ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਇਕ ਵਾਰ ਫ਼ਿਰ ਆਪਣੀ ਬਿਆਨਬਾਜ਼ੀ ਕਰਕੇ ਸੁਰਖੀਆਂ ‘ਚ ਹਨ। ਯੋਗਰਾਜ ਸਿੰਘ ਨੇ ਇਸ ਵਾਰ ਸਾਬਕਾ ਕ੍ਰਿਕਟਰ ਕਪਿਲ ਦੇਵ ਨੂੰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਕਪਿਲ ਮੌਕਾਪਰਸਤ ਵਿਅਕਤੀ ਹਨ ਤੇ ਸਚਿਨ ਦੇ ਮਸ਼ਹੂਰ ਹੋਣ ਤੋਂ ਸੜਦੇ ਹਨ। ਯੋਗਰਾਜ ਨੇ ਚੰਡੀਗੜ੍ਹ ‘ਚ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਪਿਲ ਨੂੰ ਸਚਿਨ ਬਾਰੇ ਬੋਲਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਸੀ। ਕਪਿਲ ਦੀ ਇਹ ਹਰਕਤ ਬਚਕਾਨਾ ਹੈ ਤੇ ਕੋਈ ਵੀ ਕ੍ਰਿਕਟਰ ਇਸ ਤੋਂ ਸਹਿਮਤ ਨਹੀਂ ਹੋਵੇਗਾ।
ਦਰਅਸਲ, ਕਪਿਲ ਨੇ ਹਾਲ ਹੀ ‘ਚ ਕਿਹਾ ਸੀ ਕਿ ਸਚਿਨ ਨੂੰ ਪਤਾ ਨਹੀਂ ਸੀ ਕਿ 200, 300 ਜਾਂ 400 ਦੌੜਾਂ ਕਿੰਝ ਬਣਾਉਂਦੇ ਹਨ? ਉਨ੍ਹਾਂ ਅੰਦਰ ਬੁਲੰਦੀਆਂ ਛੂਹਣ ਦੀ ਕਾਬਲੀਅਤ ਸੀ ਪਰ ਉਹ ਮੁੰਬਈ ਸਕੂਲ ਆਫ਼ ਕ੍ਰਿਕਟ ‘ਚ ਫ਼ਸੇ ਰਹੇ। ਮੇਰਾ ਮੰਨਣਾ ਹੈ ਕਿ ਸਚਿਨ ਨੇ ਆਪਣੇ ਹੁਨਰ ਨਾਲ ਇਨਸਾਫ਼ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੋਗਰਾਜ ਸਿੰਘ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਇਕ ਦਿਨ ਧੋਨੀ ਪਾਈ-ਪਾਈ ਦਾ ਮੋਹਤਾਜ ਹੋ ਜਾਵੇਗਾ ਤੇ ਭੀਖ ਮੰਗੇਗਾ।
ਉਨ੍ਹਾਂ ਕਿਹਾ ਸੀ ਕਿ ਧੋਨੀ ਬਹੁਤ ਹੰਕਾਰੀ ਹੈ। ਜਿਵੇਂ ਰਾਵਣ ਦਾ ਹੰਕਾਰ ਇਕ ਦਿਨ ਖਤਮ ਹੋ ਗਿਆ ਸੀ, ਉਹੀ ਹਾਲ ਧੋਨੀ ਦਾ ਵੀ ਹੋਵੇਗਾ।