿਆ ਤਾਂ ਮਰਾਸਣ ਸਰਪੈਂਚਾਂ ਦੇ ਘਰੋਂ ਇਉਂ ਭੱਜੀ ਜਿਮੇਂ ਰੋਟੀਆਂ ਲਾਹੁਣ ਆਈਆਂ ਬੁੜ੍ਹੀਆਂ ਤੋਂ ਡਰ ਕੇ ਕਤੂਰਾ ਤੰਦੂਰ ‘ਚੋਂ ਨਿੱਕਲ ਕੇ ਭੱਜਦਾ ਹੁੰਦਾ। ਸੱਥ ‘ਚ ਆ ਕੇ ਇਹ ਗੱਲਾਂ ਕਰੂ ਜਿਮੇਂ ਮੋਦੀ ਸਿਉਂ ਲੱਗਿਆ ਹੁੰਦਾ।”
ਅਰਜਨ ਬੁੜ੍ਹਾ ਅਮਲੀ ਦੀ ਗੱਲ ਸੁਣ ਕੇ ਹੱਸ ਕੇ ਕਹਿੰਦਾ, ”ਸਮਝ ਨ੍ਹੀ ਆਈ ਯਾਰ ਬਈ ਸਰਪੈਂਚ ਦੀ ਮਾਂ ਮਾੜੀ ਜੀ ਗੱਲ ਪਿੱਛੇ ਐਨਾ ਖਪੇ ਖ਼ੂਨ ਕਿਉਂ ਹੋ ਗੀ ਮਰਾਸਣ ‘ਤੇ? ਜੇ ਸਰਪੈਂਚਾਂ ਨੇ ਕੋਈ ਮਿੱਠਾ ਮੁੱਠਾ ਬਣਾਇਆ ਸੀ ਤਾਂ ਭੋਰਾ ਮਰਾਸਣ ਨੂੰ ਦੇ ਦਿੰਦੇ। ਫ਼ਿਰ ਵੀ ਆਪਣੇ ਪਿੰਡ ਦੇ ਮਰਾਸੀ ਐ। ਊਂ ਤਾਂ ਸਰਪੈਂਚਾਂ ਦਾ ਬੁੜ੍ਹਾ ਹਰੇਕ ਲੋਹੜੀ ਨੂੰ ਲੰਗਰ ਲਾਉਂਦਾ, ਮਰਾਸਣ ਨੂੰ ਮਿੱਠੇ ਦਾ ਭੋਰਾ ਨ੍ਹੀ ਦਿੱਤਾ।”
ਨਾਥਾ ਅਮਲੀ ਅਰਜਨ ਬੁੜ੍ਹੇ ਦੀ ਦਿੱਤੀ ਸਲਾਹ ‘ਤੇ ਬੁੜ੍ਹੇ ਨੂੰ ਇਉਂ ਝੱਪਟ ਕੇ ਪਿਆ ਜਿਮੇਂ ਲਗੜ ਗਟ੍ਹਾਰਾਂ ਨੂੰ ਪੈਂਦਾ ਹੁੰਦਾ। ਕਹਿੰਦਾ, ”ਕਿੱਥੇ ਰਹਿੰਨੈਂ ਬੁੜ੍ਹਿਆ ਯਾਰ ਤੂੰ? ਤੂੰ ਗੱਲ ਨੂੰ ਸਮਝਿਆ ਕਰ। ਇਹ ਜਿਹੜੀ ਮਰਾਸਣ ਆਲੀ ਸਰਪੈਂਚਾਂ ਦੇ ਘਰ ਦੀ ਕਹਾਣੀ ਐ, ਇਹ ਤਾਂ ਉਹ ਗੱਲ ਐ ਜਿਮੇਂ ਓਧਰਲੇ ਵੇਹੜੇ ਆਲੇ ਸੰਤੇ ਗੰਤੇ ਜੌੜੇ ਭਰਾਮਾਂ ਦੇ ਜੌੜੀਆਂ ਭੈਣਾਂ ਨਾਲ ਵਿਆਹ ਹੋ ਜੇ। ਏਧਰ ਤਾਂ ਇੰਨ੍ਹਾਂ ਦੋਮੇਂ ਭਰਾਮਾਂ ਦੀ ਸਿਆਣ ਨਾ ਆਵੇ ਸਹੁਰਿਆਂ ਨੂੰ ਬਈ ਕਿਹੜਾ ਸੰਤਾ ਇੰਨ੍ਹਾਂ ‘ਚ ਕਿਹੜਾ ਗੰਤਾ। ਓਧਰ ਸੰਤੇ ਗੰਤੇ ਕਿਆਂ ਨੂੰ ਉਨ੍ਹਾਂ ਦੋਨਾਂ ਭੈਣਾਂ ਦੀ ਪਛਾਣ ਨਾ ਆਵੇ ਬਈ ਕਿਹੜੀ ਸੀਤੀ ਐ ਤੇ ਕਿਹੜੀ ਗੀਤੀ ਐ। ਨਾ ਇਹ ਪਤਾ ਲੱਗੇ ਬਈ ਕਿਹੜੀ ਸੰਤੇ ਦੇ ਘਰੋਂ ਐ ਤੇ ਕਿਹੜੀ ਗੰਤੇ ਦਿਉਂ ਐ। ਜਦੋਂ ਤਾਂ ਸੰਤਾ ਆਵਦੇ ਆਲੀ ਬਹੂ ਨੂੰ ਲੈਣ ਜਾਵੇ ਤਾਂ ਉਦੋਂ ਬੁੜ੍ਹੀ ਨੂੰ ਇਹ ਨਾ ਪਤਾ ਲੱਗੇ ਬਈ ਇਹਦੇ ਨਾਲ ਕਿਹੜੀ ਨੂੰ ਤੋਰੀਏ। ਜਦੋਂ ਬਹੂਆਂ ਦਾ ਪਿਉ ਇੱਕ ਨੂੰ ਛੱਡਣ ਆਵੇ ਤਾਂ ਸੰਤੇ ਗੰਤੇ ਦੀ ਮਾਂ ਸੋਚੀਂ ਪੈ ਜੇ ਬਈ ਕਿਹੜੇ ਦੇ ਘਰੋਂ ਐ ਇਹੇ। ਨਮੇਂ ਨਮੇਂ ਵਿਆਹ ਹੋਏ ਸੀ ਇੱਕ ਦੋ ਵਾਰ ‘ਚ ਕਾਹਦੀ ਸਿਆਣ ਆਉਣੀ ਸੀ। ਕਿੰਨ੍ਹਾਂ ਈ ਚਿਰ ਭਾਈਚਾਰਿਆਂ ‘ਚ ਭਲੇਖੇ ਦਾ ਈ ਧੂਤਕੜਾ ਵੱਜੀ ਗਿਆ। ਉਹ ਗੱਲ ਮਰਾਸਣ ਤੇ ਸਰਪੈਂਚ ਦੀ ਮਾਂ ਨਾਲ ਹੋਈ। ਆਉਂਦੀ ਤਾਂ ਸਰਪੈਂਚਾਂ ਦੇ ਘਰੋਂ ਖੀਰ ਕੜ੍ਹਾਹ ਬਣਦੇ ਦੀਓ ਈ ਵਾਸ਼ਣਾ ਸੀ, ਮਰਾਸਣ ਵਚਾਰੀ ਨੇ ਤਾਂ ਲੱਖਣ ਲਾ ਈ ਲਿਆ ਸੀ ਬਈ ਕਿਸੇ ਮਿੱਠੇ ਬਣਦੇ ਦੀ ਵਾਸ਼ਣਾ ਆਉਂਦੀ ਐ, ਉਹਨੇ ਤਾਂ ਤਾਹੀਂ ਕਿਹਾ ਸੀ ਬਈ ਸੋਡੇ ਘਰੋਂ ਮਿੱਠੇ ਦੀ ਵਾਸ਼ਣਾ ਆਉਂਦੀ ਐ। ਸਰਪੈਂਚ ਦੀ ਮਾਂ ਸਮਝ ਗੀ ਬਈ ਕਿਤੇ ਮਰਾਸਣ ਟਿੱਚਰਾਂ ਕਰਦੀ ਐ ਬਈ ਮਿੱਠਾ ਸੋਡੇ ਘਰੇ ਐ ਕਿਉਂਕਿ ਮਰਾਸਣ ਦੇ ਘਰ ਆਲੇ ਮਰਾਸੀ ਦਾ ਨਾਉਂ ਮਿੱਠਾ ਮਰਾਸੀ ਐ। ਸੰਤੇ ਗੰਤੇ ਕਿਆਂ ਆਂਗੂੰ ਮਰਾਸਣ ਤੇ ਸਰਪੈਂਚ ਦੀ ਮਾਂ ‘ਚ ਬਾਬਾ ਖਾਸਾ ਚਿਰ ਮੈਚ ਫ਼ਸਮਾਂ ਹੋਇਆ। ਅਖੀਰ ਜਦੋਂ ਸਰਪੈਂਚ ਦਾ ਪਿਉ ਸੁੱਚਾ ਸਿਉਂ ਬਾਹਰੋਂ ਆਇਆ ਉਹਨੇ ਸਾਰੀ ਗੱਲ ਸਮਝ ਕੇ ਮਸਲਾ ਹੱਲ ਕੀਤਾ। ਨਹੀਂ ਤਾਂ ਖਣੀ ਵੋਟਾਂ ਦੀ ਗਿਣਤੀ ਆਂਗੂੰ ਕਦੇ ਦੋ ਬੋਲ-ਕਬੋਲ ਉਹ ਵੱਧ ਕਹਿ ਜਿਆ ਕਰੇ ਕਦੇ ਉਹ। ਆਥਣ ਤਕ ਇਉਂ ਬੰਸਰੀ ਵੱਜੀ ਜਾਣੀ ਸੀ।”
ਮਰਾਸੀ ਤੇ ਅਮਲੀ ਦੀ ਲੜਾਈ ਦੀ ਗੱਲ ਨੂੰ ਟਾਲਣ ਲਈ ਬਾਬੇ ਚੰਨਣ ਸਿਉਂ ਨੇ ਅਮਲੀ ਨੂੰ ਪੁੱਛਿਆ, ”ਮਰਾਸਣ ਆਲੀ ਕਹਾਣੀ ਤਾਂ ਨਾਥਾ ਸਿਆਂ ਸੁੱਚਾ ਸਿਉਂ ਨੇ ਹੱਲ ਕਰ ‘ਤੀ, ਤੇ ਸੰਤੇ ਗੰਤੇ ਕਿਆਂ ਆਲੀ ਕਹਾਣੀ ਕਿਮੇਂ ਪੂਰ ਚੜ੍ਹੀ ਫ਼ਿਰ?”
