ਨੀਲੇ ਕਾਰਡਾਂ ਅਤੇ ਕਿਸਾਨ ਮੁੱਦਿਆਂ ‘ਤੇ ਸਰਕਾਰੀ ਅਤੇ ਵਿਰੋਧੀ ਧਿਰ ‘ਚ ਹੋਇਆ ਤਿੱਖਾ ਤਕਰਾਰ

ਚੰਡੀਗੜ੍ਹ, 22 ਸਤੰਬਰ  : ਪੰਜਾਬ ਵਿਧਾਨ ਸਭਾ ਵਿਚ ਅੱਜ ਨੀਲੇ ਕਾਰਡਾਂ, ਕਿਸਾਨ ਮੁੱਦਿਆਂ ਅਤੇ ਦੀਨਾਨਗਰ ਕਾਂਡ ਦੇ ਸਕਾਰ ਅਤੇ ਵਿਰੋਧੀ ਧਿਰ ਵਿਚ ਕਾਫੀ ਗਰਮਾ ਗਰਮੀ ਹੋਈ, ਜਦਕਿ ਸਪੀਕਰ ਨੇ ਦੋਨਾਂ ਧਿਰਾਂ ਨੂੰ ਸ਼ਾਂਤੀ ਕਰਦਿਆਂ ਸਥਿਤੀ ਨੂੰ ਸੰਭਾਲ ਲਿਆ।
ਅੱਜ ਸਦਨ ਦੀ ਸ਼ੁਰੂਆਤ ਹਮੇਸ਼ਾਂ ਦੀ ਤਰ੍ਹਾਂ ਸੁਆਲ-ਜੁਆਬ ਦੇ ਨਾਲ ਹੀ ਹੋਈ। ਸਪੀਕਰ ਨੇ ਜਦੋਂ ਤੀਸਰੇ ਸੁਆਲ ਨੂੰ ਜਿਹੜਾ ਕਿ ਨਾਜਾਇਜ਼ ਤੌਰ ‘ਤੇ ਰੱਦ ਕੀਤੇ ਗਏ ਨੀਲੇ ਕਾਰਡਾਂ ਨੂੰ ਬਹਾਲ ਕਰਨ ਸਬੰਧੀ ਸੀ, ਨੂੰ ਅੱਗੇ ਪਾਉਣ ਦਾ ਫੈਸਲਾ ਸੁਣਾਇਆ ਤਾਂ ਵਿਰੋਧੀ ਧਿਰ ਦੇ ਲੀਡਰ ਸੁਨੀਲ ਜਾਖੜ, ਕਾਂਗਰਸ ਦੇ ਹੀ ਚਰਨਜੀਤ ਚੰਨੀ ਤੇ ਹੋਰਨਾਂ ਨੇ ਕਿਹਾ ਕਿ ਇਸ ਸੁਆਲ ਦਾ ਜੁਆਬ ਆਉਣਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਇਹ ਬਹੁਤ ਅਹਿਮ ਮਾਮਲਾ ਹੈ। ਇਸ ਨੂੰ ਅੱਗੇ ਪਾਉਣ ਦਾ ਸਦਨ ਨੂੰ ਕਾਰਨ ਦੱਸਿਆ ਜਾਵੇ। ਜਿਸ ‘ਤੇ ਕਾਫੀ ਰੌਲਾ ਰੱਪਾ ਪਿਆ। ਪ੍ਰੰਤੂ ਸਪੀਕਰ ਨੇ ਕਿਹਾ ਕਿ ਇਹ ਉਨ੍ਹਾਂ ਦਾ ਅਧਿਕਾਰ ਹੈ, ਜਿਸ ਦੌਰਾਨ ਹੀ ਫੂਡ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਕਿ ਇਸ ਦਾ ਜੁਆਬ ਉਹ ਪੂਰੀ ਜਾਣਕਾਰੀ ਲੈ ਕੇ ਹੀ ਦੇਣਗੇ। ਜਿਸ ‘ਤੇ ਪਾਰਲੀਮਾਲੀ ਮਾਮਲਿਆਂ ਬਾਰੇ ਮੰਤਰੀ ਨੇ ਸ. ਕੈਰੋਂ ਨੂੰ ਕਿਹਾ ਕਿ ਉਹ ਬੈਠ ਜਾਣ ਤੇ ਜੁਆਬ ਨਾ ਦੇਣ ਕਿਉਂਕਿ ਸਪੀਕਰ ਨੇ ਆਪਣਾ ਫੈਸਲਾ ਦੇ ਦਿੱਤਾ ਹੈ, ਪਰ ਇਸ ਦੌਰਾਨ ਹੀ ਸਪੀਕਰ ਨੇ ਕਿਹਾ ਕਿ ਜਦੋਂ ਮੰਤਰੀ ਜੁਆਬ ਦੇਣਾ ਚਾਹੁੰਦੇ ਹਨ ਤਾਂ ਉਹ ਦੇ ਸਕਦੇ ਹਨ, ਇਹ ਕੋਈ ਗਲਤ ਨਹੀਂ ਹੈ, ਪਰ ਮਿੱਤਲ ਕਹਿੰਦੇ ਰਹੇ ਕਿ ਇਹ ਗਲਤ ਪ੍ਰੰਪਰਾ ਪੈ ਰਹੀ ਹੈ। ਮਿੱਤਲ ਦੇ ਕਹਿਣ ‘ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਪਰ ਸਪੀਕਰ ਨੇ ਸ. ਕੈਰੋਂ ਨੂੰ ਕਿਹਾ ਕਿ ਉਹ ਜੁਆਬ ਦੇਣ ਜਿਸ ‘ਤੇ ਵਿਰੋਧੀ ਧਿਰ ਦੇ ਮੈਂਬਰ ਫਿਰ ਬੈਂਚਾਂ ਉਤੇ ਬੈਠ ਗਏ।
ਇਯ ਤੋਂ ਬਾਅਦ ਕਿਸਾਨੀ ਮੁੱਦਿਆਂ ‘ਤੇ ਬਹਿਸ ਕਰਾਉਣ ਦੇ ਮੁੱਦੇ ‘ਤੇ ਸਪੀਕਰ ਨੇ ਕਿਹਾ ਕਿ ਸੀ ਜਾਖੜ ਵੱਲੋਂ ਦਿੱਤਾ ਨੋਟਿਸ ਰੱਦ ਕੀਤਾ ਜਾਂਦਾ ਹੈ, ਜਦੋਂ ਕਿ ਸਰਕਾਰ ਵੱਲੋਂ ਪੇਸ਼ ਮਤੇ ਨੂੰ ਮਨਜੂਰ ਕੀਤਾ ਜਾਂਦਾ ਹੈ ਤੇ 23 ਸਤੰਬਰ ਨੂੰ 2 ਘੰਟੇ ਲਈ ਇਸ ‘ਤੇ ਬਹਿਸ ਕਰਾਈ ਜਾਵੇਗੀ, ਜਿਸ ‘ਤੇ ਸ੍ਰੀ ਜਾਖੜ ਨੇ ਕਿਹਾ ਕਿ ਦੋ ਘੰਟੇ ਦਾ ਸਮਾਂ ਬਹੁਤ ਘੱਟ ਹੈ, ਇਸ ਨੂੰ ਵਧਾਇਆ ਜਾਵੇ ਤੇ ਬਹਿਸ ਅੱਜ ਹੀ ਕਰਾਈ ਜਾਵੇ ਪਰ ਸਪੀਕਰ ਨੇ ਕਿਹਾ ਕਿ ਬਹਿਸ 23 ਸਤੰਬਰ ਨੂੰ ਹੀ ਹੋਵੇਗੀ, ਪਰ ਸਮਾਂ ਵਧਾਇਆ ਜਾ ਸਕਦਾ ਹੈ। ਇਸ ਦੌਰਾਨ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਾਦਲ ਸਰਕਾਰ ਕਿਸਾਨ ਮਸਲਿਆਂ ਬਾਰੇ ਬਹੁਤ ਚਿੰਤਤ ਹੈ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਸਾਰੀ ਜ਼ਿੰਦਗੀ ਕਿਸਾਨਾਂ ਦੀ ਗੱਲ ਕੀਤੀ ਹੈ। ਸਪੀਕਰ ਸਾਹਿਬ ਜਿਹੜਾ ਸਮਾਂ ਬਹਿਸ ਲਈ ਤੁਸੀਂ ਮੇਰੇ ਵਾਸਤੇ ਰੱਖਿਆ ਹੈ ਉਹ ਵੀ ਸ੍ਰੀ ਜਾਖੜ ਨੂੰ ਦੇ ਦਿਉ। ਇਸ ਦੌਰਾਨ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਚੁਟਕੀ ਲੈਂਦਿਆਂ ਕਿਹਾ ਕਿ ਸਪੀਕਰ ਸਾਹਿਬ ਇਹਨਾਂ ਨੂੰ ਟਾਈਮ ਜ਼ਿਆਦਾ ਦਿਓ ਕਿਉਂਕਿ ਇਨ੍ਹਾਂ ਦੇ ਧੜੇ ਬਹੁਤ ਹਨ ਕਿਸੇ ਨੇ ਕੈਪਟਨ ਵੱਲੋਂ ਬੋਲਣਾ ਹੈ, ਕਿਸੇ ਨੇ ਪਾਰਟੀ ਦੇ ਮੀਤ ਪ੍ਰਧਾਨ ਵੱਲੋਂ ਅਤੇ ਕਿਸੇ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ।
ਦੀਨਾਨਗਰ ਕਾਂਡ :
ਜ਼ੀਰੋ ਆਵਰ ਦੌਰਾਨ ਕਾਂਗਰਸੀ ਵਿਧਾਇਕ ਅਰੁਣਾ ਚੌਧਰੀ ਵੱਲੋਂ ਦੀਨਾਨਗਰ ਕਾਂਡ ਦਾ ਮਸਲਾ ਉਠਾਉਂਦਿਆਂ ਕਿਹਾ ਕਿ ਉਸ ਕਾਂਡ ਬਾਰੇ ਅਸਲ ਸੱਚਾਈ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ 27 ਜੁਲਾਈ ਨੂੰ ਜਿਸ ਤਰ੍ਹਾਂ ਉਹ ਅੱਤਵਾਦੀ 12-13 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਥਾਣੇ ਅੰਦਰ ਗਏ, ਰਾਹ ਵਿਚ ਕੋਈ ਵੀ ਨਾਕਾ ਨਾ ਹੋਣ ਕਰਕੇ ਉਨ੍ਹਾਂ ਨੂੰ ਕਿਸੇ ਨੇ ਨਹੀਂ ਰੋਕਿਆ ਅਤੇ ਫਿਰ ਥਾਣੇ ਵਿਚ ਸਿਰਫ਼ ਉਸ ਸਮੇਂ ਹੋਮਗਾਰਡ ਜੁਆਨ ਹੀ ਸਨ, ਪੁਲਿਸ ਅਧਿਕਾਰੀ ਨਹੀਂ। ਉਨ੍ਹਾਂ ਜਦੋਂ ਕਿ ਸਵੇਰੇ 8 ਵਜੇ ਫੌਜ ਉਥੇ ਪਹੁੰਚ ਗਈ, ਪਰ ਉਨ੍ਹਾਂ ਨੂੰ ਅਪ੍ਰੇਸ਼ਨ ਨਹੀਂ ਕਰਨ ਦਿੱਤਾ ਗਿਆ, ਜਿਹੜਾ ਇਹ ਮੁਕਾਬਲਾ 11 ਘੰਟੇ ਚੱਲਿਆ, ਉਹ ਇਕ ਘੰਟੇ ਵਿਚ ਖ਼ਤਮ ਹੋ ਸਕਦਾ ਸੀ ਤੇ ਡੀ.ਜੀ.ਪੀ ਪੰਜਾਬ ਸੁਮੇਧ ਸਿੰਘ ਸੈਣੀ ਜਿਹੜੇ ਕਿ ਅਗਲੇ ਦਿਨ ਚੌਪਰ ਵਿਚ ਆਏ, ਘਟਨਾ ਵਾਲੇ ਦਿਨ ਵੀ ਚੌਪਰ ਆ ਸਕਦੇ ਸੀ।
ਜਿਸ ਉਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਕੀਤੀਆਂ ਸ਼ਹੀਦੀਆਂ ਦੀ ਮਜ਼ਾਕ ਉਡਾਇਆ ਜਾ ਰਿਹਾ ਹੈ, ਇਹ ਸਹਿਣ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ, ਦੇਸ ਰਾਜ ਧੁੱਗਾ ਸੰਸਦੀ ਸਕੱਤਰ ਕੁਝ ਬੋਲਦੇ ਦਿਖਾਈ ਦਿੱਤੇ।
ਇਸ ਦੌਰਾਨ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਉਸ ਦਿਨ ਕਾਰਵਾਈ ਕੀਤੀ ਹੈ ਉਸ ਲਈ ਪੂਰਾ ਦੇਸ਼ ਪੰਜਾਬ ਪੁਲਿਸ ਦੀ ਸ਼ਲਾਘਾ ਕਰ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਦਿਖਾਈ ਗਈ ਬਹਾਦਰੀ ਦੀ ਮਿਸਾਲ ਦੀ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੇਂਦਰੀ ਕੈਬਨਿਟ ਦੀ ਮੀਟਿੰਗ ਦੌਰਾਨ ਪ੍ਰਸੰਸਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਿਸ ਬਹਾਦਰੀ ਨਾਲ ਅੱਤਵਾਦੀਆਂ ਨਾਲ ਟਾਕਰਾ ਕੀਤਾ ਗਿਆ ਉਸ ਨੇ ਪਾਕਿਸਤਾਨ ਨੂੰ ਵੀ ਇਹ ਸੰਦੇਸ਼ ਦਿੱਤਾ ਹੈ ਕਿ ਅੱਤਵਾਦ ਨੂੰ ਕਿਸੇ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ. ਬਾਦਲ ਨੇ ਅੱਗੇ ਕਿਹਾ ਕਿ ਸਾਨੂੰ ਆਪਣੇ ਬਹਾਦਰ ਜਵਾਨਾਂ ਉੱਤੇ ਮਾਣ ਹੋਣਾ ਚਾਹੀਦਾ ਹੈ ਅਤੇ ਅਜਿਹੇ ਮਸਲਿਆਂ ਨੂੰ ਸਦਨ ਵਿੱਚ ਨਹੀਂ ਉਠਾਉਣਾ ਚਾਹੀਦਾ ਜੋ ਉਨ੍ਹਾਂ ਦੇ ਮਨੋਬਲ ਨੂੰ ਕਮਜੋਰ ਕਰਨ। ਉਨ੍ਹਾਂ ਪੰਜਾਬ ਪੁਲਿਸ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਨਾ ਕੀਤੀ ਹੁੰਦੀ ਤਾਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ।
ਉਪ ਮੁੱਖ ਮੰਤਰੀ ਨੇ ਵਿਰੋਧੀ ਧਿਰ ਨੂੰ ਯਾਦ ਕਰਵਾਇਆ ਕਿ ਦੇਸ਼ ਕਈ ਅੱਤਵਾਦੀ ਹਮਲੇ ਸਹਿ ਚੁੱਕਾ ਹੈ ਜਿੰਨਾਂ ਵਿੱਚੋਂ ਕਈਆਂ ਦੇ ਨਤੀਜੇ ਬੜੇ ਦੁਖਦਾਈ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਾਲਾਂਕਿ ਪੰਜਾਬ ਪੁਲਿਸ ਨੇ ਪ੍ਰਭਾਵਸ਼ਾਲੀ ਕਾਰਵਾਈ ਕਰਦਿਆਂ ਕੋਈ ਵੱਡੀ ਘਟਨਾ ਹੋਣ ਤੋਂ ਟਾਲ ਦਿੱਤੀ। ਉਨ੍ਹਾਂ ਕਿਹਾ ਕਿ ਇਸ ਹਮਲੇ ਵਿੱਚ ਪੰਜਾਬ ਨੇ ਆਪਣੇ ਅਧਿਕਾਰੀਆਂ ਅਤੇ ਜਵਾਨਾਂ ਦੀਆਂ ਕੀਮਤੀ ਜਾਨਾ ਗਵਾਈਆਂ ਹਨ ਇਸ ਲਈ ਕਿਸੇ ਨੂੰ ਵੀ ਇਸ ਮੁੱਦੇ ਉੱਤੇ ਸਿਆਸਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਸ ਉਪਰੰਤ ਵਿਰੋਧੀ ਧਿਰ ਦੇ ਲੀਡਰ ਸੁਨੀਲ ਜਾਖੜ ਨੇ ਕਿਹਾ ਕਿ ਸਾਡੇ ਮੈਂਬਰ ਨੇ ਕੋਈ ਮਜ਼ਾਕ ਨਹੀਂ ਉਡਾਇਆ, ਉਨ੍ਹਾਂ ਦਾ ਇਹ ਮਸਲਾ ਉਠਾਉਣ ਦਾ ਮਕਸਦ ਕੁਝ ਹੋਰ ਸੀ। ਉਨ੍ਹਾਂ ਕਿਹਾ ਕਿ ਅਸੀਂ ਵੀ ਪੁਲਿਸ ਦੀ ਬਹਾਦਰੀ ਦੀ ਪ੍ਰਸੰਸਾ ਕਰਦੇ ਹਾਂ। ਬੇਸ਼ੱਕ ਸੱਤਾਧਾਰੀ ਧਿਰ ਇਸ ਸਬੰਧੀ ਮਤਾ ਲੈ ਆਵੇ ਅਸੀਂ ਉਸ ਦਾ ਡਟ ਕੇ ਸਮਰਥਨ ਕਰਾਂਗੇ।

LEAVE A REPLY