ਅਮਲੀ ਕਹਿੰਦਾ, ”ਉਹ ਮਸਲਾ ਬਾਬਾ ਵੱਡਾ ਸੀ। ਸੰਤਾ ਤੇ ਗੰਤਾ ਬਹੂਆਂ ਨੂੰ ਲੈਣ ਜਾਇਆ ਕਰਨ, ਉਹ ਤੋਰਿਆ ਨਾ ਕਰਨ। ਤੋਰਨ ਵੀ ਕੀ, ਸਿਆਣ ਤਾਂ ਆਉਂਦੀ ਨ੍ਹੀ ਸੀ ਬਈ ਸੀਤੀ ਦੇ ਘਰ ਆਲਾ ਕਿਹੜਾ ਤੇ ਗੀਤੀ ਦੇ ਕਿਹੜਾ। ਕਹਿੰਦੇ ਜਦੋਂ ਸੰਤਾ ਬਹੂ ਨੂੰ ਲੈਣ ਗਿਆ ਤਾਂ ਉਨ੍ਹਾਂ ਨੇ ਕੁੜੀ ਤੋਰੀ ਨਾ। ਤੀਜੇ ਕੁ ਦਿਨ ਗੰਤਾ ਜਾ ਵੜਿਆ। ਆਂਢਣਾਂ ਗੁਆਂਢਣਾਂ ਕਹਿਣ ‘ਨੀ ਅੱਜ ਫ਼ੇਰ ਆ ਗਿਆ ਇਹੇ। ਉਹ ਵੀ ਅਖੀਰ ਮੁੜਿਆਇਆ। ਫ਼ੇਰ ਭਾਈ ਸੰਤੇ ਗੰਤੇ ਕੇ ਬੁੜ੍ਹੇ ਜੱਗਰ ਨੇ ਕਿਤੇ ਭਾਨ ਸਿਉਂ ਨੰਬਰਦਾਰ ਕੋਲੇ ਗੱਲ ਕੀਤੀ ਬਈ ਸਾਡੇ ਮੁੰਡਿਆਂ ਨਾਲ ਤਾਂ ਇਉਂ ਹੁੰਦੀ ਐ। ਕਿਮੇਂ ਕਰੀਏ ਮਸਲਾ ਹੱਲ? ਭਾਨ ਸਿਉਂ ਕਹਿੰਦਾ ‘ਤੁਸੀਂ ਗਿਆਨੀ ਜੱਸਾ ਸਿਉਂ ਨੂੰ ਲੈ ਕੇ ਜਾਉ ਮੁੰਡੇ ਦੇ ਸਹੁਰੀਂ, ਕਿਉਂਕਿ ਗਿਆਨੀ ਜੀ ਵੀ ਓੱਥੇ ਵਿਆਹਿਆ ਵਿਆ, ਨਾਲੇ ਆਪਣੇ ਸਾਰੇ ਪਿੰਡ ‘ਚੋਂ ਸਮਝਦਾਰ ਬੰਦਾ। ਸੋਡਾ ਮਸਲਾ ਉਹੀ ਹੱਲ ਕਰ ਸਕਦਾ, ਕਾਢੂ ਬੰਦਾ ਉਹੋ। ਜਦੋਂ ਗਿਆਨੀ ਜੱਸਾ ਸਿਉਂ ਨੂੰ ਜਾ ਕੇ ਗੱਲ ਦੱਸੀ ਤਾਂ ਗਿਆਨੀ ਜੀ ਸੰਤੇ ਗੰਤੇ ਤੇ ਜੱਗਰ ਨੂੰ ਨਾਲ ਲੈ ਕੇ ਸਹੁਰਿਆਂ ਨੂੰ ਤੁਰ ਪੇ। ਗਿਆਨੀ ਜੀ ਨੇ ਕੁੜੀਆਂ ਆਲੇ ਤੇ ਪਚੈਤ ਦੇ ਦੋ ਚਾਰ ਬੰਦੇ ਆਵਦੇ ਸਹੁਰਿਆਂ ਦੇ ਘਰੇ ਈ ਸੱਦ ਲੇ। ਜਦੋਂ ਆਹਮਣੋ ਸਾਹਮਣੀ ਸਾਰੀ ਗੱਲ ਹੋਈ ਤਾਂ ਗਿਆਨੀ ਜੀ ਕਹਿੰਦੇ ‘ਹੁਣ ਭਾਈ ਫ਼ਿਰ ਤੁਸੀਂ ਮੇਰੀ ਮੰਨੋ। ਤੁਸੀਂ ਸੰਤੇ ਨਾਲ ਤਾਂ ਸੀਤੀ ਤੋਰੋ ਤੇ ਗੰਤੇ ਨਾਲ ਤੋਰੋ ਗੀਤੀ ਨੂੰ। ਉਨ੍ਹਾਂ ਨੇ ਬਾਬਾ ਫ਼ਿਰ ਇਉਂ ਈਂ ਕੀਤਾ। ਸੱਸੇ ਨਾਲ ਗਿਆਨੀ ਜੀ ਨੇ ਸੱਸਾ ਮਲਾ ‘ਤਾ ਤੇ ਗੱਗੇ ਨਾਲ ਮਲਾ ‘ਤਾ ਗੱਗਾ। ‘ਕੱਠੀਆਂ ਤੋਰੀਆਂ ਫ਼ਿਰ ਜਿਮੇਂ ਵਿਆਹ ਵੇਲੇ ਤੋਰੀਆਂ ਸੀ। ਏਨੇ ‘ਚ ਅਗਲਿਆਂ ਦਾ ਮਸਲਾ ਹੱਲ ਹੋ ਗਿਆ। ਇਉਂ ਸੰਤੇ ਗੰਤੇ ਕਿਆਂ ਦੀ ਰਾਮ ਕਹਾਣੀ ਐ।
ਮਖਤਿਆਰੇ ਕੇ ਦੇਬੂ ਨੇ ਫ਼ੇਰ ਪਾ ‘ਤਾ ਮਚਦੀ ‘ਤੇ ਤੇਲ। ਕਹਿੰਦਾ, ”ਮਰਾਸੀ ਆਲੀ ਗੱਲ ਪਤੰਦਰਾ ਵਿੱਚੇ ਈ ਛੱਡ ‘ਤੀ, ਉਹ ਵੀ ਲਾ ਦੇ ਹੁਣ ਸਿਰੇ।”
ਦੇਬੂ ਦੀ ਗੱਲ ਸੁਣ ਕੇ ਬਾਬਾ ਚੰਨਣ ਸਿਉਂ ਦੇਬੂ ਨੂੰ ਕਹਿੰਦਾ, ”ਤੇਰੀ ਵੀ ਸੁਣੀਏ ਫ਼ਿਰ ਅਮਲੀ ਤੋਂ ਬੱਕਰੀ ਆਲੀ?”
ਬੱਕਰੀ ਦੇ ਨਾਂਅ ਨੂੰ ਦੇਬੂ ਸੱਥ ‘ਚੋਂ ਉੱਠ ਕੇ ਇਉਂ ਭੱਜ ਗਿਆ ਜਿਮੇਂ ਤੂੜੀ ਵਾਲੀ ਸਬ੍ਹਾਤ ‘ਚ ਤਾੜਿਆ ਕੁੱਤਾ ਕੁੱਟ ਤੋਂ ਡਰਦਾ ਭੱਜ ਜਾਂਦਾ ਹੁੰਦਾ। ਦੇਬੂ ਨੂੰ ਸੱਥ ‘ਚੋਂ ਜਾਂਦੇ ਨੂੰ ਵੇਖ ਕੇ ਬਾਬਾ ਚੰਨਣ ਸਿਉਂ ਕਹਿੰਦਾ, ”ਚੱਲੋ ਯਾਰ ਆਪਾਂ ਵੀ ਹੁਣ ਚਾਹ ਪਾਣੀ ਪੀ ਆਈਏ, ਫ਼ੇਰ ਆਉਣੇ ਆਂ ਮੁੜ ਕੇ।”
ਜਿਉਂ ਹੀ ਬਾਬਾ ਚੰਨਣ ਸਿਉਂ ਸੱਥ ‘ਚੋਂ ਉੱਠ ਕੇ ਘਰ ਨੂੰ ਤੁਰਿਆ ਤਾਂ ਬਾਕੀ ਦੇ ਵੀ ਦੇਬੂ ਦੀ ਬੱਕਰੀ ਆਲੀ ਗੱਲ ਕਰਦੇ-ਕਰਦੇ ਆਪੋ ਆਪਣੇ ਘਰਾਂ ਨੂੰ ਤੁਰ ਗਏ

LEAVE A REPLY